ਮਾਂ ਖੇਡ ਕਬੱਡੀ ਦਾ ਖੁੱਸਿਆ ਵੱਕਾਰ ਹੋਇਆ ਬਹਾਲ: ਸੁਖਦੇਵ ਸਿੰਘ ਢੀਂਡਸਾ

ਸੰਗਰੂਰ,(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਸਰਕਾਰ ਦੀ ਮੇਜ਼ਬਾਨੀ ਵਿੱਚ ਕਰਵਾਏ ਜਾ ਰਹੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਅੱਜ ਇਥੇ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿੱਚ ਖੇਡੇ ਗਏ ਪੂਲ ਏ ਦੇ ਮੈਚਾਂ ਵਿੱਚ ਭਾਰਤ ਨੇ ਆਸਟਰੇਲੀਆ ਨੂੰ 66-23, ਕੈਨੇਡਾ ਨੇ ਇੰਗਲੈਂਡ ਨੂੰ 42-34 ਅਤੇ ਜਰਮਨੀ ਨੇ ਨੇਪਾਲ ਨੂੰ 58-23 ਨਾਲ ਹਰਾ ਕੇ ਆਪੋ-ਆਪਣੇ ਲੀਗ ਮੈਚ ਜਿੱਤੇ। ਭਾਰਤ ਨੇ ਆਪਣਾ ਲਗਾਤਾਰ ਤੀਜਾ ਮੈਚ ਜਿੱਤਿਆ ਜਦੋਂ ਕਿ ਕੈਨੇਡਾ ਨੇ ਪਛੜਨ ਤੋਂ ਬਾਅਦ ਚੰਗੀ ਵਾਪਸੀ ਕਰਦਿਆਂ ਇੰਗਲੈਂਡ ਨੂੰ ਹਰਾ ਕੇ ਆਪਣਾ ਸੈਮੀ ਫਾਈਨਲ ਲਈ ਦਾਅਵਾ ਪੇਸ਼ ਕੀਤਾ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ: ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ  ਪੰਜਾਬ ਸਰਕਾਰ ਨੇ ਦੂਸਰਾ ਵਿਸ਼ਵ ਕਬੱਡੀ ਕੱਪ ਕਰਵਾ ਕੇ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਨਵੀਂ ਪਛਾਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਖਿਡਾਰੀਆਂ ਨੂੰ ਨੋਕਰੀਆਂ ਦੇਣ ਦੇ ਨਾਲ ਨਾਲ ਅੰਤਰਾਸ਼ਟਰੀ ਮੁਕਾਬਲੇ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜ਼ਿਆ ਜਾ  ਰਿਹਾ ਹੈ।

ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜਿੱਥੇ ਜ਼ਿਲ੍ਹਾ ਪੱਧਰ ’ਤੇ ਆਧੁਨਿਕ ਖੇਡ ਸਟੇਡੀਅਮ ਬਣਾਏ ਗਏ ਹਨ ਉਥੇ ਨਾਲ ਹੀ ਪਿੰਡ ਪੱਧਰ ’ਤੇ ਖੇਡ ਕਲੱਬਾਂ ਨੂੰ ਵੀ ਖੇਡਾਂ ਦਾ ਸਮਾਨ ਵੰਡਿਆਂ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ. ਢੀਂਡਸਾ ਨੇ ਝੰਡਾ ਲਹਿਰਾ ਕੇ ਮੈਚਾਂ ਦਾ ਉਦਘਾਟਨ ਕੀਤਾ। ਲੋਕ ਨਿਰਮਾਣ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।

ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡਿਆ ਮੈਚ ਭਾਵੇਂ ਭਾਰਤ ਨੇ 66-23 ਨਾਲ ਜਿੱਤ ਲਿਆ ਪਰ ਆਸਟਰੇਲੀਅਨ ਜਾਫੀਆਂ ਵੱਲੋਂ ਦਿਖਾਈ ਵਧੀਆਂ ਖੇਡ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਅੱਧੇ ਸਮੇਂ ਤੱਕ ਭਾਰਤੀ ਟੀਮ 30-14 ਨਾਲ ਅੱਗੇ ਸੀ। ਭਾਰਤ ਦੇ ਰੇਡਰਾਂ ਵਿੱਚੋਂ ਸੰਦੀਪ ਦਿੜ੍ਹਬਾ ਤੇ ਸੁਖਬੀਰ ਸਿੰਘ ਸਰਾਵਾਂ ਨੇ 10-10, ਗੁਲਜ਼ਾਰ ਸਿੰਘ ਮੂਣਕ ਨੇ 8 ਅਤੇ ਗੱਗੀ ਖੀਰਾਵਾਲ ਨੇ 7 ਅੰਕ ਬਟੋਰ ਜਦੋਂ ਕਿ ਜਾਫੀਆਂ ਵਿੱਚੋਂ ਏਕਮ ਹਠੂਰ ਨੇ 8, ਨਿੰਦੀ ਬੇਨੜਾ ਨੇ 6 ਅਤੇ ਮੰਗਤ ਸਿੰਘ ਮੰਗੀ ਤੇ ਬਿੱਟੂ ਦੁਗਾਲ ਨੇ 4-4 ਜੱਫੇ ਲਾਏ। ਆਸਟਰੇਲੀਆ ਵੱਲੋਂ ਰੇਡਰ ਹਰਪ੍ਰੀਤ ਸਿੰਘ ਸੋਨੀ ਕਾਉਂਕੇ ਤੇ ਗਗਨਦੀਪ ਸਿੰਘ ਨੇ 4-4 ਅੰਕ ਅਤੇ ਜਾਫੀਆਂ ਵਿੱਚੋਂ ਜਤਿੰਦਰ ਸਿੰਘ ਬਿੱਟੂ ਠੀਕਰੀਵਾਲ ਕੈਨੇਡਾ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਦਿਨ ਦਾ ਤੀਜਾ ਤੇ ਆਖਰੀ ਮੈਚ ਬਹੁਤ ਫਸਵਾਂ ਤੇ ਸਾਹ ਰੋਕ ਕੇ ਦੇਖਣ ਵਾਲਾ ਸੀ। ਮੰਗਾ ਮਿੱਠਾਪੁਰੀਆਂ ਦੀ ਧੂੰਆਂਧਾਰ ਰੇਡਾਂ ਨਾਲ ਇੰਗਲੈਂਡ ਨੇ ਇਕ ਵਾਰ ਲੀਡ ਲੈ ਲਈ ਅਤੇ ਅੱਧੇ ਸਮੇਂ ਤੱਕ ਇੰਗਲੈਂਡ 21-18 ਨਾਲ ਅੱਗੇ ਸੀ। ਦੂਜੇ ਅੱਧ ਵਿੱਚ ਕੈਨੇਡਾ ਦਾ ਜਾਫੀਆਂ ਸੰਦੀਪ ਗੁਰਦਾਸਪੁਰੀਆ ਤੇ ਬਲਜੀਤ ਸੈਦੋਕੇ  ਨੇ ਚੰਗੇ ਜੱਫੇ ਲਾਉਂਦਿਆ ਟੀਮ ਨੂੰ ਪਹਿਲਾਂ ਬਰਾਬਰੀ ਅਤੇ ਫੇਰ ਲੀਡ ਦਿਵਾਈ। ਮੈਚ ਇਨ੍ਹਾਂ ਫਸਵਾਂ ਸੀ ਕਿ ਇਕ-ਇਕ ਅੰਕ ਲਈ ਜਬਰਦਸਤ ਟੱਕਰ ਹੋਈ ਅਤੇ 4 ਮੌਕਿਆਂ ’ਤੇ ਅੰਕਾਂ ਦਾ ਫੈਸਲਾ ਤੀਜੇ ਅੰਪਾਇਰ ਵੱਲੋਂ ਟੀ.ਵੀ. ਰਿਪਲੇਅ ਰਾਹੀਂ ਕੀਤਾ ਗਿਆ। ਅੰਤ ਕੈਨੇਡਾ ਨੇ ਇੰਗਲੈਂਡ ਨੂੰ 42-34 ਅੰਕਾਂ ਨਾਲ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕਰਦਿਆਂ ਸੈਮੀ ਫਾਈਨਲ ਲਈ ਦਾਅਵਾ ਪੇਸ਼ ਕੀਤਾ। ਕੈਨੇਡਾ ਵੱਲੋਂ ਰੇਡਰ ਗੁਰਪ੍ਰੀਤ ਬੁਰਜਹਰੀ ਨੇ 15 ਰੇਡਾਂ ਪਾਉਂਦੇ 15 ਅੰਕ ਅਤੇ ਜੱਸਾ ਸਿੰਘ ਸਿੱਧਵਾਂ ਦੋਨਾ ਨੇ 11 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਬਲਜੀਤ ਸੈਦੋਕੇ ਨੇ 7 ਜੱਫੇ ਅਤੇ ਸੰਦੀਪ ਗੁਰਦਾਸਪੁਰ ਨੇ 4 ਜੱਫੇ ਲਾਏ। ਇੰਗਲੈਂਡ ਵੱਲੋਂ ਮੰਗਾ ਮਿੱਠਾਪੁਰੀਆ ਨੇ 13 ਅਤੇ ਜਗਜੀਤ ਸਿੰਘ ਜੱਗਾ ਧਾਲੀਵਾਲ ਨੇ 10 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਸੰਦੀਪ ਸਿੰਘ ਨੰਗਲ ਅੰਬੀਆਂ ਨੇ 6 ਜੱਫੇ ਲਾਏ।

ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਮੈਚ ਵਿੱਚ ਜਰਮਨੀ ਨੇ ਨੇਪਾਲ ਨੂੰ 58-23 ਦੇ ਵੱਡੇ ਫਰਕ ਨਾਲ ਹਰਾਉਂਦਿਆ ਆਪਣਾ ਖਾਤਾ ਖੋਲ੍ਹਿਆ। ਜਰਮਨੀ ਦੀ ਟੀਮ ਅੱਧੇ ਸਮੇਂ ਤੱਕ 36-8 ਨਾਲ ਅੱਗੇ ਸੀ। ਜਰਮਨੀ ਦੇ ਰੇਡਰਾਂ ਵਿੱਚੋਂ ਨਵਰੂਪ ਸਿੰਘ ਨੇ 9 ਅਤੇ ਨਵਦੀਪ ਸਿੰਘ, ਕਾਕਾ ਭਿੰਡਰ ਤੇ ਰਣਜੀਤ ਬਾਠ ਨੇ 6-6 ਅੰਕ ਬਟੋਰੇ ਜਦੋਂ ਕਿ ਜਾਫੀ ਬਲਕਾਰ ਪੰਜਗਰਾਈਂ ਨੇ 5 ਜੱਫੇ ਲਾਏ। ਨੇਪਾਲ ਦੇ ਰੇਡਰ ਮੁੰਨਾ ਨੇ 9 ਅੰਕ ਬਟੋਰੇ।

ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਸ. ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ, ਵਿਧਾਇਕ ਸ. ਇਕਬਾਲ ਸਿੰਘ ਝੂੰਦਾਂ, ਪਾਵਰਕੌਮ ਦੇ ਪ੍ਰਬੰਧਕੀ ਨਿਰਦੇਸ਼ਕ ਸ. ਗੁਰਬਚਨ ਸਿੰਘ ਬਚੀ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ, ਸੀਨੀਅਰ ਪੁਲਿਸ ਕਪਤਾਨ ਸ. ਹਰਚਰਨ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਸ. ਪ੍ਰੀਤਮ ਸਿੰਘ ਜੌਹਲ, ਵਧੀਕ ਡਿਪਟੀ ਕਮਿਸ਼ਨਰ ਸ. ਬਲਜੀਤ ਸਿੰਘ ਸੰਧੂ, ਐਸ.ਡੀ.ਐਮ. ਸ੍ਰੀ ਅਮਨਦੀਪ ਬਾਂਸਲ, ਹਲਕਾ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਰਾਜਿੰਦਰ ਸਿੰਘ ਕਾਂਝਲਾ, ਯੂਥ ਆਗੂ ਸ. ਅਮਨਵੀਰ ਸਿੰਘ ਚੈਰੀ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>