ਨਵੀਂ ਦਿੱਲੀ :- ਕੀ ਸਮਰਥਾਵਾਨ ਸਿੱਖਾਂ ਵਿੱਚ ਆਪਣੇ ਧਰਮ ਪ੍ਰਤੀ ਸ਼ਰਧਾ, ਉਸਦੀਆਂ ਧਾਰਮਕ ਸੰਸਥਾਵਾਂ ਪ੍ਰਤੀ ਸੇਵਾ ਭਾਵਨਾ ਨਹੀਂ ਹੁੰਦੀ ਅਤੇ ਕੀ ਉਹ ਵੀ ਪਾਰਟੀ ਦੇ ਵਰਕਰ ਹੀ ਨਹੀਂ ਹੁੰਦੇ? ਇਹ ਸੁਆਲ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ਕੁਝ ਸਜਣ ਸ. ਹਰਮਨਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕੀਤੇ ਜਾਣ ਪੁਰ, ਇਹ ਆਖਦਿਆਂ ਕਿੰਤੂ ਕਰ ਰਹੇ ਹਨ, ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਇਸ ਵਾਰ ਸਾਧਾਰਣ ਵਰਕਰਾਂ ਨੂੰ ਨਜ਼ਰ-ਅੰਦਾਜ਼ ਕਰ ਸਮਰਥਾਵਾਨ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਹਿਣ ਤੇ ਕਿੰਤੂ ਕਰਨ ਵਾਲਿਆਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੱੰਘ ਬਾਦਲ ਦੀ ਪਾਰਖੂ ਯੋਗਤਾ ਅਤੇ ਉਨ੍ਹਾਂ ਵਲੋਂ ਵਰਕਰਾਂ ਨੂੰ ਸਨਮਾਨ ਦਿੰਦਿਆਂ ਰਹਿਣ ਦੀ ਅਪਨਾਈ ਗਈ ਹੋਈ ਸੋਚ ਪੁਰ ਸੁਆਲੀਆ ਨਿਸ਼ਾਨ ਲਾਇਆ ਜਾ ਰਿਹਾ ਹੈ। ਸ. ਸਿਰਸਾ ਨੇ ਅਪਣੇ ਬਿਆਨ ਵਿੱਚ ਕਿਹਾ ਕਿ ਦਲ ਦੀ ਕੇਂਦਰੀ ਲੀਡਰਸ਼ਿਪ ਨੇ ਸਦਾ ਹੀ ਪਾਰਟੀ ਵਰਕਰਾਂ ਨੂੰ ਮਹੱਤਵਪੂਰਣ ਜ਼ਿਮੇਂਦਰੀਆਂ ਸੌਂਪਦਿਆਂ, ਉਨ੍ਹਾਂ ਦਾ ਸਨਮਾਨ ਕਾਇਮ ਰਖਿਆ ਹੈ। ਸ. ਸਿਰਸਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਕੋਈ ਵੀ ਪਾਰਟੀ ਆਪਣੇ ਵਰਕਰਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ, ਕਿਉਂਕਿ ਉਹੀ ਉਸਦੇ ਸ਼ਕਤੀ ਸ੍ਰੋਤ ਅਤੇ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਸਮਰਥਾਵਾਨ ਸਿੱਖ ਦਲ ਨਾਲ ਜੁੜੇ ਹੋਏ ਹਨ, ਉਹ ਵੀ ਪਾਰਟੀ ਦੇ ਸਾਧਾਰਣ ਵਰਕਰ ਹੀ ਹਨ। ਉਨ੍ਹਾਂ ਨੂੰ ਵੀ ਪਾਰਟੀ ਲੀਡਰਸ਼ਿਪ ਵਲੋਂ ਜੋ ਜ਼ਿਮੇਂਦਾਰੀ ਸੌਂਪੀ ਜਾਂਦੀ ਹੈ, ਉਹ ਉਸਨੂੰ ਪਾਰਟੀ ਦੇ ਇੱਕ ਵਫਾਦਾਰ ਵਰਕਰ ਵਜੋਂ ਹੀ ਪੂਰਣ ਤਨਦੇਹੀ ਨਾਲ ਨਿਭਾਉਂਦੇ ਹਨ। ਸ. ਸਿਰਸਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਸ. ਹਰਮਨਜੀਤ ਸਿੰਘ ਅਤੇ ਦਲ ਨਾਲ ਜੁੜੇ ਹੋਏ ਉਨ੍ਹਾਂ ਵਰਗੇ ਹੋਰ ਅਨੇਕਾਂ ਸਮਰਥਾਵਾਨ ਸਿੱਖਾਂ ਦੀ, ਸਾਧਾਰਣ ਵਰਕਰ ਵਾਂਗ ਸ਼੍ਰੋਮਣੀ ਅਕਾਲੀ ਦਲ (ਬਾਦਲ), ਉਸਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪ੍ਰਤੀ ਵਫਾਦਾਰੀ ਸਦਾ ਹੀ ਨਿਜ ਸੁਆਰਥ ਤੋਂ ਉਪਰ ਰਹੀ ਹੈ। ਜੇ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਵਿਚੋਂ ਕਿਸੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕਰ, ਨਵੀਂ ਜ਼ਿਮੇਂਦਾਰੀ ਸੌਂਪੀ ਹੈ ਤਾਂ ਇਸਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ, ਕਿ ਉਨ੍ਹਾਂ ਪਾਰਟੀ ਦੇ ਇੱਕ ਸਾਧਾਰਣ ਵਰਕਰ ਨੂੰ ਇਹ ਜ਼ਿਮੇਂਦਾਰੀ ਸੌਂਪ ਸਨਮਾਨਤ ਕੀਤਾ ਹੈ।