
ਚਿੱਤਰਕਾਰ ਇਮਰੋਜ਼ ਅੰਦਰੇਟਾ ਵਿਖੇ ਚਿਤਰਕਾਰ ਸੋਭਾ ਸਿੰਘ ਦੀ ਬੇਟੀ ਬੀਬੀ ਗੁਰਚਰਨ ਕੌਰ, ਉਨ੍ਹਾ ਦੇ ਪੁਤਰ ਡਾ. ਹਿਰਦੇਪਾਲ ਸਿੰਘ ਤੇ ਨੂੰਹ ਕਮਲਜੀਤ ਕੌਰ ਨਾਲ
ਅੰਦਰੇਟਾ,(ਹਰਬੀਰ ਸਿੰਘ ਭੰਵਰ) -ਪ੍ਰਸਿੱਧ ਚਿੱਤਰਕਾਰ ਇੰਦਰਜੀਤ ਉਰਫ ਇਮਰੋਜ਼ ਨੇ ਮਰਹੂਮ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਨਾਲ ਆਪਣੀ ਪਿਛਲੀ ਫੇਰੀ ਦੋਰਾਨ ਮਰਹੂਮ ਚਿਤਰਕਾਰ ਸੋਭਾ ਸਿੰਘ ਨਾਲ ਬਿਤਾਏ ਦਿਨਾਂ ਦੀਆਂ ਯਾਦਾ ਉਨ੍ਹਾਂ ਦੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ।
ਇਮਰੋਜ਼, ਜੋ ਆਪਣੇ ਬਾਰੇ ਬਣ ਰਹੀ ਦਸਤਾਵੇਜ਼ੀ ਫਿਲਮ ਦੇ ਸਬੰਧ ਵਿਚ ਪਿਛਲੇ ਕੁਝ ਦਿਨਾਂ ਤੋਂ ਸ.ਸੋਭਾ ਸਿੰਘ ਆਰਟ ਗੈਲਰੀ ਅੰਦਰੇਟਾ ਵਿਖੇ ਆਏ ਹੋਏ ਹਨ. ਨੇ ਇਸ ਮਰਹੂਮ ਚਿਤਰਕਾਰ ਦੀ ਬੇਟੀ ਬੀਬੀ ਗੁਰਚਰਨ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਸਿਆ ਕਿ ਪਹਿਲੀ ਵਾਰੀ ਉਹ ਤੇ ਅੰਮ੍ਰਿਤਾ ਪ੍ਰੀਤਮ 1958 ਵਿਚ ਦਸ ਦਿਨਾਂ ਲਈ ਅੰਦਰੇਟੇ ਆਏ ਸਨ, ਜਿਸ ਦੋਰਾਨ ਅੰਮ੍ਰਿਤਾ ਦੇ ਜੀਵਨ ਵਿਚ ਇਕ ਨਵਾਂ ਮੋੜ ਆਇਆ। ਇਨ੍ਹਾਂ ਦਿਨਾਂ ਵਿਚ ਉਹ ਮਰਹੂਮ ਚਿਤਰਕਾਰ ਦੀ ਪਤਨੀ ਬੀਬੀ ਇੰਦਰ ਕੌਰ, ਜਿਸ ਨੂੰ ਉਹ “ਚਾਚੀ ਜੀ” ਕਿਹਾ ਕਰਦੇ ਸਨ, ਨਾਲ ਰਸੋਈ ਵਿਚ ਰੋਟੀ ਪਕਾਉਣ ਵਿਚ ਹੱਥ ਵਟਾਉਂਦੇਰਹੇ, ਅਤੇ ਇਥੋਂ ਦਿੱਲੀ ਵਾਪਸ ਜਾਕੇ ਕਦੀ ਨੌਕਰ ਨੂੰ ਰਸੋਈ ਵਿਚ ਦਾਖਲ ਨਹੀਂ ਹੋਣ ਦਿਤਾ ਤੇ ਸਾਰੀ ਉਮਰ ਖਾਣਾ ਖੁਦ ਬਣਾਉਂਦੀ ਰਹੇ। ਅੰਮਿਤਾ ਦੇ ਪਿਤਾ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਇਕ ਮਾਸਿਕ ਪਰਚਾ “ਫੁਲਵਾੜੀ” ਕਢਿਆਂ ਕਰਦੇ ਸਨ, ਜਿਸ ਦੇ ਬਾਹਰਲੇ ਕਵਰ ਦਾ ਡਿਜ਼ਾਈਨ ਸੋਭਾ ਸਿੰਘ ਬਣਾਇਆ ਕਰਦੇ ਸਨ।ਇਸ ਨੇੜਤਾ ਕਾਰਨ ਅੰਮ੍ਰਿਤਾ ਬਚਪਨ ਤੋਂ ਹੀ ਚਿਤਰਕਾਰ ਸੋਭਾ ਸਿੰਘ ਨੂੰ “ਚਾਚਾ ਜੀ” ਕਿਹਾ ਕਰਦੀ ਸੀ। ਇਮਰੋਜ਼ ਅਨੁਸਾਰ ਇਨ੍ਹਾਂ ਦਸ ਦਿਨਾਂ ਦੌਰਾਨ ਹੀ ਅੰਮ੍ਰਿਤਾ ਨੇ ਆਪਣੀ ਪੁਸਤਕ “ਗੋਜਰ ਦੀਆਂ ਪਰੀਆਂ” ਲਿਖੀ। ਪਿੰਡ ਗੋਜਰ ਅੰਦਰੇਟਾ ਦੇ ਬਿਲਕੁਲ ਲਾਗੇ ਹੈ ਅਤੇ ਦੰਦ-ਕਥਾ ਅਨੁਸਾਰ ਇਥੇ ਕੁਦਰਤੀ ਚਸ਼ਮੇ ‘ਤੇ ਪੂਰਨਮਾਸੀ ਵਾਲੇ ਦਿਨ ਉਰਵਸ਼ੀ ਪਰੀ ਆਪਣੀ ਸਾਥਨ ਪਰੀਆਂ ਨਾਲ ਇਸ਼ਨਾਨ ਕਰਨ ਆਇਆ ਕਰਦੀ ਸੀ।
ਇਮਰੋਜ਼ ਨੇ ਦਸਿਆ ਕਿ ਦੂਸਰੀ ਵਾਰੀ ਉਹ ਅਤੇ ਅੰਮ੍ਰਿਤਾ 1967 ਵਿਚ ਚਾਰ ਪੰਜ ਦਿਨ ਲਈ ਅੰਦਰੇਟੇ ਆਏ ਸਨ ਅਤੇ ਚਿੱਤਰਕਾਰ ਤੋਂ ਬਹੁਤ ਕੁਝ ਸਿਖਿਆ। ਮਰਹੂਮ ਚਿੱਤਰਕਾਰ ਨੇ ਹੀ ਉਸ ਨੂੰ ਕਲਾ, ਗੁਰਬਾਣੀ ਤੇ ਫਿਲਾਸਫੀ ਦੀਆਂ ਗਲਾਂ ਦਸਣ ਤੋਂ ਬਿਨਾ ਖਲੀਲ ਜਿਬਰਾਨ, ਵਾਲਟ ਵਿਟਮੈਨ, ਮਿਲਟਨ ਤੇ ਜੇ.ਕਰਿਸ਼ਨਾ ਮੂਰਤੀ ਬਾਰੇ ਪੁਸਤਕਾਂ ਪੜ੍ਹਣ ਲਈ ਪ੍ਰੇਰਿਆ। ਮਰਹੂਮ ਚਿਤਰਕਾਰ ਦੇ ਸਿਦਾ ਸਾਧੇ ਤੇ ਰਿਸ਼ੀਆਂ ਵਰਗੇ ਜੀਵਨ ਤੋਂ ਬਹੁਤ ਪ੍ਰੇਰਨਾ ਮਿਲੀ।ਸ,ਸੋਭਾ ਸਿੰਘ ਆਰਟ ਗੈਲਰੀ ਨੂੰ ਇਕ ਕਲਾ-ਮੰਦਰ ਕਰਾਰ ਦਿੰਦੇ ਹੋਏ ਉਨ੍ਹਾਂ ਆਪਣੀ ਇਸ ਫੇਰੀ ਇਕ ਤੀਰਥ ਯਾਤਰਾ ਗਰਦਾਨਿਆ।
-