ਪੰਜਾਬ ਸਰਕਾਰ ਸਾਰੇ ਪਿੰਡਾਂ ਵਿਚ ਬਣਾਏਗੀ ਕਬੱਡੀ ਖੇਡ ਮੈਦਾਨ‑ਬਾਦਲ

ਦੋਦਾ (ਸ੍ਰੀ ਮੁਕਤਸਰ ਸਾਹਿਬ),(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਸਰਕਾਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁਲਤ ਕਰਨ ਲਈ ਹਰੇਕ ਪਿੰਡ ਵਿਚ ਕਬੱਡੀ ਦੇ ਮੈਦਾਨ ਤਿਆਰ ਕਰਵਾਏਗੀ। ਇਹ ਗੱਲ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਦੋਦਾ ਵਿਖੇ  ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਹ ਦੂਜੇ ਵਿਸਵ ਕੱਪ ਕਬੱਡੀ ਟੂਰਨਾਮੈਂਟ ਦੇ ਅੱਜ ਹੋਏ ਤਿੰਨ ਮੈਚਾਂ ਵਿਚ ਮੁੱਖ ਮਹਿਮਾਨ ਵਜੋਂ ਇੱਥੇ ਪੁੱਜੇ ਸਨ।

ਸ: ਬਾਦਲ ਨੇ ਕਿਹਾ ਕਿ ਜਿਸ ਤਰਾਂ ਮਾਂ ਬੋਲੀ, ਮਾਤ ਭੂਮੀ ਦਾ ਮਹੱਤਵ ਹੁੰਦਾ ਹੈ ਉਸੇ ਤਰਾਂ ਮਾਂ ਖੇਡ ਦਾ ਵੀ ਵਿਅਕਤੀ ਦੇ ਜੀਵਨ ਵਿਚ ਮਹੱਤਵ ਹੁੰਦਾ ਹੈ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ। ਪੰਜਾਬ ਸਰਕਾਰ ਨੇ ਕਬੱਡੀ ਨੂੰ ਵਿਸਵ ਭਰ ਵਿਚ ਮਾਣ ਦਿਵਾਉਣ ਅਤੇ ਇਸ ਨੂੰ ਉਲੰਪਿਕ ਖੇਡਾਂ ਵਿਚ ਸਥਾਨ ਦਿਵਾਉਣ ਲਈ ਇਹ ਉਪਰਾਲਾ ਕੀਤਾ ਹੈ। ਕਬੱਡੀ ਦੀ ਤਰੱਕੀ ਲਈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਕਬੱਡੀ ਨੂੰ ਪਿੰਡ ਪੱਧਰ ‘ਤੇ ਉਤਸਾਹਿਤ ਕੀਤਾ ਜਾਵੇ। ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਪੱਧਰ ‘ਤੇ ਕਬੱਡੀ ਦੇ ਮੈਦਾਨ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਗਰ ਕਿਸੇ ਪੰਚਾਇਤ ਕੋਲ ਕਬੱਡੀ ਮੈਦਾਨ ਲਈ ਸਥਾਨ ਨਹੀਂ ਹੋਵੇਗਾ ਤਾਂ ਪੰਜਾਬ ਸਰਕਾਰ ਖੇਡ ਮੈਦਾਨ ਲਈ ਜ਼ਮੀਨ ਖਰੀਦ ਕੇ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਕਬੱਡੀ ਸਾਰੀ ਦੁਨੀਆਂ ਵਿਚ ਲੋਕਪ੍ਰਿਆ ਹੋ ਗਈ ਹੈ ਅਤੇ ਜਿਹੜਾ ਮੁਲਕ ਖੇਡਾਂ ਵਿਚ ਪੱਛੜ ਜਾਂਦਾ ਹੈ ਉਹ ਆਰਥਿਕ ਤੌਰ ‘ਤੇ ਵੀ ਕਮਜੋਰ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਬੱਡੀ ਨੂੰ ਵਿਸਵ ਪੱਧਰ ‘ਤੇ ਪਹਿਚਾਉਣ ਲਈ ਸੰਜੀਦਾ ਯਤਨ ਕਰ ਰਹੇ ਹਨ ਅਤੇ ਇਸ ਦੇ ਸਾਰਥਕ ਨਤੀਜੇ ਵੀ ਨਿਕਲੇ ਹਨ। ਪਹਿਲੇ ਵਿਸਵ ਕੱਪ ਕਬੱਡੀ ਟੂਰਨਾਮੈਂਟ ਵਿਚ ਜਿੱਥੇ 9 ਟੀਮਾਂ ਨੇ ਭਾਗ ਲਿਆ ਸੀ ਉੱਥੇ ਉੱਪ ਮੁੱਖ ਮੰਤਰੀ ਜੋ ਕਿ ਖੇਡ ਮੰਤਰੀ ਵੀ ਹਨ ਦੇ ਯਤਨਾਂ ਸਦਕਾ ਇਸ ਵਾਰ ਪੁਰਸ਼ਾ ਦੀਆਂ 14 ਅਤੇ ਲੜਕੀਆਂ ਦੀਆਂ 4 ਟੀਮਾਂ ਭਾਗ ਲੈਣ ਲਈ ਪੁੱਜੀਆਂ ਹਨ।

ਸ: ਬਾਦਲ ਨੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਦਾ ਜ਼ਿਕਰ ਰਕਦਿਆਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਵਿਚ ਪਿੰਡ ਘੁੱਦਾ ਵਿਖੇ ਖੇਡ ਸਕੂਲ ਸਥਾਪਿਤ ਕੀਤਾ ਗਿਆ ਹੈ । ਕਬੱਡੀ ਸਮੇਤ ਦੂਜੀਆਂ ਖੇਡਾਂ ਵਿਚ ਵੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਵਕਾਰੀ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਪਿਛਲੀ ਵਾਰ ਦੀ ਵਿਸਵ ਕੱਪ ਕਬੱਡੀ ਟੂਰਨਾਮੈਂਟ ਦੀ ਜੇਤੂ ਪੂਰੀ ਕਬੱਡੀ ਟੀਮ ਨੂੰ ਵੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਇਸ ਵਾਰ ਵਿਸਵ ਕੱਪ ਕਬੱਡੀ ਟੂਰਨਾਮੈਂਟ ਦੀ ਜੇਤੂ ਹੋਣ ਵਾਲੀ ਟੀਮ ਲਈ ਵੀ ਇਨਾਮ ਦੀ ਰਕਮ ਪਿਛਲੇ ਸਾਲ ਦੇ 1 ਕਰੋੜ ਰੁਪਏ ਤੋਂ ਵਧਾ ਕੇ 2 ਕਰੋੜ  ਰੁਪਏ ਕਰ ਦਿੱਤੀ ਗਈ ਹੈ।

ਇਸ ਮੌਕੇ ਉਨ੍ਹਾਂ ਕਾਂਗਰਸ ਦੀ ਅਲੋਚਣਾ ਕਰਦਿਆ ਕਿਹਾ ਕਿ ਖੇਡਾਂ ਦੇ ਨਾਂਅ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਪਿਛਲੀ ਵਾਰ ਕਾਂਗਰਸ ਸਰਕਾਰ ਸਮੇਂ ਜਦ ਇੰਡੋ‑ਪਾਕਿ ਖੇਡਾਂ ਕਰਵਾਈਆਂ ਗਈਆਂ ਸਨ ਤਾਂ 9 ਕਰੋੜ ਰੁਪਏ ਦੀ ਰਕਮ ਖਰਚੀ ਗਈ ਸੀ, ਵਰਤਮਾਨ ਸਰਕਾਰ ਤਾਂ ਕਬੱਡੀ ਕੱਪ ‘ਤੇ ਸਰਕਾਰੀ ਖ਼ਜਾਨੇ ਵਿਚੋਂ ਕੇਵਲ 5 ਕਰੋੜ ਹੀ ਖਰਚ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਜੋੜਿਆ ਕਿ ਪੰਜਾਬੀਆਂ ਦੀ ਮਾਂ ਖੇਡ ਨੂੰ ਉਤਸਾਹਿਤ ਕਰਨ ਲਈ ਜ਼ਿੰਨ੍ਹਾਂ ਵੀ ਖਰਚ ਕੀਤਾ ਜਾਵੇ ਘੱਟ ਹੈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ: ਬਾਦਲ ਨੇ ਕਿਹਾ ਕਿ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਤੇ ਵੀ ਟਿਕਟਾਂ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਸ਼ੁਰੂ ਕੀਤੀ ਯਾਤਰਾ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਨਾਲ ਸਾਡਾ ਗਹਿਰਾ ਰਿਸਤਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ  ਕਿਸੇ ਵੀ ਕਦਮ ਦਾ ਅਸੀਂ ਸਾਥ ਦੇਵਾਂਗੇ।

ਇਸ ਮੌਕੇ ਦਰਸ਼ਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਦੋਦਾ ਖੇਤਰ ਉਨ੍ਹਾਂ ਦਾ ਮਾਂ ਹਲਕਾ ਹੈ ਅਤੇ ਉਹ ਇਸ ਹਲਕੇ ਨੂੰ ਮਾਂ ਵਰਗਾ ਹੀ ਸਤਿਕਾਰ ਦਿੰਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਸਿੰਕਦਰ ਸਿੰਘ ਮਲੂਕਾ ਪ੍ਰਧਾਨ ਕਬੱਡੀ ਐਸੋਸੀਏਸ਼ਨ, ਮੈਂਬਰ ਪਾਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ, ਸ: ਹਰਪ੍ਰੀਤ ਸਿੰਘ ਵਿਧਾਇਕ ਹਲਕਾ ਮਲੋਟ, ਸ: ਹਰਦੀਪ ਸਿੰਘ ਢਿੱਲੋਂ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ, ਯਾਦਵਿੰਦਰ ਸਿੰਘ ਸੰਧੂ, ਸ: ਨਵਤੇਜ ਸਿੰਘ ਕਾਉਣੀ, ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਜੱਥੇਦਾਰ ਗੁਰਪਾਲ ਸਿੰਘ ਗੋਰਾ, ਸ: ਬਿੱਕਰ ਸਿੰਘ ਚਨੂ ਚਾਰੋਂ ਮੈਂਬਰ ਐਸ.ਜੀ.ਪੀ.ਸੀ. ਸ: ਗੁਰਦੇਵ ਸਿੰਘ ਬਾਦਲ ਸਾਬਕਾ ਮੰਤਰੀ, ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਜੱਥੇ ਇਕਬਾਲ ਸਿੰਘ ਤਰਮਾਲਾ ਸਰਕਲ ਪ੍ਰਧਾਨ, ਸ: ਨਿਰਮਲ ਸਿੰਘ ਢਿੱਲੋਂ ਆਈ.ਜੀ., ਸ: ਪੀ.ਐਸ. ਉਮਰਾਨੰਗਲ ਡੀ.ਆਈ.ਜੀ. ਸ: ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ, ਸ: ਇੰਦਰਮੋਹਨ ਸਿੰਘ ਐਸ.ਐਸ.ਪੀ., ਸ੍ਰੀ ਅਮਿਤ ਢਾਕਾ ਏ.ਡੀ.ਸੀ. ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>