15 ਦਸੰਬਰ ਨੂੰ ਸੈਂਕੜੇ ਧੀਆਂ ਦੇ ਸਮੂਹਿਕ ਵਿਆਹ ਕਰਵਾਕੇ ਗਰੀਬ ਪਰਿਵਾਰਾਂ ਦਾ ਬੋਝ ਵੰਡਾਵਾਂਗੇ-ਗਹਿਲੇਵਾਲ

ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) -ਪੰਜਾਬ ਅੰਦਰ ਬੇਰੁਜ਼ਗਾਰੀ, ਨਸ਼ੇ ਤੇ ਗਰੀਬੀ ਦਾ ਰੁਝਾਨ ਰੁਕਣ ਵਾਲਾ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਦੀਆਂ ਹਨ। ਸਿਆਸੀ ਲੋਕਾਂ ਦਾ ਏਜੰਡਾ ਹਮੇਸ਼ਾ ਵੱਧ ਤੋਂ ਵੱਧ ਸਿਆਸੀ ਲਾਹੇਵੰਦੀ ਤੇ ਹੀ ਕੇਂਦਰਤ ਰਹਿੰਦਾ ਹੈ। ਅਜਿਹੇ ਵਿਚ ਉਹ ਆਪਣੇ ਹਲਕੇ ਜਾਂ ਇਲਾਕੇ ਵਿਚ ਲੋਕ-ਦਰਦ, ਲੋਕ-ਲੋੜਾਂ ਅਤੇ ਲੋਕ-ਪੀੜਾ ਨੁੰ ਜਾਨਣ ਤੇ ਨਜਿੱਠਣ ਦੇ ਰਾਹ ਨਹੀਂ ਪੈਂਦੇ ਪਰ ਕੁਝ ਵਿਰਲੇ-ਟਾਵੇਂ ਹੁੰਦੇ ਹਨ ਜੋ ਲੋਕਾਈ ਦੀ ਪੀੜ ਨੂੰ ਆਪਣੀ ਪੀੜ ਜਾਣ ਕੇ ਉਨ੍ਹਾ ਦੁਖੀਆਂ-ਲੋੜਵੰਦਾਂ ਅਤੇ ਗਰੀਬੀ ਦੇ ਹਾਲਾਤ ਤੋਂ ਪ੍ਰਭਾਵਿਤ ਲੋਕਾਂ ਲਈ ਮਦਦ ਦਾ ਹੱਥ ਬਣ ਕੇ ਬਹੁੜਦੇ ਹਨ। ਜਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਗਹਿਲੇਵਾਲ ਦੇ ਨੌਜਵਾਨ ਰਣਜੀਤ ਸਿੰਘ ਗਹਿਲੇਵਾਲ ਨੇ ਪਹਿਲਾਂ 500 ਦੇ ਲਗਭਗ ਮਰੀਜਾਂ ਦੀਆਂ ਅੱਖਾਂ ਦਾ ਮੁਫਤ ਇਲਾਜ ਕਰਵਾ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਹੁਣ ਉਸਨੇ ਗਰੀਬ ਧੀਆਂ ਦੇ ਸਮੂਹਿਕ ਵਿਆਹ ਦਾ ਬੀੜਾ ਚੁੱਕ ਕੇ ਸਮਾਜ ਸੇਵਾ ਦੀ ਅਨੋਖੀ ਮਿਸਾਲ ਪੈਦਾ ਕੀਤੀ ਹੈ। ਇਲਾਕੇ ਵਿਚ ਮਾਨਵ ਸੇਵਾ ਦਾ ਵੱਡਾ ਤੋਰਾ ਤੋਰਨ ਵਾਲੇ ਨੌਜਵਾਨ ਗਹਿਲੇਵਾਲ ਅਤੇ ਉਸਦੇ ਸਹਿਯੋਗੀ ਸਾਥੀਆਂ ਨੇ 15 ਦਸੰਬਰ ਨੂੰ ਸੈਂਕੜੇ ਗਰੀਬ ਧੀਆਂ ਦੇ ਕੰਨਿਆਦਾਨ ਦਾ ਮਹਾਯੱਗ ਸਿਰਜਣ ਦਾ ਉਪਰਾਲਾ ਕੀਤਾ ਹੈ।

ਬਿਨਾ ਕਿਸੇ ਤੋਂ ਮਾਇਕ ਸਹਿਯੋਗ ਇਕੱਠਾ ਕੀਤਿਆਂ ਅਤੇ ਬਿਨਾ ਕਿਸੇ ਸਿਆਸੀ ਆਗੂ ਨੂੰ ਮੂਹਰੇ ਕੀਤਿਆਂ ਉਸਨੇ ਬੇਲਾਗ ਸਮਾਜ ਸੇਵੀ ਹੋਣ ਦਾ ਸਬੂਤ ਵੀ ਦਿੱਤਾ ਹੈ। ਪੰਜਾਬ ਵਿਚ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਲਈ ਪਿੰਡ-ਪਿੰਡ ਘੁੰਮ ਰਹੇ ਸ. ਗਹਿਲੇਵਾਲ ਨੇ ਕਿਹਾ ਕਿ ਅਸੀਂ ਜਿਸ ਸਮਾਜ ਵਿਚ ਜੰਮੇ-ਪਲੇ ਹਾਂ ਉਥੇ ਅਮੀਰੀ ਗਰੀਬੀ ਦਾ ਪਾੜਾ ਹਮੇਸ਼ਾ ਕਾਇਮ ਰਿਹਾ ਹੈ ਅਤੇ ਗਰੀਬ ਲਈ ਵਿੱਦਿਆ,ਰੁਜ਼ਗਾਰ ਦੇ ਨਾਲ ਨਾਲ ਹੋਰ ਸਭ ਰਸਤੇ ਵੀ ਬੰਦ ਹੁੰਦੇ ਜਾ ਰਹੇ ਹਨ ਅਜਿਹੇ ਹਾਲਾਤ ਵਿਚ ਧੀਆਂ ਦਾ ਵਿਆਹ ਕਰਨਾ ਉਨ੍ਹਾਂ ਲਈ ਵੱਡਾ ਭਾਰ ਬਣ ਜਾਂਦਾ ਹੈ ਪਰ ਕੋਈ ਰਾਹ ਉਨ੍ਹਾਂ ਦੇ ਇਸ ਫਿਕਰ ਤੋਂ ਖਲਾਸੀ ਨਹੀਂ ਕਰਵਾਉਂਦਾ। ਲੋਕ ਆਪਣੇ ਨਿਜ ਲਈ, ਅਵੱਲੇ ਸ਼ੌਕਾਂ ਲਈ ਬਥੇਰਾ ਪੈਸਾ ਉਜਾੜਦੇ ਹਨ।ਪਰ ਮੈਂ ਪ੍ਰਮਾਤਮਾ ਦਾ ਸ਼ੁਕਰਗੁਜਾਰ ਹਾਂ ਕਿ ਉਸਨੇ ਮੇਰੇ ਤੇ ਮੇਰੇ ਪਰਿਵਾਰ ਵਿਚ ਸਮਾਜ ਲਈ ਕੁਝ ਕਰ ਗੁਜਰਨ ਦੀ ਸੁਮੱਤਿਆ ਪਾਈ ਹੈ। ਉਨ੍ਹਾਂ ਨੌਜਵਾਨਾਂ ਤੇ ਸੰਪੰਨ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਪੁੰਨ ਦੇ ਵੱਡੇ ਕੰਮ ਕਿਸੇ ਇਕ ਦੇ ਨਿਜੀ ਨਹੀਂ ਹੁੰਦੇ ਸਗੋਂ ਤੰਗਹਾਲੀ ਨਾਲ ਜੂਝਦੇ ਪਰਿਵਾਰਾਂ ਦਾ ਬੋਝ ਵੰਡਾਉਣ ਲਈ ਸਾਰੇ ਅੱਗੇ ਆਉਣ। ਸ. ਗਹਿਲੇਵਾਲ ਨੇ ਆਖਿਆ ਕਿ ਦਰਵੇਸ਼ ਮਹਾਪੁਰਸ਼ਾਂ ਤੋਂ ਹੀ ਸਰਵਣ ਕੀਤਾ ਹੈ ਕਿ ਗਰੀਬ ਧੀ ਦਾ ਕੰਨਿਆਦਾਨ ਮਹਾਦਾਨ ਹੈ ਅਤੇ ਨਾਲ ਹੀ 100 ਤੀਰਥਾਂ ਦੇ ਪੁੰਨ ਬਰਾਬਰ ਵੀ ਹੈ।

ਹਲਕੇ ਦੇ ਲੋਕ ਨੌਜਵਾਨ ਰਣਜੀਤ ਸਿੰਘ ਗਹਿਲੇਵਾਲ  ਦੇ ਜਜ਼ਬੇ, ਲੋਕ ਭਲਾਈ ਤੇ ਸਮਾਜ ਸੇਵਾ ਲਈ ਸਮਰਪਣ ਅਤੇ ਪੇਂਡੂ ਵਿਕਾਸ ਲਈ ਨੌਜਵਾਨਾਂ ਨੂੰ ਪ੍ਰੇਰਤ ਕਰਨ ਦੇ ਗੁਣਾਂ ਦੇ ਕਾਇਲ ਰਹੇ ਹਨ। ਇਸੇ ਨੌਜਵਾਨ ਨੇ ਨਿਸ਼ਕਾਮ ਸੇਵਾ ਕਰਦਿਆਂ ਹਜਾਰਾਂ ਟਰਾਲੀਆਂ ਮਿੱਟੀ ਦੀ ਭਰਤੀ ਪਾ ਕੇ ਪਿੰਡ ਦੇ ਟੋਭੇ ਨੂੰ ਖੇਡ ਮੈਦਾਨ ਵਿਚ ਬਦਲ ਦਿਤਾ ਸੀ ਜਿਸਦੇ ਲਈ ਉਸਨੂੰ ਜਿਲ੍ਹਾ ਯੂਥ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਅੱਖਾਂ ਦੇ ਵਿਸ਼ਾਲ ਕੈਂਪ ਦੌਰਾਨ ਮਰੀਜਾਂ ਦੇ ਹਸਪਤਾਲ ਵਿਚ ਅਪ੍ਰੇਸ਼ਨ ਹੋਣ ਉਪਰੰਤ ਉਨ੍ਹਾਂ ਲਈ ਰੋਜਾਨਾ ਖਿਚੜੀ ਤੇ ਦੁੱਧ ਦੀ ਆਪਣੇ ਤੇ ਆਪਣੇ ਪਰਿਵਾਰ ਸਣੇ ਹੱਥੀ ਸੇਵਾ ਕੀਤੀ ਸੀ ਜਿਸ ਕਰਕੇ ਉਨ੍ਹਾ ਲੋੜਵੰਦ ਮਰੀਜ਼ਾਂ ਅਤੇ ਬਜ਼ੁਰਗਾਂ ਨੇ ਉਸਨੂੰ ਮਣਾ ਮੂੰਹੀ ਅਸੀਸ ਦਿੱਤੀ ਸੀ। ਇਸ ਮੌਕੇ ਸੰਪਰਕ ਮੁਹਿੰਮ ਤਹਿਤ ਉਨ੍ਹਾਂ ਨਾਲ ਸਰਪੰਚ ਜਰਨੈਲ ਸਿੰਘ ਗੋਸਲਾਂ,ਹਰਦੇਵ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਆੜ੍ਹਤੀ ਮਹਿੰਦਰ ਸਿੰਘ, ਆੜ੍ਹਤੀ ਨਿਰਮਲ ਸਿੰਘ, ਆੜਤੀ ਗੁਰਮੁਖ ਸਿੰਘ, ਪ੍ਰਮੋਧ ਸ਼ਰਮਾ, ਬਲਰਾਮ ਗੁਪਤਾ, ਪ੍ਰਿਤਪਾਲ ਅਗਰਵਾਲ, ਰਜਿੰਦਰ ਸਿੰਘ ਜੱਲ੍ਹਣਪੁਰ, ਬਾਬੂ ਸਿੰਘ , ਮਾਸਟਰ ਹਰਦਿਆਲ ਸਿੰਘ, ਭਿੰਦਰ ਸਿੰਘ, ਬਲਰਾਮ ਸ਼ਰਮਾ, ਕੁਲਦੀਪ ਸਿੰਘ ਉਟਾਲਾਂ, ਸਰਬਜੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਲਾਡੀ, ਸ਼ੇਰ ਸਿੰਘ ਬੌਂਦਲ, ਰੁਪਿੰਦਰ ਸਿੰਘ ਮੁਤਿਓਂ ਤੇ ਗੁਰਦਰਸ਼ਨ ਸਿੰਘ ਸ਼ਾਮਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>