ਧੁੱਪ-ਛਾਂ

ਪਿੰਡ ਨੂੰ ਅਲਵਿਦਾ ਆਖ ਮੈਂ ਜਦੋਂ ਦਾ ਸ਼ਹਿਰ ਆਇਆ ਹਾਂ , ਹੁਣ ਤੱਕ ਤੀਜਾ ਮਕਾਨ ਬਦਲ ਚੁੱਕਾ ਹਾਂ । ਪਹਿਲਾਂ ਮਕਾਨ ਚੁੰਗੀਓ ਬਾਹਰ ਬਣੀ ਬਸਤੀ ਵਿਚ ਇਕੋ ਇਕ ਕਮਰਾ ਸੀ । ਅੱਗੋ ਵਿਹੜਾ ਨਾ ਬਰਾਂਡਾ  । ਉਂਝ ਵਿਹੜਾ ਸੀ ਵੀ ਨਿੱਕਾ ਜਿਹਾ ‘ਹਾਤੇ ’ ਵਰਗਾ । ਦਸਾਂ ਕਰਾਏਦਾਰਾਂ ਲਈ ਸਾਂਝਾ । ਸਾਰੇ ਟੱਬਰ ਆਪੋ ਵਿਚ ਦੀ ਰੋਲ-ਗਦੋਲਾ । ਕਿਸੇ ਦੀ ਜੁੱਤੀ ਕਿਸੇ ਤਾ ਬੂਹੇ ਅੱਗੇ । ਕਿਸੇ ਦਾ ਕਪੜਾ ਕਿਸੇ ਦੇ । ਕਿਸੇ ਦਾ ਨਿਆਣਾ ਕਿਧਰੇ ਹੱਗ ਛੱਡਦਾ । ਕਿਸੇ ਦਾ ਖੰਗਾਰ ਕਿਧਰੇ ਪਿਆ ਹੁੰਦਾ । ਇਕ ਦਾ ਗਾਲੀ-ਗਲੋਚ ਦਸਾਂ ਕੁਆਟਰਾਂ ਤੱਕ ਪਹੁੰਚਦਾ  । ਵਿਚਕਾਰ ਇਕ ਨਲਕਾ । ਉਹ ਵੀ ਨਿਰਾ ਢੀਚਕ-ਢੀਚਕ । ਦਾਤਨ-ਕੁਰਲਾ ,ਨੱਕ-ਸੀਂਢ ਸੱਭ ਦਾ ਉੱਥੇ । ਪਾਣੀ ਦੀ  ਵਾਰੀ ਲਈ ਚੀਂ-ਚੀਂ , ਪੈਂਅ-ਪੈਂਅ ਹੁੰਦੀ ਈ ਰਹਿੰਦੀ । ਲੜਨ-ਭਿੜਨ ਤੋਂ ਸਿਵਾ ਨਾ ਕਿਸੇ ਨੂੰ ਅੰਦਰ ਦੀ ਸੁਰਤ ਨਾ ਕਿਸੇ ਨੂੰ ਬਾਹਰ ਦੀ । ਪਿੰਡ ਡਿਪੂ ਦੀ ਪਿਛਵਾੜੀ ਬੜੀ ਰੀਝ ਨਾਲ ਬਣਵਾਇਆ ਕਈ ਕਮਰਿਆਂ ਵਾਲਾ ਖੁਲ੍ਹਾ-ਮੋਕਲਾ ਮਕਾਨ ਛੱਡ ਕੇ ਇਕੋ ਘੁਰਨੇ ਦੀ ਕੈਦ, ਮੈਨੂੰ ਮੌਤ ਸਹੇੜਨ ਵਾਂਗ ਜਾਪੀ । ਪੂਰੇ ਮਹੀਨੇ ਦਾ ਕਰਾਇਆ ਪੇਸ਼ਗੀ ਦਿੱਤਾ ਛੱਡ ਕੇ , ਮੈਂ ਦਸਾਂ ਕੁ ਦਿਨਾਂ  ਪਿਛੋਂ ਹੀ ਇਕ ਹੋਰ ਥਾਂ ਜਾ ਟਿਕਿਆ ।

ਇਹ ਮਕਾਨ ਮਾਡਲ-ਗਰਾਮ ਅੰਦਰ ਸੀ । ਖੁਲ੍ਹੀਆਂ-ਡੁਲੀਆਂ ਸੜਕਾਂ । ਨਾਲ ਨਾਲ ਜੁੜਵੇਂ ਕੋਠੀਆਂ ਵਰਗੇ ਵੱਡੇ-ਵੱਡੇ ਮਕਾਨ । ਇਕ ਇਕ ਪਲਾਟ ਅੰਦਰ ਦੋ-ਦੋ ਤਿੰਨ-ਤਿੰਨ ਵੱਖਰੇ ਵੱਖਰੇ ਰਿਹਾਇਸ਼ੀ ਸੈਟ । ਚੁਰੰਜਾ ਨੰਬਰ ਕੋਠੀ ਦਾ ‘ਸੀ ’ ਪੋਰਸ਼ਨ ਖਾਲੀ ਮਿਲ ਗਿਆ । ਜਾਂ ਇਉਂ ਆਖੋ ਖਾਲੀ ਹੋ ਗਿਆ । ਇਥੇ ਇਕ ਮਾਸਟਰ ਜੀ ਰਹਿੰਦੇ ਸਨ, ਸਿਆਣੇ-ਬਿਆਣੇ , ਬਾਲ-ਬੱਚੇਦਾਰ । ਸ਼ਾਮ ਸਿੰਘ ਉਹਨਾਂ ਦਾ ਨਾਂ ਸੀ । ਉਪਨਾਮ ‘ਸੈਣੀ ’ ਕਰਕੇ ਲਿਖਦੇ  । ਮਾਲਕ ਮਕਾਨ ਵੀ ਇਸੇ ਜਾਤੀ ਦੇ , ਪਰ ਉਪ-ਜਾਤੀ ਵੱਖਰੀ । ਬਨਵੈਤ । ਵੱਡੇ ਬਨਵੈਤ ਜੀ ਦੁਕਾਨ ਕਰਦੇ ਸਨ ,ਢਾਂਗੂ ਰੋਡ ਤੇ । ਮੋਟਰ ਸਪੇਅਰ-ਪਾਰਟਸ ਦੀ । ਦੋ ਮੁੰਡੇ , ਉਹਨਾਂ ਦੇ । ਦੋਨੋਂ ਟਰਾਂਸਪੋਰਟਰ । ਕੱਲੇ-ਕੱਲੇ ਪਾਸ ਕਈ ਕਈ ਮੋਟਰ ਗੱਡੀਆਂ । ਕੁਝ ਛੋਟੀਆਂ ਕਈ ਵੱਡੀਆਂ । ‘ਏ ’ ਪੋਰਸ਼ਨ ਇਕ ਕੋਲ , ‘ਬੀ ’ ਪੋਰਸ਼ਨ ਦੂਜੇ ਪਾਸ । ਸੁਣਿਆ ਪੜ੍ਹਾਈ –ਲਿਖਾਈ ‘ਚ ਦੋਨੋਂ ਨਫਿੱਟ ਸਨ । ਸਿਆਣੇ ਪਿਓ ਨੇ ਟਰੱਕ –ਕਲੀਨਰ ਲਾ ਦਿੱਤੇ ਕਿੱਧਰੇ । ਅੱਗੋਂ ਡਰੈਵਰ ਦੀ ਅੜਵੈਂਗ ਟੱਕਰੇ । ਉਹਨਾਂ ਸਭ ਸਿਖਾ ‘ ਤਾ । ਉਹਨਾਂ ਵਾਂਗ ਚੰਗਾ –ਮਾੜਾ ਬੋਲਦੇ । ਮਿੱਠਾ –ਕੌੜਾ ਛਕਦੇ । ਹਰ ਵੇਲੇ ਜ਼ਰਦਾ ਮੂੰਹ ‘ਚ ਰਹਿੰਦਾ । ਸਿਰਗਟਾਂ-ਬੀੜੀਆਂ ਦੀ ਤਾਂ ਪੁੱਛੋਈ ਨਾ । ਦੋ ਸੂਟੇ ਮਾਰ ਕੇ ਬਿੱਲੇ ਲਾ ਛੱਡਦੇ । ਦਾਰੂ-ਸਿੱਕਾ , ਫੀਮ-ਚਰਸ ਜੋ ਹੱਥ ਆਉਂਦਾ ਸੱਭ ਚਟੱਮ । ਪਰ , ਸੈਣੀ ਪੁੱਤਰ ਸਨ , ਪੱਲਾ ਨਾ ਗੁਆਇਆ । ਉਲਟਾ ਹੰਢੇ ਵਰਤੇ ਡਰੈਵਰਾਂ ਨੂੰ ਠਿੱਬੀ ਮਾਰ ਗਏ । ਮੁਸ-ਫੁਟਦਿਆਂ ‘ਡਰੈਵਰ ’ ਬਣ ਬੈਠੇ । ਕੰਘੀ-ਪਟੇ ਵਾਹੁੰਦਿਆ ਇਕ-ਇਕ ਗੱਡੀ ਪਾ ਲਈ । ਬੱਸ ਫਿਰ , ਚੱਲ ਸੌ ਚੱਲ । ਹੁਣ ਅੱਠ –ਅੱਠ ਦਸ-ਦਸ ਆ ,ਕੱਲੇ –ਕੱਲੇ ਕੋਲ । ਆਪਣੇ ਲਈ ਕਾਰਾਂ ਵੱਖਰੀਆਂ । ਜੀਪਾਂ ਵੱਖਰੀਆਂ । ਸਕੂਟਰ ਵੱਖਰੇ । ਦਫ਼ਤਰ ਵੱਖਰੇ । ਪੂਰੀ ਸੱਜ-ਧੱਜ । ਪਰ , ‘ਖਾਣੀ-ਪੀਣੀ’ਸਭ ਬੰਦ। ਕੈਂਚੀਆਂ ਮੋਚਨੇ ਸਭ ਢੇਰਾਂ ‘ ਤੇ । ਹੁਣ ਹੁਣ ਖੁਲ੍ਹੇ ਪ੍ਰਕਾਸ਼ੀ ਦਾਅੜੇ । ਖੱਟੀਆਂ-ਨੀਲੀਆਂ ਦਸਤਾਰਾਂ । ਦਰਸ਼ਨੀ ਗਾਤਰੇ , ਕਿਸੇ ਦੀ ਮਾੜੀ ਨਈਂ , ਕਿਸੇ ਦੀ ਚੰਗੀ ਨਈਂ । ਹਰ ਵੇਲੇ ਵਾਖਰੂ-ਵਾਖਰੂ । ਅੱਗੋਂ ਟੱਬਰ-ਟ੍ਹੀਰ , ਬਾਲ –ਬੱਚਾ ਸਭ ਅੰਮ੍ਰਿਤਧਾਰੀ । ਲਿਖਣ –ਪੜ੍ਹਨ ਨਾਲੋਂ ਬਹੁਤਾ ਧਿਆਨ ਸੰਤਾਂ ਦੀਆਂ ਟੋਪਾਂ ‘ਚ । ਫੜ੍ਹ ਲਓ , ਮਾਰ ਦਿਓ , ਕੱਢ ਦਿਓ , ਟੁੱਕ ਦਿਓ , ਸੱਭ ਨੂੰ ਇਕੋ ਸਿਖਸ਼ਾ । ਨਿਆਣੇ ਬਚਾਰੇ ਬੇ-ਸਮਝ । ਗਲੀ-ਗੁਆਂਡ ਉਹਨਾਂ ਵਰਗੇ ਕਈ ਹੋਰ । ਉਹਨਾਂ ਨਾਲ ਦੇ ਵੀ , ਅੱਗੋਂ ਡਾਂਗ-ਸੋਟੇ ਵਾਲੇ ਵੀ । ਨਿੱਤ-ਨਵੇਂ ਲੜਾਈ ਹੁੰਦੀ । ਝਗੜਾ ਵਧਦਾ । ਸੱਟਾਂ ਲੱਗਦੀਆਂ । ਉਲ੍ਹਾਮੇ ਤੇ ਉਲ੍ਹਾਮਾਂ ਸਿਆਣੇ ਬੰਦਿਆਂ ਨੂੰ । ਨਜਿੱਠ ਲੈਂਦੇ ਉਹ !ਵੱਡੇ ਬੰਦੇ ਸਨ । ਮਾਸਟਰ ਸ਼ਾਮ ਸਿੰਘ ਇਹਨਾਂ ਦਾ ਗੁਆਂਡੀ ਸੀ ।ਗੁਆਂਡੀ ਕੀ ‘ਘਰ ਦਾ ਬੰਦਾ ’ ਸੀ । ਇਕੋ ਕੋਠੀ ,ਇਕੋ ਜਾਤੀ । ਆਪਣੇ ਸਮਝ ਕੇ ਵਰਜਦਾ ,ਬਾਲਾਂ ਨੂੰ । ਬਾਲ ਅੱਗੋਂ ਇਕ ਦੀਆਂ ਚਾਰ ਸੁਣਾਉਂਦੇ ‘ਸਿਰ –ਘਸਿਆ ਮਾਸਟਰ ਸਿਰ-ਘਸਿਆ ਦੀ ,ਮਦਾਦ ਕਰਦਾ ਆ …।’ ਸ਼ਾਮ ਸਿੰਘ ਦੁਖੀ ਹੁੰਦਾ । ਮਾਮਾਲਾ ਵੱਡੇ ਬਨਵੈਤ ਜੀ ਕੋਲ ਪਹੁੰਚਦਾ । ਉਹ ਕਲਪ ਉਠਦੇ । ਵਿਚਕਾਰਲੇ ਬਨਵੈਤ ਆਈ-ਗਈ ਕਰ ਛੱਡਦੇ । ਛੋਟੇ ਬਨਵੈਤ ਹੋਰ ਵਧਦੇ ਗਏ । ਇਕ-ਦੋ ਵਾਰ ‘ਵੱਡੇ-ਘਰ’ ਘੁੰਮ-ਫਿਰ ਆਏ । ਪਰ ਵਿਚਲਿਆ ਕੁਝ ਨਾ ਉਹਨਾਂ ਦਾ । ਬੱਗਾ ਜੋੜ ਕੇ ਤੁਰੇ ਸੀ , ਸਗੋਂ ਵੇਅਰ ਗਏ । ਹਮਾਂ-ਤੁਮਾਂ ਸਭ ਡਰ ਕੇ ਲੰਘਦੇ । ਸ਼ਾਮ ਸਿੰਘ ਮਾਸਟਰ ਵੀ ।

ਇਕ ਦਿਨ ਸ਼ਾਮ ਸਿੰਘ ਮਾਸਟਰ ਨੂੰ ‘ਹੁਕਮ’  ਲੱਗਾ – ਦਾੜੀ-ਕੇਸ ਰੱਖ , ਨਈਂ ਜਮਨਾਂ ਪਾਰ ਦੀ ਤਿਆਰੀ ਕਰ । ‘ ਸ਼ਾਮ ਸਿੰਘ ਨੇ ਵਿਚਕਾਰਲੇ ਬਨਵੈਤਾਂ ਨੂੰ ਦੱਸਿਆ । ਉਹਨਾਂ ਅੱਗੋਂ ਹੱਸ ਛੱਡਿਆ –‘ ਹਰਜ਼ ਵੀ ਕੀ ਆ ਮਾਹਟਰ ਸਮੇਂ ਅਨੁਸਾਰ ਬਦਲਨਾ ਚਾਹੀਦਆ  ਬੰਦੇ ਨੂੰ ….।‘ ਸ਼ਾਮ ਸਿੰਘ ਡਟਿਆ ਰਿਹਾ । ‘ਫਾਰਮ ’ ਨਾਲੋਂ ‘ਚਲਨ’ ਨੂੰ ਵਧੇਰੇ ਤਰਜ਼ੀਹ ਦੇਂਦਾ ਰਿਹਾ । ਸ਼ਰਮ-ਧਰਮ ਦੇ ਸੇਹੀ ਅਰਥਾਂ ਦੀ ਵਿਆਖਿਆ ਕਰਦਾ ਰਿਹਾ । ਮਨੁੱਖ-ਮਾਤਰ ਦੇ ਇਤਿਹਾਸ ‘ਚੋਂ ਉਦਾਰਣਾਂ ਦੱਸਦਾ ਰਿਹਾ । ਪਰ ,ਮੂਰਖਾਂ ਦੀ ਰਾਜਧਾਨੀ  ‘  ਚ ਸਭ ਦਲੀਲਾਂ ਰੱਦ । ਉਸ ਦੀ ਕਿਸੇ ਇਕ ਨਾ ਸੁਣੀ । ਹੁਕਮ, ਹੁਕਮ ਸੀ – ‘ ਰੋਮਾਂ ਦੀ ਬੇ-ਅਦਬੀ ਕਰਨਾ ਬੰਦ….ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ …।‘

ਕੰਬਦੇ ਹੱਥਾਂ ਨਾਲ ਸ਼ਾਮ ਸਿੰਘ ਨੇ ਧਮਕੀ ਪੱਤਰ ਘਰ ਵਾਲੀ ਨੂੰ ਦੱਸਿਆ । ਮਾਸਟਰਨੀ ਸ਼ਾਮ ਸਿੰਘ ਦੀ ਅੜੀ ਤੋਂ ਜਾਣੂ ਸੀ । ਅੱਗੋਂ ਹੁਕਮ ਵੀ ਘੱਟ ਸਖ਼ਤ ਨਈਂ ਸੀ । ਅਗਲੇ ਦਿਨ ਬੋਰੀਆਂ –ਬਿਸਤਰਾ ਚੁੱਕਿਆ , ਆਪਣੇ ਪਿੰਡ ਚਲੀ ਗਈ । ਬਾਲ-ਬੱਚਾ ਸਾਂਭ ਕੇ । ਸ਼ਾਮ ਸਿੰਘ ਵੀ ਮਗਰੇ ਚਲਾ ਗਿਆ । ਕੀ ਕਰਦਾ ਪਿੱਛੇ , ਕੱਲਾ !

ਸ਼ਾਮ ਸਿੰਘ ਤੇ ਮੇਰਾ ਸਕੂਲ ਇਕੋ ਸੀ । ਪਿੰਡ ਵੀ ਲਾਗੇ ਲਾਗੇ , ਗੁਰਦਾਸਪੁਰ ਵੰਨੀ । ਉਸ ਨੇ  ਮੇਰੇ ਨਾਲ ਗੱਲ ਕੀਤੀ । ਮੈਂ ਉਸੇਲੇ ਝੁੱਕੀ ਮਾਰੀ, ਬਨਵੈਤਾ ਕੋਲ ਪਹੁੰਚ ਗਿਆ । ਮੇਰੀ ਸ਼ਕਲ ਵੇਖ ਕੇ , ਉਹ ਝੱਟ ਮੰਨ ਗਏ । ਪਰ ,ਦੋ ਸ਼ਰਤਾਂ ‘ਤੇ । ਪਹਿਲੀ ਸ਼ਰਤ- “ ਮੀਟ, ਸ਼ਰਾਬ , ਮੱਛੀ , ਆਂਡਾ , ਘਰ ਦੀ ਹਦੂਦ ਅੰਦਰ ਖਾਣਾ ਮਨ੍ਹਾਂ …।“ ਮੈਂ ਸਿਰ ਝੁਕਾ ਕੇ ਆਖਿਆ – “ ਮੈ ਅਮ੍ਰਿਤਧਾਰੀ ਆਂ ਮ੍ਹਾਰਾਜ਼ ….ਪਹਿਲੋਂ ਈ ਏਨ੍ਹਾਂ ਕੁਰ੍ਹੈਤਾਂ ਤੋਂ ਰਹਿਤੀਆ ਆਂ …। “ ਦੂਜੀ ਸ਼ਰਤ – “ ਸਾਡੇ ਮੁੰਡੇ ਆ ਪੰਜ , ਦੋਨਾਂ ਭਰਾਮਾਂ ਦੇਏ …ਮਾਡਲ ਸਕੂਲੀਂ ਪੜਦੇ ਆ ….ਆਂਦਾ-ਜਾਂਦਾ ਕੱਖ ਨੀਂ …ਉਨ੍ਹਾ ਨੂੰ ਪੜ੍ਹਾਉਣਾ , ਚੰਗੀ ਤਰ੍ਹਾਂ ਦਿਲ ਲਾਆ ਕੇ । ਫੀਸ ..ਜਿੰਨੀ ਆਖੇਂ ਮਿਲੂ…।“ ਅੰਨ੍ਹਾਂ ਕੀ ਭਾਲੇ ! ਦੋ ਅੱਖਾਂ । ਪਿੰਡ ਹੱਟੀ ‘ਛੱਡ’ ਕੇ ਆਇਆ ਸੀ,ਦੋਹਰੀ ਕਮਾਈ ਸੀ ਹੁਣ ਕੱਲੀ ਤਨਖਾਹ । ਤੇ ਇਸ ਤੋਂ ਵੱਡਾ ਲਾਲਚ ਤਿਆਰ-ਬਰ-ਤਿਆਰ ਸਿੰਘਾਂ ਨਾਲ ਸਿੱਧਾ ਮੇਲ-ਮਿਲਾਪ ਮਤਲਬ –ਮਤਲਬ ਸਾਫ ਸੀ । ਮੈਂ ਫ਼ਟਾ-ਫੱਟ ਮੰਨ ਗਿਆ । ਓਸੇ ਸ਼ਾਮ ਹਨੇਰੇ ਪਏ ਗੰਢ –ਬਿਸਤਰਾ ਚੁੱਕ ‘ਬਨਵੈਤ -ਵਿਲਾ’ ਪਹੁੰਚ ਗਿਆ । ‘ਸੀ ’ ਪੋਰਸ਼ਨ ਵਿਚ ।

ਦੋ-ਚਾਰ ਦਿਨ ਟਿਕ-ਟਿਕਾ ਨੂੰ ਲੱਗ ਗਏ । ਫਿਰ ਦੂਜੀ ਸ਼ਰਤ ‘ਤੇ ਅਮਲ ਸ਼ੁਰੂ ਹੋ ਗਿਆ । ਅੱਗੋਂ ਬਾਲਕ ਟੱਕਰੇ , ਨਿਰੀਆਂ ਸੂਲਾਂ , ਨਿਰੇ ਕੰਡੇ –ਨੌਂ ਸਾਲ ਤੋਂ ਸੋਲਾਂ ਸਾਲ ਦੇ । ਜਿਹੜੀ ਟਾਹਣ ਨੂੰ ਹੱਥ ਲਾਉਂਦਾ , ਹੱਥ ਵਿੰਨ੍ਹਿਆ ਜਾਦਾ । ਪੰਜੇ ਦੇ ਪੰਜੇ ‘ਬਾਲਕ’ ਮੋਟੇ ਮੂਰਖ । ਇਕ ਨੰਬਰ ਦੇ ਨਾਲਾਇਕ । ਕਿਸੇ ਨੂੰ ਇੱਲ ਦਾ ਨਾ ਕੋਕੋ ਨਾ ਆਏ । ਮੈਂ ਪੁੱਛਿਆ – ਪੜ੍ਹਦੇ ਕਿਉਂ ਨਈਂ ਤੁਹੀਂ …..।“ ਅੱਗੋਂ ਇਕ ਬੋਲਿਆ – “ਆਉਂਦਾ ਨਈਂ ਪੜ੍ਹਨਾ …।“ ਮੈਂ ਫਿਰ ਕਿਹਾ – “ ਕੇੜ੍ਹਾ ਕੰਮ ਆ ਜੇੜ੍ਹਾ ਹੋ ਨਈਂ ਸਕਦਾ , ਬੱਸ ਥੋੜੀ ਜਿੰਨੀ ਮੇਨ੍ਹਤ ਕਰਨੀ ਪੈਂਦੀ ਆ …।“ ਅੱਗੋਂ ਦੂਜਾ ਬੋਲਿਆ – “ ਜੇੜ੍ਹੇ ਮੇਨ੍ਹਤ ਕੀਤੀ ਬੈਠੇ ਆ ਉਨ੍ਹਾਂ ਨੂੰ ਕੀ ਲੱਭਾ ਏਥੇਂ ? ਧੱਕੇ-ਧੋੜੇ , ਬੇਰੁਜ਼ਗਾਰੀ ਜਾਂ ਕੈਦਾਂ-ਜੇਲ੍ਹਾਂ …।“ ਇਹ ਗੱਲ ਉਸ ਨੂੰ ਆਪੂ ਨੂੰ ਆਉਂਦੀ ਸੀ ਜਾਂ ਕਿਸੇ ਦੇ ਸਿੱਖੇ –ਸਿਖਾਏ ਬੋਲੀ ਸੀ, ਸੀ ਪੂਰੀ ਠੀਕ। ਮੈਂ ਨਿਰਉੱਤਰ ਹੋ ਗਿਆ । …ਕੌਣ ਮੌਤ ਦੇ ਮੂੰਹ ‘ਚ ਪੈਂਦਾ , ਜੇ ਕਿਸੇ ਨੁੰ ਰੋਜ਼ੀ –ਰੋਟੀ ਮਿਲਦੀ ਹੋਵੇ …..।‘ ਪਰ ਬਨਵੈਤ ਬਾਲਕਾਂ ਨੂੰ ਰੋਜ਼ੀ ਰੋਟੀ ਦੀ ਕੀ ਘਾਟ ਸੀ – ‘ਬਣਿਆ –ਬਣਾਇਆ ਘਰ-ਬਾਹਰ ..ਕੀਤਾ –ਕਰਾਇਆ ਕਾਰੋਬਾਰ ..ਫੇਰ ਉਹ ਕਿਉਂ ਨਹੀਂ ਸਨ ਪੜ੍ਹਦੇ , ਪੜ੍ਹ ਲਿਖ ਕੇ ਚੰਗੇ ਬਾਲਕ ਬਣਦੇ । ‘

ਮੈਂ ਫੇਰ-ਵਗਲ ਕੇ ਇਕ ਹੰਭਲਾ ਮਾਰਿਆ- “ ਤਾਨੂੰ ਰੋਜ਼ੀ –ਰੋਟੀ ਦੀ ਕਾਦ੍ਹੀ ਚਿੰਤਾ ! ਤ੍ਹਾਡੇ ਟਰੱਕ,ਮੋਟਰਾਂ ,ਗੱਡੀਆਂ , ਤੇ ਹੋਰ ਨਿੱਕੇ –ਵੱਡੇ ਕਿੰਨੇ ਸਾਰੇ ਧੰਦੇ , ਤਾਨੂੰ ਤਾਂ ਸਗੋਂ ਦੱਬ ਕੇ ਪੜਨਾ ਚਾਹੀਦਾ…ਦੱਬ ਕੇ ਵਾਹ ਤੇ ਰੱਜ ਕੇ ਖਾਹ ‘ ਦੀ ਅਖੌਂਤ ਸੁਣੀ ਨਈਂ ਤੁਸਾਂ ! “ ” ਖਾਧਾ ਵੀ ਮਾਣ-ਇਜ਼ਤਨਾ ਈ ਜਾਂਦਾ , ਹਰ ਥਾਂ ਜਲੀਲ ਹੋ ਕੇ ਨਈਂ । .. ਕਦੀ ਦਿੱਲੀ-ਰਿਆਣਾ, ਕਦੀ ਯੂ ਪੀ. – ਸੀ ਪੀ , ਕਦੀ ਜੰਮੂ-ਬਿਦਰ ਕੇੜਾ ਰੋਜ਼ ਰੋਜ਼ ਜੁੱਤੀਆਂ ਖਾਏ ਏਨ੍ਹਾਂ ਤੋਂ ਹੁਣ ਤਾਂ ਗੱਲ ਕਿਸੇ ਪਾਸੇ ਲੱਗ ਕੇ ਈ ਸਾਹ ਲਉ ..।“ ਉਸ ਨੇ ਜ਼ੋਰ ਦੀ ਜੈਕਾਰਾ ਛੱਡਿਆ । ਮੈਂ ਉਸ ਦੇ ਮੂੰਹ ਵੱਲ ਤੱਕਦਾ ਰਹਿ ਗਿਆ । ਮੈਨੂੰ ਲੱਗਾ ਉਹ ਨਿਰ-ਪੁਰਾ ‘ਬਾਲਕ’ ਹੀ ਨਈਂ ਪੂਰਾ ‘ਮੁੰਡਾ’ ਬਣ ਚੁੱਕਾ ਹੈ , ਮੁੰਡਾ । ਸਾਰਾ ਕੁਝ ਜਾਣਦਾ ਬੁਝਦਾ – ਆਪਣੇ ਲਾਭ , ਆਪਣੇ ਹਾਣ । ਭਾਵੇਂ ਉਸ ਨੂੰ ਸਭ ਪਾਸੇ ਲਾਭ ਦਿਸਦਾ ਸੀ , ਹਾਣ ਬਾਰੇ ਜਾਣਕਾਰੀ ਬਿਲਕੁਲ ਨਹੀਂ ਸੀ ।

ਮੈਨੂੰ ਲੱਗਾ ਇਹ ਸਾਰੀ ਪਾਣ ਕਿਸੇ ‘ਮਾਡਲ –ਸਕੂਲ ‘ ਨੇ ਦਿੱਤੀ ਹੈ ਉਹਨੂੰ । ਨਈਂ ਬਾਲਕ ਤਾਂ ਸਿਰਫ ਤਾਂ  ਬਾਲਕ ਹੁੰਦਾ ਐ । ਹਿੰਦੂ-ਸਿੱਖ-ਮੁਸਲਮਾਨ ਤੇ ਉਸ ਨੁੰ ਮਸੀਤਾਂ-ਮੰਦਰ-ਗੁਰਦੁਆਰੇ ਬਣਾਉਂਦੇ ਆ । ਰਹਿੰਦੀ ਕਸਰ ਆਹ ਮਾਡਲ ਕਿਸਮ ਦੀਆਂ ਦੁਕਾਨਾਂ ਪੂਰੀ ਕਰ ਛੱਡਦੀਆਂ । ਬੰਦੇ ਨੂੰ ਬੰਦਾ  ਰਹਿਣ ਈ ਨਈਂ ਦਿੰਦੀਆਂ । ਪੂਰਾ ‘ ਉੱਲੂ ਬਣਾ ਕੇ ਭੇਜਦੀਆਂ ਬਾਹਰ । ਬਾਹਰ ਆ ਕੇ ਨਾ ਕਿਸੇ ਨੂੰ ਸੱਤ-ਕੁਸੱਤ , ਨਾ ਸਾਬ੍ਹ-ਸਲਾਮ । ਇਹਨਾਂ ਨਾਲੋਂ ਤਾਂ ਪਿੰਡਾਂ ਥਾਵਾਂ ਦੇ ਨਿਆਣੇ ਸੌ ਦਰਜੇ ਖਰੇ ਆ । ਚਾਹ ਮੰਗੀਏ ਚਾਹ ਪਲਾਉਂਦੇ ਆ । ਜਿੱਥੇ ਕਹੀਏ ਓਥੇ ਟਿਕੇ ਰਿਹੰਦੇ ਆ । ਕਹੀਏ – ਉੱਠੋ ਪੜ੍ਹੋ ; ਪੜ੍ਹਨ ਲਗਦੇ ਆ । ਕਹੀਏ – ਬੈਠ ਜਾਓ , ਬੈਠ ਜਾਂਦੇ ਆ । ਨਿਰੀਆਂ ਗਾਵਾਂ । ਆਗਿਆਕਾਰ ਰਈਅਤ ਪੰਜਾਬੀ ਲੋਕਾਂ ਵਾਂਗ , ਬਹਾਦਰ ਫੌਜੀਆਂ ਵਾਂਗ । ਜਿਹਨਾਂ ਨੂੰ ਜਿਹੜਾ ‘ਸਰ ’ਚਾਹੇ ‘ਆਪਣੇ’ ਆਖ ਸਕਦਾ । ਰਾਤ ਪੁਰ ਦਿਨੇ ਜੋੜ ਸਕਦਾ ਐ , ਹਾਲੀ ਪਸੂਆਂ ਵਾਂਗ । ਅੱਗੋਂ  ਸੀਅਈ ਨਈਂ ਕਰਦੇ ਆਪਣੇ ਮਾਲਕਾਂ ਮੂਹਰੇ । ਆਪਣੀਆਂ ‘ਸਰਕਾਰਾਂ’ ਅੱਗੇ । ਜੇ ਸਰਕਾਰ ਆਖੇ – ਸੌ ਜਾਓ , ਸੌ ਜਾਂਦੇ ਆ । ਜੇ ਅਫ਼ਸਰ ਆਖਣ – ਜਾਗ ਪਓ , ਜਾਗ ਉਠਦੇ ਆ ।ਕੰਮ ਕਰੋ –ਕੰਮ ਕਰਨ ਲੱਗ ਪੈਂਦੇ ਆ । ਕੰਮ ਬੰਦ ਕਰੋ – ਖੜੇ ਹੋ ਜਾਂਦੇ ਆ । ਅੰਦਰ ਲੁਕ ਜਾਓ  , ਬਾਹਰ ਕਰਫਿਊ ਆ –ਪੰਜਾਬੀ ਬਾਹਰ ਨਈਂ ਆਉਂਦੇ । ਹੁਣ ਬਾਹਰ ਨਿਕਲ ਆਓ – ਪੰਜਾਬੀ ਫਿਰ ਅੰਦਰ ਨਹੀਂ ਟਿਕ ਸਕਦੇ । ਕੇ ਹੁਕਮ ਹੋਵੇ –ਹੁਣ ਅਨਾਜ ਚਾਹੀਦਾ ਐ । ਅੰਨ-ਦੇਵਤਾ ਬਣ ਬੈਠਦੇਂ ਆ , ਪੰਜਾਬੀ । ਹੁਣ ਦੁੱਧ ਚਾਹੀਦਾ – ਤਾਂ ਗਊ-ਦੇਵਤਾ ਬਣ ਬੈਠਦੇ ਆ । …ਹੁਣ ਗੁੜ – ਚੀਨੀ ਚਾਹੀਦੀ ਐ ਸਾਨੂੰ ਤਾਂ ਮਿੱਠਾ ਇਨਕਲਾਬ ਸਿਰ  ‘ ਤੇ ਚੁੱਕ ਲੈਂਦੇ ਆ ਪੰਜਾਬੀ । ਕਿਸੇ ਬੰਗਾਲੀ ਨੂੰ ਆਖ ਕੇ ਦੇਖੋ ਤਾਂ ਇਮੇਂ-ਕਿਮੇਂ ! ਕਿਸੇ ਕੈਰੇਲੀਅਨ ਨੂੰ ਰੋਕ ਕੇ ਦੱਸੋ ਤਾਂ ਇਸ ਢੰਗ ਨਾਲ । ਤੁਸੀਂ ਆਖੋ – ਐਧਰ ਜਾਣਾ । ਉਹ ਓਧਰ ਨੂੰ ਜਾਊ ।ਤੁਸੀਂ ਮੋੜੋ ਐਧਰ ਨਈਂ ਜਾਣਾ , ਜ਼ਰੂਰ ਜਾਣਗੇ ਉਹ । ਬਿਲਕੁਲ ਬਨਵੈਤ ਮੁੰਡਿਆਂ ਵਾਂਗ । ਪਤਾ ਨਈਂ ਇਨ੍ਹਾਂ ਨੂੰ ਕਿਵੇਂ ਲਾਗ ਲੱਗ ਗਈ ਉਹਨਾਂ ਦੀ । ਪਰ, ਨਈਂ ; ਉਹਨਾਂ ਦੀ ਲਾਗ ਲੱਗੀ ਹੁੰਦੀ ਤਾਂ ਸੌਹਰੀ ਦੇ  ਪੜ੍ਹ ਲਿਖ ਜਾਂਦੇ । ਕੋਈ ਚੱਜ ਦਾ ਕੰਮ ਕਰਦੇ ਬੰਗਾਲੀਆਂ ਵਾਂਗ । ਕੋਈ ਸਿਹਤ-ਮੰਦ ਵਿਰੋਧ ਕਰਦੇ ਮਦਰਾਸੀਆਂ ਵਾਂਗ । ਇਹ ਛੋਕਰੇ ਤਾਂ ਕਿਸੇ ਤੀਜੀ ਧਿਰ ਦੀ ਪਿੱਠ ਪੂਰਦੇ ਲੱਗੇ , ਮੈਨੂੰ । ਨਾ ਵੱਡਿਆ ਦੀ ਇੱਜ਼ਤ,

ਨਾ ਆਪਣਿਆਂ ਦਾ ਡਰ । ਨਾ ਘਰ ਦਾ ਕੋਈ ਫਿਕਰ , ਨਾ  ਬਾਹਰ ਦੀ ਕੋਈ ਚਿੱਤਾ । ਬੱਸ , ਇਕੋ-ਇਕ ਧੁਨ ਸਵਾਰ ਦਿਸੀ ਇਹਨਾਂ ‘ਤੇ – ‘ ਜੈਸੇ ਹਮ ਕੈਹਤੇ ਹੈਂ ਵੈਸੇ ਕਰੋ , ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ । “

ਛੋਟੇ ਤੋਂ ਲੈ ਕੇ ਵੱਡੇ ਤਕ ਮੈਂ ਪੂਰੀ ਸਿਰ – ਖਪਾਈ ਕੀਤੀ । ਕਿਸੇ ਨੂੰ ‘ਟੀਚਰ’ ਪੜ੍ਹਾਇਆ , ਕਿਸੇ ਨੂੰ ਹਿਸਾਬ-ਅਲਜਬਰਾ । ਕਿਸੇ ਨੂੰ ਸਮਾਜਕ ਪੜ੍ਹਾਈ , ਕਿਸੇ ਨੂੰ ਵਿਗਿਆਨ । ਕੱਲੇ-ਕੱਲੇ ਨੂੰ ਮੁਲਕ ਦਾ ਇਤਿਹਾਸ –ਭੂਗੋਲ ਸਮਝਾਇਆ । ਫਿਰ ਹਿੰਦੀ ਦਾ ਬਾਲ-ਬੋਧ ਉਠਦਾ ਕੀਤਾ ਫਿਰ ਪੰਜਾਬੀ ਪ੍ਰਵੇਸ਼ਕਾ । ਪੂਰੀ ਜਾਨ-ਮਾਰੀ ਕੀਤੀ ਮੈਂ । ਪਰ ,ਉਹ ! ਜੈਸੇ ਥੇ , ਵੈਸੇ ਰਹੇ । ਉਹਨਾਂ ਦੀਆਂ ਮੰਮੀਆਂ ਬਥੇਰਾ ਕਲਪਦੀਆਂ । ਘੇਰ ਘੇਰ ਕੇ ਲਿਆਓਂਦੀਆਂ – “ ਵੇ ਕਾਕਾ ਜੀ , ਵੇ ਯੋਨੀ –ਨੀਟੂ-ਬਿੱਕੀ-ਰਿੱਕੀ –ਡੋਲੀ ਜੀ , ਤੁਆਡਾ ਮਾਹਟਰ ਆਇਆ ਬੈਠਾ ਅੰਦਰ । ਚਲੋ ਪੜ੍ਹ ਲਵੋ ਕੁੱਝ । ਸਿਖ ਲਓ ਕੁੱਝ ਉਸ ਤੋਂ , ਅੰਗਲੱਛ ਦਾਆ …।“ ਪਰ ਜੀ ਕਿੱਥੇ ..! ਉਹ ਦਿਨੋ-ਦਿਨ ਵਿਚਲਦੇ ਗਏ ਹਾਰ ਥੱਕ ਕੇ , ਮੈਂ ਸਾਰੀ ਗੱਲ ਵਿਚਕਾਰਲੇ ਬਨਵੈਤਾਂ ਅੱਗੇ ਖੋਲ ਦਿੱਤੀ । ਖੋਲ੍ਹ ਕਾਹਦੀ ਦਿੱਤੀ- ਉਲਟਾ ਪੰਗਾ ਪੈ ਗਿਆ । ਅੱਗੋਂ ਤਾੜਨਾ ਹੋਈ – “ ਤੈਨੂੰ ਕਿੰਨ ਆਖਿਆ ਸੀ , ਪੰਜਾਬੀ ਹਿੰਦੀ ਪੜ੍ਹਾ ਸਾਡੇ ਬਾਲਾਂ ਨੂੰ ….ਤੇਰੇ ਅਗਰੇ ਸੈਂਕੜੇ ਤੁਰੇ ਫਿਰਦੇ ਆ ਹਰਲ-ਹਰਲ ਕਰਦੇ …।“ ਮੈਂ ਬਥੇਰਾ ਆਖਿਆ – “ ਸਰਦਾਰ ਬਆਦਰ ਅਸੀਂ ਪੰਜਾਬੀ ਹਾਂ , ਸਾਰੇ । ਪੰਜਾਬੀ ਸਾਡੀ ਮਾਂ ਬੋਲੀ ਆ । ਸਾਡਾ ਸਭਿਆਚਾਰ , ਸਾਡਾ ਧਰਮ ,ਸਾਡਾ ਵਿਰਸਾ , ਸਭ ਪੰਜਾਬੀ ਭਾਸ਼ਾ ਨਾਲ ਜੁੜਿਆ ਪਿਆ । ਇਸ ਨੂੰ ਛੱੜ ਕੇ ਅਸੀਂ ਓਪਰੇ ਮੁਲਕ ਦੇ ਬਸ਼ਿੰਦੇ ਜਾਪਾਂਗੇ ਹੰਸਾਂ ਦੀ ਨਕਲ ਕਰਦੇ ਅਸੀਂ ਆਪਣੀ ਚਾਲ ਈ ਗੁਆ ਬੈਠਾਂਗੇ …।“ ਮੇਰੀ ਦਲੀਲ ਦਾ ਉਹਨਾਂ ‘ਤੇ ਕੱਖ ਅਸਰ ਨਾ ਹੋਇਆ । ਉਹਨਾਂ ਅੱਗੋਂ ਹੋਰ ਈ ਟੇਪ ਚਾੜ੍ਹ ਦਿੱਤੀ – “ ਤੁਹਾਂ ਮਾਹਟਰਾਂ ਮੁਲਖ ਦਾ ਭੱਠਾ ਬਠਾ ਛਡਿਆ ਈ ‘ਕੱਠੇ ਹੋ ਕੇ । ..ਨਿੱਤ ਨਮੇਂ ਹੜਤਾਲਾਂ । ਨਿੱਤ ਨਮੇਂ ਧਰਨੇ-ਮੁਜਾਹਰੇ । ਨਿਆਣਿਆਂ ਦੇ ਪੱਲੇ ਧੇਲਾ ਨਈਂ ਪਾਉਂਦੇ ਤੁਹੀਂ । ਦੂਣੀ-ਤੀਣੀ ਦਾ ਪਾੜ੍ਹਾ ਨਈਂ ਆਉਂਦਾ ਕਿਹੇ ਨੂੰ ਐਬੀਸੀ ਉਠਾਲੀ ਨਈਂ ਜਾਂਦੀ ਕਿਹੋ ਤੋਂ …ਕੀ ਝੱਖ ਮਾਰਦੇ ਓ ਸਕੂਲੀਂ …। ਢਾਈ –ਢਾਈ , ਤਿੰਨ-ਤਿੰਨ ‘ ਜ਼ਾਰ ਤਨਖਾਹ ਝਾੜਦੇ ਓ ਪਹਿਲੀ ਦੀ ਪਹਿਲੀ…ਟੀਸ਼ਨਾਂ ਵਾਧੂ , ਛਿੱਲ ਸਾਡੀ ਲਹਿੰਦੀ ਆ ਹਰ ਪਾਸੇ।..ਕਿਤੇ ਰੋਡ-ਟੈਕਸ , ਕਿਸੇ ਸੇਲ-ਟੈਕਸ , ਕਿਤੇ ਅਨਕੰਮ ਟੈਕਸ । ਤਿੰਨ ਲੱਖ ਦੀ ਗੱਡੀ ‘ਚੋਂ ਡੂੜ੍ਹ ਲੱਖ ਟੈਕਸ ਭਰਨਾ ਪੈਂਦਾ ਸਾਨੂੰ ਤਾਡੀ ਖਾਤਰ । “

ਮੇਰਾ ਜੀਅ ਕੀਤਾ , ਵਿਚਕਾਰਲੇ ਬਨਵੈਤਾਂ ਨੂੰ ਟੋਕ ਕੇ ਖ਼ਰੀਆਂ-ਖ਼ਰੀਆਂ ਸੁਣਾਵਾਂ । ਸਾਰੇ ਨਿਘਾਰ ਦੀ ਜੁੰਮੇਵਾਰੀ ਅਧਿਆਪਕ ਸਿਰ ਸੁੱਟਣ ਦਾ ਵਿਰੋਧ ਕਰਾਂ । ਪੜ੍ਹਾਈ –ਲਿਖਾਈ ਦੇ ਅੰਕੜੇ ਪੇਸ਼ ਕਰਾਂ । ਵਿਗਿਆਨੀਆਂ ,ਡਾਕਟਰਾਂ , ਇੰਜੀਨੀਅਰਾਂ ਤੇ ਹੋਰਨਾਂ ਅਧਿਕਾਰੀਆਂ-ਕਾਮਿਆਂ ਨੂੰ ਮਿਲੀਆਂ ਡਿੱਗਰੀਆਂ ਦੀ ਜਾਣਕਾਰੀ ਦਿਆਂ , ਕਿ ਇਹ ਪ੍ਰਾਪਤੀਆਂ ਬਨਵੈਤਾਂ ਦੀ ਛੱਤੀ-ਚੌਹਠ ਦੇ ਪ੍ਰਦਾਨ ਨਈਂ ਕੀਤੀਆਂ । ਸਕੂਲਾਂ-ਕਾਲਿਜਾਂ ਤੋਂ ਹੀ ਪ੍ਰਾਪਤ ਹੋਈਆਂ ਆਂ ਤੇ ਸਕੂਲਾਂ-ਕਾਲਿਜਾਂ ਵਿਚ ਅਧਿਆਪਕ ਕੰਮ ਕਰਦੇ ਆ, ਟਰਾਂਸਪੋਰਟਰ ਨਈਂ ! …ਜੇ ਤੁਆਡੇ ਫਰਜੰਦ ਕਿਸੇ ਜੋਗੇ ਨਹੀਂ ਤਾਂ ਇਸ ਵਿਚ ਕਸੂਰ ਕੱਲੇ ਅਧਿਆਪਕਾਂ ਦਾ ਹੀ ਨਹੀਂ , ਤੁਆਡਾ ਵੀ ਐ , ਇਕੋ ਜਿੰਨਾ ਬਰਾਬਰ ਦਾ । ਪਰ , ਮੈਂ ਉਸਦੀ ਬੋਲ – ਬਾਣੀ ‘ਚ ਵਿਘਨ ਨਾ ਪਾਇਆ । ਸਗੋਂ , ਕਿੱਤੇ ਸਿਰ ਆਏ ਇਲਜ਼ਾਮ ਨੂੰ ਧੋਣ ਦਾ ਇਰਾਦਾ ਹੋਰ ਪੱਕਾ ਕਰ ਲਿਆ । ….ਮੈਂ ਫਿਰ ਜ਼ੋਰ ਮਾਰਿਆ । ਹੋਰ ਮਿਹਨਤ ਕੀਤੀ । ਪਰ ਸਭ ਵਿਅਰਥ । ਪਰਨਾਲਾ ਜਿੱਥੇ ਸੀ ਓਥੇ ਦਾ ਓਥੇ ਰਿਹਾ । ਕੋਹੜ-ਕਿਰਲੀ ਮੈਂ ਖਾਹ-ਮੁਖਾਹ ਆਪਣੀ ਸੰਘੀ ਅੰਦਰ ਫਸਾਈ ਸੀ । ….ਖਾਹ-ਮੁਖਾਹ ਦੀ ਕਿਉਂ ਆਖਾਂ, ਮਜਬੂਰੀ ਸੀ । ਮਕਾਨ ਹੋਰਥੇ ਮਿਲਣਾ ਔਖਾ ਸੀ ਏਨਾ ਸਸਤਾ ।

ਮੈਂ ਕਈ ਦਿਨ ਪ੍ਰੇਸ਼ਾਨ ਰਿਹਾ । ਡੋਰ-ਭੋਰ ਤੁਰਿਆ ਫਿਰਦਾ ਰਿਹਾ । ਅੰਦਰੋ-ਅੰਦਰ ਮਕਾਨ ਦੀ ਤਲਾਸ਼ ਕਰਦਾ ਰਿਹਾ । ਇਕ ਦਿਨ ਸਕੂਲੇ ਹਿੰਦੀ ਟੀਚਰ ਵਰਮੇ ਨਾਲ ਗੱਲ ਕੀਤੀ । ਵਰਮਾ ਅੱਗੋਂ  ਇਕ-ਦਮ , ਬੋਲ ਉੱਠਿਆ – “ ਏਹ ਕਿੱਡੀ ਕੁ ਸਮੱਸਿਆ ਚੱਲ ਮੇਰੇ ਨਾਲ ਅੱਜ ਈ …ਮੈਂ ਲੈ ਦੇ ਦਿੰਨਾਂ ਤੈਨੂੰ ਮਕਾਨ ਆਪਣੇ ਲਾਗੇ , ਆਪਣੀ ਗਲੀ ‘ਚ …।“ ਉਸ ਦੀ ਪੇਸ਼ਕਸ਼ ਸੁਣ ਕੇ ਮੇਰੇ ਸਿਰੋਂ ਅੱਧਾ ਭਾਰ ਲਹਿ ਗਿਆ । ਪਰ , ਅਗਲੇ ਹੀ ਛਿਨ ਦੁਗਣਾ ਹੋਰ ਚੜ੍ਹ ਗਿਆ – ‘ ਵਰਮਾ ਹਿੰਦੂ ਆ ….ਇਦ੍ਹਾ ਮਹੱਲਾ ਸਾਰਾ ਹਿੰਦੂਆਂ ਦਾ ! ਮੇਂ ਸਿੱਖ ..ਕੱਲਾ ਕਹਿਰਾ …। ਏਨ੍ਹਾ ਤਾਂ ਲਾਮ- ਲਸ਼ਕਰ ਵਾਲੇ ਸਾਡੇ ਗੁਰੂ ਨੂੰ ਮੁਆਫ਼ ਨਹੀਂ ਸੀ ਕੀਤਾ । ਆਟੇ ਦੀਆਂ  ਗਊਆਂ ਦਿਖਾ ਕੇ ਕਸਮਾਂ ਤੋੜੀਆਂ ਫਿਰ , ਮੈਂ …ਮੈਂ ਕੇਦ੍ਹਾ ਪਾਣੀ ਹਾਰ ਆਂ …! ਮੈਂ ਐਨ ਵਿਚਕਾਰ ਫਸ ਗਿਆ – ਇਕ ਪਾਸੇ ਬਨਵੈਤ, ਦੂਜੇ ਪਾਸੇ ਵਰਮੇਂ …। ਇਕ ਪਾਸੇ ਏ.ਕੇ. ਸੰਤਾਲੀ ,ਦੂਜੇ ਪਾਸੇ ਛੁਰੇ-ਤਰਸ਼ੂਲ…!”

ਮੈਨੂੰ ਡੌਰ-ਭੌਰ ਹੋਇਆ ਜਾਚ ਕੇ , ਵਰਮੇ ਨੇ ਅੱਧੀ –ਛੁੱਟੀ ਵੇਲੇ ਮੇਰਾ ਮੋਢਾ ਆ ਨੱਪਿਆ – “ ਕੀ ਸੋਚੀ ਜਾਨਾਂ ਲੈਣਾ ਨਈਂ ਮਕਾਨ ਲਾਗੇ ਮੇਰੇ…!” ”…ਕਿਉਂ ਨਈਂ ਲੈਣਾ , ਜ਼ਰੂਰ ਲੈਣਾ ..”  , ਹੋਰ ਮੈਂ ਕਹਿ ਵੀ ਸਕਦਾ ਸੀ ਉਸਨੂੰ ।

ਛੇਵੀਂ ਘੰਟੀ ਸਕੂਲ ਹੈੱਡ ਨੂੰ ਪਤਾ ਲੱਗਾ ਕਿ ਵਰਮਾ ਮੈਨੂੰ ਆਪਣੇ ਲਾਗੇ ਦੁਆਉਣ ਲੱਗਾ ,ਮਕਾਨ । ਫਿਰ ਹਿਸਾਬ ਵਾਲੇ ਗੁਪਤੇ ਨੂੰ । ਫਿਰ ਸਮਾਜਕ ਵਾਲੇ ਰਿਸ਼ੀ ਨੂੰ । ਫਿਰ ਤ੍ਰਿਪਤਾ ਨੂੰ । ਫਿਰ ਰਾਣੀ ਬਾਲਾ ਨੂੰ । ਹਰੀ ਦੱਤ ਨੂੰ । ਫਿਰ…ਫਿਰ । ਛੁੱਟੀ ਹੋਣ ਤੋਂ ਪਹਿਲਾਂ ਪਹਿਲਾਂ ਹੈੱਡ ਦੇ ਕਮਰੇ ‘ ਚ  ਸ਼ਾਖਾ ਜੁੜ ਗਈ । ਮੈਂ , ਡੀ.ਪੀ. ਈ . ਤੇ ਸ਼ਾਮ ਸਿੰਘ ਕਨਸੋਆ ਲੈਂਦੇ ਰਹੇ ।

ਉਹਨਾਂ ਵਰਮੇ ਨੂੰ ਅੰਦਰ ਫਾਇਲ ਕਰ ਲਿਆ “ ਤੈਨੂੰ ਪਤਾਆ  ਨਈਂ ਕੰਜਰਦਿਆ , ਉਹ ਸਿੱਖ ਆ । ਅਤਿਵਾਦੀ ਮੁੰਡਿਆ ਨਾਲ ਤਾਲ ਮੇਲ ਆ …” ਸਮਾਜਕ ਵਾਲੇ ਰਿਸ਼ੀ ਨੇ ਤਾੜਨਾ ਕੀਤੀ । …” ਤੈਨੂੰ ਕਿੱਦਾਂ ਪਤਾ ..ਕੀ ਸਬੂਤ ਆ ਤੇਰੇ ਕੋਅਲ ..?” ” ਸਬੂਤ ! ਤੈਨੁੰ ਪਤਾ ਨਈਂ ,ਉਹ ਬਨਵੈਤਾਂ ਕੋਅਲ ਰਹਿੰਦਾ ,ਮੁਫਤ ।ਉਹਨਾਂ ਦੇ ਨਿਆਣੇ ਪੜ੍ਹਾਉਂਦਾ । ਹੋਰ ….ਹੋਰ ਇਸ ਤੋਂ ਵੱਡਾ ਸਬੂਤ ਕੀ ਹੁੰਦਆ …ਸ਼ਸ਼ਤਰ-ਬਸਤਰ ਨਈਂ ਦੀਹਦੇ ਉਹਦੇ ਸਾਨੂੰ । “ …ਅੱਗੋ ਨਈਂ ਦਿਸੇ ਉਦ੍ਹੇ ਸ਼ਸ਼ਤਰ-ਬਸਤਰ ਤ੍ਹਾਨੂੰ ਹੁਣ ਨਵੇਂ ਦਿਸੇ ਆ …। ਸ਼ਹਿਰ ਪਤਾ ਨਈਂ ਅਗਲਾ ਕੇੜ੍ਹੀ ਮਜਬੂਰੀ ਨੂੰ ਰਹਿੰਦਾ । ਚੰਗਾ ਭਲਾ ਘਰ-ਘਾਟ ਆ ਉਦ੍ਹਾ ਪਿੰਡ । ਪੁੱਛਿਆ ਈ ਕਦੀ ਉਹਨੂੰ ! ਕਦੀ ਕੋਈ ਹਰਕਤ ਕੀਤੀ ਐ ਉਹਨੇ , ਵਿੰਗੀ ਟੇਡੀ…।“

‘ਉਹ..ਉਹ ਨਈਂ ਤਾਂ ਹੋਰ ਕੌਣ ਕਰਦਾ ਹਰਕਤਾਂ । ਦਿਨ ਕੋਈ ਖਾਲੀ ਗਿਆ ਕਦੀ …। ਕਦੀ ਪੰਜ, ਕਦੀ ਦਸ , ਕਦੀ ਪੰਦਰਾਂ ,ਕਦੀ ਠਾਰਾਂ …ਆਹ ਹੁਣ ਨਵਾਂ ਈ ਢੰਗ ਫਡ ਲਿਆ , ਮੁਗਲਾਂ-ਅਰਗਾ ,ਹਲਾਲ ਕਰਨ ਦਾਆ ਚੰਗੇ ਭਲੇ ਬੰਦੇ ਨੂੰ ਘਰੋਂ ਚੁੱਕੋ , ਬਾਹਰ ਕਿਸੇ ਪਿੱਪਲ –ਬੋਹੜ ਨਾਲ ਫਾਹਾ ਦੇ ਕੇ ਮਾਰ ਦਿਉ….ਏਹ ਕੇਈ ਬੰਦਿਆ ਆਲੇ ਕੰਮ ਆਂ …।“

“ ਮੈਂ ਕਦ ਕਿਹਾ ਬੰਦਿਆਂ ਆਲੇ ਕੰਮ ਆਂ ! ਬੰਦਿਆਂ ਆਲੇ ਕੰਮ ਕੀਤੇ  ਆਂ ਹੁਣ ਤਾਈਂ । ਨੀਲਾ-ਤਾਰਾ, ਸਿੱਖ-ਕਤਲੇਆਮ, ਕਾਲੀ-ਗਰਜ, ਚਿੱਟੀ ਗਰਜ ,ਦੰਗੇ-ਫ਼ਸਾਦ ,ਇਹ ਬੰਦਿਆਂ ਆਲੇ ਕੰਮ ਕੀਤੇ ਆ ਤੁਸੀ …!”

“ ਅਸੀਂ ਕੀਤੇ ਆ ਏਹ ! …ਕੋਈ ਹੋਸ਼ ਦੀ ਗੱਲ ਕਰ । ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ …। ਜੇੜ੍ਹਾ ਕਰਦਾ , ਉਤ੍ਹੋਂ ਪੁੱਛ ਜਾ ਕੇ …!”

“ ਉਤ੍ਹੋਂ ਕਿਉਂ ਪੁੱਛਾਂ…! ਤੁਆਤੋਂ ਕਿਉਂ ਨਾ ਪੁੱਛਾਂ ..!! ਰਾਤ-ਦਿਨ ਘੋੜੀਆਂ ਗਾਉਂਦੇ ਓ ਜੇੜ੍ਹੇ , ਉੱਪਰਲੇ ਸੰਘਾਸਣ ਦੀਆਂ । ਕਦੀ ਸੋਚਿਆ ਈ ਹੁਣ ਕਿਉਂ ਹੋਣ ਲੱਗੀ ਆ ਏਦਾਂ , ਪਹਿਲੋਂ ਕਿਉਂ ਨਾ ਹੋਈ ਪੈਂਤੀ-ਚਾਲੀ ਸਾਲ੍ਹ ….! ..ਪੀਲੀਆ ਹੋਇਆ ਪਿਆ ਤਾਕਤ ਦਾ ਤਾਡ੍ਹੇ ਪ੍ਰਭੂਆ ਨੂੰ । ਸੱਚੀ ਗੱਲ ਸਹਾਰੀ ਨਈਂ ਜਾਂਦੀ ਤਾਤੋਂ …। ਮਾਰ ਦਿਓ , ਨੱਪ ਦਿਓ , ਫੇਂਹ ਦਿਓ , ਫਾਹੇ ਲਾ ਦਿਓ , ਜੇੜ੍ਹਾ ਵੀ ਬੋਲਦਾ-ਕੁਸਕਦਾ ਅੱਗੇ । ਸਤਵੰਤ-ਬੇਅੰਤ ਤੇ ਚਲੋ ਮੰਨਿਆ , ਔਹ ਹਾਸ਼ਮੀ ਨੇ ਕੀ ਵਿਗਾੜਿਆ ਸੀ, ਤਾਡ੍ਹਾ …ਰਵੀ ਨੇ ਕਿਦੀ ਖੋਤੀ ਨੂੰ ਹੱਥ ਲਾਇਆ ਸੀ, ਤਾਡ੍ਹੇ …!”

“ ਦੇਖੋ ਓਏ , ਕਿਮੇ ਚਾਪਰਿਆ ਫਿਰਦਆ…। ਸਰਕਾਰੀ ਮੁਲਾਜ਼ਮ ਹੋ ਕੇ ਹਾਕਮਾਂ ਵਿਰੁੱਧ ਬੋਲਦਆ । …ਆਪ ਤਾਂ ਮਰਨਾ ਈ ਏਨੇ , ਨਾਲ ਸਾਨੂੰ ਬੀ ਮਰਵਾਊ । ਓਏ ਓਏ ਤੈਨੂੰ ਪਤਾ ਸਰਕਾਰੀ ਹੁਕਮਾਂ ਦਾਆ ..ਦਫ਼ਤਰਾਂ –ਸਕੂਲਾਂ ਦੀ ਹੱਦ-ਹਦੂਦ ਆੰਦਰ ਸਿਆਸੀ ਬਹਿਸਾਂ ਬੰਦ ਕੀਤੀਆਂ ਬੀਆਂ …ਬੰਦ । “

“ ਮੇਰੇ ਲਈ ਬੰਦ ਕੀਤੀਆਂ ਬੀਆਂ ਤੇ ਤਾਡ੍ਹੇ ਲਈ ਖੋਲ੍ਹੀਆਂ ਬੀਆਂ …ਆਹ ਸਭਾ ਕਿਨ ਕੱਠੀ ਕੀਤੀ ਆ ਮੈਂ ਕਿ ਤੁਹੀਂ …?” ਵਰਮਾ ਆਪਣੀ ਥਾਂ ਅੜਿਆ ਰਿਹਾ ,ਹੈਡਮਾਸਟਰ ਉਹਨਾਂ ਦਾ ਬੰਦਾ ਸੀ , ਪਰ ਸੀ ਮੌਕਾ-ਸ਼ਨਾਸ । ਵਿਚ-ਵਿਚਾਲੇ ਦੀ ਗੱਲ ਕਰ ਗਿਆ । “ ਓ…ਓ ਭੋਲਿਓ , ਤੁਹੀਂ ਆਪੋ ਵਿਚ ਦੀ ਕਿਉਂ ਝਗੜਦੇ ਓ..ਕਉਂ ਖਹਿਬੜਦੇ ਓ …? ‘ਜਿੰਨਾ ਜਿੰਨਾ ਕੋਈ ਜੁਰਮ ਕਰਦਾ , ਓਨੀ ਓਨੀ ਸਜ਼ਾ , ਉਨੂੰ …ਆਪਣੇ ਆਪ ਮਿਲੀ ਟੁਰੀ ਜਾਂਦੀ ਆ ,ਪ੍ਰਭੂ ਪਰਮੇਸ਼ਰ ਵੱਲੋਂ …।“

ਛੁੱਟੀ ਹੋਣ ‘ਤੇ ਵਰਮੇਂ ਨੇ ਸਾਰੀ ਗੱਲ ਮੇਰੇ ਕੰਨੀਂ ਕੱਢੀ  । ਮੈਂ ਵਿਲਕ ਉੱਤਰਿਆ ਉਹਨਾਂ ਦੇ ਵਤੀਰੇ ‘ਤੇ ਸਹਿਕਰਮੀਆਂ ਦੇ ਕਰਮ ‘ਤੇ  । ਜਿਹਨਾਂ ਨਾਲ ਕਈ ਵਰ੍ਹਿਆਂ ਤੋਂ ਇਕ ਸਾਂ । ਅੱਵਲ ਕਈ ਸਦੀਆਂ ਤੋਂ । ਦੁੱਖ-ਸੁੱਖ ਸਾਂਝਾ ਸੀ ਸਭ ਦਾ । ਖਾਣ-ਪੀਣ ਇਕ ਥਾਂ । ਪਰ ਪਰ ਹੁਣ ਕੀ ਵਾਪਰ ਗਿਆ ਇਹ ! ਕੀ ਧੂੜ ਦਿੱਤਾ ਸੀ ਕਿਸੇ ਨੇ ਸਾਡੇ ਸਿਰਾਂ ਅੰਦਰ ..!! ਕਿਉਂ ਸੁਰਤ ਮਾਰੀ ਗਈ ਸੀ ਸਾਡੀ ਸਾਰਿਆਂ ਦੀ ….!! ਇਕੇ ਘਰ ਦੇ ਜੀਅ ਇਕ ਦੂਜੇ ਤੇ ਵੈਰੀ ਬਣੇ ਪਏ ਸਨ । ਮੈਨੂੰ ਸ਼ਰਮ ਵੀ ਆਈ ਤੇ ਗੁੱਸਾ ਵੀ । ਪਰ , ਦੂਜਿਆਂ ਨਾਲੋਂ ਬਹੁਤਾ ਗਿਲਾ ਮੈਨੂੰ ਆਪਣਿਆਂ ‘ਤੇ ਸੀ   । …ਸੋ ਪੰਜਾਹ ਦੀ ਕੀਤੀ ਸਾਰਿਆਂ ਨੂੰ ਭੁਗਤਣੀ ਪਈ । ਇਹ ਕੋਈ ਢੰਗ-ਤਰੀਕਾ , ਕੰਮ ਕਰਨ ਦਾ …। ਹਰ ਵੇਲੇ ਖੂਨ , ਹਰ ਵੇਲੇ ਗੋਲੀ , ਹਰ ਥਾਂ ਕਤਲ ! ਜਿਨ੍ਹੇ ਮਾੜੀ-ਮੋਟੀ ਤਿੰਨ-ਪੰਜ ਕੀਤੀ ,ਉਹ ਈ ਅਗਲੇ ਦਿਨ ਖ਼ਤਮ । ਨਾ ਹਿੰਦੂ ਦਾ ਬਚਾ , ਨਾ ਸਿੱਖ ਦਾ ਲਿਹਾਜ਼ । ਨਾ ਬੱਚਿਆਂ ਨੂੰ ਛੋਟ ,ਨਾ ਇਸਤਰੀਆਂ ‘ਤੇ ਰਹਿਮ ! ..ਕਿੱਥੋਂ ਤੁਰਿਆ ਸੀ ਮਸਲਾ , ਕਿਧਰੇ ਦਾ ਕਿਧਰੇ ਪਹੁੰਚ ਗਿਆ । ਹੁਣ ਕਿਸੇ ਨੂੰ ਚੜਾ-ਚੰਡੀਗੜ੍ਹ ਯਾਦ ਨਹੀਂ ਸੀ ਰਿਹਾ । ਪੜੇ-ਪਾਣੀਆਂ ਦੀ ਗੱਲ ਵੀ ਸਭ ਕਿਸੇ ਨੂੰ ਭੁੱਲ –ਵਿਸਰ ਗਈ ਸੀ । ਹਿੰਦੀ –ਪੰਜਾਬੀ ਬੋਲਦੇ ਇਲਾਕੇ ਵੀ ਆਪਣੀ ਥਾਹੋਂ ਕਿਧਰੇ ਨਹੀਂ ਸੀ ਹਿੱਲੇ । ਵੱਖਰੇ  ਰਾਜ ਦੀ ਮੰਗ ਵੀ ਕਿਸੇ ਦੇ ਚਿੱਤ-ਚੇਤੇ ਨਹੀਂ ਸੀ ਰਹੀ । ਕੁਰਸੀ-ਯੁੱਧ ਮੋਰਚਾ ਜਿਵ਼ ਲੁੱਟ-ਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ । ਜਬਰੀ-ਉਗਰਾਹੀ ,ਬੈਂਕ –ਡਕੈਤੀਆਂ , ਧਮਕੀ-ਪੱਤਰ ਹਰ ਕਿਸੇ ਦੀ ਜਾਨ ਦਾ ਖੋਅ ਬਣ ਪਏ ਸਨ ।

….ਧਮਕੀ ਪੱਤਰ ਦੀ ਯਾਦ ਆਉਂਦਿਆਂ ਮੈਂ ਇਕ ਵਾਰ ਫਿਰ ਦਹਿਲ ਗਿਆ । ਬਕਾਇਆ ਰਹਿੰਦੀ ਕਿਸ਼ਤ ਆਦਮ-ਬੋਅ, ਆਦਮ-ਬੋਅ ਕਰਦੀ ਮਰੀ ਧੋਣ ‘ਤੇ ਆ ਚੜ੍ਹੀ । ….ਬਿਰਧ ਬਾਪ ਨੇ ਬਥੇਰਾ ਵਰਜਿਆ , ਬਥੇਰਾ ਸਮਝਾਇਆ …’ਜਿੰਨਾ ਇਨ੍ਹਾਂ ਅੱਗੇ ਝੁਕੇਂਗਾ , ਅਗਲੇ ਓਨੀ ਈ ਹੋਰ ਕਾਠੀ ਪਾਉਂਦੇ ਜਾਣਗੇ …। ਉਹਦੀ ਗੱਲ ਸੌ ਵਿਸਵੇ ਠੀਕ ਸੀ , ਅੱਵਲ ਡੂੜ ਸੌ ਵਿਸਵੇ  । ਕੁਝ ਚਿਰ ਪਹਿਲਾਂ ‘ਉਹ’ ਪਿੰਡ ‘ਚ ਇਸ਼ਤਿਹਾਰ ਲਾ ਗਏ – “ ਤੁੰਨੀ-ਮੁੰਨੀ ਇਕ ਬਰਾਬਰ …ਰੋਮਾਂ ਦੀ ਬੇ-ਅਦਬੀ ਕਰਨਾ ਬੰਦ ,ਵਰਨਾ …।‘ ਸਾਰੇ ਘਾਬਰ ਗਏ । ਦਾੜ੍ਹੀ –ਕੱਟ ,ਜਰਦਾ –ਫੱਕ ਸਭ ਤੋਂ ਮੂਹਰੇ ਹੋ ਨਿਕਲੇ , ਦਾਅੜੀਆਂ ਪ੍ਰਕਾਸ਼ਨ ਵਿਚ । ਮੈਂ ਡੋਰ ਬੰਨ੍ਹਦਾ ਸਾਂ । ਅਗਲੇ ਦਿਨ ਹੀ ਖੋਲ੍ਹ ਛੱਡੀ । …’ ਉਹਨਾਂ ‘ ਦਾ ਅਗਲਾ ਹੁਕਮ ਆਇਆ – “ਅੰਮ੍ਰਿਤਧਾਰੀ ਬਣੋ , ਪੰਜ ਕਰਾਰ ਪੂਰੇ ਕਰੋ , ਵਰਨਾ । “ ਅਸੀਂ ਸਭ ਨੇ ਸ਼ਸ਼ਤਰ ਪਹਿਨ ਲਏ ।‘ਉਹਨਾਂ’ ਦੀ ਅਗਲੀ ਕਾਰਵਾਈ ਸੀ “ਦਸਬੰਧ ” । ਕਿਸੇ ਤੋਂ ਦਸ ,ਕਿਸੇ ਤੋਂ ਵੀਹ , ਕਿਸੇ ਤੋਂ ਪੰਜ ਹਜ਼ਾਰ ਇਕੱਠਾ …। ਮੈਨੂੰ ਵੀਹ ਹਜ਼ਾਰ ਦਾ ਪੱਤਰ ਆਇਆ । ਮੈਂ ਵਿਚਕਾਰ ਫ਼ਸ ਗਿਆ – ਇਕ ਪਾਸੇ ਬਾਪੂ ਦੀ ਖ਼ਰੀ ਸੱਚੀ ਦੂਜੇ ਪਾਸੇ ਬੰਨੇ ਜਾਨ-ਪ੍ਰਾਣ ..! ਬਾਪੂ ਆਪਣੀ ਥਾਂ ਪੱਕਾ ਰਿਹਾ , ਮੈਂ ਆਪਣੀ ਥਾਂ ਡਰਿਆ ਰਿਹਾ – “ ਜਾਨ ਬਚੀ ਰਹੁ ..ਪੈਸਾ ਫੇਰ ਵੀ ਆ ਸਕਦਆ , ਪਰ …ਜੇ ਅਗਲੇ ਕਾਰਾ ਕਰਾ ਗਏ …ਕੌਣ ਸਾਂਭੂ ਐਨਾ ਕੁਸ !  ਬਾਪੂ ਅੱਗੋਂ ਖਿਝ ਕੇ ਪਿਆ – “ ਸਾਡੇ ਮਰਨ ਤੇ ਰਾਤ-ਦਿਨ ਬਨਣੋਂ ਬੰਦ ਨਈਂ ਹੋਣ ਲੱਗੇ । ਧਰਤੀ ਘੁੰਮਣੋਂ ਨਈਂ ਹਟਣ ਲੱਗੀ ਤੇਰੇ –ਮੇਰੇ ਬਿਨਾਂ । ਬੜਾ ਭੁਲੇਖਾ ਸੀ ਤੇਰੇ ਅਰਗਿਆਂ ਨੂੰ – ਕੀ ਬਣੂ ਵਰਸ਼ ਦਾਆ , ਜੁਆਰ ਲਾਲ ਪਿੱਛੋਂ …! ਲਾਲ ਬਹਾਦਰ ਉਤੋਂ ਵੀ ਖ਼ਰਾ ਸੀ ਦੋ-ਰੱਤੀਆਂ । …ਊਂ ਖਰੇ ਬੰਦੇ ਦੀ ਪੁੱਛ-ਪੜਤਾਲ ਕੋਈ ਨਈਂ ਏਥੇ ….ਤੂੰ ਬੀ ਦੇਖ ਲਾਅ ਚੰਗਾ ਬਣ ਕੇ ਇਕ-ਆਰ ,ਅਗਲੇ ਦੂਜੀ ਵਾਰ ਫਿਰ ਤੇਰੀ ਸੰਘੀ ‘ਤੇ ਰਫ਼ਲ ਆ ਰੱਖਣਗੇ …।“

ਬਾਪੂ ਖ਼ਰੀ –ਸੱਚੀ ਕਹਿਣ ਦਾ ਆਦੀ ਸੀ  , ਬਿਨਾਂ ਝਿਜਕ ਆਖ ਗਿਆ । ਮੈਂ ਹਾਂ-ਨਾਂਹ ਕਰਦਾ ਵਿਚ-ਵਿਚਾਲੇ ਲਟਕਿਆ ਰਿਹਾ ਨਾ ਉਹਦੇ ਸਚ ਤੋਂ ਮੁਨਕਰ ਹੋ ਸਕਿਆ , ਨਾ ਆਪਣੇ ‘ਸੱਚ ’ ਤੋਂ …। ਮੈਂ ਫਿਰ ਕਿਹਾ- “ ਬਾਪੂ ਜੀ ਇਹ ਰਾਕਟ-ਕੰਮਪੀਊਟਰ ਯੁੱਗ ਐ , ਬੈਲ-ਗੱਡੀ ਯੁੱਗ ਨਈਂ , ਹੁਣ ਦੀ ਪੜ੍ਹਾਈ –ਲਿਖਾਈ ਤੇਰੇ ਵੇਲਿਆਂ ਨਾਲੋਂ ਖਾਸੀ ਵੱਖਰੀ ਐ । …ਦੇਸ਼ ,ਕੌਮ ,ਪ੍ਰਾਂਤ ,ਭਾਸ਼ਾ , ਸਭਿਆਚਾਰ , ਮੇਲੇ –ਮੁਸਾਵੇ ਕੇਵਲ ਠੁੰਮਣੇ ਹਨ, ਠੁੰਮਣੇ ਇਸ ਪੀੜ੍ਹੀ ਦੇ ,ਉੱਚੇ ਥਾਂ ਖੜੋਣ ਲਈ …ਤੇ ਅੜੇ-ਆਦਰਸ਼ਾਂ ਦਾ ਪ੍ਰਚਾਰ ਸਿਰਫ਼ ਮੂੰਹ ਜ਼ਬਾਨੀ ਜਮ੍ਹਾਂ-ਖਰਚ । ਜੇ ….ਜੇ  ਮੈਂ ਸੋਨ-ਸੁਨਹਿਰੀ ਸੰਸਕ੍ਰਿਤੀ ਦੇ ਘਸੇ –ਪਿਟੇ ਸੰਕਲਪਾਂ ‘ਚ ਤੇਰੀ ਤਰ੍ਹਾਂ ਜਕੜਿਆ ਰਹਿੰਦਾ , ਤਾਂ ਹੁਣ ਨੂੰ ਕਿਸੇ ਰਾਜਸ਼ਾਹੀ ਸੁਧਾਰ-ਘਰ ਦੀਆਂ ਸੀਖਾਂ ਪਿੱਛੇ ਬੰਦ ਹੁੰਦਾ ਜਾਂ ਕਿਸੇ ਨਹਿਰ ਕੰਢੇ ਹੋਏ ਪੁਲਸ-ਮੁਕਾਬਲੇ ਦੀ ਖ਼ਬਰ ਬਣਦਾ …।“

ਬਾਪੂ ਨੂੰ ਲੱਗਾ ਮੈਂ ਉਹ ਨੂੰ ਮਿਹਣਾ ਮਾਰਿਆ ਐ । ਉਸ ਦੀ ਉਮਰ ਭਰ ਦੀ ਕਮਾਈ ਦਾ ਕੌਡੀ ਮੁੱਲ ਨਹੀਂ ਪਾਇਆ । ਉਹਨੇ ਮੇਰੀ ਵੱਲ ਬੜੇ ਹਿਰਖ ਨਾਲ ਦੇਖਿਆ । ਉਂਝ ਉਹਦਾ ਹਿਰਖ ਸੀ ਵੀ ਸੱਚਾ – ‘ਮਰਦਾ-ਲੜਦਾ ਕੋਈ ਰਿਹਾ , ਸਾਂਭ ਕੋਈ ਬੈਠਾ । ਫਾਂਸੀਆਂ , ਕਾਲ-ਕੋਠੜੀਆਂ , ਕਿਸੇ ਹਿੱਸੇ ਆਈਆਂ , ਰਾਜ –ਤਿਲਕ ਕਿਸ੍ਹੇ ਹਿੱਸੇ …। ‘ ਮੇਰਾ ਜੀਆ ਕੀਤਾ ਮੈਂ ਉਸ ਨੂੰ ਸਾਫ਼ ਕਹਿ ਦਿਆਂ – “ ਹਿਰਖ ਕਿਦ੍ਹੇ ‘ਤੇ ਕਰਦਾਂ ਆਂ ਬਾਪੂ …ਹਵਾ ਦਾ ਰੁੱਖ ਦੇਖ ਕੇ ਬਦਲਨਾ ਮੇਰੀ ਸਿਖਿਆ –ਸਮਝ ਦੀ ਯੁੱਧ –ਨੀਤੀ ਵੀ ਐ ਤੇ ਦਾਅ-ਪੇਖ ਵੀ …।“

…ਤੇ ਇਹਨਾਂ ਦਾਅ-ਪੇਚਾਂ ਦੀ ਕੜੀ ‘ਚ ਮੈਂ ਉਸ ਤੋਂ ਇਕ ਗੱਲ ਲੁਕੋ ਰੱਖੀ । ‘ਜਬਰੀ-ਉਗਰਾਹੀ ‘ ਦੀ ਮੰਗੀ ਰਕਮ ਵਿਚੋਂ ਅੱਧੀ ਕਿਸ਼ਤ , ਮੈਂ ਚੋਰੀ –ਛਿਪੇ ਦੱਸੇ ਟਿਕਾਣੇ ‘ਤੇ ਰੱਖ ਆਇਆ । ਉਸ ਨੂੰ ਪਤਾ ਲੱਗਾ , ਉਹਨੇ ਕੱਢ ਡਾਂਗ ਲਈ ਮੇਰੇ ਦੁਆਲੇ ਆਖੇ – “ ਦਫਾ ਹੋ ਜਾ ਮੇਰੀਆਂ ਅੱਖਾਂ ਸਾਹਮਣਿਓਂ..ਗੀਦੀ ਕਿਸੇ ਥਾਂ –ਦਾਆ । ਐਨ੍ਹੀਂ ਕਰਤੂਤੀਂ ਗੁਲਾਮ ਰਿਹਾ ਮੁਲਕ ਕਦੇ ਤੁਰਕਾਂ ਦਾ ਕਦੇ ਗੋਰਿਆਂ ਦਾ । ..ਮੈਨੂੰ ਜੇ ਪਤਾ ਹੁੰਦਆ , ਤੂੰ ਏਨਾ ਕਾਇਰ ਨਿਕਲਣਾ , ਜਾਨੋਂ ਮਾਰ ਦੇਣਾ ਸੀਈ ਮੈਂ ਤੈਨੂੰ ਜੰਮਦੇ ਨੂੰ …। “ ਮੈਂ ਅੱਗੋਂ ਕੀ ਕਹਿੰਦਾ । ਚੁੱਪ ਰਿਹਾ । ਹਾਂ ਨਾ ਨਾਂਹ । ਬਾਪੂ ਥੋੜਾ ਠੰਡਾ ਹੋਇਆ , ਮੈਂ ਫਿਰ ਉਹਦੇ ਲਾਗੇ ਹੋ ਬੈਠਾ – “ਦੇਖ ਬਾਪੂ , ਡਾਂਗ ਸੌਟੇ ਦਾ ਸਮਾਂ ਨਈਂ ਹੁਣ , ਨੀਤੀਵਾਨ ਹੋ ਕੇ ਸਰਦਾ ਅੱਜ ਕੱਲ ।…ਕੀ ਫ਼ਰਕ ਪਿਆ ਆਪਾਂ ਨੂੰ ? ਕੇੜ੍ਹਾ ਕੋਲੋਂ ਗਏ ਆ ! ..ਕੱਲ ਤੋਂ ਚੀਜ਼ਾਂ –ਵਸਤਾਂ ਹੋਰ ਮਹਿੰਗੀਆਂ ਕਰ ਦਿਆਂਗੇ , ਕੇੜ੍ਹ ਕੋਈ ਪੁੱਛ-ਪੜਤਾਲ ਹੁੰਦੀ ਐ ..ਜੇ ਕਿਸੇ ਕੀਤੀ ਵੀ ਤਾਂ ਉਹਦਾ ਮੱਥਾ ਵੀ ਨਾਲ ਹੀ ਡੁੱਮਿਆਂ ਜਾਊ …। ਸਾਲ ਖੰਡ ‘ਚ ਪੂਰੀ ਹੋਈ ਲੈ ਦਸ ਜ਼ਾਰ ਵੀ ਕੋਈ ਰੋਕੜ ਹੁੰਦੀ ਆ …। ਬਾਪੂ ਫਿਰ ਤਪ ਗਿਆ – “ ਇਉਂ ਗਰੀਬ-ਗੁਰਬੇ ਲੁੱਟ ਕੇ ਢਿੱਡ ਭਰੀ ਜਾਮਾਂ , ਉਨਾਂ ਦਾ …ਵਿਹਲੜ ਗੀਦੀਆਂ ਦਾ । …ਇਹੋ ਤਾਂ ਝਗੜਾ ਰਿਹਾ , ‘ਕਾਂਗਰਸ ’ ਨਾ ਸ਼ੁਰੂ ਤੋਂ …। ਮੈਂ ਤਾਂ ਨਈਂ ਦਾਗੀ ਹੋਣਾ । ਮਰਨਾ ਮਨਜ਼ੂਰ ਆ …ਏਨ੍ਹਾਂ ਹੱਥੋਂ ਮਰਾਂਗਾ , ਚੰਗੀ ਹੋਏਅ-ਹੋਏਅ ਹੋਊ ਸਾਰੇ ਜਹਾਨ ‘ਤੇ ! ਕੀ ਆਖੂ ਦੁਨੀਆਂ !..ਜਿਨ੍ਹਾਂ ਖਤਾਰ ਕੈਦਾਂ ਕੱਟੀਆਂ , ਜਲਾਵਤਨੀਆਂ ਝੱਲੀ , ਉਨ੍ਹਾਂ ਈ ਮਾਰ ਛੱਡੇ ਆਪਣੇ ਦੇਸ਼-ਭਗਤ …ਬੱਲੇ ਓਏ ਬਅਦਰੋ …।“ ਬਾਪੂ  ਦਾ ਭਰਿਆ ਗੱਚ ਇਕੋ ਵਾਰਗੀ ਉੱਛਲ ਪਿਆ । ਅੱਖਾਂ ‘ਚੋਂ ਕਿਰਦੇ ਅੱਥਰੂ , ਖੁਲੀ-ਚਿੱਟੀ ਦਾਅੜ੍ਹੀ ਤੋਂ ਦੀ ਤਿਲਕਦੇ , ਪੱਕੇ ਫ਼ਰਸ਼ ਤੇ ਕਿਰਦੇ ਗਏ ।

ਬਾਪੂ ਨੇ ਮੇਰੇ ਨਾਲ ਬੋਲਣਾ ਬੰਦ ਕਰ ਦਿੱਤਾ । ਮੈਂ ਅੰਦਰੋਂ-ਅੰਦਰ ਘੁੱਟਿਆ ਗਿਆ । ਹਾਰ ਕੇ ਸ਼ਹਿਰ ਤੁਰ ਆਇਆ , ਬਿਨ੍ਹਾਂ ਉਸ ਨੂੰ ਦੱਸੇ …।

ਸ਼ਹਿਰ ਪਹੁੰਚ ਕੇ ਹੋਰ ਈ ਮੁਸੀਬਤ ਆ ਡਿੱਗੀ । ਪਹਿਲਾਂ ਚੱਜ ਦਾ ਮਕਾਨ ਨਾ ਮਿਲਿਆ । ਜੇ ਮਿਲਿਆ ਈ ਤਾਂ ਭੂਤ-ਬੰਗਲਾ । ਬਨਵੈਤਾਂ ਨਾਲ ਭਰਿਆ । ਜੇ ਛੱਡਦਾ ਸੀ ਤਾਂ ਕਲੰਕੀ ਜੇ ਰੱਖਦਾ ਸੀ ਤਾਂ ਕੋਹੜੀ । ਇਕ ਪਾਸੇ ਵਿਚਕਾਰਲੇ ਬਨਵੈਤਾਂ ਦੀ ਧਮਕੀ , ਦੂਜੇ ਪਾਸੇ ਧਮਕੀ-ਪੱਤਰ ਦਾ ਰਿਮਾਂਡ । ਪੁਲਸੀ ਰੀਮਾਂਡਾਂ ਤੋਂ ਵੀ ਔਖਾ । ਜਿਸ ਨੂੰ ਕੋਈ ਵੀ ਨਹੀਂ ਸੀ ਸਹਿ ਸਕਿਆ । ਨਾ ਤਕੜਾ ਨਾ ਮਾੜਾ । ਨਾ ਛੋਟਾ ਨਾ ਵੱਡਾ । ਨਾ ਅਮੀਰ ਨਾ ਗਰੀਬ । ਹਾਰ-ਟੁੱਟ ਕੇ ਮਲਬੇ ਹੇਠ ਦੱਬਿਆ  ਜਾਂਦਾ । ਜੀਉਂਦਾ ਜਾਂ ਮੋਇਆ-ਇਹ  ਤਾਂ ਉਹੀ ਜਾਣੇ , ਜਿਸ ਦਾ ਸੜਿਆ –ਗਲਿਆ ਪਿੰਜਰ , ‘ਕਾਰ-ਸੇਵਾ-ਢੇਰ’ ਹੇਠੋਂ ਲੱਭਦਾ ਏ , ਹੁਣ …।

ਮੈਨੂੰ ਲੱਗਾ , ਮੈਂ ਵੀ ਇਕ ਪਿੰਜਰ ਹਾਂ , ਬੇ-ਪਛਾਣ ਪਿੰਜਰ । ਡਰ-ਫਿਕਰ ਦੇ ਮਲਬੇ ਹੇਠ ਦੱਬਿਆ  । ਉਲ੍ਹਾਮੇਂ-ਮਿਹਣਿਆਂ ਦੀ ਨਸ਼ਤਰ ਦਾ ਵਿੰਨਿਆ । ..ਮੈਨੂੰ ਕਿਸੇ ਨੇ ਵੀ ਮੁਆਫ਼ ਨਹੀਂ ਸੀ ਕੀਤਾ – ਨਾ ਬਾਪੂ ਨੇ ,ਨਾ ਮੁੰਡਿਆ ਨੇ ,ਨਾ ਬਨਵੈਤਾਂ ਨੇ ,ਨਾ ਮੇਰੇ ਸਕੂਲ ਟੀਚਰਾਂ ਨੇ ।

ਸਕੂਲੋਂ ਬੱਸ ਰਾਹੀਂ ਪਠਾਨਕੋਟ ਪਹੁੰਚ ਕੇ ਮੈਂ ਵਰਮੇਂ ਨਾਲ ਕਮਰਾ ਦੇਖਣ ਚਲਾ ਗਿਆ ।

ਤੀਸਰਾ ਕਮਰਾ , ਅੱਧਾ ਬਾਜ਼ਾਰ ਲੰਘ ਕੇ ਕਿਲ੍ਹੇ ਵੱਲ ਨੂੰ ਮੁੜਦੀ ਗਲੀ ਅੰਦਰ ਸੀ । ਦੋ-ਮੰਜ਼ਲਾ ਮਕਾਨ ਸੀ । ਖੁਲ੍ਹਾ ਤਾਂ ਭਾਵੇਂ ਨਹੀਂ ਸੀ , ਪਰ ਸੀ ਨਿਵੇਕਲਾ । ਨਾ ਕਿਸੇ ਦੀ ਹੈਅ-ਹੈਅ ਨਾ ਕਿਸੇ ਦੀ ਖੈਅ-ਖੈਅ। ਦੋ ਕਮਰੇ , ਇਕ ਰਸੋਈ । ਪਰ ਗੁਸਲਖਾਨਾ – ਟਾਇਲਟ ਸਾਂਝਾ – ਉੱਪਰਲੀ ਮੰਜ਼ਲ ਨਾਲ । ਮਾਲਕ ਮਕਾਨ ਉਪਰ ਰਹਿੰਦੀ ਸੀ – ਇਕੱਲੀ ਇਸਤਰੀ । ਦੋ ਨਿੱਕੇ ਨਿੱਕੇ ਬਾਲ  । ਦੁਕਾਨ ਕਰਦੀ ਸੀ , ਕੁਆੜ ਬਾਜ਼ਾਰ ਅੰਦਰ । ਪਲਾਸ ਟਿਕ ਚੱਪਲਾਂ –ਜੁੱਤੀਆਂ ਦੀ । ਪੂਰੀ ਚੰਟ ਇਸਤਰੀ ਚਾਲ ਢਾਲ ਪੂਰੀ ਚੁਸਤ । ਪੌੜੀਆਂ ਉੱਤਰਦੀ ਹਨੇਰੀ ਵਾਗ । ਪੌੜੀਆਂ ਚੜ੍ਹਦੀ ਛੜੱਪੇ ਤੇ ਛੜਪਾ । ਦੇਖਣ-ਚਾਖਣ ਨੂੰ ਬਾਹਵਾ । ਮੂੰਹ-ਮੱਥਾ ਸੋਹਣਾ –ਸਨੁੱਖਾ ।ਪਰ , ਬੋਲ-ਬਾਣੀ ਵਾਖਰੂ-ਵਾਖਰੂ ਰੱਬ ਝੂਠ ਨਾ ਬੁਲਾਏ ,ਜਿਵੇਂ

ਕਾਂ ਖਾਦ੍ਹੇ ਹੋਣ । ਇਕੋ ਝਿੜਕ ਨਾਲ ਦੋਨਾਂ ਬੱਚਿਆਂ ਦਾ ਸਾਹ ਸੂਤਿਆ ਜਾਂਦਾ । ਜਦੋਂ ਕੜਕਦੀ ,ਛੱਤਾਂ ਕੰਬ , ਜਾਂਦੀਆਂ । ਹੇਠਲੀ ਮੰਜ਼ਲ ਡਰ ਜਾਂਦੀ । ਚਲੋ ਸਾਨੂੰ ਕੀ ! ਮੈਂ ਸੋਚਿਆ – ਅਪਣੇ ਬਾਲਾਂ ਨੂੰ ਘੂਰਦੀ ਐ , ਸਾਡਾ ਕੀ ਵਿਗਾੜਦੀ ਐ । ਸਾਡਾ ਬੱਚਾ ਅਜੇ ਛੋਟਾ ਸੀ । ਉਹਦੇ ਬੋਲ-ਕਬੋਲ ਸੁਣ ਕੇ ਸਹਿਮ ਜਾਂਦਾ ਆਪਣੀ ਮੰਮੀ ਦੀ ਗੋਦੀ ਆ ਲੁਕਦਾ । ਪਰ ਜਦੋਂ ਸਾਡੇ ਦੋਨਾਂ ਨਾਲ ਗੱਲਾਂ ਕਰਦੀ , ਉਹ ਮਿਠਾਸ ਦਾ ਮੁਜੱਸਮਾ ਬਣੀ ਹੁੰਦੀ ।

ਨਲਕਾ ਹੇਠਾਂ ਸੀ , ਇਕ ਕੋਨੇ ਅੰਦਰ । ਬਾਹਰਲੇ ਦਰਵਾਜ਼ੇ ਦੀ ਵਗਲ ਵਿਚ । ਨਾਲ ਗੁਸਲਖਾਨਾ । ਨਾਲ ਫ਼ਲੱਸ਼ ।  ਦੂਜੇ ਬੰਨੇ ਪੌੜੀਆਂ ਪੱਕੀਆਂ , ਰੇਲਿੰਗ ਵਾਲੀਆਂ । ਉੱਪਰ –ਹੇਠਾਂ , ਚੜ੍ਹਦੀ – ਉੱਤਰਦੀ , ਉਹ ਸਾਡੇ ਅੰਦਰ ਜ਼ਰੂਰ ਝਾਕਦੀ । ਮੇਰੇ ਵੱਲ ਇਉਂ ਵੇਖਦੀ , ਜਿਵੇਂ ਮਾਲਕ-ਮਕਾਨ ਨੂੰ ਨਹੀਂ ਦੇਖਣਾ ਚਾਹਿਦਾ । ਘੱਟੋ-ਘੱਟ ਮੇਰੀ ਪਤਨੀ ਸਾਹਮਣੇ …।

ਥੋੜੇ ਕੁ ਦਿਨ ਮੇਰੀ ਪਤਨੀ ਸਭ ਕੁਝ ਸਹਿੰਦੀ ਰਹੀ । ਬੇਚਾਰੀ ਇਕੱਲੀ ਇਸਤਰੀ ਨਾਲ ਮੋਹ ਕਰਦੀ ਰਹੀ ਪਰ ਛੇਤੀ ਹੀ ਇਕ ਹੋਰ ‘ਬੰਬ ’  ਫਟ ਗਿਆ –ਮੈਂ ਸਕੂਲੋਂ ਮੁੜਦਾ ਸਬਜ਼ੀ ਚੁੱਕੀ ਘਰ ਤੁਰਿਆ ਆਉਂਦਾ ਸਾਂ । ਉਹਨੇ ਦੁਕਾਨ ‘ ਚ ਬੈਠੀ ਨੇ ‘ਵਾਜ਼ ਮਾਰ ਲਈ । ਏਨੇ ਪਿਆਰੇ ਬੋਲ ! ਏਦਾਂ ਦਿਲਕਸ਼ ਸਲੀਕਾ ! ਮੈਂ ਬਿਨਾਂ ਝਿਜਕ ਅੰਦਰ ਲੰਘ ਗਿਆ । ਗਾਹਕ ਕੋਈ ਨਹੀਂ ਸੀ । ਉਹਨੇ ਸਾਰੀ ਸੰਗ-ਸ਼ਰਮ ਅੱਖਾਂ ‘ਚ ਭਰਕੇ ਆਖਿਆ – “ ਮਾਫੀ ਦੇਣਾ ਭਾਆ ਜੀਈ …।“ ਮੈਂ ਥਾਏਂ ਗੱਡਿਆ ਗਿਆ । ਗੁੰਮ-ਸੁੰਮ । ਨਾ ਹੂੰ- ਨਾ ਹਾਂ । ਮੇਰਾ ਅੰਦਰਲਾ ਜਿਵੇਂ ਜਾਅਮ ਹੋ ਗਿਆ – ‘ ਕਾਦ੍ਹੀ ਮਾਫੀ ਮੰਗਦੀ ਐ , ਮੈਥੇਂ ! ਮੈਨੂੰ ਰਤੀ ਭਰ ਸਮਝ ਨਾ ਆਈ । ਉਂਝ ਅੰਦਰੋ-ਅੰਦਰ ਕੰਬ ਜਿਹਾ ਗਿਆ । ਜਿਵੇਂ ਕੋਈ ਚੋਰ ਫੜਿਆ ਗਿਆ ਹੋਵੇ …। ਉਹਨੀਂ ਪੈਰੀਂ ਦੁਕਾਨ ਤੋਂ ਹੇਠਾਂ ਉੱਤਰ ਆਇਆ । ਸਾਹਮਣੇ ਹਲਵਾਈ ਦੀ ਹੱਟੀ ਸੀ । ਕਈ , ਚਾਹ –ਪਕੌੜੇ ਖਾਂਦੀਆਂ ਅੱਖਾਂ ਮੇਰੇ ‘ਤੇ ਟਿਕੀਆਂ ਪਈਆਂ ਸਨ ।ਇਕ ਨੇ ਮਸਖ਼ਰਾ ਜਿਹਾ ਮੁਸਕਰਾ ਕੇ ਦੂਜੇ ਨੂੰ ਹੁੱਝ ਮਾਰੀ । ਮੈਨੁੰ ਕੁਝ ਪਤਾ ਨਾ ਲੱਗਾ ,ਕੀ ਮਾਜਰਾ ! ਉਂਝ ਪਤਾ ਲੱਗਣੋਂ ਰਹਿੰਦਾ ਵੀ ਕਿਥੇ ਆ ! ਮੈਂ ਸਹਿਮ ਗਿਆ । …’ ਜ਼ਰੂਰ ਕੋਈ ਦਾਲ ‘ ਚ ਕਾਲਾ ਆ ….ਐਂਮੇ  ਨਈਂ ਟੋਹਦਾ ਕੋਈ ਆਏ-ਗਏ ਨੂੰ ਏਦਾਂ …। ‘ ਮੈਂ ਹਿੰਮਤ ਕਰਕੇ ਚਾਹ ਦੀ ਦੁਕਾਨ ਅੰਦਰ ਨਿਗਾਹ ਮਾਰੀ । ਦੋ ਮੁਸ-ਫੁੱਟ ਨੌਜਵਾਨ । ਵਾਹ-ਵਾਹ ਹੁੰਦੜ-ਹੇੜ । ਪੋਚਵੀਆਂ ਪੱਗਾਂ । ਅਪ-ਟੂ-ਡੇਟੂ ।ਬਿਲਕੁਲ ਬਨਵੈਤ ਛੋਕਰੇ ! ਮੈਂ ਹੋਰ ਸਹਿਮ ਗਿਆ ।….ਧਮਕੀ –ਪੱਤਰ ! ਕਿਰਦਾ ਕਿਰਦਾ ਬੋਲ , ਮੇਰੇ ਤਾਲੂ ਨਾਲ ਜਾ ਲੱਗਾ । ਮੇਰਾ ਸਾਰਾ ਰੁਮਾਂਸ ਥਾਏ ਸੂਤਿਆ ਗਿਆ ।

‘ਘਰ ’ ਪਹੁੰਚ ਕੇ ਮੈਂ ਚਾਹ ਮੰਗੀ । ਅੱਗੋਂ ਹੋਰ ਈ ਰਾਮ ਕਹਾਣੀ ਸੁਣਨੀ ਪਈ – ‘ਕੋਈ ਹੋਰ ਕਮਰਾ ਲੱਭੋ ਜੀਈ , ਏਥੇ ਨਈਂ ਰਹਿਣਾ ਆਪਾਂ ਸਾਡਾ ਨਿੱਕਾ ਜਿਹਾ ਬਾਲ ਆ …। ਮੈਂ ਨਾ ਆਖਾਂ ਸੁੱਤਾ ਪਿਆ ਕਿਉਂ ਘੜੀ-ਮੁੜੀ ਤ੍ਰਭਕਦਾ ! ਸਹਿਮ ਕੇ ਮੇਰੇ ਨਾਲ ਚੁੰਮੜ ਜਾਂਦਾ । …ਏਸ ਨਖਸਮੀ ਨੇ ਅਪਣਾ ਬੰਦਾ ਮਾਰਿਆ ਈ ਏਸ ਕਮਰੇ ‘ਚ   । ਚੂਹੇ ਮਾਰਨ ਆਲੀਆਂ ਗੋਲੀਆਂ ਖੁਆ ਦਿੱਤੀਆਂ ਕਾਹੇ ‘ਚ ਘੋਲ ਕੇ । …ਮੈਨੂੰ ਤਾਂ ਅੱਜ ਦੱਸਿਆ ਭੰਗਣ ਨੇ । ਕਹਿੰਦੀ – ਬੀਬੀ ਜੀਈ , ਤੂੰ ਓਪਰੀ ਕਰਕੇ ਆ ਫਸੀ ‘ਨਈਂ ਆਹ ਮਕਾਨ ਨਾ ਲਵੇ ਕੋਈ ਕਰਾਏ ਤੇ । …ਛੇਤੀ ਕਰੋ ਸਰਦਾਰ ਜੀਈ । ਚੁੱਕੋ ਮਾਲ-ਸਬਾਬ ਏਥੋਂ , ਚਲੋ ਕਿਤੇ ਹੋਰ । ਨਈਂ ਓਨੇ ਦਿਨ ਪਿੰਡ ਚਲੇ ਚਲਦੇ ਆਂ…। ਕਿਤੇ ਨਈਂ ਮਾਰ ਦੇਣ ਲੱਗੇ ਸਾਨੂੰ । ਭਾਈਜੀ ਹੋਣਾਂ ਦੇ ਰਹਿ ਲਾਂਗੇ ਥੋੜੇ ਦਿਨ …। ਭਾਈ ਜੀ , ਅਸੀਂ ਆਪਣੇ ਤਾਏ ਦੇ ਪੁੱਤ ਨੂੰ ਆਖਦੇ ਸਾਂ । ਉਂਝ ਵੀ ਗ੍ਰੰਥੀ ਸੀ ਉਹ ਪਿੰਡ ਦੇ ਬਾਹਰਲੇ ਗੁਰਦੁਆਰੇ । ਸਾਰੇ ‘ਹੁਕਮ’ ਉਹਨਾਂ ਰਾਹੀਂ ਈ ਨਾਜ਼ਲ ਹੁੰਦੇ ਸਨ, ਸਾਡੇ ‘ਤੇ ।

…ਉਹ ਰਾਤ ਅਸੀਂ ਜਾਗਦਿਆਂ ਕੱਢੀ । ਨਾ ਰੋਟੀ ਨਾ ਚਾਹ । ਸਾਰੀ ਰਾਤ ਬੱਤੀ ਜਗਦੀ ਰੱਖੀ । ਸਾਰੀ ਰਾਤ ਹਰਜੀਤ ਗੁਟਕਾ ਪੜ੍ਹਦੀ ਰਹੀ । ਆਨੇ –ਬਹਾਨੇ ਮਾਲਕ-ਮਕਾਨ ਕਈ ਵਾਰ ਹੇਠਾਂ ਉੱਤਰੀ , ਦੋ-ਇੱਕ ਵਾਰ ਸਾਡਾ ਬੰਦ ਬੂਹਾ ਛੇੜਿਆ । ਪਰ , ਅਸੀਂ ਕਿਸੇ ਜਿੰਨ ਭੂਤ ਦੀ ਆਮਦ ਤੋਂ ਡਰਦੇ ਰਤਾ ਮਾਸਾ ਅਵੇਸਲ ਨਾ ਹੋਏ ।

ਅਗਲੇ ਦਿਨ ਸਕੂਲੇ ਛੁੱਟੀ ਭੇਜ , ਮੈਂ ਕਿਧਰੇ ਹੋਰ ਥਾਂ ਮਕਾਨ ਲੱਭਣ ਜਾ ਲੱਗਾ । ਸ਼ਹਿਰ ਅੰਦਰ ਮੇਰੀ ਬਹੁਤੀ ਵਾਕਫੀ ਨਹੀਂ ਸੀ । ਜਿਹੜੇ ਜਿਹੜੇ ਵਾਕਫ਼ ਸਨ , ਉਹ ਸਕੂਲੀਂ ਦਫ਼ਦਰੀਂ ਚਲੇ ਗਏ । ਵਰਮਾ ਉਸ ਦਿਨ ਛੁੱਟੀ ਤੇ ਸੀ । ਯੂਨੀਅਨ ਦਾ ਕੰਮ ਸੀ ਕੋਈ । ਪਰ , ਉਸ ਨੂੰ ਕਿੱਦਾਂ ਦੱਸਦਾ , ਪਈ ਮੈਂ ਓਥੇ ਨਈਂ ਰਹਿਣਾ । …ਓਥੇ ਸ਼ਾਹ ਅਣਆਈ ਮੌਤੇ ਮਰਿਆ । ਗੋਲੀਆਂ ਖਾ ਕੇ ਚੂਹੇ ਮਾਰਨ ਵਾਲੀਆਂ । ਉਹਨੇ ਅੱਗੋਂ ਹੱਸਣਾ ਮੇਰੇ ‘ਤੇ । ਟਾਂਚਾਂ ਕਰਨੀਆਂ ਮੈਨੂੰ – ‘ਬੱਲੇ ਓਏ ਸੈਂਸਦਾਨਾਂ ! ਨਈਂ ਰੀਸਾਂ ਸਿੰਘ ਸੂਰਮੇ ਦੀਆਂ । ਤੇਰੇ ਪਿਤਾ ਪੁਰਖੇ ਤਾਂ ਰਾਜਿਆਂ –ਮ੍ਹਾਂ-ਰਾਜਿਆਂ ਦੀਆਂ ਨਾਸਾਂ ਬੰਦ ਕਰੀ ਰੱਖਦੇ ਸੀ …ਚਾਰ-ਚੱਕ ਧੁੰਮਾਂ ਪਈਆਂ ਸੀਈ , ਆਹਲੂਆਲੀਏ ਸਰਦਾਰਾਂ ਦੀਆਂ ਰਣਜੀਤ ਸੂੰਹ , ਸਿੰਘ-ਸਾਬ੍ਹ ਸਿੰਘ ਸਾਬ੍ਹ ਕਰਦਾ ਮਗਰ-ਮਗਰ ਤੁਰਿਆ ਫਿਰਦਾ ਸੀ । ’

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>