ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਮਨੁੱਖਤਾ ਨੂੰ ਸਮਰਪਿਤ

ਚੱਪੜ ਚਿੜੀ /ਐਸ ਏ ਐਸ ਨਗਰ’ (ਗੁਰਿੰਦਰਜੀਤ ਸਿੰਘ ਪੀਰਜੈਨ) – ਅੱਜ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਸਰਹੰਦ ਦੇ ਹੁਕਮਰਾਨ ਵਜੀਰ ਖਾਨ ਨੂੰ ਹਰਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਜੀ ਤੋ ਇਲਾਵਾ ਹਜਾਰਾ ਸਿੱਖਾ ਅਤੇ ਹਿੰਦੂਆਂ ਦੇ ਕਤਲੇਆਮ ਦਾ ਬਦਲਾ ਲੈਦਿਆਂ ਪਹਿਲੀ ਵਾਰ ਸਿੱਖ ਰਾਜ ਕਾਇਮ ਕਾਰਨ ਵਾਲੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜੰਗੀ ਯਾਦਗਾਰ ਫਤਹਿ ਬੁਰਜ ਨੂੰ ਮਨੁੱਖਤਾ ਨੂੰ ਸਮਰਪਿਤ ਕਰਨ ਨਾਲ ਸਮੁੱਚੇ ਰਾਸ਼ਟਰ ਵਲੋ ਬਾਬਾ ਜੀ ਦੀ ਮਹਾਨ ਕੁਰਬਾਨੀ ਨੂੰ ਸੱਜਦਾ ਕੀਤਾ ਗਿਆ ।

ਜਿਥੇ ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿਚ ਉਸਾਰੀ ਗਈ ਦੇਸ਼ ਦੀ ਸਭ ਤੋ ਉਚੀ ਜੇਤੂ ਮਿਨਾਰ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਉਥੇ ਅਰੂਣਾਚਲ ਪ੍ਰਦੇਸ਼ ਦੇ ਰਾਜਪਾਲ ਅਤੇ ਭਾਰਤੀ ਫੌਜ ਦੇ ਪਹਿਲੇ ਸਿੱਖ ਜਰਨੈਲ ਸ੍ਰੀ ਜੇ ਜੇ ਸਿੰਘ ਦੀ ਅਗਵਾਈ ਵਿੱਚ 300 ਦੇ ਕਰੀਬ ਫੌਜ ਦੇ ਸੀਨੀਅਰ ਅਧਿਕਾਰੀਆਂ ਅਤੇ 20000 ਦੇ ਕਰੀਬ ਜਵਾਨਾਂ ਵਲੋ ਚੱਪੜ ਚਿੜੀ ਦੇ ਜੰਗੀ ਮੈਦਾਨ ਵਿਖੇ ਸਥਾਪਤ ਇਸ ਯਾਦਗਾਰ ਵਿੱਚ ਸ਼ਰਧਾ ਦੇ ਫੁਲ ਭੇਟ ਕੀਤੇ ਗਏ। ਯਾਦ ਰਹੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖ ਫੌਜਾ ਵਲੋ ਇਸੇ ਥਾਂ ਤੇ ਦੇਸ਼ ਦੇ ਇਤਿਹਾਸ ਅੰਦਰ ਮੁਗਲਾ ਨੁੰ ਕਰੜੀ ਹਾਰ ਦੇ ਕੇ ਪਹਿਲੀ ਵਾਰ ਖਾਲਸਾ ਰਾਜ ਦੀ ਸਥਾਪਨਾ ਕੀਤੀ ਗਈ ਸੀ। ਅੱਜ ਸਭ ਤੋ ਪਹਿਲਾ ਤਖਤ ਸ੍ਰੀ ਕੇਸ ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਵਲੋ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਅਰਦਾਸ ਕੀਤੇ ਜਾਣ ਉਪਰੰਤ ਸ੍ਰ ਬਾਦਲ ਵਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ , ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ , ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ, ਉਤਰਾਖੰਡ ਦੇ ਮੁੱਖ ਮੰਤਰੀ ਮੇਜਰ ਜਨਰਲ ਬੀ ਸੀ ਖੰਡੂਰੀ, ਅਰੂਣਾਚਲ ਪ੍ਰਦੇਸ਼ ਦੇ ਰਾਜਪਾਲ ਜੇ ਜੇ ਸਿੰਘ ਅਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਇਸ ਯਾਦਗਾਰ ਦੇ ਉਦਘਾਟਨੀ ਪੱਥਰ ਤੋ ਪਰਦਾ ਹਟਾਇਆ ਗਿਆ।

ਇਸ ਮੌਕੇ ਸ੍ਰ ਬਾਦਲ ਨੂੰ ਪੰਜਾਬ ਆਰਮਡ ਪੁਲਿਸ ਦੇ ਇਕ ਦਸਤੇ ਵਲੋ ਸਲਾਮੀ ਦਿੱਤੀ ਗਈ ਅਤੇ ਫੇਰ ਉਨ੍ਹਾਂ ਸਿੰਘ ਸਾਹਿਬਾਨ ਨੂੰ ਇਕ ਖੁਲੀ ਜਿਪਸੀ ਵਿੱਚ ਨਾਲ ਲੈ ਕੇ 20 ਏਕੜ ਵਿਚ ਬਣੀ ਇਸ ਨਵੇਕਲੀ ਯਾਦਗਾਰ ਨੂੰ ਬੜੇ ਗੋਹ ਨਾਲ ਦੇਖਿਆ ਅਤੇ ਪਹਿਲਾ ਉਨ੍ਹਾਂ ਬਾਬਾ ਫਤਹਿ ਸਿੰਘ ਅਤੇ ਭਾਈ ਰਾਮ ਸਿੰਘ ਦੇ ਬੁਤਾਂ ਤੋ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ । ਇਸ ਉਪਰੰਤ ਭਾਜਪਾ ਦੇ ਸਾਬਕਾ ਮੁੱਖੀ ਰਾਜਨਾਥ ਸਿੰਘ ਅਤੇ ਜਨਰਲ ਜੇ ਜੇ ਸਿੰਘ ਵਲੋ ਭਾਈ ਆਲੀ ਸਿੰਘ ਅਤੇ ਭਾਈ ਮਾਲੀ ਸਿੰਘ ਅਤੇ ਸ੍ਰੀ ਸੁਖਬੀਰ ਸਿੰਘ ਬਾਦਲ ਵਲੋ ਭਾਈ ਬਾਜ ਸਿੰਘ ਦੇ ਬੁਤਾਂ ਤੋ ਪਰਦਾ ਉਠਾਇਆ ਗਿਆ। ਅੰਤ ਵਿਚ ਮੁੱਖ ਮੰਤਰੀ ਅਤੇ ਸਿੰਘ ਸਾਹਿਬਾਨ ਵਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁਤ ਤੋ ਪਰਦਾ ਹਟਾਉਣ ਤੋ ਇਲਾਵਾ ਦੇਸ਼ ਦਾ ਸਭ ਤੋ ਉਚਾ ਯਾਦਗਾਰੀ ਮਿਨਾਰ ਜੋ ਕਿ 328 ਫੁਟ ਉਚਾ ਹੈ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ ਹੈ। ਮੁਗਲ ਸਲਤਨਤ ਅਧੀਨ ਚਲ ਰਹੇ ਜਿਮੀਦਾਰੀ ਪ੍ਰਣਾਲੀ ਨੂੰ ਖਤਮ ਕਰਕੇ ਮੁਜਾਰਿਆਂ ਨੂੰ ਮਾਲਕੀ ਦੇ ਹੱਕ ਦੇਣ ਵਾਲੇ ਅਤੇ  ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਤਿੰਨ ਸਾਲ ਦੇ ਸੰਖੇਪ ਅਰਸੇ ਵਿਚ ਹੀ ਸਿਆਸੀ ਪ੍ਰਭੂ ਸੱਤਾ ਦੇ ਉਨ੍ਹਾਂ ਦੇ ਸੁਪਨੇ ਨੂੰ ਵੀ ਸਾਕਾਰ ਕਰਨ ਵਾਲੇ ਬਾਬਾ ਜੀ ਨੂੰ ਇਹ ਇਕ ਢੁਕਵੀਂ ਸ਼ਰਧਾਂਜਲੀ ਹੈ।

ਜਿਉਂ ਹੀ ਸ੍ਰ ਬਾਦਲ ਨੇ ਫਤਹਿ ਬੁਰਜ ਨੂੰ ਮਨੁੱਖਤਾ ਨੁੰ ਸਮਰਪਿਤ ਕੀਤਾ ਸਮੁੱਚਾ ਆਸਮਾਨ ਆਤਿਸ਼ਬਾਜੀ ਅਤੇ ਫੁੱਲ ਪੱਤਿਆਂ ਦੀ ਬਰਖਾ ਨਾਲ ਭਰ ਗਿਆ । ਇਸ ਮੌਕੇ ਨਿਹੰਗ ਸਿੰਘਾ ਦੇ ਵੱਖ ਵੱਖ ਦਲਾਂ ਵਲੋ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਤੋ ਇਲਾਵਾ ਦਰਸ਼ਕਾਂ ਅੱਗੇ ਮੁਗ਼ਲ ਸਲਤਨਤ ਨੂੰ ਖਤਮ ਕੀਤੇ ਜਾਣ ਦੇ ਦ੍ਰਿਸ਼ਾ ਨੁੰ ਖੁਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ। ਇਹ ਯਾਦਗਾਰ ਮੁਹਾਲੀ 91 ਸੈਕਟਰ ਦੇ ਨਾਲ ਲਗਦੇ ਚੱਪੜ ਚਿੜੀ ਦੇ ਜੰਗੀ ਮੈਦਾਨ ਦੇ 20 ਏਕੜ ਰਕਬੇ ਵਿਚ ਉਸਾਰੀ ਗਈ ਹੈ ਅਤੇ ਇਸ ਨੂੰ 35.40 ਕਰੋੜ ਰੁਪਏ ਦਾ ਨਿਰਮਾਣ ਖਰਚੇ ਨਾਲ 11 ਮਹੀਨੇ ਦੇ ਸੰਖੇਪ ਅਰਸੇ ਵਿੱਚ ਮੁਕੰਮਲ ਕੀਤਾ ਗਿਆ ਹੈ। ਇਸ ਯਾਦਗਾਰ ਦੀ ਸਥਾਪਨਾ ਦਾ ਮਕਸਦ ਨੌਜਵਾਨ ਪੀੜੀ ਨੂੰ ਸਾਡੇ ਸ਼ਾਨਦਾਰ ਵਿਰਸੇ ਤੋ ਵਾਕਫ ਕਰਵਾਉਣਾ ਹੈ।

ਇਸ 328 ਫ਼ੁੱਟ ਉੱਚੀ ਮਿਨਾਰ ਦੇ ਤਿੰਨ ਪੜਾਅ ਕ੍ਰਮਵਾਰ 20.4, 35.40 ਅਤੇ 66 ਮੀਟਰ ਹਨ। ਇਸ ਜੇਤੂ ਮਿਨਾਰ ਉਪਰ ਸਟੀਲ ਦੇ ਖੰਡੇ ਵਾਲਾ ਗੁੰਬਦ ਬਣਾਇਆ ਗਿਆ ਹੈ। ਮਿਨਾਰ ਦੇ 8 ਪਾਸੇ ਖ਼ੂਬਸੂਰਤ ਦਰਵਾਜ਼ੇ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਯਾਦਗਾਰ ਵਿਖੇ ਬਣਾਈ ਗਈ ਵਾਟਰ ਬਾਡੀ ਦੇ ਨਾਲ-ਨਾਲ ਉਤਰ-ਪੂਰਬੀ ਪਾਸੇ ਟਿੱਬਿਆਂ ਦੀ ਸ਼ਕਲ ਵਿਚ 6 ਅਜਿਹੇ ਢਾਂਚੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਉਪਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਪੰਜ ਮਹਾਨ ਜਰਨੈਲਾਂ ਭਾਈ ਫ਼ਤਹਿ ਸਿੰਘ, ਭਾਈ ਮਾਲੀ ਸਿੰਘ, ਭਾਈ ਅਲੀ ਸਿੰਘ, ਭਾਈ ਰਾਮ ਸਿੰਘ ਅਤੇ ਭਾਈ ਬਾਜ਼ ਸਿੰਘ ਦੇ ਬੁੱਤ ਸਥਾਪਿਤ ਕੀਤੇ ਗਏ ਹਨ।

ਯਾਦਗਾਰ ਦੇ ਉਤਰ-ਪੱਛਮੀ ਪਾਸੇ 1200 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲੇ ਇੱਕ ਖੁਲ੍ਹੇ ਥੀਏਟਰ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਦੀ ਵਰਤੋਂ ਵੱਖ-ਵੱਖ ਸਭਿਆਚਾਰਕ ਅਤੇ ਧਾਰਮਿਕ ਸਰਗਰਮੀਆਂ ਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਕੀਤੀ ਜਾਵੇਗੀ ਅਤੇ ਇਸ ਥੀਏਟਰ ਵਿਚ ਇੱਕ ਛੋਟੇ ਕੌਫ਼ੀ ਹਾਊਸ ਦੀ ਵਿਵਸਥਾ ਵੀ ਕੀਤੀ ਗਈ ਹੈ। ਕੰਪਲੈਕਸ ਦੇ ਪ੍ਰਵੇਸ਼ ’ਤੇ ਇੱਕ ਸੂਚਨਾ ਕੇਂਦਰ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਕੰਪਲੈਕਸ ਵਿਚ ਹਰ ਥਾਂ ਜਾਣ ਲਈ ਵਿਸ਼ੇਸ਼ ਪੈਦਲ ਲਾਂਘੇ ਬਣਾਏ ਗਏ ਹਨ। ਇੱਕ ਵਿਸ਼ੇਸ਼ ਡੋਮ ਥੀਏਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਦਰਸ਼ਕਾਂ ਨੂੰ ਜੰਗ ਦੇ ਮਾਹੌਲ ਦਾ ਹੂਬਹੂ ਅਹਿਸਾਸ ਕਰਵਾਇਆ ਜਾ ਸਕੇ

ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ, ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ੍ਰੀ ਤੀਕਸ਼ਣ ਸੂਦ , ਸੈਰ ਸਪਾਟਾ ਮੰਤਰੀ ਸ੍ਰੀ ਹੀਰਾ ਸਿੰਘ ਗਾਬੜੀਆਂ, ਸੰਸਦ ਮੈਬਰ ਸ਼ੇਰ ਸਿੰਘ ਘੁਬਾਇਆ , ਸਾਬਕਾ ਰਾਜ ਸਭਾ ਮੈਬਰ ਸ੍ਰੀ ਤਰਲੋਚਨ ਸਿੰਘ ਕਨੇਡਾ ਦੀ ਸਾਬਕਾ ਸੰਸਦ ਮੈਬਰ ਰੂਬੀ ਢੱਲਾ ਅਤੇ ਕਨੇਡਾ ਦੇ ਪਹਿਲੇ ਅੰਮ੍ਰਿਤਧਾਰੀ ਪੁਲਿਸ ਅਧਿਕਾਰੀ ਸ੍ਰੀ ਬਲਜੀਤ ਸਿੰਘ ਢਿਲੋ ਪ੍ਰਮੁੱਖ ਤੌਰ ਤੇ ਹਾਜਰ ਸਨ ।

ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜ ਜਰਨੈਲਾ ਦਾ ਵੇਰਵਾ :

1 ਭਾਈ ਆਲੀ ਸਿੰਘ : ਸਲੋਦੀ ਪਿੰਡ ਦੇ ਰਹਿੰਣ ਵਾਲੇ ਭਾਈ ਆਲੀ ਸਿੰਘ ਵਜੀਰ ਖਾਨ ਦੇ ਖਿਤੇ ਵਿਚ ਫੌਜਦਾਰ ਸਨ ਅਤੇ ਜਦੋ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚੇ ਤਾਂ ਉਹ ਆਪਣੇ ਸਾਥੀ ਸਿੰਘਾ ਸਮੇਤ ਬਾਬਾ ਜੀ ਦੀ ਫੌਜ ਵਿਚ ਸ਼ਾਮਲ ਹੋ ਗਏ ਅਤੇ ਬਾਬਾ ਜੀ ਦੇ ਨਾਲ ਹੀ 9 ਜੂਨ 1716 ਨੂੰ ਸ਼ਹੀਦ ਹੋਏ।

2 ਭਾਈ ਮਾਲੀ ਸਿੰਘ : ਇਹ ਭਾਈ ਆਲੀ ਸਿੰਘ ਦੇ ਹੀ ਭਰਾ ਸਨ ਬਾਬਾ ਜੀ ਵਲੋ ਇਨ੍ਹਾਂ ਨੂੰ ਫੌਜ ਦੇ ਇਕ ਦਸਤੇ ਦਾ ਕਮਾਂਡਰ ਬਣਾਇਆ ਅਤੇ ਇਨ੍ਹਾਂ ਨੇ ਵੀ ਬਾਬਾ ਜੀ ਦੇ ਨਾਲ ਹੀ ਸ਼ਹੀਦੀ ਪ੍ਰਾਪਤ ਕੀਤੀ।

3 ਭਾਈ ਫਤਹਿ ਸਿੰਘ : ਮਾਲਵੇ ਦੇ ਬੇਹਦ ਦਲੇਰ ਸਿੱਖ ਭਾਈ ਫਤਹਿ ਸਿੰਘ ਨੇ ਚਪੜ ਚਿੜੀ ਦੀ ਜਿੱਤ ਵਿਚ ਫੈਸਲਾਕੁੰਨ ਭੂਮਿਕਾ ਨਿਭਾਈ । ਪਿੰਡ ਚਕ ਫਤਹਿ ਸਿੰਘ ਵਾਲਾ ਉਨ੍ਹਾਂ ਦੇ ਨਾਂ ਤੇ ਹੀ ਬਝਿਆ ਹੈ।

4 ਭਾਈ ਰਾਮ ਸਿੰਘ: ਮੀਰਪੁਰ ਪੱਟੀ ਪਿੰਡ ਦੇ ਰਹਿਣ ਵਾਲੇ ਭਾਈ ਰਾਮ ਸਿੰਘ ਵੀ ਬਾਬਾ ਜੀ ਦੇ ਦਲੇਰ ਜਰਨੈਲਾ ਵਿਚੋ ਇਕ ਸਨ ਅਤੇ ਭਾਈ ਬਾਜ ਸਿੰਘ ਦੇ ਭਰਾ ਸਨ । ਉਹ ਵੀ ਬਾਬਾ ਜੀ ਦੇ ਨਾਲ ਹੀ 9 ਜੂਨ 1716 ਨੂੰ ਸ਼ਹੀਦ ਹੋਏ।

5 ਭਾਈ ਬਾਜ ਸਿੰਘ: ਭਾਈ ਬਾਜ ਸਿੰਘ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਸਨ ਬਾਬਾ ਜੀ ਵਲੋ ਉਨ੍ਹਾਂ ਨੂੰ ਸਰਹੰਦ ਦਾ ਗਵਰਨਰ ਬਣਾਇਆ ਗਿਆ ਸੀ ਅਤੇ ਉਹ ਵੀ ਬਾਬਾ ਜੀ ਨਾਲ ਹੀ 9 ਜੂਨ 1716 ਨੂੰ ਸ਼ਹੀਦ ਹੋਏ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>