ਅੰਮ੍ਰਿਤਸਰ, (ਗੁਰਿੰਦਰਜੀਤ ਸਿੰਘ ਪੀਰਜੈਨ)-‘‘ ਅੰਮ੍ਰਿਤਸਰ ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਿਸ ਵਿੱਚ ਪਰਸਨਲ ਰੈਪਿਡ ਟਰਾਂਜਿਟ (ਪੀ:ਆਰ:ਟੀ) ਸਿਸਟਮ ਸ਼ੁਰੂ ਹੋ ਜਾਵੇਗੀ ਇਸ ਤਹਿਤ ਚੱਲਣ ਵਾਲੇ 4 ਤੋਂ 6 ਸੀਟਾਂ ਵਾਲੇ ਵਾਹਨ ਬੈਟਰੀ ਨਾਲ ਚੱਲਣਗੇ ਅਤੇ ਇਨ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੋਵੇਗਾ।’’ ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਹਾਲਗੇਟ ਅੰਮ੍ਰਿਤਸਰ ਵਿਖੇ ਪੌਡ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਬਲਿਕ ਪ੍ਰਾਈਵੇਟ ਭਾਈਵਾਲੀ ਤਹਿਤ ਸ਼ੁਰੂ ਕੀਤੇ ਜਾ ਰਹੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਕੁਝ ਹੀ ਦਿਨਾਂ ਵਿੱਚ ‘‘ਅਲਟਰਾ ਪੀ:ਆਰ:ਟੀ ਸਿਸਟਮ’’ ਇਸ ਲਈ ਕੰਮ ਸ਼ੁਰੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ¦ਦਨ ਦੇ ਹੀਥਰੋ ਹਵਾਈ ਅੱਡੇ ਦੀ ਤਰਜ ਉਤੇ ਅੰਮ੍ਰਿਤਸਰ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਭਾਰਤ ਦਾ ਪਹਿਲਾ ਸ਼ਹਿਰ ਹੈ ਜਿਥੇ ਇਹ ਬੈਟਰੀ ਨਾਲ ਵਾਹਨ ਚੱਲਣਗੇ। ਪੌਡ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਅਤੇ ਆਮ ਇਮਾਰਤਾਂ ਨਾਲੋਂ ਉਚੀ ਬਣਾਈ ਪਟੜੀ ਉਤੇ ਚੱਲਣਗੇ। ਇਸ ਨਾਲ ਨਾ ਤਾਂ ਸੜਕ ਉਤੇ ਜਾਮ ਲੱਗੇਗਾ, ਨਾ ਦੁਕਾਨਦਾਰਾਂ ਨੂੰ ਤੰਗੀ ਹੋਵੇਗੀ, ਨਾ ਅਵਾਜ ਆਵੇਗੀ ਅਤੇ ਨਾ ਹੀ ਪ੍ਰਦੂਸ਼ਣ ਹੋਵੇਗਾ।
ਉਨ੍ਹਾਂ ਕਿਹਾ ਕਿ ਅਗਲੇ ਡੇਢ ਕੁ ਸਾਲ ਵਿੱਚ ਇਹ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਬੱਸ ਸਟੈਂਡ ਅੰਮ੍ਰਿਤਸਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੱਕ ਚੱਲਣ ਵਾਲੀਆਂ ਇਨ੍ਹਾਂ ਨਿੱਜੀ ਟੈਕਸੀਆਂ ਦਾ ਕੋਈ ਡਰਾਈਵਰ ਨਹੀਂ ਹੋਵੇਗਾ ਅਤੇ ਇਹ ਸਵੈਚਾਲਤ ਵਾਹਨ ਰਸਤੇ ਵਿੱਚ ਬਣਾਏ ਸਟੇਸ਼ਨਾਂ ਉਤੇ ਰੁਕਦੇ ਹੋਏ ਆਪਣੀ ਮੰਜ਼ਿਲ ਤੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਸ ਦਾ ਕਿਰਾਇਆ ਵੀ ਆਟੋ ਜਾਂ ਆਮ ਟੈਕਸੀ ਵਾਂਗ ਹੋਵੇਗਾ ਜਿਸ ਨੂੰ ਹਰ ਨਾਗਰਿਕ ਦੇ ਸਕਣ ਦੀ ਪਹੁੰਚ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੌਡ ਦੇ ਸਟੇਸ਼ਨ ਸ੍ਰੀ ਦਰਬਾਰ ਸਾਹਿਬ ਤੋਂ ਗਲਿਆਰਾ ਪਾਰਕਿੰਗ, ਹਾਲ ਬਾਜ਼ਾਰ, ਤਿਕੌਣੀ ਪਾਰਕਿੰਗ ਅਤੇ ਰੇਲਵੇ ਸਟੇਸ਼ਨ ਵਿਖੇ ਹੋਣਗੇ, ਜਦ ਕਿ ਦੂਸਰੇ ਰਸਤੇ ਵਿੱਚ ਜਗਤ ਜੋਤੀ ਸਕੂਲ ਅਤੇ ਬੱਸ ਸਟੈਂਡ ਸਟੇਸ਼ਨ ਹੋਣਗੇ। ਉਨ੍ਹਾਂ ਕਿਹਾ ਕਿ 300 ਕਰੋੜ ਰੁਪਏ ਅੰਦਾਜਨ ਲਾਗਤ ਵਾਲਾ ਇਹ ਪ੍ਰਾਜੈਕਟ ਆਵਾਜਾਈ ਦਾ ਅਤਿ ਆਧੁਨਿਕ ਸਾਧਨ ਹੈ । ਉਨ੍ਹਾਂ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਅਤੇ ਹਾਲ ਬਾਜਾਰ ਵਿੱਚ ਵੱਧਦੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪ੍ਰਾਜੈਕਟ ਸੋਚਿਆ ਗਿਆ ਸੀ ਅਤੇ ਕਈ ਕਮੇਟੀਆਂ ਦੀ ਰਿਪੋਰਟ ਤੋਂ ਬਾਅਦ ਪੌਡ ਸਿਸਟਮ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ 75000 ਦੇ ਕਰੀਬ ਲੋਕ ਇਸ ਵਿੱਚ ਸਫਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਵੇਲੇ ਲੱਗਭੱਗ ਹਰ ਰੋਜ ਇਕ ਲੱਖ ਸ਼ਰਧਾਲੂ ਦਰਸ਼ਨਾ ਲਈ ਆਉਂਦੇ ਹਨ ਅਤੇ ਪੌਡ ਪ੍ਰਣਾਲੀ ਚਾਲੂ ਹੋ ਜਾਣ ਨਾਲ ਇਸ ਸੰਗਤ ਦੀ ਗਿਣਤੀ ਵਿੱਚ ਦੁਗਣਾ ਵਾਧਾ ਹੋਵੇਗਾ, ਜਿਸ ਨਾਲ ਅੰਮ੍ਰਿਤਸਰ ਨੂੰ ਵਪਾਰਕ ਤੌਰ ਤੇ ਵੀ ਮਦਦ ਮਿਲੇਗੀ। ਇਸ ਮੌਕੇ ਦੁਕਾਨਦਾਰਾਂ ਵੱਲੋਂ ਪ੍ਰਗਟਾਏ ਗਏ ਕਾਰੋਬਾਰ ਪ੍ਰਭਾਵਤ ਹੋਣ ਦੇ ਖਦਸ਼ੇ ਦਾ ਉਤਰ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਪੌਡ ਕੇਵਲ ਤੇ ਕੇਵਲ ਅੰਮ੍ਰਿਤਸਰ ਵਿੱਚ ਹੋਣਗੇ। ਸੋ, ਇਸ ਨੂੰ ਦੇਖਣ ਅਤੇ ਚੜ੍ਹਣ ਵਾਲਿਆਂ ਦੀ ਖਿੱਚ ਕਾਰਨ ਸੈਲਾਨੀਆਂ ਦੀ ਗਿਣਤੀ ਕਈ ਗੁਣਾ ਵਧੇਗੀ। ਹਾਲਗੇਟ ਵਿੱਚ ਇਸ ਦਾ ਮੁੱਖ ਸਟੇਸ਼ਨ ਹੋਵੇਗਾ ਜਿਥੋ ਲੋਕ ਇਸ ਵਿੱਚ ਉਤਰ ਅਤੇ ਚੜ ਸਕਣਗੇ। ਇਸ ਤਰ੍ਹਾਂ ਕਾਰੋਬਾਰ ਘਟਣ ਦੀ ਬਜਾਏ ਕਈ ਗੁਣਾ ਵਧੇਗਾ, ਦੂਸਰਾ ਇਹ ਦੁਕਾਨਾਂ ਨਾਲੋਂ ਉਪਰ ਬਣਿਆ ਹੋਣ ਕਾਰਨ ਕਾਰੋਬਾਰ ਵਿੱਚ ਕੋਈ ਅੜਿੱਕਾ ਨਹੀਂ ਬਣੇਗਾ। ਸਿਟੀ ਬੱਸ ਸੇਵਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੱਸ ਕੰਪਨੀਆਂ ਕੋਲ ਬੱਸਾਂ ਦੇ ਆਰਡਰ ਪੈਡਿੰਗ ਪਏ ਹੋਣ ਕਾਰਨ ਇਸ ਪ੍ਰਾਜੈਕਟ ਵਿੱਚ ਦੇਰੀ ਹੋਈ ਹੈ। ਆਉਂਦੇ ਕੁਝ ਦਿਨਾਂ ਵਿੱਚ ਲੁਧਿਆਣੇ ਬੱਸਾਂ ਪਹੁੰਚ ਰਹੀਆਂ ਹਨ ਅਤੇ ਜਲਦੀ ਹੀ ਅੰਮ੍ਰਿਤਸਰ ਵਿੱਚ ਪਹੁੰਚ ਜਾਣਗੀਆਂ, ਜਿਸ ਨਾਲ ਸਿਟੀ ਬੱਸ ਸੇਵਾ ਸ਼ੁਰੂ ਹੋ ਜਾਵੇਗੀ। ਇਸ ਮੌਕੇ ਸ੍ਰ ਨਵਜੋਤ ਸਿੰਘ ਸਿੱਧੂ ਸੰਸਦ ਮੈਂਬਰ, ਸ੍ਰ ਇਦਰਬੀਰ ਸਿੰਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ, ਇੰਜ: ਸ਼ਵੇਤ ਮਲਿਕ ਮੇਅਰ, ਡਾ: ਬਲਦੇਵ ਰਾਜ ਚਾਵਲਾ ਚੇਅਰਮੈਨ ਸੀਵਰੇਜ ਬੋਰਡ, ਅਲਟਰਾ ਪੀ:ਆਰ:ਟੀ ਸਿਸਟਮ ਦੇ ਐਮ.ਡੀ ਰਾਣੂ ਦਾਸ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮੂਰ ਆਦਿ ਵੀ ਹਾਜਰ ਸਨ।