ਪੰਜਾਬੀ ਗਾਇਕੀ ਦੀ ਬੁਲੰਦ ਟੁਣਕਾਰ ਸੀ ਕੁਲਦੀਪ ਮਾਣਕ

ਮਾਂਵਾਂ ਰੋਜ਼ ਪੁੱਤਰ ਜੰਮਦੀਆਂ ਨੇ ਪਰ ਕੁਲਦੀਪ ਮਾਣਕ ਵਾਲੀ ਰਾਤ ਸ਼ਾਇਦ ਉਹ ਇਕੱਲਾ ਹੀ ਜੰਮਿਆ ਸੀ। ਬਠਿੰਡਾ ਜ਼ਿਲ੍ਹੇ ਦੇ ਟਿੱਬਿਆਂ ਵਾਲੇ ਪਿੰਡ ਜਲਾਲ ਵਿੱਚ। ਬਾਪ ਨੇ ਉਸ ਨੂੰ ਲਤੀਫ਼ ਮੁਹੰਮਦ ਦਿੱਤਾ ਅਤੇ ਹਾਣੀਆਂ ਨੇ ਮਣਕਾ ਕਿਹਾ। ਉਨ੍ਹਾਂ ਦੇ ਪਿੰਡ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਆਏ ਤਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਲਤੀਫ਼ ਮੁਹੰਮਦ ਨੂੰ ਗੀਤ ਗਾਉਣ ਲਈ ਮੰਚ ਤੇ ਖੜ੍ਹਾ ਕੀਤਾ ਗਿਆ । ਅਧਿਆਪਕਾਂ ਨੇ ਉਸ ਦਾ ਨਾਮ ਮਣਕਾ ਉਚਾਰਿਆ ਪਰ ਬੁਲੰਦ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਕੈਰੋਂ ਸਾਹਿਬ ਨੇ ਉਸ ਨੂੰ ਮਣਕਾ ਨਹੀਂ ਵਡਮੁੱਲਾ ਮਾਣਕ ਆਖਣ ਦਾ ਸੰਦੇਸ਼ ਦਿੱਤਾ। ਕੁਝ ਚਿਰ ਬਾਅਦ ਉਹ ਨਾਮ ਬਦਲ ਕੇ ਕੁਲਦੀਪ ਹੋ ਗਿਆ। ਕੁਲ ਦਾ ਦੀਪਕ। ਨਾਲ ਮਾਣਕ ਜੋੜ ਕੇ ਉਹ ਲੁਧਿਆਣੇ ਆ ਗਿਆ।

ਕੁਲਦੀਪ ਮਾਣਕ ਮੇਰੇ ਤੋਂ ਚਾਰ ਵਰ੍ਹੇ ਤੇ ਕੁਝ ਮਹੀਨੇ ਵੱਡਾ ਸੀ। ਪੰਦਰਾਂ ਨਵੰਬਰ 1949 ਦਾ ਜੰਮਿਆ ਜਾਇਆ। 30 ਨਵੰਬਰ 2011 ਨੂੰ ਤੁਰ ਵੀ ਗਿਆ। ਉਸ ਦੇਸ਼ ਜਿਥੋਂ ਜਾ ਕੇ ਕੋਈ ਨਹੀਂ ਪਰਤਿਆ। ਨਾ ਲਾਲ ਚੰਦ ਯਮਲਾ ਜੱਟ, ਨਾ ਨਰਿੰਦਰ ਬੀਬਾ, ਨਾ ਜਗਮੋਹਨ ਕੌਰ, ਨਾ ਹਰਚਰਨ ਗਰੇਵਾਲ, ਨਾ ਦੀਦਾਰ ਸੰਧੂ, ਨਾ ਚਾਂਦੀ ਰਾਮ, ਨਾ ਸੁਰਿੰਦਰ ਕੌਰ। ਆਪਣੇ ਵਰਗਿਆਂ ਵਿੱਚ ਜਾ ਕੇ ਚੰਨ ਤਾਰਾ ਬਣ ਗਿਆ ਹੈ। ਕੁਲਦੀਪ ਮਾਣਕ ਲੁਧਿਆਣੇ ਆ ਕੇ ਕੁਝ ਸਮਾਂ ਹਰਚਰਨ ਗਰੇਵਾਲ ਅਤੇ ਰਾਜਿੰਦਰ ਰਾਜਨ ਦਾ ਸਹਿਯੋਗੀ ਸਾਜਿੰਦਾ ਬਣਿਆ। ਬੜੀ ਮਿੱਠੀ ਢੋਲਕੀ ਵਜਾਉਂਦਾ। ਸਮਾਂ ਪੈਣ ਤੇ ਉਹ ਗਾਉਣ ਲੱਗ ਪਿਆ। ਹਰਚਰਨ ਗਰੇਵਾਲ ਦੇ ਛੋਟੇ ਵੀਰ ਕਰਮਜੀਤ ਗਰੇਵਾਲ ਨੇ ਉਸ ਨੂੰ ਥਾਪੜਾ ਦਿੱਤਾ ਅਤੇ ਜਲਦੀ ਹੀ ਉਹ ਰਿਕਾਰਡਿੰਗ ਦੇ ਰਾਹ ਤੁਰ ਪਿਆ। 1968 ਤੋਂ ਲੈ ਕੇ ਸਾਲ ਕੁ ਪਹਿਲਾਂ ਤੀਕ ਉਹ ਲਗਾਤਾਰ ਗਾਉਂਦਾ ਰਿਹਾ। ਬਚਪਨ ਤੋਂ ਹੀ ਉਸ ਦੀ ਰੁਚੀ ਲੋਕ ਗਾਇਕੀ ਵੱਲ ਸੀ। ਖੁਸ਼ੀ ਮੁਹੰਮਦ  ਕਵਾਲ ਕੋਲੋਂ ਦੀਖਿਆ ਲੈ ਕੇ ਉਹ ਸੰਗੀਤ ਦੇ ਪੱਕੇ ਰਾਹੀਂ ਤੁਰਿਆ। ਬਾਬੂ ਸਿੰਘ ਮਾਨ ਦੇ ਲਿਖੇ ਇਕ ਆਮ ਜਿਹੇ ਗੀਤ ਨੂੰ ਉਸ ਨੇ ਸੁਰਿੰਦਰ ਸੀਮਾ ਨਾਲ ਪਹਿਲੀ ਵਾਰ ਰਿਕਾਰਡ ਕਰਵਾਇਆ। ‘ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ’, ਫਿਰ ਉਸ ਨੇ ਗੁਰਦੇਵ ਸਿੰਘ ਮਾਨ ਦਾ ਇਕ ਗੀਤ ਗਾਇਆ। ‘ਲੌਂਗ ਕਰਾ ਮਿੱਤਰਾ, ਮਛਲੀ ਪਾਉਣਗੇ ਮਾਪੇ’ । ਇਹ ਦੋਵੇਂ ਗੀਤ ਉਸ ਦਾ ਚੰਗਾ ਆਰੰਭ ਤਾਂ ਬਣ ਗਏ ਪਰ ਉਸ ਦੀ ਜੀਵਨ ਰੀਤ ਨਾ ਬਣ ਸਕੇ। ਉਹ ਸਾਰਥਿਕ ਗੀਤ ਗਾਉਣਾ ਚਾਹੁੰਦਾ ਸੀ। ਆਪਣੇ ਮਿੱਤਰ ਦਲੀਪ ਸਿੰਘ ਸਿੱਧੂ ਕਣਕਵਾਲੀਆ ਨਾਲ ਰਲ ਕੇ ਉਸ ਨੇ ਬਠਿੰਡਾ ਵਿਖੇ ਗਾਇਕੀ ਦਾ ਦਫ਼ਤਰ ਖੋਲ ਲਿਆ। ਉਦੋਂ ਅਜੇ ਬਠਿੰਡਾ ਸੰਗੀਤ ਮੰਡੀ ਨਹੀਂ ਸੀ ਬਣਿਆ। ਕੁਝ ਸਮੇਂ ਬਾਅਦ ਉਹ ਲੁਧਿਆਣੇ ਆ ਗਿਆ। ਸਾਡੇ ਸਹਿਪਾਠੀ ਚਮਕੌਰ ਸਿੰਘ ਚਮਕ ਦੇ ਲਿਖੇ ਗੀਤਾਂ ਨੂੰ ਉਸ ਨੇ ਆਵਾਜ਼ ਦਿੱਤੀ ਪਰ ਰਿਕਾਰਡਿੰਗ ਕੰਪਨੀ ਨੇ ਉਹ ਗੀਤ ਰਿਲੀਜ਼ ਨਾ ਕੀਤੇ। ਉਦੋਂ ਤੀਕ ਹਰਦੇਵ ਦਿਲਗੀਰ ਨਾਲ ਉਸ ਦੀ ਬਹੁਤੀ ਨੇੜਤਾ ਨਹੀਂ ਸੀ । ਹਰਦੇਵ ਦਿਲਗੀਰ ਨੇ ਉਸ ਨੂੰ ਪੁੱਤਰਾਂ ਵਾਂਗ ਹਿੱਕ ਨਾਲ ਲਾਇਆ ਅਤੇ ਉਦਾਸੀ ਦੇ ਆਲਮ ਚੋਂ ਕੱਢ ਕੇ ਉਸ ਦੀ ਅਵਾਜ਼ ਵਿੱਚ ਲੋਕ ਗਾਥਾਵਾਂ ਰਿਕਾਰਡ ਕਰਨ ਲਈ ਹਿਜ ਮਾਸਟਰਜ਼ ਵਾਇਸ ਕੰਪਨੀ ਨੂੰ ਪ੍ਰੇਰਿਆ। ਉਸ ਦਾ ਕਲੀਆਂ ਦੀ ਪੇਸ਼ਕਾਰੀ ਵਾਲਾ ਪਹਿਲਾ ਰਿਕਾਰਡ ‘ਤੇਰੀ ਖਾਤਰ ਹੀਰੇ’ ਸੀ । ਇਸ ਵਿੱਚ ਉਸ ਨੇ ਤੂੰਬੀ ਨਾਲ ਲੋਕ ਸਾਹਿਤ ਵੰਨਗੀਆਂ ਭਰਪੂਰ ਹਰਦੇਵ ਦਿਲਗੀਰ ਦੇ ਲਿਖੀਆਂ ਲਿਖਤਾਂ ਨੂੰ ਗਾਇਆ ਜਿਨ੍ਹਾਂ ਵਿਚੋਂ

ਤੇਰੇ ਟਿੱਲੇ ਤੋਂ ਅਹੁ ਸੂਰਤ ਦੀਂਹਦੀ ਆ ਹੀਰ ਦੀ

ਅਹੁ ਲੈ ਵੇਖ ਗੋਰਖਾ ਉਡਦੀ ਆ ਫੁਲਕਾਰੀ।

ਛੇਤੀ ਕਰ ਸਰਬਣ ਬੱਚਾ, ਪਾਣੀ ਪਿਲਾ ਦੇ ਓ

ਗੜ ਮੁਗਲਾਣੇ ਦੀਆਂ ਨਾਰਾਂ, ਪੀਂਘਾਂ ਝੂਟਦੀਆਂ ਆਦਿ ਬਹੁਤ ਪ੍ਰਸਿੱਧ ਹੋਈਆਂ।

ਕੁਲਦੀਪ ਮਾਣਕ ਨੇ 1978 ਵਿੱਚ ਸਾਹਿਬਾ ਦਾ ਤਰਲਾ, ਇੱਛਰਾਂ ਢਾਹਾਂ ਮਾਰਦੀ, ਸਾਹਿਬਾਂ ਬਣੀ ਭਰਾਵਾਂ ਦੀ ਅਤੇ ਹੋਰ ਅਨੇਕਾਂ ਗੀਤ ਵਾਰੀ ਵਾਰੀ ਗਾਏ। ਕੁਲਦੀਪ ਮਾਣਕ ਇਨ੍ਹਾਂ ਸਮਿਆਂ ਦੌਰਾਨ ਗਾਇਕੀ ਦੇ ਅੰਬਰ ਦਾ ਸੂਰਜ ਬਣ ਗਿਆ। ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ, ਨੇਕੀ ਕਾਤਲ, ਮੋਹਨ ਮਸਤਾਨਾ, ਏ ਐਸ ਕੰਗ ਅਤੇ ਹੋਰ ਕਈ ਗਾਇਕਾਂ ਨੇ ਵੀ ਕੁਲਦੀਪ ਮਾਣਕ ਤੋਂ ਬਾਅਦ ਕਲੀਆਂ ਦੀ ਪੇਸ਼ਕਾਰੀ ਕਰਕੇ ਜਸ ਖੱਟਿਆ। ਇਸੇ ਸਮੇਂ ਦੌਰਾਨ ਕੁਲਦੀਪ ਮਾਣਕ ਦੀ ਰਿਹਾਇਸ਼ ਵੀ ਹਰਦੇਵ ਦਿਲਗੀਰ ਦੇ ਪਿੰਡ ਥਰੀਕੇ ਵਿੱਚ ਹੋ ਗਈ। ਹਰਦੇਵ ਨੇ ਹੀ ਉਸ ਨੂੰ ਸਰਬਜੀਤ ਨਾਲ ਆਪਣੇ ਹੱਥੀਂ ਵਿਆਹਿਆ। ਬਿਲਕੁਲ ਬਾਪ ਬਣ ਕੇ। ਮਾਣਕ ਵੀ ਤਾਂ ਦੇਵ ਨੂੰ ਬਾਪੂ ਹੀ ਆਖਦਾ ਸੀ। ਦੋਹਾਂ ਵਿਚਕਾਰ ਵਾਲ ਵੀ ਨਹੀਂ ਸੀ ¦ਘਦਾ। ਕੁਲਦੀਪ ਮਾਣਕ ਸ਼ਿਵ ਕੁਮਾਰ ਬਟਾਲਵੀ ਵਾਂਗ ਪੰਜਾਬੀਆਂ ਦਾ ਲਾਡਲਾ ਗਵੱਈਆ ਸੀ। ਲਾਡਾਂ ਨੇ ਹੀ ਉਸ ਨੂੰ ਛੋਟੀ ਜ਼ਿੰਦਗੀ ਮਾਨਣ ਲਈ ਮਜਬੂਰ ਕੀਤਾ। ਮਾਣਕ ਤੁਰ ਗਿਆ ਹੈ । ਅੱਜ ਉਸ ਦੇ ਇਕੱਲੇ ਗੁਣ ਗਿਣੀਏ, ਐਬ ਤਾਂ ਨਾਲ ਹੀ ਮਰ ਮੁੱਕ ਗਏ।

ਕੁਲਦੀਪ ਮਾਣਕ ਦਾ ਪੁੱਤਰ ਵੀ ਨਿੱਕੇ ਹੁੰਦਿਆਂ ਗਾਉਣ ਲੱਗ ਪਿਆ। ਬੜੇ ਚੰਗੇ ਸਕੂਲਾਂ ਵਿੱਚ ਪੜ੍ਹਨੇ ਪਾਇਆ। ਉਚੇਰੀ ਸਿੱਖਿਆ ਲਈ ਆਸਟ੍ਰੇਲੀਆ ਵੀ ਘੱਲਿਆ ਪਰ ਉਸ ਦੀ ਸੁਰਤ ਗਾਇਕੀ ਵੱਲ ਸੀ। ਉਹ ਨਿੱਕੀ ਉਮਰੇ ਇੰਦਰਜੀਤ ਹਸਨਪੁਰੀ ਦਾ ਗੀਤ ‘ਘੁੰਮ ਨੀਂ ਭੰਬੀਰੀਏ ਗਾ ਕੇ ਟੈਲੀਵੀਜ਼ਨ ਤੇ ਪੇਸ਼ ਹੋਇਆ। ਪਿਛਲੇ ਸਾਲ ਅਚਨਚੇਤ ਉਸ ਨੂੰ ਸਰੀਰਕ ਬੀਮਾਰੀ ਨੇ ਸੁੱਟ ਲਿਆ। ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਪਰ ਦਵਾਈ ਦੀ ਥਾਂ ਦੁਆ ਨੇ ਉਸ ਨੂੰ ਮੌਤ ਦੇ ਮੂੰਹ ਚੋਂ ਖਿੱਚ ਲਿਆ। ਯੁਧਵੀਰ ਮਾਣਕ ਅਜੇ ਪੂਰਾ ਤੰਦਰੁਸਤ ਨਹੀਂ ਸੀ ਹੋਇਆ ਕਿ ਕੁਲਦੀਪ ਮਾਣਕ ਮੰਜੇ ਤੇ ਪੈ ਗਿਆ। ਦੀਪ ਹਸਪਤਾਲ ਕਦੇ ਦਇਆਨੰਦ ਹਸਪਤਾਲ ਵਿੱਚ ਇਲਾਜ ਚਲਦਾ ਰਿਹਾ। ਸੂਬਾ ਸਰਕਾਰ ਨੇ ਵੀ ਉਸ ਦੇ ਇਲਾਜ ਲਈ ਯੋਗ ਵਾਹ ਲਾਈ ਪਰ ਜ਼ਿੰਦਗੀ ਹਾਰ ਗਈ ਅਤੇ ਮੌਤ ਜਿੱਤ ਗਈ। ਉਸ ਦੇ ਸ਼ਾਗਿਰਦਾਂ ਨੇ ਹਰ ਤਰ੍ਹਾਂ ਨਾਲ ਉਸ ਦੀ ਮਦਦ ਕੀਤੀ। ਹੰਸ ਰਾਜ ਹੰਸ, ਮਲਕੀਤ ਸਿੰਘ, ਮੀਕਾ, ਜੈਂਜੀ ਬੈਂਸ ਅਤੇ ਜੱਸੀ, ਪੰਮੀ ਬਾਈ ਉਸ ਲਈ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਸਨ ਪਰ ਮੌਤ ਡਾਢੀ ਅੱਗੇ ਸਭ ਨਿਹੱਥੇ ਖੜ੍ਹੇ ਸਨ।

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਕੁਝ ਮੈਂਬਰਾਂ ਨੇ ਕੁਲਦੀਪ ਮਾਣਕ ਦੀ ਬਿਮਾਰਪੁਰਸ਼ੀ ਲਈ ਸੁਚੇਤ ਯਤਨ ਕੀਤੇ। ਸ: ਜਗਦੇਵ ਸਿੰਘ ਜੱਸੋਵਾਲ ਅਤੇ ਕ੍ਰਿਸ਼ਨ ਕੁਮਾਰ ਬਾਵਾ ਤੋਂ ਇਲਾਵਾ ਸਾਬਕਾ ਵਿਧਾਇਕ ਹਰੀਸ਼ ਰਾਏ ਢਾਂਡਾ ਪਰਿਵਾਰ ਲਈ ਵੱਡੀ ਧਿਰ ਬਣੇ ਪਰ ਕੁਲਦੀਪ ਮਾਣਕ ਦੀ ਜੀਵਨ ਡੋਰ ਲੰਮੀ ਨਾ ਹੋ ਸਕੀ।

ਮਾਣਕ ਸਾਡੇ ਪੰਜਾਬ ਦਾ ਅਸਲ ਪੁੱਤਰ ਸੀ। ਅਸਲ ਪੰਜਾਬੀ। ਜਿਸ ਵਿੱਚ ਧਰਮ, ਜਾਤ ਬਿਲਕੁਲ ਅਰਥਹੀਣੇ ਸਨ। ਉਹ ਲਤੀਫ਼ ਮੁਹੰਮਦ ਬਣ ਕੇ ਜੰਮਿਆ, ਕੁਲਦੀਪ ਮਾਣਕ ਬਣ ਕੇ ਜੀਵਿਆ, ਪਾਕ ਕੁਰਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸਵਾਸ਼ੀ । ਜ਼ਿੰਦਗੀ ’ਚ ਹਰ ਗਾਇਕੀ ਪ੍ਰੋਗਰਾਮ ਦਾ ਆਰੰਭ ਬੰਦਾ ਬਹਾਦਰ ਦੀ ਵਾਰ ਨਾਲ ਕਰਨ ਵਾਲਾ ਕੁਲਦੀਪ ਮਾਣਕ ਸਿਰਫ ਧਰਤੀ ਵਿੱਚ ਸਮਾ ਜਾਵੇਗਾ, ਉਸੇ ਜਲਾਲ ਪਿੰਡ ਦੀ ਮਿੱਟੀ ਵਿੱਚ ਜਿਥੇ ਉਹ ਜੰਮਿਆ ਸੀ। ਜਿਸ ਪਿੰਡ ਵਿੱਚ 1992 ਦੌਰਾਨ ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ ਵੱਲੋਂ ਡਾ: ਰਣਜੀਤ ਸਿੰਘ ਅਤੇ ਸਤਬੀਰ ਸਿੰਘ ਸਿੱਧੂ ਦੇ ਯਤਨਾਂ ਨਾਲ ਉਸ ਨੂੰ ਡੇਢ ਲੱਖ ਲੋਕਾਂ ਦੀ ਹਾਜ਼ਰੀ ਵਿੱਚ ਕਾਰ ਭੇਂਟ ਕੀਤੀ ਗਈ ਸੀ। ਬੁੱਲ੍ਹੇ ਸ਼ਾਹ ਦੀ ਕਾਫੀ ਫਿਰ ਹਵਾ ਵਿੱਚ ਗੂੰਜੇਗੀ। ਬੁੱਲ੍ਹਾ ਕੀ ਜਾਣਾ ਮੈ ਕੌਣ? ਇਸ ਸੁਆਲ ਦਾ ਉੱਤਰ ਮੇਰੇ ਕੋਲ ਨਹੀਂ ਹੈ। ਸਰਬਜੀਤ ਉਸ ਦੀ ਜੀਵਨ ਜੋਤ ਨੂੰ ਦੋਹਾਂ ਹੱਥਾਂ ਨਾਲ ਸਾਰੀ ਜ਼ਿੰਦਗੀ ਬੁਝਣ ਤੋਂ ਬਚਾਉਂਦੀ ਰਹੀ ਪਰ ਸੁਰਜੀਤ ਪਾਤਰ ਦੀ ਗਜ਼ਲ ਦੇ ਸ਼ੇਅਰ ਵਾਂਗ  ਉਹ ਸਾਨੂੰ ਅਲਵਿਦਾ ਕਹਿ ਗਿਆ।

ਮੈਂ ਥੰਮਦਾ ਝੁਲਸ ਗਿਆ, ਅਸਤ ਹੁੰਦੇ ਸੂਰਜ ਨੂੰ, ਉਹ ਫਿਰ ਵੀ ਗਰਕ ਗਿਆ, ਨੇਰ੍ਹਿਆਂ ਦੇ ਸ਼ਹਿਰ ਅੰਦਰ। ਕੁਲਦੀਪ ਮਾਣਕ ਦੇ ਗਾਏ ਗੀਤਾਂ ਨੂੰ ਅੱਜ ਸ਼ਾਮ ਫਿਰ ਸੁਣਾਂਗਾ, ਵਾਰ ਵਾਰ ਸੁਣਾਂਗਾ, ਸ਼ਬਦਾਂ ਚੋਂ ਕੁਲਦੀਪ ਲੱਭਾਂਗਾ। ਮਾਣਕ ਲੱਭਾਗਾ। ਹੁਣ ਇਹੀ ਤਾਂ ਸਾਡੇ ਕੋਲ ਬਾਕੀ ਰਹਿ ਗਿਆ ਹੈ।

ਇੱਛਰਾਂ ਢਾਹਾਂ ਮਾਰਦੀ

This entry was posted in ਲੇਖ.

2 Responses to ਪੰਜਾਬੀ ਗਾਇਕੀ ਦੀ ਬੁਲੰਦ ਟੁਣਕਾਰ ਸੀ ਕੁਲਦੀਪ ਮਾਣਕ

  1. sir tusi bikul theak keha ke .ਮਾਣਕ ਸਾਡੇ ਪੰਜਾਬ ਦਾ ਅਸਲ ਪੁੱਤਰ ਸੀ…kuldeep manak ji di ghat hamesa rakdi rahni aa…

  2. Murray says:

    Hi, you post interesting posts on your site, you can get much more visitors, just type in google for – augo’s tube traffic

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>