ਜਦੋਂ ਕੁੜੀ ਨੂੰ ਝੀਲ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਗਿਆ

ਵੀਹ ਕੁ ਵਰ੍ਹੇ ਪਹਿਲਾ ਦੀ ਗੱਲ ਹੈ ਕਿ ਬਠਿੰਡੇ ਤੋਂ ਸੇਠ ਗਿਆਨ ਚੰਦ ਜੀ ਆਪਣੀ ਬੇਟੀ ਸਸੀ ਨਾਲ ਮੇਰੇ ਘਰ ਆਏ। ਸਸੀ ਦੀਆਂ ਅੱਖਾਂ ਵਿਚ ਹੰਝੂ ਕੱਪੜੇ ਗਿੱਲੇ ਤੇ ਵਾਲ ਖਿੱਲਰੇ ਹੋਏ ਸਨ। ਮੇਰੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ‘‘ਹੁਣੇ ਇਸਨੂੰ ਥਰਮਲ ਪਲਾਂਟ ਦੀ ਝੀਲ ਵਿਚੋਂ ਬਾਹਰ ਕੱਢ ਕੇ ਤੁਹਾਡੇ ਪਾਸ ਹੀ ਲੈ ਕੇ ਆਏ ਹਾਂ।’’ ਮੈਂ ਉਹਨਾਂ ਨੂੰ ਬਿਠਾ ਲਿਆ ਚਾਹ ਪਾਣੀ ਪਿਆ ਕੇ ਗੱਲ ਪੂਰੀ ਤਰ੍ਹਾਂ ਸਪੱਸ਼ਟ ਕਰਨ ਲਈ ਕਿਹਾ।

ਉਨ੍ਹਾਂ ਨੇ ਦੋ ਕੁ ਸਾਲ ਪਹਿਲਾਂ ਆਪਣੀ ਲਾਡਲੀ ਧੀ ਸਸੀ ਦਾ ਵਿਆਹ ਪੂਰੇ ਚਾਵਾਂ ਨਾਲ ਗੰਗਾ ਨਗਰ ਵਿਖੇ ਕੀਤਾ ਸੀ। ਸਹੁਰਾ ਪਰਿਵਾਰ ਅਤੇ ਪਤੀ ਬਹੁਤ ਹੀ ਚੰਗੇ ਸਨ। ਪਤਾ ਹੀ ਨਹੀਂ ਲੱਗਿਆ ਕਿ ਦੋ ਸਾਲ ਕਿਵੇਂ ਲੰਘ ਗਏ। ਦੋ ਕੁ ਹਫ਼ਤੇ ਪਹਿਲਾਂ ਸਸੀ ਦੇ ਸਹੁਰਿਆਂ ਦੇ ਘਰ ਸੁਨੇਹਾ ਆ ਗਿਆ ਕਿ ਜੈਪੁਰ ਵਿਆਹੀ ਉਸਦੀ ਨਣਦ ਆਸਾ ਦੇ ਦਿਉਰ ਦਾ ਵਿਆਹ ਧਰਿਆ ਹੋਇਆ ਹੈ। ਸਾਰਾ ਪਰਿਵਾਰ ਖੁਸ਼ੀ ਖੁਸ਼ੀ ਉਸ ਵਿਚ ਸ਼ਾਮਿਲ ਹੋਣ ਲਈ ਜੈਪੁਰ ਲਈ ਰਵਾਨਾ ਹੋ ਗਿਆ। ਵਿਆਹ ਵਧੀਆ ਢੰਗ ਨਾਲ ਸੰਪੂਰਨ ਹੋ ਗਿਆ। ਸਾਰੇ ਮਹਿਮਾਨਾਂ ਨੇ ਜੀਅ ਭਰ ਕੇ ਆਨੰਦ ਲੁਟਿਆ ਤੇ ਇਕ ਦੂਜੇ ਨੂੰ ਠੱਠਾ ਮਖੌਲ ਕੀਤਾ। ਗੰਗਾ ਨਗਰ ਵਾਲਾ ਸਮੁੱਚਾ ਪਰਿਵਾਰ ਗੰਗਾ ਨਗਰ ਨੂੰ ਮੁੜ ਆਇਆ। ਅਜੇ ਘਰ ਪਹੁੰਚੇ ਹੀ ਸਨ ਕਿ ਲੈਂਡ ਲਾਈਨ ਤੇ ਫੋਨ ਆ ਗਿਆ ਕਿ ਘਰ ਦੀ ਨੂੰਹ ਸਸੀ ਨੂੰ ਲੈ ਕੇ ਤੁਰੰਤ ਜੈਪੁਰ ਪੁੱਜੋ।

ਸਸੀ ਅਤੇ ਉਸਦਾ ਘਰ ਵਾਲਾ ਮੁੜਦੇ ਪੈਰੀਂ ਹੀ ਜੈਪੁਰ ਨੂੰ ਚੱਲ ਪਏ। ਪੁੱਜ ਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਆਹ ਵਾਲੇ ਦਿਲ ਘਰ ਵਿਚੋਂ ਗਹਿਣੇ ਚੋਰੀ ਹੋ ਗਏ। ਲਗਭਗ ਤੀਹ ਤੋਲੇ ਸੋਨਾ ਗਾਇਬ ਸੀ। ਘਰ ਵਾਲੇ ਪਹਿਲਾਂ ਹੀ ਹਜਰਾਇਤ ਕਢਵਾ ਚੁੱਕੇ ਸਨ। ਹਜਰਾਇਤ ਕਢਵਾਉਣ ਲਈ ਕਿਸੇ ਜੋਤਸ਼ੀ ਜੀ ਕੋਲ ਪੁੱਜੇ। ਜੋਤਸ਼ੀ ਜੀ ਨੇ ਪਰਿਵਾਰ ਦੀ ਇੱਕ ਬਾਰਾਂ ਸਾਲਾ ਲੜਕੀ ਨੂੰ ਮੰਗਵਾ ਕੇ ਬਿਠਾ ਲਿਆ। ਉਸਦੇ ਅੰਗੂਠੇ ਨੂੰ ਨੀਲੀ ਚਮਕਦਾਰ ਦਵਾਈ ਲਾ ਦਿੱਤੀ ਗਈ। ਇਹ ਦਵਾਈ ਆਮ ਤੌਰ ਤੇ ਪੇਂਡੂ ਡਾਕਟਰਾਂ ਕੋਲ ਉਪਲਬਧ ਹੁੰਦੀ ਹੈ ਜੋ ਜਲੇ ਹੋਏ ਜ਼ਖਮ ਤੇ ਲਾਉਦੇ ਨ। ਲੜਕੀ ਨੂੰ ਆਪਣੇ ਅੰਗੂਠੇ ਵੱਲ ਵੇਖਣ ਲਈ ਕਿਹਾ ਗਿਆ। ਲੜਕੀ ਜੋਤਸ਼ੀ ਜੀ ਦੇ ਪ੍ਰਭਾਵ ਵਿਚ ਆ ਗਈ। ਜੋਤਸ਼ੀ ਜੀ ਨੇ ਉਸਨੂੰ ਪੁੱਛਿਆ ਕਿ ਤੈਨੂੰ ਚੋਰੀ ਕਰਦੀ ਕੋਈ ਇਸਤਰੀ ਨਜ਼ਰ ਆ ਰਹੀ ਹੈ। ਉਸਨੇ ਕੱਪੜੇ ਕਿਹੜੇ ਰੰਗ ਦੇ ਪਾਏ ਹਨ, ਤਾਂ ਉਹ ਅੰਗੂਠੇ ਵੱਲ ਵੇਖਦੀ ਹੋਈ ਕਹਿਣ ਲੱਗੀ ‘‘ਮੈਨੂੰ ਹਰੇ ਸੂਟ ਵਾਲੀ ਕੋਈ ਇਸਤਰੀ ਚੋਰੀ ਕਰਦੀ ਨਜ਼ਰ ਆ ਰਹੀ ਹੈ।’’

ਬੱਸ ਇਹ ਕਹਿਣ ਦੀ ਦੇਰ ਸੀ ਪਰਿਵਾਰ ਵਾਲੇ ਸੋਚਣ ਲੱਗੇ ਕਿ ਵਿਆਹ ਵਿਚ ਸ਼ਾਮਿਲ ਉਹ ਇਸਤਰੀਆਂ ਕਿਹੜੀਆਂ-ਕਿਹੜੀਆਂ ਸਨ ਜਿਨ੍ਹਾਂ ਨੇ ਹਰੇ ਰੰਗ ਦੇ ਕੱਪੜੇ ਪਾਏ ਸਨ? ਕੁੱਲ ਮਿਲਾ ਕੇ ਉਨ੍ਹਾਂ ਨੇ ਸਸੀ ਸਮੇਤ ਅਜਿਹੀਆਂ ਅੱਠ ਇਸਤਰੀਆਂ ਦੀ ਲਿਸਟ ਬਣਾ ਲਈ। ਇਨ੍ਹਾਂ ਅੱਠ ਇਸਤਰੀਆਂ ਨੂੰ ਜੋਤਸ਼ੀ ਜੀ ਪਾਸ ਲਿਜਾਇਆ ਗਿਆ। ਜੋਤਸ਼ੀ ਜੀ ਨੇ ਇਨ੍ਹਾਂ ਅੱਠ ਇਸਤਰੀਆਂ ਨੂੰ ਅਰਧ ਗੋਲ ਚੱਕਰ ਵਿਚ ਬਿਠਾ ਲਿਆ ਤੇ ਆਪਣੀ ਚੌਂਕੀ ਸਾਹਮਣੇ ਲਾ ਲਈ। ਸਾਰੀਆਂ ਇਸਤਰੀਆਂ ਨੂੰ ਸੰਬੋਧਿਤ ਹੁੰਦੇ ਹੋਏ ਜੋਤਸ਼ੀ ਜੀ ਕਹਿਣ ਲੱਗੇ, ‘‘ਮੈਂ ਤੁਹਾਨੂੰ ਥੋੜ੍ਹੀ ਜਿਹੀ ਰੂੰ ਹਰ ਇਕ ਨੂੰ ਫੜਾ ਰਿਹਾ ਹਾਂ। ਤੁਸੀਂ ਇਸ ਰੂੰ ਦੀ ਬੱਤੀ ਵੱਟਣੀ ਹੈ। ਜਿਸ ਇਸਤਰੀ ਦੇ ਹੱਥ ਵਿਚ ਬੱਤੀ ਅੱਗ ਫੜ ਲਵੇਗੀ। ਗਹਿਣੇ ਉਸ ਨੇ ਚੋਰੀ ਕੀਤੇ ਹੋਣਗੇ।’’ ਰੂੰ ਫੜਾ ਦਿੱਤੀ ਗਈ। ਬੱਤੀਆਂ ਵੱਟਣ ਦਾ ਕੰਮ ਸ਼ੁਰੂ ਹੋ ਗਿਆ। ਸੱਸੀ ਦੇ ਹੱਥ ਵਿਚਲੀ ਬੱਤੀ ਨੇ ਅੱਗ ਫੜ ਲਈ। ਬੱਸ ਸਾਰਾ ਇਲਜਾਮ ਸਸੀ ਉਪਰ ਆ ਗਿਆ।

ਸਸੀ ਦੇ ਗੰਗਾ ਨਗਰ ਵਾਲੇ ਸਹੁਰਿਆਂ ਨੇ ਆਪਣੀ ਧੀ ਜਮਾਈ ਨੂੰ ਸਮਝਾਉਣ ਲਈ ਹਰ ਹੀਲਾ ਵਰਤਿਆ ਕਿ ਸਸੀ ਅਜਿਹੀ ਨਹੀਂ ਹੈ ਤੇ ਨਾ ਹੀ ਉਸਦੇ ਮਾਪੇ ਅਜਿਹੇ ਹਨ। ਉਸ ਦਿਨ ਤੋਂ ਹੀ ਸੱਸੀ ਦੇ ਚਿਹਰੇ ਤੇ ਨਮੋਸੀ ਰਹਿਣ ਲੱਗ ਪਈ। ਹਰ ਵੇਲੇ ਇਹ ਸੋਚ ਹੀ ਉਸਦੇ ਦਿਮਾਗ਼ ਨੂੰ ਉਲਝਾਈ ਰਖਦੀ। ਸਸੀ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਉਹ ਉਸਨੂੰ ਬਠਿੰਡੇ ਲੈ ਆਏ। ਉਸਦਾ ਬਾਪ ਸੋਨਾ ਖ੍ਰੀਦ ਵੀ ਲਿਆਇਆ ਕਿ ਆਪਣੀ ਧੀ ਨੂੰ ਸੁਖੀ ਰੱਖਣ ਲਈ ਉਹ ਕੁੱਝ ਵੀ ਕਰਨ ਨੂੰ ਤਿਆਰ ਸੀ ਪਰ ਸਸੀ ਨੇ ਅਜਿਹਾ ਕਰਨ ਤੋਂ ਮਨਾਂ ਕਰ ਦਿੱਤਾ।

ਇੱਕ ਦੋ ਦਿਨਾਂ ਬਾਅਦ ਬਗ਼ੈਰ ਕਿਸੇ ਨੂੰ ਕੁਝ ਦੱਸੇ ਸਸੀ ਘਰੋਂ ਗਾਇਬ ਹੋ ਗਈ। ਘਰ ਵਾਲਿਆਂ ਨੂੰ ਉਸ ਸਮੇਂ ਹੀ ਪਤਾ ਲੱਗਿਆ ਜਦੋਂ ਕਿਸੇ ਦਿਆਲੂ ਵਿਅਕਤੀ ਨੇ ਥਰਮਲ ਦੀ ਝੀਲ ਵਿੱਚੋਂ ਬਾਹਰ ਕੱਢਕੇ ਉਸਨੂੰ ਡੁੱਬਣੋ ਬਚਾ ਲਿਆ। ਉਸਦੇ ਪਿਤਾ ਜੀ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਬਰਨਾਲੇ ਵਾਲੇ ਤਰਕਸ਼ੀਲਾਂ ਦੀ ਇਸ ਕੰਮ ਵਿਚ ਮੱਦਦ ਲਈ ਜਾਵੇ।

ਪਰਿਵਾਰ ਮੇਰੇ ਕੋਲ ਆ ਗਿਆ। ਇਸ ਕਿਸਮ ਦਾ ਇਹ ਕੇਸ ਮੇਰੇ ਲਈ ਪਹਿਲਾਂ ਸੀ। ਮੈਂ ਪਰਿਵਾਰ ਵਾਲਿਆਂ ਨੂੰ ਦੂਸਰੇ ਦਿਨ ਮੇਰੇ ਕੋਲ ਆਉਣ ਲਈ ਕਿਹਾ। ਅਗਲੇ ਦਿਨ ਮੈਂ ਸਕੂਲ ਦੀ ਪ੍ਰਯੋਗਸ਼ਾਲਾ ਵਿਚ ਪਹੁੰਚ ਗਿਆ। ਮੈਂ ਇਹ ਤਾਂ ਜਾਣਦਾ ਸੀ ਕਿ ਰੂੰ ਨੂੰ ਅੱਗ ਲਾਉਣ ਲਈ ਚਿੱਟੇ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੋਵੇਗੀ। ਪਰ ਮੈਂ ਇਸ ਦੀ ਵਰਤੋਂ ਬਾਰੇ ਕੋਈ ਅਮਲੀ ਜਾਣਕਾਰੀ ਨਹੀਂ ਸੀ ਰੱਖਦਾ। ਜਦੋਂ ਮੈਂ ਚਿੱਟੇ ਫਾਸਫੋਰਸ ਦਾ ਟੁਕੜਾ ਰੱਖਿਆ ਤੇ ਇਸਨੂੰ ਵੱਟਣਾ ਸਰ ਕੀਤਾ ਤਾਂ ਫਾਸਫੋਰਸ ਹੱਥ ਦੀ ਰਗੜ ਨਾਲ ਪੈਦਾ ਹੋਈ ਗਰਮੀ ਕਰਕੇ ਪਿਘਲ ਗਿਆ ਜੋ ਹੱਥ ਨੂੰ ਚਿੰਬੜ ਗਿਆ। ਹੱਥ ਵੀ ਜਲਣਾ ਸ਼ੁਰੂ ਹੋ ਗਿਆ। ਮੈਂ ਹੱਥ ਤੋਂ ਅੱਗ ਬੁਝਾਉਣ ਲਈ ਕਈ ਚੀਜ਼ਾਂ ਨਾਲ ਰਗੜਿਆ ਫਾਸਫੋਰਸ ਹਰ ਚੀਜ਼ ਨੂੰ ਚਿੰਬੜ ਜਾਵੇ ਤੇ ਉਹ ਚੀਜ਼ ਜਲਣੀ ਸ਼ੁਰੂ ਹੋ ਜਾਵੇ।
ਦੋ ਚਾਰ ਮਿੰਟ ਅਸਫਲ ਰਹਿਣ ਤੋਂ ਬਾਅਦ ਮੈਂ ਇਹ ਜਾਣ ਗਿਆ ਕਿ ਬੱਤੀ ਵਿਚ ਫਾਸਫੋਰਸ ਸਰੋਂ ਦੇ ਦਾਣੇ ਜਿੰਨਾ ਹੀ ਪਾਉਣਾ ਹੈ ਤੇ ਯਤਨ ਕਰਨਾ ਹੈ ਇਹ ਰੂੰ ਵਿਚ ਹੀ ਲਿਪਟਿਆ ਰਹੇ।

ਪਰਿਵਾਰ ਨੂੰ ਮੈਂ ਸਾਰੀ ਗੱਲ ਸਮਝਾ ਦਿੱਤੀ ਤੇ ਕਰਕੇ ਵਿਖਾ ਵੀ ਦਿੱਤਾ ਤੇ ਉਨ੍ਹਾਂ ਤੋਂ ਇਹ ਟਰਿੱਕ ਕਰਵਾ ਕੇ ਵੇਖ ਲਿਆ। ਇਸ ਤੋਂ ਬਾਅਦ ਮੈਂ ਪਰਿਵਾਰ ਨੂੰ ਸਲਾਹ ਦਿੱਤੀ ਕਿ ‘‘ਹੁਣ ਤੁਸੀਂ ਗੰਗਾਨਗਰ ਵਾਲੇ ਪਰਿਵਾਰ ਨੂੰ ਨਾਲ ਲੈ ਕੇ ਜੈਪੁਰ ਉਸੇ ਜੋਤਸ਼ੀ ਦੇ ਘਰ ਪੁੱਜੋ ਤੇ ਰੂੰ ਫੜ੍ਹਾ ਕੇ ਬੱਤੀ ਵੱਟਣ ਲਈ ਕਹੋ। ਫਿਰ ਪੁਛਿਓ ਹੁਣ ਚੋਰੀ ਕਿਸ ਨੇ ਕੀਤੀ ਹੋਈ।’’ ਸਸੀ ਦੇ ਚਿਹਰੇ ’ਤੇ ਮੁਸਕਰਾਹਟ ਆ ਗਈ ਤੇ ਕਹਿਣ ਲੱਗੀ ‘‘ਹੁਣ ਦੇਊ ਮੈਂ ਜੋਤਸ਼ੀ ਨੂੰ ਧਨੇਸੜੀ’’ ਕੁਝ ਦਿਨਾਂ ਬਾਅਦ ਸੇਠ ਗਿਆਨ ਚੰਦ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ  ਦੋਵੇਂ ਪਰਿਵਾਰਾਂ ਦੀ ਤਸੱਲੀ ਹੋ ਗਈ ਹੈ ਤੇ ਨਾਲੇ ਜੋਤਸ਼ੀ ਜੀ ਤੋਂ ਵੀ ਨੱਕ ਨਾਲ ਲਕੀਰਾਂ ਕੱਢਾ ਲਈਆਂ ਹਨ ਤੇ ਕੁੜੀ ਵੀ ਪੂਰੀ ਤਰ੍ਹਾਂ ਸੁਖੀ ਵੱਸਦੀ ਹੈ।

This entry was posted in ਲੇਖ.

One Response to ਜਦੋਂ ਕੁੜੀ ਨੂੰ ਝੀਲ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਗਿਆ

  1. Bhamrah says:

    Very good 2 ghar tutanoo bach gye

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>