ਮਜੀਠੀਆ ਦੂਸ਼ਣਬਾਜੀ ਦੀ ਥਾਂ ਸਿਆਸੀ ਕਦਰਾਂ ਕੀਮਤਾਂ ਦੀ ਪਾਲਣਾ ਕਰੇ- ਪ੍ਰੋਂ ਸਰਚਾਂਦ ਸਿੰਘ

ਚੰਡੀਗੜ੍ਹ – ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਥਾਪੜਾ ਲੈ ਚੁੱਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਸਾਬਕਾ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਦੀ ਇਮਾਨਦਾਰੀ ਅਤੇ ਅਕਾਲੀ ਦਲ ਤੇ ਮਜੀਠੀਆ ਦੀ ਸਮਰਪਿਤ ਭਾਵਨਾ ਨਾਲ ਕੀਤੇ ਗਏ ਕੰਮਾਂ ’ਤੇ ਕੋਈ ਨੁਕਤਾਚੀਨੀ ਕਰਨ ਦੀ ਥਾਂ ਉਹਨਾਂ ਦੇ ਸਵਰਗਵਾਸੀ ਪਿਤਾ ਸ: ਕਾਬਲ ਸਿੰਘ ਦੇ ਪੰਚਾਇਤੀ ਚੋਣ ਹਾਰ ਜਾਣ ਨੂੰ ਲੈ ਕੇ ਮਜੀਠੀਆ ਦੇ ਇਸ਼ਾਰੇ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਣਾ ਲੋਪੋਕੇ ਵੱਲੋਂ ਕੀਤੀ ਗਈ ਦੂਸ਼ਣਬਾਜ਼ੀ ’ਤੇ ਅੱਜ ਪ੍ਰਤੀਕਰਮ ਦੌਰਾਨ ਪਲਟ ਵਾਰ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਮਜੀਠੀਆ ਦੇ ਹੱਥ ਠੋਕੇ ਕਰਿੰਦਿਆਂ ਵੱਲੋਂ ਕੀਤੀ ਗਈ ਦੂਸ਼ਣਬਾਜ਼ੀ ਕਿਸੇ ਵੀ ਸਭਿਆਚਾਰ ਜਾਂ ਤਹਿਜ਼ੀਬ ਵਿੱਚ ਨਹੀਂ ਆਉਂਦੇ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਸਵ: ਪਿਤਾ ’ਤੇ ਫਖਰ ਹੈ ਕਿ ਉਹਨਾਂ ਅੰਗਰੇਜਾਂ ਦਾ ਪਿਠੂ ਬਣ ਕੇ ਨਾ ਕੋਈ ਰੁਤਬਾ ਲਿਆ, ਨਾਹੀ ਦੇਸ਼ ਨਾਲ ਕੋਈ ਗਦਾਰੀ ਕੀਤੀ। ਨਾਹੀ ਉਹਨਾਂ ਰੇਤ , ਬਜਰੀ ਤੇ ਠੇਕਿਆਂ ਦੇ ਮਾਫੀਆ ਦਾ ਹਿਸਾ ਬਣੇ, ਸਗੋਂ ਇਮਾਨਦਾਰੀ ਨਾਲ ਸਾਦਾ ਜੀਵਨ ਬਸਰ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਨਾ ਕਿਸਾਨ ਕਤਲ ਕਰਵਾਏ ਨਾ ਹੀ ਲੋਕਾਂ ਦੀਆਂ ਜਮੀਨਾਂ ’ਤੇ ਕਬਜ਼ੇ ਕੀਤੇ ਹਨ।

ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਨੇ ਕਿਵੇਂ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਅਤੇ ਆਪਣੇ ਚਹੇਤਿਆਂ ਕੋਲੋਂ ਗੱਫੇ  ਲੈ ਕੇ ਉਹਨਾਂ ਨੂੰ ਸਰਪੰਚੀਆਂ ਤੇ ਪੰਚੀਆਂ ਸੌਂਪਿਆਂ, ਇਸ ਸੰਬੰਧੀ ਹਲਕਾ ਮਜੀਠਾ ਤੇ ਰਾਜਾਸਾਂਸੀ ਵਿੱਚ ਦਰਜਨਾਂ ਕੇਸ ਮੀਡੀਆ ਵਿੱਚ ਸੁਰਖ਼ੀਆਂ ਬਣੀਆਂ ਰਹੀਆਂ।  ਸ਼੍ਰੋਮਣੀ ਕਮੇਟੀ ਮੈਂਬਰ ਭਿਟੇਵਡ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹ ਤਾਂ ਕਾਂਗਰਸ ਦੇ ਥੰਮ੍ਹ ਨਹੀਂ ਪਰ ਭਿੱਟੇਵਡ ਆਪਣੇ ਆਪ ਨੂੰ ਅਕਾਲੀ ਦਲ ਦਾ ਥੰਮ੍ਹ ਗਿਣਦੇ ਹਨ 2008 ਦੀਆਂ ਹੋਈਆਂ ਪੰਚਾਇਤੀ ਚੋਣਾਂ ਸਮੇਂ ਮੂਧੜੇ ਮੂੰਹ ਡਿੱਗੇ ਸਨ, ਤੇ ਆਪਣੇ ਪਿੰਡ ਵਿੱਚੋਂ ਹੀ ਬੁਰੀ ਤਰਾਂ ਹਾਰੇ ਸਨ ਤੇ ਬਾਅਦ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਧੱਕੇ ਨਾਲ ਹੀ ਸਤਨਾਮ ਸਿੰਘ ਨੂੰ ਸਰਪੰਚ ਬਣਾ ਦਿੱਤਾ ਜੋ ਹਾਈ ਕੋਰਟ ਵਿੱਚ ਕੇਸ ਹਾਰ ਜਾਣ ਉਪਰੰਤ ਉਹਨਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਲਖਵਿੰਦਰ ਸਿੰਘ ਨੂੰ 22 ਮਾਰਚ ਵਾਲੇ ਦਿਨ ਐਸ ਡੀ ਐਮ ਅਜਨਾਲਾ ਵੱਲੋਂ ਪਿੰਡ ਭਿੱਟੇਵਡ ਦਾ ਸਰਪੰਚ  ਬਣਾ ਦਿੱਤਾ ਗਿਆ ਅਤੇ ਦੋਸ਼ੀ ਅਧਿਕਾਰੀ ਸਸਪੈਂਡ ਹੋਏ। ਉਹਨਾਂ ਇਹ ਵੀ ਦੱਸਿਆ ਕਿ ਪਿੰਡ ਖਿਆਲਾ ਕਲਾਂ ਦਾ ਸਰਪੰਚ ਹੋਣ ਦਾ ਦਾਅਵਾ ਕਰਨ ਵਾਲਾ ਜ਼ੈਲਦਾਰ ਸਰਬਜੀਤ ਸਿੰਘ ਅੱਜ ਤਕ ਧੱਕੇ ਨਾਲ ਹੀ ਬਿਨਾ ਕੋਰਮ  ਸਰਪੰਚ ਅਖਵਾਉਂਦਾ ਫਿਰਦਾ ਹੈ ਜਿਸ ਦੇ ਸਰਪੰਚੀ ਵਿਰੁੱਧ ਐਸ ਡੀ ਐਮ (ਇੱਕ) ਅੰਮ੍ਰਿਤਸਰ ਦੀ ਅਦਾਲਤ ਵਿੱਚ ਕੇਸ ਚਲ ਰਿਹਾ ਹੈ। ਰਾਣਾ ਲੋਪੋਕੇ ਜੋ ਕਿ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦਾ ਫਰਜ਼ੰਦ ਹੈ ਬਾਰੇ ਉਹਨਾਂ ਕਿਹਾ ਕਿ ਜੇ ਉਸ ਵਿੱਚ ਦਮ ਸੀ ਤਾਂ ਉਸ ਨੇ ਪੰਚਾਇਤੀ ਚੋਣ ਸਮੇਂ ਦੂਜਿਆਂ ਦੇ ਕਾਗ਼ਜ਼ ਕਿਉ ਰੱਦ ਕਰਵਾਏ ਤੇ ਬਿਨਾ ਮੁਕਾਬਲਾ ਜੇਤੂ ਹੋਇਆ। ਅਜਿਹਾ ਹੀ ਉਹਨਾਂ ਆਪਣੀ ਮਾਤਾ ਦੀ ਸ਼੍ਰੋਮਣੀ ਕਮੇਟੀ ਦੀ ਚੋਣਾਂ ਵਿੱਚ ਕੀਤਾ।

ਉਹਨਾਂ ਕਿਹਾ ਕਿ ਲੋਕਤੰਤਰ ਦੀਆਂ ਧੱਜੀਆਂ ਉਡਾ ਕੇ ਘਾਣ ਕਰਨ ਵਾਲੇ ਕਿਸ ਮੂੰਹ ਨਾਲ ਉਹਨਾਂ ਦੇ ਸਵ: ਪਿਤਾ ਬਾਰੇ ਦੂਸ਼ਣਬਾਜ਼ੀ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਸਵ: ਪਿਤਾ ਨੂੰ ਅਕਾਲੀ ਆਗੂਆਂ ਨੇ ਹੀ ਖੜ੍ਹਾ ਕੀਤਾ ਤੇ ਸਾਜ਼ਿਸ਼ ਤਹਿਤ ਹਰਾਇਆ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਪਿਤਾ ਦੀ ਚੋਣ ਅੱਗੇ ਹੋ ਕੇ ਨਹੀਂ ਲੜੀ ਪਰ ਬਿਕਰਮ ਮਜੀਠੀਆ ਦੀ ਚੋਣ ਉਸ ਵਕਤ ਅੱਗੇ ਹੋ ਕੇ ਲੜੀ ਸੀ ਜਦੋਂ ਮਜੀਠੀਆ ਨੂੰ ਮਾਝੇ ਦੀ ਸਿਆਸਤ ਦਾ ੳ ਅ. ਵੀ ਨਹੀਂ ਸੀ ਆਉਂਦਾ, ਤੇ ਉਹਨਾਂ ਦਾ ਸਿਆਸੀ ਤੇ ਮੀਡੀਆ ਸਲਾਹਕਾਰ ਬਣ ਕੇ ਉਹਨਾਂ ਨੂੰ ਵੱਡੀ ਜਿੱਤ ਦਵਾਈ। ਜਿਸ ਬਾਰੇ ਮਜੀਠੀਆ ਖੁਦ ਕਈ ਵਾਰ ਉਹਨਾਂ ਨੂੰ ਵੱਡੇ ਇਕੱਠਾਂ ਵਿੱਚ ਸਿਹਰਾ ਦੇ ਚੁੱਕੇ ਹਨ।

ਉਹਨਾਂ ਕਿਹਾ ਕਿ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਮਜੀਠੀਆ ਵੱਲੋਂ ਆਪਹੁਦਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਮਾਝੇ ਦੇ ਚੋਟੀ ਦੇ ਅਕਾਲੀ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੰਸਦੀ ਦਲ ਦੇ ਆਗੂ ਡਾ: ਰਤਨ ਸਿੰਘ ਅਜਨਾਲਾ ਵਰਗਿਆਂ ਨੂੰ ਆਪਣੇ ਲਤ ਥਲਿਓ ਲਘਾਉਣ ਦੀ ਸੋਚ ਦੇ ਕਾਰਨ ਟਕਸਾਲੀ ਅਕਾਲੀ ਆਗੂ ਅਕਾਲੀ ਦਲ ਤੋਂ ਮੂੰਹ ਮੋੜ ਰਹੇ ਹਨ ਤਾਂ ਉਸ ਵੱਲੋਂ ਅਜਿਹੇ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਜਾਣ ਤੋਂ ਬਾਅਦ ਵੀ ਉਹ ਬਿਕਰਮ ਮਜੀਠੀਆ ਨੂੰ ਸੁਝਾਅ ਦਿੰਦੇ ਹਨ ਕਿ ਉਹ ਹੋਛੀਆਂ ਹਰਕਤਾਂ ’ਤੇ ਨਾ ਉੱਤਰੇ ਸਗੋਂ ਸਿਆਸੀ ਕਦਰਾਂ ਕੀਮਤਾਂ ਦੀ ਪਾਲਣਾ ਕਰੇ।
ਉਹਨਾਂ ਕਿਹਾ ਕਿ ਮਜੀਠੀਆ ਕਿਸੇ ਤਰਾਂ ਵੀ ਹੋਛੇ  ਹੱਥ ਕੰਡੇ ਅਪਣਾ ਕੇ ਵੀ ਉਸ ਦੇ ਮਨੋਬਲ ਨੂੰ ਨਹੀਂ ਡੇਗ ਸਕੇਗਾ। ਉਹਨਾਂ ਦੱਸਿਆ ਕਿ ਕਈ ਅਕਾਲੀ ਆਗੂ ਤੇ ਸਰਗਰਮ ਵਰਕਰ ਉਹਨਾਂ ਦੇ ਸੰਪਰਕ ਵਿੱਚ ਹਨ ਜੋ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਢੁਕਵੇਂ ਸਮੇਂ ਅਤੇ ਚੋਣ ਜ਼ਾਬਤਾ ਲੱਗਣ ਦੀ ਉਡੀਕ ਵਿੱਚ ਹਨ।

ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਰਾਜਾਸਾਂਸੀ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਤੇ ਮਜੀਠਾ ਤੋਂ ਸੁਖਜਿੰਦਰ ਲਾਲ ਸਿੰਘ ਲਾਲੀ ਮਜੀਠੀਆ ਆਦਿ ਲੋਕਾਂ ਦੇ ਹਿਤਾਂ ਵਿੱਚ ਹਮੇਸ਼ਾ ਖਲੋਣ ਵਾਲਿਆਂ ਦੇ ਹੱਕ ਵਿੱਚ ਲੋਕ ਫਤਵਾ ਦੇ ਕੇ ਗੁੰਡਿਆਂ ਦਾ ਰਾਜ ਖਤਮ ਕਰਦੇਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>