ਸ਼ਹਿਦ ਉਤਪਾਦਨ ਵਿੱਚ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਰਾਜ ਬਣਿਆ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨੀਆਂ ਵੱਲੋਂ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ 6ਵੇਂ ਦਹਾਕੇ ਦੌਰਾਨ ਕੀਤੀਆਂ ਕੋਸ਼ਿਸ਼ਾਂ ਸਦਕਾ ਅੱਜ ਪੰਜਾਬ ਵਿੱਚ ਦੋ ਲੱਖ ਪੰਜਾਹ ਹਜ਼ਾਰ ਮਧੂ ਮੱਖੀ ਕਾਲੋਨੀਆਂ ਹਨ ਜਿਨ੍ਹਾਂ ਨੂੰ ਲਗਪਗ 25,000 ਕਿਸਾਨ ਆਪਣੇ ਖੇਤਾਂ ਵਿੱਚ ਪਾਲ ਕੇ ਸਾਲਾਨਾ ਦਸ ਹਜ਼ਾਰ ਮੀਟਰਿਕ ਟਨ ਸ਼ਹਿਦ ਪੈਦਾ ਕਰ ਰਹੇ ਹਨ । ਇਸ ਨਾਲ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਰਾਜ ਬਣ ਗਿਆ ਹੈ ।ਇਹ ਜਾਣਕਾਰੀ ਯੂਨੀਵਰਸਿਟੀ ਦੇ ਮੁਕਤਸਰ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਡਾ. ਨਿਰਮਲਜੀਤ ਸਿੰਘ ਧਾਲੀਵਾਲ ਅਤੇ ਡਾ. ਗੁਰਮੀਤ ਸਿੰਘ ਵੱਲੋਂ ਲਿਖੇ ਇਕ ਖੋਜ ਪੱਤਰ ਰਾਹੀਂ ਮਿਲੀ ਹੈ । ਇਨ੍ਹਾਂ ਦੋਹਾਂ ਵਿਗਿਆਨੀਆਂ ਅਨੁਸਾਰ ਪੰਜਾਬ ਵਿੱਚ ਅਜੇ ਵੀ ਹੋਰ ਮਧੂ ਮੱਖੀ ਕਲੋਨੀਆਂ ਪਾਲਣ ਦੀ ਗੁੰਜਾਇਸ਼ ਹੈ । ਮਾਹਿਰ ਵਿਗਿਆਨੀਆਂ ਮੁਤਾਬਕ ਪੰਜਾਬ ਦਾ ਫੁਲ ਫੁਲਾਕਾ ਅਤੇ ਫ਼ਸਲਾਂ 1.2 ਮਿਲੀਅਨ ਕਾਲੋਨੀਆਂ ਪਾਲਣ ਦੇ ਸਮਰਥ ਹਨ । ਭਾਰਤ ਵਿੱਚ ਕਿਸਾਨਾਂ ਦੇ ਖੇਤਾਂ ਅੰਦਰ 7.17 ਲੱਖ ਮਧੂ ਮੱਖੀ ਕਾਲੋਨੀਆਂ ਪਲ ਰਹੀਆਂ ਹਨ ਅਤੇ ਇਨ੍ਹਾਂ ਕਾਲੋਨੀਆਂ ਵਿੱਚ ਪਲਣ ਵਾਲੀਆਂ ਇਟੈਲੀਅਨ ਮਧੂ ਮੱਖੀਆਂ ਸਾਲਾਨਾ 2,65,500 ਕੁਇੰਟਲ ਸ਼ਹਿਦ ਪੈਦਾ ਕਰ ਰਹੀਆਂ ਹਨ ਜੋ ਔਸਤਨ 37 ਕਿਲੋਗ੍ਰਾਮ ਪ੍ਰਤੀ ਕਾਲੋਨੀ ਬਣਦਾ ਹੈ । ਇਸ ਨਾਲ ਜਿੱਥੇ ਭਾਰਤੀ ਲੋਕਾਂ ਦੀ ਪੌਸ਼ਟਿਕ ਖੁਰਾਕ ਪੱਖੋਂ ਆਤਮ ਨਿਰਭਰਤਾ ਵਧੀ ਹੈ ਉਥੇ ਵਿਦੇਸ਼ੀ ਮੁਦਰਾ ਕਮਾਉਣ ਵਿੱਚ ਵੀ ਸਹਾਇਤਾ  ਮਿਲੀ ਹੈ ।

ਡਾ. ਧਾਲੀਵਾਲ ਨੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਸ਼ਹਿਦ ਤੋਂ ਆਪਣੀ ਆਮਦਨ ਵਧਾਉਣ ਲਈ ਮੰਡੀਕਰਨ ਚੇਤਨਾ ਤੇ ਜੋਰ ਦਿੰਦਿਆਂ ਕਿਹਾ ਹੈ ਕਿ ਵੰਡ ਪ੍ਰਣਾਲੀ ਵਿੱਚ ਆਪਣਾ ਹਿੱਸਾ ਵਧਾਇਆ ਜਾਵੇ ਅਤੇ ਜਿਹੜਾ ਮੁਨਾਫ਼ਾ ਸਟਾਕਿਸਟ, ਡਿਸਟ੍ਰੀਬਿਊਟਰ, ਡੀਲਰ ਅਤੇ ਸਬ ਡੀਲਰ ਆਪਸ ਵਿੱਚ ਵੰਡਦਾ ਹੈ ਉਹ ਕਮਾਈ ਆਪਣੀ ਜੇਬ ਵਿੱਚ ਵਧਾਈ ਜਾਵੇ । ਮਾਹਿਰ ਵਿਗਿਆਨੀਆਂ ਮੁਤਾਬਕ ਸ਼ਹਿਦ ਨੂੰ ਕਦੇ ਵੀ ਪੁਰਾਣੀਆਂ ਬੋਤਲਾਂ ਵਿੱਚ ਨਾ ਪਾਉ ਕਿਉਂਕਿ ਇਸ ਨਾਲ ਬਾਜ਼ਾਰ ਵਿੱਚ ਸਹੀ ਕੀਮਤ ਨਹੀਂ ਮਿਲਦੀ । ਬੰਦ ਮੂੰਹ ਵਾਲੀਆਂ ਬੋਤਲਾਂ ਕਾਮਯਾਬ ਨਹੀਂ ਹਨ ਸਗੋਂ ਇਨ੍ਹਾਂ ਵਿੱਚ ਸ਼ਹਿਦ ਜੰਮਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਭੁਲੇਖਿਆਂ ਨੂੰ ਜਨਮ ਦਿੰਦੀ ਹੈ । ਖੁੱਲ੍ਹੇ ਮੂੰਹ ਵਾਲੀ ਬੋਤਲ ਵਿੱਚ ਸ਼ਹਿਦ ਪਾ ਕੇ ਵੇਚਣਾ ਹੀ ਲਾਹੇਵੰਦ ਹੈ । ਪੈਕੇਜਿੰਗ ਉਪਰ ਵਧੇਰੇ ਧਿਆਨ ਦੇ ਕੇ ਕਮਾਈ ਵਧਾਈ ਜਾ ਸਕਦੀ ਹੈ ।

ਡਾ. ਨਿਰਮਲਜੀਤ ਸਿੰਘ ਧਾਲੀਵਾਲ ਅਤੇ ਡਾ. ਗੁਰਮੀਤ ਸਿੰਘ ਨੇ ਕਿਹਾ ਹੈ ਕਿ ਐਗਮਾਰਕ ਦੇ ਨਾਲ ਨਾਲ ਸਾਨੂੰ ਆਪਣਾ ਟਰੇਡ ਨਾਮ ਵੀ ਬੋਤਲ ਉਪਰ ਲਿਖਣਾ ਚਾਹੀਦਾ ਹੈ । ਸ਼ਹਿਦ ਉਤਪਾਦਕ ਦਾ ਨਾਮ ਡੱਬਾਬੰਦੀ ਦੀ ਤਰੀਕ, ਬੋਤਲ ਦੀ ਕੀਮਤ ਅਤੇ ਮਿਆਦ ਬਾਰੇ ਵੀ ਜਾਣਕਾਰੀ ਲਿਖਣੀ ਚਾਹੀਦੀ ਹੈ । ਸ਼ਹਿਦ ਦੀ ਖੁਰਾਕੀ ਮਹੱਤਤਾ ਬਾਰੇ ਜਾਣਕਾਰੀ ਪੱਤਰ ਵੀ ਖਪਤਕਾਰ ਨੂੰ ਦਿੱਤਾ ਜਾਵੇ ਤਾਂ ਇਸ ਨਾਲ ਸ਼ਹਿਦ ਦੀ ਵਿਕਰੀ ਨੂੰ ਹੋਰ ਹੁਲਾਰਾ ਘਰੇਲੂ ਮੰਡੀ ਵਿੱਚ ਵੀ ਮਿਲ ਸਕਦਾ ਹੈ । ਡਾ. ਧਾਲੀਵਾਲ ਨੇ ਕਿਹਾ ਹੈ ਕਿ ਵਿਆਹ ਸ਼ਾਦੀਆਂ ਵਿੱਚ ਵੀ ਡੱਬਾਬੰਦ ਸ਼ਹਿਦ ਵੰਡਣ ਦੀਆਂ ਕੁਝ ਮਿਸਾਲਾਂ ਸਾਹਮਣੇ ਆਈਆਂ ਹਨ ਅਤੇ ਇਸ ਨੂੰ ਸ਼ੁਭ ਸਗਨ ਵਜੋਂ ਹੋਰ ਅੱਗੇ ਵਧਾਉਣ ਦੀ ਲੋੜ ਹੈ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਿਦੇਸ਼ੀ ਮੰਡੀ ਵਿੱਚ ਵਿਕਰੀ ਸ਼ਹਿਦ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ 200 ਲੀਟਰ ਸਮਰਥਾ ਵਾਲੇ ਡਰੰਮ ਇਸ ਕਾਰਜ ਲਈ ਵਰਤਣੇ ਚਾਹੀਦੇ ਹਨ । ਇਸ ਅਕਾਰ ਦੇ ਡਰੰਮ ਵਿੱਚ 290 ਕਿਲੋ ਸ਼ਹਿਦ ਭਰਦਾ ਹੈ ਅਤੇ ਇਨ੍ਹਾਂ ਡਰੰਮਾਂ ਨੂੰ ਵਿਦੇਸ਼ਾਂ ਵਿੱਚ 20 ਫੁੱਟ ਲੰਮੇ ਕਨਟੇਨਰਾਂ ਵਿੱਚ ਲੱਦੋ । ਇਹ ਕੰਟੇਨਰ 2.85 ਟਨ ਸ਼ਹਿਦ ਲੈ ਜਾਣ ਦੇ ਸਮਰਥ ਹਨ । ਅੰਤਰਰਾਸ਼ਟਰੀ ਵਣਜ ਪ੍ਰਬੰਧ ਦੇ ਕੰਮ ਵਿੱਚ ਲੱਗੀਆਂ ਕੰਪਨੀਆਂ ਦੀ ਸਹਾਇਤਾ ਜਰੂਰ ਲਵੋ । ਉਨ੍ਹਾਂ ਆਖਿਆ ਕਿ ਵਿਦੇਸ਼ੀ ਗਾਹਕ ਸਲਫ਼ਰ ਅਤੇ ਹੋਰ ਭਾਰੀਆਂ ਧਾਤਾਂ ਦੀ ਰਲਾਵਟ ਤੋਂ ਬਗੈਰ ਸ਼ਹਿਦ ਦਾ ਗਾਹਕ ਹੈ ਅਤੇ ਉਹ ਆਮ ਤੌਰ ਤੇ ਇਕੋ ਸੋਮੇ ਤੋਂ ਲਏ ਸ਼ਹਿਦ ਨੂੰ ਵਧੇਰੇ ਪਸੰਦ ਕਰਦੇ ਹਨ । ਅੰਤਰਰਾਸ਼ਟਰੀ ਵਪਾਰ ਵਿੱਚ ਲੰਮੀ ਮਿਆਦ ਵਾਲੇ ਇਕਰਾਰਨਾਮੇ ਬਹੁਤ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਵਣਜ ਵਪਾਰ ਵੀ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸਾਨ ਭਰਾ ਇਕੱਠੇ ਹੋ ਕੇ ਮੰਡੀਕਰਨ ਨੂੰ ਆਪਣੇ ਹੱਥਾਂ ਵਿੱਚ ਲੈਣ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>