“ ਦਿਲ ਦਰਿਆ ਸਮੁੰਦਰੋਂ ਡੂੰਘੇ , ਕੌਣ ਦਿਲਾਂ ਦੀਆਂ ਜਾਣੇ ”

ਅਜ਼ੀਮ ਸ਼ੇਖਰ ਦੀ ਸ਼ਾਇਰੀ

ਜਿਉਂ ਹੀ ‘ਹਵਾ ਨਾਲ ਖੁੱਲਦੇ ਬੂਹੇ’ ਗਜ਼ਲ ਸੰਗ੍ਰਹਿ ਮੇਰੇ ਹੱਥਾਂ ਵਿੱਚ ਆਇਆ ਤੇ ਮੈਂ ਇਸ ਨੂੰ  ਪ੍ਹੜਨਾ ਆਰੰਭ ਕੀਤਾ ਤਾਂ ਉਪਰੋਕਤ ਸਤਰ ਮੇਰੇ ਜ਼ਹਿਨ ਵਿੱਚ ਉੱਤਰਦੀ ਚਲੀ ਗਈ , ਬਹੁਤ ਡੂੰਘੀ ਬਹੁਤ ਹੀ ਡੂੰਘੀ ਕਿਉਂਕਿ ਇਹ ਜਿਹੜੀ ਸ਼ਾਇਰੀ ਇਸ ਪੁਸਤਕ ਵਿੱਚ ਸੀ ਹੈ ਹੀ ਮਨੁੱਖੀ ਮਨ  ਦੀਆਂ ਅੰਤਰੀਵ ਪਰਤਾਂ ਵਿੱਚੋਂ ਨਿਕਲੀ ਸ਼ਾਇਰੀ ।

ਹਾਲਾਤ ਰੂਪੀ ਹਵਾ ਨਾਲ ਜੋ ਮਨ ਦੇ ਬੂਹੇ ਖੁੱਲਦੇ ਹਨ ਉਹ ਮਨੁੱਖ ਦੇ ਧੁਰ ਅੰਦਰੋਂ ਪਤਾ ਨਹੀਂ ਕਦੋਂ ਦੇ ਅਚੇਤਨ ਵਿੱਚ ਦੱਬੇ ਪਏ ਜ਼ਜਬਾਤਾਂ ਦੀ ਤਰਜਮਾਨੀ ਕਰਦੇ ਹਨ । ਯੂ.ਕੇ ਦਾ ਨੌਜਵਾਨ ਸ਼ਾਇਰ ਸ਼ੇਖਰ ਜਦੋਂ ਪਹਿਲੀ ਵਾਰ ਮਿਲਿਆ ਸੀ ਤਾਂ ਬਹੁਤ ਹੀ ਸੀਮਤ ਗੱਲਬਾਤ ਹੋਈ ਸੀ, ਲੱਗਦਾ ਹੀ ਨਹੀ ਸੀ ਕਿ ਇੰਨਾ ਗਹਿਰਾ ,ਗੰਭੀਰਤਾ ਚ ਡੁੱਬਿਆ ਸ਼ਾਇਰ ਹੋਵੇਗਾ ।

ਭਾਵੇਂ ਇਸ ਤੋਂ ਪਹਿਲੀਆਂ ਪੁਸਤਕਾਂ “ ਸੁੱਕੀ ਨਦੀ ਦੀ ਰੇਤ” ਤੇ ਮੁੰਦਰਾਂ ਵੀ ਮੈਂ ਪ੍ਹੜੀਆਂ ਸਨ ਤੇ ਫਿਰ ਸ਼ੇਖਰ ਨਾਲ ਵਿਸਥਾਰ ਪੂਰਵਕ ਉਸਦੀ ਰਚਨਾ ਸੰਬੰਧੀ ਗੱਲਬਾਤ ਵੀ ਕੀਤੀ ਸੀ,ਪਰ ਜੋ ਕੁੱਝ ਉਸਦੀ ਇਸ ਪੁਸਤਕ ਦੀ ਸ਼ਾਇਰੀ ਬੋਲਦੀ ਹੈ ਇਹ ਬਿਲਕੁਲ ਹੀ ਇਕ ਵੱਖਰੀ ਪਛਾਣ ਹੈ ਸ਼ਾਇਰ ਦੀ । ਸੱਚਮੁਚ ਸੁਰਜੀਤ ਪਾਤਰ ਜੀ ਨੇ ਜਦੋਂ ਉਸ ਨੂੰ ਅਜ਼ੀਮ ਸ਼ੇਖਰ ਆਖਿਆ ਹੋਣੈ ਉਦੋਂ  ਹੀ ਉਸ ਅੰਦਰਲੇ ਸ਼ਾਇਰ ਨੂੰ ਪਰਖ ਲਿਆ ਹੋਣੈ । ਸ਼ੇਖਰ ਤਾਂ ਕਿਆਸ ਤੋਂ ਵੀ ਅਗਲੀਆਂ ਪਰਤਾਂ ਫਰੋਲਦਾ ਜ਼ਿੰਦਗੀ ਦੀ ਖੂਬਸੂਰਤੀ ਨੂੰ ਜ਼ਿਦਗੀ ਦੇ ਦੁੱਖ ਦਰਦ ਨੂੰ ਕੁੱਝ ਇਸ ਤਰਾਂ ਬਿਆਨ ਕਰਦਾ ਹੈ ਕਿ ਆਮ ਵਿਅਕਤੀ ਨੂੰ ਤਾਂ ਪਹਿਲੀ ਵਾਰ ਉਹਦੀਆਂ ਸਤਰਾਂ ਪੜ੍ਹ ਕੇ ਸੋਚਣ ਤੇ ਮਜਬੂਰ ਹੋਣਾ ਪੈਂਦਾ ਹੈ ਕਿ ਸ਼ਾਇਰ ਸ਼ਾਇਦ ਹੋਰ ਵੀ ਗਹਿਰਾਈ ਚ ਉੱਤਰ ਕੇ ਗੱਲ ਕਰ ਰਿਹਾ ਹੈ ਤੇ ਦੁਚਿੱਤੀ ਜਿਹੀ ਚ ਪਿਆ ਪਾਠਕ ਫਿਰ ਤੋਂ ਉਸੇ ਸਤਰ ਬਾਰੇ ਸੋਚਣ ਲੱਗ ਪੈਂਦਾ ਹੈ ਜਿਸ ਨੂੰ ਉਸ ਨੇ ਹੁਣੇ ਪੜ੍ਹਿਆ ਹੁੰਦਾ ਹੈ,ਬਾਰ ਬਾਰ ਜੀ ਕਰਦਾ ਹੈ ਕਿ ਸਤਰਾਂ ਨੂੰ ਦੁਹਰਾਉ ਤੇ ਹਰ ਦੁਹਰਾਉ ਨਾਲ ਨਵੇਂ ਅਰਥਾਂ ਵਿੱਚ ਲਿਪਤ ਜਾਪਦਾ ਹੈ । ਜਿਵੇਂ ਮੰਜੇ ਤੇ ਆਰਾਮ ਨਾਲ ਢੋ ਲਾ ਕੇ ਪੜ੍ਹਦਿਆਂ ਆਪਣੇ ਆਪ ਨੂੰ ਝੰਝੋੜਨਾ ਜਿਹਾ ਪੈਂਦਾ ਹੈ, ਮੁੜ੍ਹ ਸੋਚਣ ਤੇ ਕਾਵਿਕ ਸਤਰਾਂ ਪਾਠਕ ਨੂੰ ਮਜਬੂਰ ਕਰ ਦਿੰਦੀਆਂ ਹਨ । ਮੈਂ ਇਕ ਇਕ ਗਜ਼ਲ ਤੇ ਫਿਰ ਉਹਦੀ ਇਕ ਇਕ ਸਤਰ ਅਨੇਕਾਂ ਵਾਰ ਪੜ੍ਹੀ ਪਰ ਹਰ ਵਾਰ ਇੰਝ ਲੱਗਿਆ ਹਾਲੇ ਵੀ ਕੁੱਝ ਰਹਿੰਦਾ ਹੈ ਫਿਰ ਪੜ੍ਹਾਂਗੀ,ਫਿਰ ਸੋਚਾਂਗੀ ਤੇ ਸੋਚ ਦਾ ਸਿਲਸਿਲਾ ਜੋ ਸ਼ੁਰੂ ਹੋਇਆ ਕਿਤੇ ਮੁੱਕਣ ਦਾ ਨਾਂਅ ਹੀ ਨਹੀਂ ।
ਇਸ ਗਜ਼ਲ ਸੰਗ੍ਰਹਿ ਵਿੱਚ ਸ਼ਾਨਦਾਰ ਸ਼ਾਇਰੀ ਕੀਤੀ ਹੈ ਸ਼ੇਖਰ ਨੇ, ਮਨੁੱਖੀ ਹਿਰਦੇ ਨੂੰ ਸਹਿਜੇ ਸਹਿਜੇ ਖੜਕਾਂਦੀ ਸ਼ਾਇਰੀ ਮਨੁੱਖੀ ਮਨ ਦੀ ਕੋਮਲਤਾ ਦਾ ਅਹਿਸਾਸ ਕਰਵਾਉਦੀ ਹੈ ਸ਼ੇਖਰ ਜ਼ਿੰਦਗੀ ਦੇ ਇਸੇ ਸੱਚ ਵੱਲ ਜਾਣ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ।

ਉਸ ਦੀ ਪੁਸਤਕ ਵਿੱਚ ਜਿਹੜੇ ਖੂਬਸੂਰਤ ਭਾਵ ਸ਼ਾਇਰੀ ਰਾਂਹੀ ਉੱਤਰ ਹਨ ਸਾਰੇ ਹੀ ਲਾਜਵਾਬ ਹਨ ਪਰ ਕਿਤੇ ਕਿਤੇ ਤਾਂ ਸਤਰਾਂ ਮੂੰਹੋਂ ਲੱਥਦੀਆਂ ਹੀ ਨਹੀਂ।  ਮੈਂ ਸਿਲਸਿਲੇ ਵਾਰ ਸ਼ੇਅਰਾਂ ਦੀ ਗੱਲ ਕਰਾਂਗੀ ।

ਸ਼ੁਰੂ ਵਿੱਚ ਹੀ ਸ਼ੇਖਰ ਨੇ ਅਪਣੀ ਇਕ ਗਜ਼ਲ ਵਿੱਚ ਲਿਖਿਆ ਹੈ:-

“ਬਿਨਾ ਦਸਤਕ ਕਦੇ ਹਵਾ ਦੇ ਨਾਲ ਖੁੱਲ ਜਾਂਦੇ ।
ਕਦੇ ਮੇਰੇ ਖਿਆਲਾਂ ਨੂੰ ਭੁਲੇਖੇ ਹੀ ਬਦਲ ਜਾਂਦੇ ।”

ਉਸ ਨੂੰ ਤਾਂ ਜਿੰਦਗੀ ਦੀ ਖੜੋਤ ਵਿੱਚੋਂ ਵੀ ਖੂਬਸੂਰਤੀ ਨਜ਼ਰ ਆਉਦੀ ਹੈ,ਤਾਂ ਹੀ ਕਿਸੇ ਨੇ ਆਖਿਆ ਹੈ ਕਿ ਜਿਥੇ ਰਵੀ ਨਹੀਂ ਪਹੁੰਚਦਾ ਉਥੇ ਕਵੀ ਪਹੁੰਚ ਜਾਂਦਾ ਹੈ:-

ਕੋਈ ਛੋਹੇਗਾ ਹੀ ਸ਼ਾਇਦ ਉਡੀਕਣ ਉਮਰ ਭਰ ਤਾਂ ਹੀ
ਖੜੋਤ ਪਾਣੀਆਂ ਅੰਦਰੋਂ ਨਹੀਂ ਰੁੜ੍ਹ ਕੇ ਕੰਵਲ ਜਾਂਦੇ।

ਜਦੋਂ ਸ਼ੇਖਰ ਅਪਣੇ ਇਸ ਸ਼ੇਅਰ ਵਿੱਚ ਲਿਖਦਾ ਹੈ ਕਿ:-

“ ਹੁਣ ਰੋਜ਼ ਹੀ ਹਜ਼ਾਰਾਂ ਤੁਰਦੇ ਨੇ ਰਾਮ ਘਰਾਂ ਤੋਂ
ਤੁਸੀਂ ਇਕ ਰਾਮ ਦਾ ਕਿਉਂ ਬਣਵਾਸ ਪਰਖਦੇ ਹੋ…।”

ਤਾਂ ਜਿੰਨੇ ਲੋਕ ਘਰਾਂ ਤੋਂ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਚ ਸਦਾ ਲਈ ਜਾ ਵੱਸੇ ਉਹਨਾ ਦਾ ਦੁੱਖ ਤੀਰ ਵਾਂਗ ਵਿੰਨਦਾ ਹੈ,ਉਹਨਾ ਦੀ ਤਕਲੀਫ ਦਾ ਅੰਦਾਜਾ ਇਹ ਸਤਰਾਂ ਕਰਵਾੳਂੁਦੀਆਂ ਹਨ ।

ਇਸ ਤੋਂ ਅਗਾਂਹ ਲਿਖੇ ਸ਼ੇਅਰ ਦਿਲਾਂ ਨੁੰ ਧੁਹ ਪਾਏ ਬਿਨਾਂ ਨਹੀਂ ਰਹਿੰਦੇ ਜਦੋਂ ਪਾਠਕ ਇਹ ਸਤਰ ਪੜ੍ਹਨਗੇ ਤਾਂ ਅੰਦਰੋਂ ਬੇਚੈਨੀ ਮਹਿਸੂਸ ਕਰਨਗੇ:-

“ਬੰਦ ਬੂਹੇ ਦਾ ਬਹਾਨਾ ਉਹ ਘੜਦਾ ਰਿਹਾ ਸਦਾ
ਟਾਲਦਾ ਖੁਦ ਨੂੰ ਰਿਹਾ ਸੀ ਜੋ ਮੇਰੇ ਘਰ ਆਉਣ ਤੋਂ ।”

“ ਆਪਣਿਆਂ ਨੇ ਵੀ ਜਦੋਂ ਆਪਣਾ ਬਣਾਇਆ ਨਾ
ਸਾਡੇ ਲਈ ਰਿਹਾ ਫੇਰ ਕੋਈ ਵੀ ਪਰਾਇਆ ਨਾ ।”

ਵਿਦੇਸ਼ ਦੀ ਧਰਤੀ ਆਪਣੀ ਧਰਤੀ ਦਾ ਮੋਹ ਤੋੜ ਨਾ ਸਕੀ,ਆਪਣਾ ਸੱਭਿਆਚਾਰ ਕਿੰਨਾ ਡੂੰਘਾ ਦਿਲ ਦੀਆਂ ਤਹਿਆਂ ਚ ਛੁਪਿਆ ਹੋਿੲਆ ਹੈ ਇਹਦਾ ਅੰਦਾਜਾ ਕਵੀ ਦੀਆਂ ਇਹ ਸਤਰਾਂ ਆਪ ਹੀ ਕਰਵਾ ਦਿੰਦੀਆਂ ਹਨ:-
“ਮੁਸਕਾਨਾਂ ਦਾ ਹੋਠੀਂ ਮਿਲਣਾ ਲੱਗਦਾ ਜਿਉ
ਧੀਆਂ ਪੇਕੇ ਤੀਆਂ ਲਾਵਣ ਆਈਆਂ ਨੇ ।”

ਜਿੰਦਗੀ ਦਾ ਸੱਚ ਜੋ ਸਭ ਨੂੰ ਦਰਪੇਸ਼ ਹੈ ਕਿਤੇ ਨਾ ਕਿਤੇ :-
ਸਭ ਦੇ ਕੋਲ ਖੰਜਰ ਸੀ
ਜਿੰਨੇ ਦਿਲੀ ਵਸਾਏ ਲੋਕ
ਨਦੀਆਂ ਕੋਲੇ ਰਹਿ ਕੇ ਵੀ
ਮੁੜ੍ਹ ਗਏ ਕਈ ਤਿਹਾਏ ਲੋਕ ।

ਪੰਜਾਬ ਦੇ ਖੁੱਲੇ ਡੁੱਲੇ ਵਾਤਾਵਰਨ ਨੂੰ ਪਿੱਛੇ ਛੱਡਦਾ ਕਵੀ ਜਦੋਂ ਯੂ.ਕੇ. ਦੇ ਬੰਦ ਘਰਾਂ ਚ ਕਈ ਸਾਲ ਵਿਚਰਿਆ ਹੋਣਾ ਤਾਂ ਉਸ ਨੂੰ ਇਹ ਅਹਿਸਾਸ ਹੋਣਾ ਹੀ ਸੀ :-
“ਚਾਰਦਿਵਾਰੀ ਅੰਦਰ ਅਕਸਰ ਕੱਲਿਆਂ ਨੂੰ
ਅਲਮਾਰੀ ਦੀ ਪੁਸਤਕ ਬਣਨਾ ਪੈਂਦਾ ਹੈ ।”

ਵਿਦੇਸ਼ ਦੀ ਇੱਕਲਤਾ , ਚਿਰਾਂ ਤੋਂ ਇਕ ਅਜਿਹੀ ਉਡੀਕ ਜੋ ਪੂਰੀ ਨਹੀਂ ਹੋਣੀ ਦੀ ਗੱਲ ਸਹਿਜਸੁਭਾ ਕਵੀ ਦੇ ਸ਼ਬਦਾਂ ਚ ਉਤਰਦੀ ਦਿਸਦੀ ਹੈ

“ ਦੇਰ ਤੋਂ ਆਇਆ ਨਾ ਕੋਈ ਹੋਈ ਨਾ ਦਸਤਕ ਕਦੇ
ਘਰ ਮੇਰੇ ਦਾ ਜਾਪਦਾ ਹੈ ਬੂਹਾ ਵੀ ਦਿਵਾਰ ਹੁਣ ।”

ਕਵੀ ਉਦਾਸੀ ਵਿੱਚ ਆਪਣੇ ਸ਼ਬਦਾਂ ਨਾਲ ਮਨ ਪਰਚਾਉਂਦਾ ਹੈ ।

ਸ਼ਾਇਰੀ ਦੀਆਂ ਜਿੰਨੀਆਂ ਪਰਤਾਂ ਖੋਲਦੇ ਜਾਵਾਂਗੇ, ਮੈਨੂੰ ਲੱਗਦਾ ਹੈ ਉਨੀਆਂ ਹੀ ਜੀਵਨ ਦੀਆਂ ਨਿਵੇਕਲੀਆ ਸੱਚਾਈਆਂ ਸਾਹਮਣੇ ਆਈ ਜਾਣਗੀਆਂ । ਸ਼ਾਇਦ ਕੋਈ ਵੀ ਜਿੰਦਗੀ ਦਾ ਪੱਖ ਅਜਿਹਾ ਨਹੀਂ ਹੈ ਜੋ ਇਸ ਸ਼ਾਇਰ ਦੀ ਸ਼ਾਇਰੀ ਵਿੱਚ ਨਹੀਂ ਉਤਰਿਆ,ਰੁਮਾਂਟਿਕਤਾ ਦੀ ਗੱਲ ਕਰ ਲਉ ,

ਜਿੰਦਗੀ ਦੀ ਆਸ਼ਾਵਾਦੀ ਸੁਰ ਦੀ ਗੱਲ ਕਰੋ ਤੇ ਚਾਹੇ ਨਿਰਾਸ਼ਾਵਾਦੀ ਤੇ ਚਾਹੇ ਪਸਤ ਹੌਂਸਲਿਆਂ ਦੀ ਤੇ ਚਾਹੇ ਬੁਲੰਦ ਹੌਂਸਲਿਆਂ ਦੀ। ਸੱਚ ਤਾਂ ਇਹ ਹੈ ਕਿ ਵਿਸ਼ਾਲ ਤਜ਼ਰਬਾ ,ਅਨੁਭਵ ਸਭ ਕੁੱਝ ਹੀ ਇਸ ਸ਼ਾਇਰ ਵਿੱਚ ਹੈ।

ਸ਼ੇਖਰ ਦੇ ਹੀ ਸ਼ੇਅਰ ਨਾਲ ਅੰਤ ਕਰਦੀ ਹਾਂ:-

“ ਕੋਸ਼ਿਸ਼ਾਂ ਜਾਰੀ ਰਹਿਣ ਦੇ ਹੌਂਸਲੇ ਰੱਖੀ ਬੁੰਲਦ ,
ਹੋਏ ਜੇ ਹਾਲਾਤ ਅਜੇ ਬਿਹਤਰ ਨਹੀਂ ਤਾਂ ਫੇਰ ਕੀ ”

ਵਿਦੇਸ਼ ਦੀ ਧਰਤੀ ਨੇ ਖੂਬਸੂਰਤ ਸ਼ਾਇਰੀ ਬਖਸ਼ੀ ਹੈ ਜੇ ਉਹ ਇਸ ਥਾਂਈ ਨਾ ਹੁੰਦਾ ਤਾਂ ਕਿੰਝ ਬਣਦਾ ਸ਼ਾਇਰ :-

“ਕੱਲਿਆਂ ਨੇ ਜਦ ਗਮ ਦੀ ਭੱਠੀ ਰਾਤ ਕੱਟਣ ਲਈ ਬਾਲ ਲਈ
ਚਿੱਤ ਚੇਤੇ ਵੀ ਨਹੀਂ ਸੀ ਸਾਨੂੰ ,ਕਵਿਤਾਂਵਾਂ ਲਹਿਣਗੀਆਂ । ”

Navroop

Asso prof.

H.M.V Jalandhar .

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>