ਮਨਪ੍ਰੀਤ ਨੂੰ ਗਹਿਰਾ ਝਟਕਾ ਬਰਾੜ ਤੇ ਢਿੱਲੋਂ ਕਾਂਗਰਸ ਵਿਚ ਸ਼ਾਮਿਲ

ਚੰਡੀਗੜ – ਸਾਂਝੇ ਮੋਰਚੇ ਨੂੰ ਅੱਜ ਉਸ ਵੇਲੇ ਗਹਿਰਾ ਝਟਕਾ ਲਗਾ ਜਦੋਂ ਇਸ ਵਿੱਚ ਸ਼ਾਮਿਲ ਪ੍ਰਮੁੱਖ ਰਾਜਸੀ ਪਾਰਟੀ ਪੀਪਲ ਪਾਰਟੀ ਆਫ਼ ਪੰਜਾਬ ਦੇ ਮੁਖੀ ਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਤਿ ਨਜਦੀਕੀ ਸਾਥੀ ਅਤੇ ਪੀ ਪੀ ਪੀ ਦੇ ਦੋ ਸੀਨੀਅਰ ਮੀਤ ਪ੍ਰਧਾਨਾਂ ਸ: ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਗੁਲਚੈਨ ਸਿੰਘ ਚਾੜਕ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ੍ਰੀਮਤੀ ਰਜਿੰਦਰ ਕੌਰ ਭੱਠਲ ਦੀ ਮੌਜੂਦਗੀ ਵਿੱਚ ਪੀ ਪੀ ਪੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਧਰਮਕੋਟ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਜੀਤ ਸਿੰਘ ਕਾਕਾ ਵੀ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਕਾਂਗਰਸੀ ਆਗੂਆਂ ਵੱਲੋਂ ਕਾਂਗਰਸ ਵਿੱਚ ਸ਼ਾਮਿਲ ਹੋਏ ਆਗੂਆਂ ਦਾ ਭਰਪੂਰ ਸਵਾਗਤ ਕੀਤਾ।

ਅੱਜ ਸਥਾਨਿਕ ਪਰੈਸ ਕਲੱਬ ਵਿਖੇ ਖਚਾ ਖੱਚ ਭਰੀ ਪਰੈਸ ਕਾਨਫਰੰਸ ਦੌਰਾਨ ਸ: ਬਰਾੜ ਤੇ ਸ: ਢਿੱਲੋਂ ਨੇ ਕਿਹਾ ਕਿ ਉਹਨਾਂ ਇਹ ਫੈਸਲਾ ਪੰਜਾਬ ਦੀ ਤਰੱਕੀ ਖੁਸ਼ਹਾਲੀ ਲਈ ਲਿਆ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਸਤਾ ਨੂੰ ਸਹੀ ਹੱਥਾਂ ਵਿੱਚ ਦੇਣ ਦੀ ਲੋੜ ਹੈ ਉਹ ਕਾਂਗਰਸ ਦੀਆਂ ਨੀਤੀਆਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹਨ।
ਇਸ ਮੌਕੇ ਸ: ਬਰਾੜ ਅਤੇ ਸ: ਢਿੱਲੋਂ ਨੇ ਮਨਪ੍ਰੀਤ ਬਾਦਲ ’ਤੇ ਕਈ ਗੰਭੀਰ ਦੋਸ਼ਾਂ ਦੀ ਝੜੀ ਲਾਉਂਦਿਆਂ ਕਿਹਾ ਕਿ  ਪੀ ਪੀ ਪੀ ਦੇ ਮੁਖੀ ਮਨਪ੍ਰੀਤ ਬਾਦਲ ਦੀ ਕਹਿਣੀ ਤੇ ਕਥਨੀ ਵਿੱਚ ਬਹੁਤ ਅੰਤਰ ਹੈ ਤੇ ਉਹ ਬਾਦਲ ਪਰਿਵਾਰ ਨਾਲ ਮਿਲ ਕੇ ਚਲ ਰਹੇ ਹਨ ਤੇ ਮਨਪ੍ਰੀਤ ਦਾ ਸੁਖਬੀਰ ਬਾਦਲ ਨਾਲ ਬਕਾਇਦਾ ਤਾਲਮੇਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਤੇ ਸੁਖਬੀਰ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਅਤੇ ਇੱਕ ਦੂਜੇ ਦੇ ਸਲਾਹ ਨਾਲ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ‘ਥੁੱਕ ਕੇ ਨਹੀਂ ਚੱਟ ਸਕਦੇ’। ਉਹਨਾਂ ਇਹ ਵੀ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕੋਈ ਹੈਰਾਨੀ ਦੀ ਗਲ ਨਹੀਂ ਕਿ ਆਉਂਦੇ ਭਵਿੱਖ ਦੌਰਾਨ ਮਨਪ੍ਰੀਤ ਬਾਦਲ ਪੀ ਪੀ ਪੀ ਦਾ ਅਕਾਲੀ ਦਲ ਵਿੱਚ ਰਲੇਵਾ ਕਰ ਲੈਣ। ਉਹਨਾਂ ਕਿਹਾ ਕਿ ਉਹ ਦੋਵੇਂ ਪੀਪਲ ਪਾਰਟੀ ਦੇ ਫਾੳਂੂਡਰ ਮੈਂਬਰ ਹਨ ਤੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਦੀਆਂ ਗਲਤ ਨੀਤੀਆਂ ਤੇ ਸੋਚ ਤੋਂ ਤੰਗ ਆ ਕੇ ਪੀਪਲ ਪਾਰਟੀ ਦਾ ਗਠਨ ਕਰਨ ਲਈ ਮਨਪ੍ਰੀਤ ਦਾ ਸਾਥ ਦਿੱਤਾ ਪਰ ਅੱਜ ਜਿਨ੍ਹਾਂ ਮੁੱਦਿਆਂ ਅਤੇ ਸੋਚ ਨੂੰ ਲੈ ਕੇ ਪੀ ਪੀ ਪੀ ਹੋਂਦ ਵਿੱਚ ਲਿਆਂਦੀ ਗਈ ਉਹ ਮੁੱਦੇ ਤੇ ਸੋਚ ਪੀ ਪੀ ਪੀ ਤੋਂ ਕਹੀ ਦੂਰ ਜਾ ਚੁੱਕੇ ਹਨ। ਉਹਨਾਂ ਕਿਹਾ ਕਿ  ਮਨਪ੍ਰੀਤ ਅੱਜ ਪੀ ਪੀ ਪੀ ਵਿੱਚ ਪਰਿਵਾਰਵਾਦ ਨੂੰ ਹੀ ਉਤਸ਼ਾਹਿਤ ਕਰ ਰਿਹਾ ਹੈ ਪੀ ਪੀ ਪੀ ਵਿੱਚ ਮਨਪ੍ਰੀਤ ਦੀ ਪਤਨੀ ਅਤੇ ਉਸ ਦਾ ਸਾਲਾ ਹੀ ਪਾਰਟੀ ਨੂੰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਪੀ ਪੀ ਪੀ ਵਿੱਚ ਕੋਈ ਵੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨਹੀਂ ਬਣਾਈ ਗਈ । ਉਹਨਾਂ ਇਹ ਵੀ ਦੱਸਿਆ ਕਿ ਪਾਰਟੀ ਨੀਤੀਆਂ ਅਨੁਸਾਰ ਪਾਰਟੀ ਕਿਸੇ ਤੋਂ ਪੈਸਾ ਇਕੱਠਾ ਨਹੀਂ ਕਰੇਗਾ, ਅਤੇ ਜੇ ਕੋਈ ਪਾਰਟੀ ਫੰਡ ਦੇਵੇਗਾ ਵੀ ਉਸ ਦਾ ਪੂਰਾ ਪੂਰਾ ਹਿਸਾਬ ਰੱਖਿਆ ਜਾਵੇਗਾ ਪਰ ਅੱਜ ਪਾਰਟੀ ਵਿੱਚ ਅਜਿਹਾ ਕੁੱਝ ਵੀ ਨਹੀਂ ਹੋ ਰਿਹਾ ਸਗੋਂ ਪਾਰਟੀ ਫੰਡਾਂ ਦਾ ਕੋਈ ਹਿਸਾਬ ਨਹੀਂ ਰੱਖਿਆ ਜਾ ਰਿਹਾ । ਉਹਨਾਂ ਖੁਲਾਸਾ ਕਰਦਿਆਂ ਦੱਸਿਆ ਕਿ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਪਾਰਟੀ ਦੇ ਨਾਮ ’ਤੇ ਵਿਦੇਸ਼ਾਂ ਵਿੱਚੋਂ ਪੈਸੇ ਇਕੱਠੇ ਕੀਤੇ ਹਨ ਪਰ ਉਹਨਾਂ ਨੂੰ ਨਿਰਾਸ਼ਾ ਹੋਈ ਕਿ ਉਹਨਾਂ ਪੈਸਿਆਂ ਦਾ ਪਾਰਟੀ ਕੋਲ ਕੋਈ ਹਿਸਾਬ ਮੌਜੂਦ ਨਹੀਂ । ਜੋ ਕਿ ਇੱਕ ਹਿਸਾਬ ਨਾਲ ਇਹ ਫੰਡ 50 ਹਜ਼ਾਰ ਡਾਲਰ ਤੋਂ ਵਧ ਹਨ।

ਉਹਨਾਂ ਕਿਹਾ ਕਿ ਕਾਂਗਰਸ ਹੀ ਇੱਕ ਧਰਮ-ਨਿਰਪੇਖ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਧਾਰਨੀ ਪਾਰਟੀ ਹੈ। ਉਹਨਾਂ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਸਦਾ ਅਤੇ ਉਤਸ਼ਾਹ ਦੇਣ ਲਈ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਚਾੜਕ, ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਭੱਠਲ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਉਹ ਬਿਨਾ ਸ਼ਰਤ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਤੇ ਪਾਰਟੀ ਨੀਤੀਆਂ ਅਨੁਸਾਰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਸੁਖਬੀਰ ਵੱਲੋਂ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀਆਂ ਤੋਂ ਅੱਕ ਚੁੱਕੇ ਹਨ ਇਸ ਵਾਰ ਅਕਾਲੀ ਦਲ ਨੂੰ ਕਰਾਰੀ ਹਾਰ ਦੇਣ ਦੇ ਮੂਡ ਵਿੱਚ ਹਨ।

ਪਰੈਸ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਆਗੂਆਂ ਦੇ ਆਉਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਈ ਹੈ। ਉਹਨਾਂ ਅਕਾਲੀ ਦਲ ਵੱਲੋਂ ਮੋਗੇ ਵਿੱਚ ਅੱਜ ਕੀਤੀ ਗਈ ਰੈਲੀ ਨੂੰ ਫਲਾਪ ਸ਼ੋਅ ਕਰਾਰ ਦਿੱਤਾ। ਰੈਲੀ ਵਾਲੀ ਥਾਂ ਤੋਂ ਆਏ ਇੱਕ ਐੱਸ ਐੱਮ ਐੱਸ ਦੇ ਹਵਾਲੇ ਨਾਲ  ਉਹਨਾਂ ਕਿਹਾ ਕਿ ਅਕਾਲੀ ਦਲ ਦਾਅਵੇ ਅਨੁਸਾਰ ਭੀੜ ਜੁਟਾਉਣ ਵਿੱਚ ਅਸਫਲ ਰਿਹਾ ਤੇ 5 ਲੱਖ ਦੀ ਥਾਂ 60 ਹਜ਼ਾਰ ਕੁਰਸੀਆਂ ਵੀ ਨਹੀਂ ਭਰ ਸਕੀਆਂ। ਉਹਨਾਂ ਕਿਹਾ ਹਾਲ ਹੀ ਵਿੱਚ ਕਿ ਕਾਂਗਰਸ ਦੀਆਂ 40 ਰੈਲੀਆਂ ਕੀਤੀਆਂ ਗਈਆਂ ਹਨ ਤੇ 25 ਹਜ਼ਾਰ ਦੀ ਹਰੇਕ ਰੈਲੀ ਵਿੱਚ ਆਈ ਗਿਣਤੀ ਦੇ ਹਿਸਾਬ ਨਾਲ ਕਾਂਗਰਸ 10 ਲੱਖ ਲੋਕਾਂ ਤਕ ਪਹੁੰਚ ਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਕਾਂਗਰਸ ਰਾਜ ਵਿੱਚ 4 ਮਹਾਂ ਰੈਲੀਆਂ ਕਰਨ ਜਾ ਰਹੀ ਹੈ। ਸਾਬਕਾ ਵਿਧਾਇਕ ਗਗਨਜੀਤ ਬਰਨਾਲਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਸੰਬੰਧੀ ਪੁੱਛੇ ਗਏ ਸਵਾਲ ਦੇ ਇੱਕ ਜਵਾਬ ਵਿੱਚ ਉਹਨਾਂ ਕਿਹਾ ਕਿ ਬਰਨਾਲਾ ਦਿਲੀ ਵਿਖੇ ਕਾਂਗਰਸੀ ਆਗੂਆਂ ਮਿਲ ਆਏ ਹਨ, ਪਰ ਉਹ ਆਪਣੀ ਸਮੁੱਚੀ ਪਾਰਟੀ ਨਾਲ ਕਾਂਗਰਸ ਵਿੱਚ ਸ਼ਾਮਿਲ ਹੋਵੇ ਤਾਂ ਉਸ ਦਾ ਸਵਾਗਤ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਗੁਲਚੈਲ ਸਿੰਘ ਚਾੜਕ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਦਾ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸਵਾਗਤ ਕੀਤਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਪਾਰਟੀ ਟਿਕਟਾਂ ਦਾ ਫੈਸਲਾ ਇੱਕ ਵਿਸ਼ੇਸ ਅਮਲ ਅਧੀਨ ਗੁਜ਼ਰਨ ਉਪਰੰਤ ਸਕਰੀਨਿੰਗ ਕਮੇਟੀ ਅਤੇ ਪਾਰਟੀ ਪ੍ਰਧਾਨ ਨੇ ਕਰਨਾ ਹੈ। ਉਹਨਾਂ ਦੱਸਿਆ ਕਿ ਹਾਲੇ ਟਿਕਟ ਲਈ ਕੋਈ ਵੀ ਪੈਨਲ ਨਹੀਂ ਬਣਾਇਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਕਈ ਭਾਜਪਾ ਸਮੇਤ ਕਈ ਆਗੂ ਉਹਨਾਂ ਨਾਲ ਸੰਪਰਕ ਸਾਧ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਹੀ ਇੱਕੋ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਲੋਕਤੰਤਰਿਕ ਤਰੀਕੇ ਨਾਲ ਕੰਮ ਕਰਦੀ ਹੈ।

ਇਸ ਮੌਕੇ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਵੀ ਕਾਂਗਰਸ ਵਿੱਚ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਨੌਜਵਾਨ ਵਰਗ ਕਾਂਗਰਸ ਨਾਲ ਜੁੜ ਰਿਹਾ ਹੈ। ਉਹਨਾਂ ਕਾਂਗਰਸ ਵਿੱਚ ਭਰੋਸਾ ਪ੍ਰਗਟ ਕਰਨ ਲਈ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਗੂਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਅਰਵਿੰਦ ਖੰਨਾ , ਕੈਪਟਨ ਸੰਦੀਪ ਸਿੰਘ ਸੰਧੂ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>