ਕੱਖਾਂ ਤੋਂ ਲੱਖਾਂ ਤੱਕ ਦਾ ਸਫਰ: ਪਿੰਡ ਕੱਦੋਂ

ਲੁਧਿਆਣਾ ਜਿਲੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੁਰਾਹੇ ਅਤੇ ਪਾਇਲ ਦੇ ਵਿਚਕਾਰ ਜੀ.ਟੀ. ਰੋਡ ਤੋਂ ਡੇਢ ਕਿਲੋਮੀਟਰ ਤੇ ਸਥਿਤ ਹੈ। ਪਿੰਡ ਕੱਦੋਂ ਦੇ ਵੱਡੇ ਵਡੇਰਿਆਂ ਦਾ ਪਿਛਾ ਰਾਜਸਥਾਨ ਨਾਲ ਵੀ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਜਸਥਾਨ ਦੇ ਪਿੰਡ ਹੱਦੋਂ ਤੋਂ ਛੰਦੜਾਂ ਪਿੰਡ ਵਿਚ ਆ ਕੇ ਕੱਦੋਂ ਦੇ ਨਿਵਾਸੀਆਂ ਦੇ ਪੂਰਵਜ ਵਸੇ ਸਨ। ਛੰਦੜਾਂ ਪਿੰਡ ਵਿਚ ਮਾਂਗਟ ਗੋਤ ਦੇ ਲੋਕ ਰਹਿੰਦੇ ਸਨ। ਰਾਜਸਥਾਨ ਤੋਂ ਆਏ ਮੁੰਡੀ ਗੋਤ ਦੇ ਲੋਕਾਂ ਅਤੇ ਮਾਂਗਟ ਗੋਤ ਦੇ ਲੋਕਾਂ ਦੀ ਆਪਸ ਵਿਚ ਲੜਾਈ ਹੋ ਗਈ, ਲੜਾਈ ਦੌਰਾਨ ਮੁੰਡੀ ਗੋਤ ਦੇ ਬਹੁਤੇ ਲੋਕ ਮਾਰੇ ਗਏ। ਜਿਹੜੇ ਬਾਕੀ ਬੱਚ ਗਏ, ਉਹ ਉਥੋਂ ਆ ਕੇ ਇਥੇ ਵੱਸ ਗਏ, ਹੱਦੋਂ ਦੀ ਥਾਂ ਤੇ ਕੱਦੋਂ ਪਿੰਡ ਬਣ ਗਿਆ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਬਾਬਾ ਸਿੱਧ ਵੀ ਉਥੋਂ ਦੀ ਲੜਾਈ ਸਮੇਂ ਜਖਮੀ ਹੋ ਕੇ ਇਥੇ ਆ ਕੇ ਉਹਨਾਂ ਦਾ ਧੜ ਠੰਡਾ ਹੋ ਗਿਆ ਸੀ ਕਿਉਕਿ ਸਿਧ ਪਰਮਾਤਮਾ ਨੂੰ ਪਹੁੰਚੇ ਹੋਏ ਗਿਣੇ ਜਾਂਦੇ ਸਨ। ਕੁਝ ਵਿਦਵਾਨ ਤਾਂ ਮੁੰਡੀ ਗੋਤ ਦਾ ਸਬੰਧ ਰੂਸ ਨਾਲੋਂ ਵੱਖ ਹੋਏ ਯੂਕਰੇਨ ਦੇਸ਼ ਨਾਲ ਵੀ ਜੋੜਦੇ ਹਨ ਤੇ ਕਹਿੰਦੇ ਹਨ ਕਿ ਮੁੰਡੀ ਗੋਤ ਦੇ ਲੋਕ ਯੂਕਰੇਨ ਦੇਸ਼ ਵਿਚ ਅੱਜ ਵੀ ਰਹਿ ਰਹੇ ਹਨ। ਯੂਕਰੇਨ ਦੇਸ਼ ਦੀ ਡਾਈਰੈਕਟਰੀ ਆਨ ਲਾਇਨ ਨਾ ਹੋਣ ਕਰਕੇ ਇਹ ਕਨਫਰਮ ਨਹੀਂ ਕੀਤਾ ਜਾ ਸਕਿਆ। ਪਾਇਲ ਤਹਿਸੀਲ ਦੇ ਪਿੰਡ ਰਾਮਪੁਰ, ਘੁਡਾਣੀ ਅਤੇ ਸਿਆੜ ਵਰਗੇ ਵੱਡੇ ਪਿੰਡਾਂ ਵਿਚ ਕੱਦੋਂ ਦੀ ਗਿਣਤੀ ਆਉਂਦੀ ਹੈ। ਇਹ ਪਿੰਡ ਕਿਸੇ ਸਮੇਂ ਰੇਤੇ ਦੇ ਵੱਡੇ ਵੱਡੇ ਟਿਬਿਆਂ ਦੇ ਦਰਮਿਆਨ ਘਿਰਿਆ ਹੋਇਆ ਸੀ। ਕਿਸੇ ਸਮੇਂ ਇਸ ਪਿੰਡ ਨੂੰ ਆਉਣ ਜਾਣ ਦੀ ਬੜੀ ਮੁਸ਼ਕਲ ਹੁੰਦੀ ਸੀ। ਸਾਈਕਲ ਤੇ ਜਾਣਾ ਅਸੰਭਵ ਸੀ, ਦੋਰਾਹੇ ਨੂੰ ਲੋਕ ਗੱਡਿਆਂ ਜਾਂ ਘੋੜੀਆਂ ਤੇ ਹੀ ਜਾਂਦੇ ਸਨ, ਪੈਦਲ ਤੁਰ ਕੇ ਸਕੂਲ ਨੂੰ ਜਾਣ ਲਈ ਵੀ ਬੱਚਿਆਂ ਨੂੰ ਮੁਸ਼ਕਲ ਹੁੰਦੀ ਸੀ ਕਿੳਂੁਕਿ ਰੇਤਾ ਉਹਨਾਂ ਦੀਆਂ ਜੁਤੀਆਂ ਵਿਚ ਪੈ ਜਾਂਦਾ ਸੀ। ਇਹਨਾਂ ਟਿਬਿਆਂ ਵਿਚ ਮਾਰੂ ਫਸਲਾਂ ਹੀ ਹੁੰਦੀਆਂ ਸਨ ਅਤੇ ਟਿਬਿਆਂ ਵਿਚ ਕਾਂਹੀ ਅਤੇ ਸਰਕੜੇ ਦੇ ਝੁੰਡ ਹੀ ਦੂਰ ਦੂਰ ਤੱਕ ਦਿਸਦੇ ਸਨ। ਮਾੜੀ ਮੋਟੀ ਮੂੰਗਫਲੀ ਤੇ ਬਾਜਰੇ ਦੀ ਫਸਲ ਹੀ ਹੁੰਦੀ ਸੀ। ਪਿੰਡ ਵਿਚ ਬਹੁਤੀਆਂ ਚੰਗੀਆਂ ਫਸਲਾਂ ਨਾਂ ਹੋਣ ਕਰਕੇ ਇਸ ਪਿੰਡ ਵਿਚ ਕੋਈ ਆਪਣੀ ਲੜਕੀ ਦਾ ਵਿਆਹ ਕਰਨ ਨੂੰ ਤਿਆਰ ਨਹੀਂ ਸੀ ਹੁੰਦਾ। ਇਹ ਵੀ ਕਿਹਾ ਜਾਂਦਾ ਸੀ ਕਿ ਇਸ ਪਿੰਡ ਵਿਚ ਵਿਆਹੀ ਕੁੜੀ ਕੀ ਰੇਤਾ ਖਾਵੇਗੀ, ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ ਸੀ। ਇਕ ਸੂਏ ਤੋਂ ਨਹਿਰੀ ਪਾਣੀ ਮਿਲਦਾ ਸੀ ਜਾਂ ਸਾਰੇ ਪਿੰਡ ਵਿਚ ਇਕ ਸਰਕਾਰੀ ਟਿਊਬਵੈਲ ਹੁੰਦਾ ਸੀ, ਖੂਹਾਂ ਅਤੇ ਗੱਡਿਆਂ ਤੇ ਊਂਠ ਦੀ ਵਰਤੋਂ ਕੀਤੀ ਜਾਂਦੀ ਸੀ। ਪਿੰਡ ਦੇ ਉਤਰ ਵਲ ਇਕ ਬਹੁਤ ਉਚੀ ਥਾਂ ਤੇ ਥੇਹ ਹੁੰਦਾ ਸੀ ਜਿਸਨੂੰ ਬੁਰਜ ਕਹਿੰਦੇ ਸਨ, ਚੜਦੀ ਵੱਲ ਇਕ ਸ਼ਾਮਲਾਟ ਥਾਂ ਨੂੰ ਝਾੜਾਂ ਮੂਹਰਾ ਕਿਹਾ ਜਾਂਦਾ ਸੀ, ਜਿਥੇ ਪਿਪਲ ਅਤੇ ਬਰੋਟੇ ਦੇ ਦਰਖਤ ਅਤੇ ਇਕ ਹਲਟੀ ਤੇ ਖੇਲ ਹੁੰਦੀ ਸੀ। ਇਥੇ ਹੀ ਸਾਰਾ ਪਿੰਡ ਡੰਗਰਾਂ ਨੂੰ ਇਸ ਹਲਟੀ ਤੋਂ ਪਾਣੀ ਪਿਲਾਉਂਦਾ ਸੀ। ਇਥੇ ਹੀ ਮਾਤਾ ਰਾਣੀਆਂ ਦੀਆਂ ਮਟੀਆਂ ਹੁੰਦੀਆਂ ਸਨ, ਸੌਣ ਦੇ ਮਹੀਨੇ ਇਥੇ ਹੀ ਕੁੜੀਆਂ ਚਿੜੀਆਂ ਤੀਆਂ ਲਗਾ ਕੇ ਪੀਂਘਾਂ ਝੂਟਦੀਆਂ ਸਨ, ਹੁਣ ਇਥੇ ਗਰੀਬ ਲੋਕਾਂ ਲਈ ਮਕਾਨ ਬਣਾ ਦਿਤੇ ਗਏ ਹਨ। ਪਿੰਡ ਦੇ ਪੱਛਮ ਵਾਲੇ ਪਾਸੇ ਬਾਬਾ ਸਿੱਧ ਤੇ ਸਤੀ ਮਾਤਾ ਦੀਆਂ ਸਮਾਧਾਂ ਹਨ ਤੇ ਇਥੇ ਹੀ ਸ਼ਮਸ਼ਾਨਘਾਟ ਹੈ। ਹਰ ਮੱਸਿਆ ਨੂੰ ਇਥੇ ਮੇਲਾ ਲੱਗਦਾ ਹੈ ਪ੍ਰੰਤੂ ਦੀਵਾਲੀ ਵਾਲੀ ਮੱਸਿਆ ਦਾ ਮੇਲਾ ਬਹੁਤ ਵਡੇ ਪੱਧਰ ਤੇ ਭਰਦਾ ਹੈ ਕਿਉ ਕਿ ਇਸ ਦਿਨ ਮੁੰਡੀ ਗੋਤ ਦੇ ਲੋਕ ਭਾਂਵੇ ਉਹ ਦੁਨੀਆਂ ਦੇ ਕਿਸੇ ਹਿਸੇ ਵਿਚ ਵੀ ਰਹਿੰਦੇ ਹੋਣ ਹਰ ਹਾਲਤ ਵਿਚ ਇਥੇ ਮੱਥਾ ਟੇਕਣ ਆਉਂਦੇ ਹਨ। ਇਕ ਕਿਸਮ ਨਾਲ ਇਸ ਦਿਨ ਪੁਰਾਣੇ ਦੋਸਤਾਂ ਮਿਤਰਾਂ ਨਾਲ ਮੇਲ ਮਿਲਾਪ ਵੀ ਹੁੰਦਾ ਸੀ। ਜਿਸ ਘਰ ਲੜਕਾ ਪੈਦਾ ਹੁੰਦਾ ਹੈ ਜਾਂ ਲੜਕੇ ਦਾ ਵਿਆਹ ਹੁੰਦਾ ਹੈ ਉਹ ਇਥੇ ਦਿਵਾਲੀ ਵਾਲੀ ਮੱਸਿਆ ਨੂੰ ਬਕਰਾ ਚੜ੍ਹਾ ਕੇ ਜਾਂਦੇ ਹਨ ਅਰਥਾਤ ਇਕ ਕਿਸਮ ਨਾਲ ਲੜਕੇ ਦੀ ¦ਮੀ ਉਮਰ ਲਈ ਬੱਕਰੇ ਦੀ ਬਲੀ ਦਿਤੀ ਜਾਂਦੀ ਹੈ। ਪਿੰਡ ਦੇ ਮੀਰ  ਮਰਾਸੀ ਨੂੰ ਇਹ ਬੱਕਰੇ ਦਿਤੇ ਜਾਂਦੇ ਹਨ। ਇਥੇ ਦੋਗੜਾਂ ਵੀ ਚੜ੍ਹਾਈਆਂ ਜਾਂਦੀਆਂ ਹਨ। ਕਿਸੇ ਸਮੇਂ ਮੱਥਾ ਟੇਕਣ ਲਈ ਬੜੀ ਲੰਬੀ ਲਾਇਨ ਲੱਗ ਜਾਂਦੀ ਸੀ, ਲਗਪਗ ਇਕ ਘੰਟਾ ਮੱਥਾ ਟੇਕਣ ਲਈ ਲੱਗ ਜਾਂਦਾ ਸੀ ਤੇ ਇਥੇ ਹੀ ਮਿਟੀ ਵੀ ਕੱਢੀ ਜਾਂਦੀ ਹੈ ਪ੍ਰੰਤੂ ਹੁਣ ਲੋਕ ਸਵੇਰੇ ਸਾਜਰੇ ਹੀ ਆ ਕੇ ਮੱਥਾ ਟੇਕ ਜਾਂਦੇ ਹਨ। ਪਹਿਲਾਂ ਪਿੰਡ ਵਿਚ ਦੋ ਗੁਰਦਵਾਰੇ ਹੁੰਦੇ ਸਨ, ਇਹਨਾਂ ਵਿਚੋਂ ਇਕ ਪਿੰਡ ਦੇ ਵਿਚਕਾਰ ਤੇ ਦੂਜਾ ਪਿੰਡ ਦੇ ਬਾਹਰਬਾਰ ਹੁੰਦਾ ਸੀ। ਹੁਣ ਏਥੇ  ਤੀਜਾ ਬਹੁਤ ਸੁੰਦਰ ਗੁਰਦਵਾਰਾ ਸਾਹਿਬ ਵੀ ਬਣ ਗਿਆ ਹੈ ਜਿਸ ਵਿਚ ਲੰਲੰਗਰ ਹਮੇਸਾਂ ਚਲਦਾ ਰਹਿੰਦਾ ਹੈ ਤੇ ਮਸਿਆ ਵਾਲੇ ਦਿਨ ਰਾਗੀ ਤੇ ਢਾਡੀ ਆਪਣਾ ਪ੍ਰੋਗਰਾਮ ਦਿੰਦੇ ਰਹਿੰਦੇ ਹਨ। ਗੁਰਦਵਾਰਾ ਸਾਹਿਬ ਵਿਖੇ ਇਕ ਦਿਵਾਨ ਹਾਲ ਵੀ ਉਸਾਰਿਆ ਜਾ ਰਿਹਾ ਹੈ। ਛੋਟੇ ਬੱਚਿਆਂ ਲਈ ਇਸ ਮੇਲੇ ਦੌਰਾਨ ਤਰ੍ਹਾਂ ਤਰ੍ਹਾਂ ਦੇ ਖਿਡਾਉਣੇ ਖਰੀਦਣ ਦਾ ਵਧੀਆ ਮੌਕਾ ਹੁੰਦਾ ਹੈ। ਗੁਰਦਵਾਰਾ ਸਾਹਿਬ ਵਲੋਂ ਇਥੇ ਇਕ ਬਾਬਾ ਸਿਧਸਰ ਚੈਰੀਟੇਬਲ ਹਸਪਤਾਲ ਵੀ ਖੋਲ੍ਹ ਦਿਤਾ ਗਿਆ ਹੈ ਜਿਥੇ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਨਾ ਮਾਤਰ ਖਰਚੇ ਨਾਲ ਸਾਰੇ ਟੈਸਟ ਵੀ ਕੀਤੇ ਜਾਂਦੇ ਹਨ। ਇਸ ਹਸਪਤਾਲ ਵਿਚ ਡਾਕਟਰ, ਨਰਸ ਅਤੇ ਖੂਨ ਤੇ ਪਿਸ਼ਾਬ ਟੈਸਟ ਕਰਨ ਲਈ ਪੈਰਾਮੇਡੀਕਲ ਸਟਾਫ ਵੀ ਰੱਖਿਆ ਹੋਇਆ ਹੈ। ਹਸਪਤਾਲ ਦੇ ਪ੍ਰਬੰਧਕਾਂ ਵਲੋਂ ਹਰ ਮਹੀਨੇ 30 ਹਜਾਰ ਤੋਂ ਵੱਧ ਦੀਆਂ ਦਵਾਈਆਂ ਮੁਫਤ ਮਰੀਜਾਂ ਨੂੰ ਦਿਤੀਆਂ ਜਾਂਦੀਆਂ ਹਨ। ਹਸਪਤਾਲ ਦੇ ਇਸ ਖਰਚੇ ਲਈ ਪਿੰਡ ਦੇ ਪ੍ਰਵਾਸੀ ਭਾਰਤੀ ਵੀ ਆਪਣਾ ਯੋਗਦਾਨ ਪਾਉਂਦੇ ਹਨ। ਗੁਰਦਵਾਰਾ ਸਾਹਿਬ ਵਿਚ ਲੋਕਾਂ ਲਈ ਮੁਫਤ ਸੇਵਾ ਲਈ ਇਕ ਟੈਲੀਫੋਨ ਵੀ ਲਗਾਇਆ ਹੋਇਆ ਹੈ।  ਲੋਕਾਂ ਦੇ ਪੜਨ ਲਈ ਇਥੇ ਅਖਬਾਰ ਵੀ ਲਗਾਏ ਗਏ ਹਨ, ਇਸ ਗੁਰਦਵਾਰਾ ਸਾਹਿਬ ਅਤੇ ਹਸਪਤਾਲ ਦਾ ਕੰਮਕਾਜ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਨਿਰਮਲ ਸਿੰਘ ਦੀ ਦੇਖ ਰੇਖ ਵਿਚ ਚਲਾਇਆ ਜਾ ਰਿਹਾ ਹੈ। ਇਥੇ ਇਕ ਅੱਖਾਂ ਦਾ ਹਸਪਤਾਲ ਸੇਵਾ ਪੰਜਾਬ ਇੰਡੀਆ ਸੋਸਾਇਟੀ ਵਲੋਂ ਚਲਾਇਆ ਜਾ ਰਿਹਾ ਹੈ। ਇਥੇ ਹੀ ਇਕ 10+2 ਦਾ ਸਰਕਾਰੀ ਸਕੂਲ ਵੀ ਚਲ ਰਿਹਾ ਹੈ। ਇਸ ਸਮੇਂ ਪਿੰਡ ਵਿਚ ਸਿਵਲ ਡਿਸਪੈਂਸਰੀ, ਪਸ਼ੂਆਂ ਦੀ ਡਿਸਪੈਂਸਰੀ, ਕੋਆਪਰੇਟਿਵ ਬੈਂਕ ਅਤੇ ਡਾਕਖਾਨਾ ਵੀ ਸਥਿਤ ਹੈ।  ਪਿੰਡ ਦੀ ਸਿਧਸਰ ਨੌਜਵਾਨ ਸਭਾ ਹਰ ਸਾਲ ਵੱਡੇ ਪੱਧਰ ਤੇ ਖੇਡਾਂ ਵੀ ਕਰਵਾਉਂਦੀ ਹੈ। ਇਸ ਪਿੰਡ ਵਿਚ ਤਿੰਨ ਟੋਭੇ ਹਨ ਜਿਹਨਾਂ ਵਿਚ ਘਰਾਂ ਦਾ ਅਤੇ ਬਰਸਾਤ ਦਾ ਪਾਣੀ ਪੈਂਦਾ ਹੈ, ਵਿਚੋਂ 2 ਪੱਕੇ ਕਰ ਲਏ ਗਏ ਹਨ ਅਤੇ ਮੋਟਰ ਰਾਂਹੀ ਇਹ ਪਾਣੀ ਫਸਲਾਂ ਦੀ ਸਿੰਚਾਈ ਲਈ ਵੀ ਵਰਤਿਆ ਜਾਂਦਾ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਬਹੁਤ ਦੇਰ ਤੋਂ ਸਾਰੀਆਂ ਪੱਕੀਆਂ ਹਨ ਤੇ ਇਹ ਲਗਪਗ 20, 20 ਫੁਟ ਬਹੁਤੀਆਂ ਚੌੜੀਆਂ ਵੀ ਹਨ। ਇਸ ਪਿੰਡ ਨੂੰ ਜਦੋਂ ਸ੍ਰੀ ਬੇਅੰਤ ਸਿੰਘਂ ਲੋਕ ਨਿਰਮਾਣ ਮੰਤਰੀ ਸਨ, ਆਲੇ ਦੁਆਲੇ ਦੇ ਸਾਰੇ ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜ ਦਿਤਾ ਗਿਆ ਸੀ, ਇਥੋਂ ਤੱਕ ਕਿ ਪਿੰਡ ਦੀ ਫਿਰਨੀ ਤੇ ਵੀ ਪੱਕੀ ਸੜਕ ਬਣੀ ਹੋਈ ਹੈ। ਪਿੰਡ ਵਿਚ ਇਕ ਮਹੰਤਾਂ ਦਾ ਡੇਰਾ ਹੁੰਦਾ ਸੀ, ਜਿਸ ਨੂੰ 250 ਬਿਘੇ ਜਮੀਨ ਲਗੀ ਹੋਈ ਸੀ ਜੋ ਕਿ ਹਮੇਸਾਂ ਪਿੰਡ ਵਿਚ ਪਾਰਟੀਬਾਜੀ ਪੈਦਾ ਕਰਨ ਵਿਚ ਮਹੱਤਵਪੂਰਣ ਰੋਲ ਪੈਦਾ ਕਰਦੀ ਰਹੀ ਹੈ। ਪਿੰਡ ਵਿਚ ਉਸ ਜਮਾਨੇ ਵਿਚ ਅਖਬਾਰ ਕਰਤਾਰ ਸਿੰਘ ਜਿਸ ਨੂੰ ਪਿੰਡ ਦੇ ਲੋਕ ਬਾਬੂ ਜੀ ਕਹਿੰਦੇ ਸਨ ਖੁਦ ਘੋੜੀ ਤੇ ਜਾ ਕੇ ਦੁਰਾਹੇ ਤੋਂ ਲੈ ਕੇ ਆਉਂਦੇ ਸਨ ਅਤੇ ਪਿੰਡ ਦੇ ਲੋਕਾਂ ਨੂੰ ਖਬਰਾਂ ਪੜ ਕੇ ਸੁਣਾਉਂਦੇ ਸਨ। ਪਿੰਡ ਵਿਚ ਸਭ ਤੋਂ ਪਹਿਲਾ ਰੇਡੀਓ ਅੱਛਰ ਸਿੰਘ ਸਰਪੰਚ ਨੇ ਪੰਚਾਇਤ ਵਲੋਂ ਲਿਆਂਦਾ ਸੀ ਜਿਸਨੂੰ ਸਾਰਾ ਪਿੰਡ ਆਲੇ ਦੁਆਲੇ ਬੈਠ ਕੇ ਸੁਣਦਾ ਸੀ, ਇਸ ਤੋਂ ਪਿਛੋਂ ਸਾਧੂ ਸਿੰਘ ਠੇਕੇਦਾਰ ਨੇ ਰੇਡੀਓ ਲਿਆਂਦਾ ਤੇ  ਲੋਕ ਰੇਡੀਓ ਦੇ ਅਗੇ ਪਿਛੇ ਹੋ ਕੇ ਦੇਖਦੇ ਕਿ ਬੋਲਣ ਵਾਲਾ ਵਿਅਕਤੀ ਕਿਥੇ ਬੈਠਾ ਹੈ। ਪਿੰਡ ਦੇ ਲੋਕਾਂ ਲਈ ਇਕ ਕਿਸਮ ਨਾਲ ਇਹ ਅਚੰਭਾ ਸੀ। ਇਸ ਪਿੰਡ ਨੂੰ ਮਾਣ ਹੈ ਕਿ ਸਭ ਤੋਂ ਪਹਿਲਾਂ ਸ੍ਰੀ ਕਰਮ ਸਿੰਘ ਡਾਕਟਰ ਬਣੇ ਅਤੇ ਫੌਜ ਵਿਚ ਸੇਵਾ ਕਰਦੇ ਰਹੇ। ਇਸ ਪਿੰਡ ਦੇ ਹੀ ਤਿੰਨ ਵਿਦਿਆਰਥੀ ਸੁਖਦੇਵ ਸਿੰਘ, ਧਰਮ ਸਿੰਘ ਅਤੇ ਰਾਜ  ਆਰੀਆ ਕਾਲਜ ਲੁਧਿਆਣਾ ਦੀ ਫੁਟਬਾਲ ਟੀਮ ਦੇ ਮੈਂਬਰ ਸਨ, ਇਸੇ ਤਰ੍ਹਾਂ ਇਕ ਹੋਰ ਆੜਤੀਆਂ ਦਾ ਧਰਮ ਸਿੰਘ ਰੇਲਵੇ ਬੋਰਡ ਵਿਚ ਸਪੋਰਟਸ ਸੈਕਟਰੀ ਦੇ ਤੌਰ ਤੇ ਸੇਵਾ ਨਿਭਾਉਂਦੇ ਰਹੇ। ਇਸ ਪਿੰਡ ਦੇ ਵਖ ਵਖ ਖੇਤਰਾਂ ਵਿਚ ਬੜੇ ਹੀ ਮਹੱਤਵਪੂਰਣ ਅਹੁਦਿਆਂ ਤੇ ਵਿਅਕਤੀ ਕੰਮ ਕਰ ਰਹੇ ਹਨ। ਸਭ ਤੋਂ ਪਹਿਲਾਂ ਇਸ ਪਿੰਡ ਦੇ ਸ੍ਰੀ ਓ. ਪੀ. ਵਸ਼ਿਸ਼ਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰੋਫੈਸਰ ਲਗੇ, ਉਹਨਾਂ ਵਿਚੋਂ ਹੀ ਭਿੰਦਰ ਵਕੀਲ ਲੁਧਿਆਣਾ ਵਿਖੇ ਨਾਮਣਾ ਖੱਟ ਚੁੱਕੇ ਹਨ। ਪ੍ਰੋਫੈਸਰ ਹਰਪਾਲ ਸਿੰਘ ਅਰਥ ਸ਼ਾਸ਼ਤਰ ਦਾ ਮਾਹਿਰ ਗਿਣਿਆ ਜਾਂਦਾ ਸੀ ਜਿਸਨੇ ਵਿਦਿਅਕ ਖੇਤਰ ਵਿਚ ਪਿੰਡ ਦਾ ਨਾਮ ਰੌਸ਼ਨ ਕੀਤਾ। ਸ੍ਰੀ ਕਰਮਜੀਤ ਸਿੰਘ, ਜੀਤ ਕਦੋਂ ਵਾਲਾ ਇਕ ਮੰਨਿਆ ਪ੍ਰਮੰਨਿਆ ਗੀਤਕਾਰ ਹੈ, ਸ੍ਰੀ ਜਸਵਿੰਦਰ ਭੱਲਾ ਮਸ਼ਹੂਰ ਕਮੇਡੀਅਨ ਵੀ ਪਿੰਡ ਕੱਦੋਂ ਦਾ ਹੀ ਹੈ ਅਤੇ ਪਿੰਡ ਦੀ ਨੂੰਹ ਸ੍ਰੀਮਤੀ ਮਨਜੀਤ ਅਖਤਰ ਵੀ ਜਾਣੀ ਪਛਾਣੀ ਗਾਇਕਾ ਹੈ। ਪਿੰਡ ਕਦੋ ਵਿਚ ਬਿਜਲੀ 1957 ਵਿਚ ਆ ਗਈ ਸੀ। ਇਸ ਪਿੰਡ ਦਾ ਸਭ ਤੋਂ ਵੱਧ ਵਿਕਾਸ ਸ੍ਰੀ ਬੇਅੰਤ ਸਿੰਘ ਨੇ ਕਰਵਾਇਆ ਸੀ। ਸ੍ਰੀ ਬੇਅੰਤ ਸਿੰਘ ਹਮੇਸ਼ਾਂ ਹੀ ਆਪਣੀ ਚੋਣ ਮੁਹਿੰਮ ਪਿੰਡ ਕੱਦੋਂ ਤੋਂ ਹੀ ਸ਼ੁਰੂ ਕਰਿਆ ਕਰਦੇ ਸਨ। ਅਸਲ ਵਿਚ ਉਹਨਾਂ ਆਪਣਾ ਸਿਆਸੀ ਕੈਰੀਅਰ ਪਿੰਡ ਕੱਦੋ ਤੋਂ ਹੀ ਸ਼ੁਰੂ ਕੀਤਾ ਸੀ। ਪਿੰਡ ਵਿਚੋਂ ਸਭ ਤੋਂ ਪਹਿਲਾਂ ਸ੍ਰੀ ਭਲੰਦਰ ਸਿੰਘ ਜਿਸ ਨੂੰ ਪਿਆਰ ਨਾਲ ਭਪਾ ਕਹਿੰਦੇ ਹਨ ਕਨੈਡਾ ਗਏ ਸਨ, ਉਸ ਤੋਂ ਬਾਅਦ ਸ੍ਰੀ ਗੁਰਦੀਪ ਸਿੰਘ ਬੱਲੀ, ਜਗਮੇਲ ਸਿੰਘ ਮੁੰਡੀ, ਗੁਰਦੇਵ ਸਿੰਘ ਮੁੰਡੀ, ਸ਼ਿੰਦਰ ਸਿੰਘ ਮੁੰਡੀ ਅਤੇ ਹੋਰ ਪਰਿਵਾਰ ਵੀ ਪਹੁੰਚ ਗਏ। ਭ¦ਿਦਰ ਸਿੰਘ ਅਤੇ ਗੁਰਦੀਪ ਸਿੰਘ ਕੈਨੇਡਾ ਵਿਚ ਰੀਅਲ ਅਸਟੇਟ ਦਾ ਕੰਮ ਕਰਦੇ ਹਨ ਅਤੇ ਪਿੰਡ ਦੇ ਸਾਂਝੇ ਕੰਮਾਂ ਲਈ ਹਮੇਸ਼ਾਂ ਵੱਧ ਚੜ੍ਹ ਕੇ ਹਿਸਾ ਪਾਉਂਦੇ ਹਨ। ਇਸ ਸਮੇ ਲਗਪਗ 50 ਪਰਿਵਾਰ ਵਿਦੇਸ਼ਾਂ ਵਿਚ ਰਹਿੰਦੇ ਹਨ, ਇਸੇ ਕਰਕੇ ਪਿੰਡ ਦੀ ਆਰਥਿਕ ਹਾਲਤ ਹੁਣ ਬਹੁਤ ਅੱਛੀ ਹੋ ਗਈ ਹੈ। ਅਜ ਹਰ ਘਰ ਵਿਚ ਤਕਰੀਬਨ ਸਕੂਟਰ, ਮੋਟਰ ਸਾਇਕਲ ਅਤੇ ਕਾਰ ਹੈ। ਬਹੁਤ ਸਾਰੇ ਪ੍ਰਵਾਸੀ ਭਾਰਤੀ ਅਮਰੀਕਾ ਅਤੇ ਕੈਨੇਡਾ ਵਿਚ ਚੰਗੀਆਂ ਪੋਜੀਸ਼ਨਾਂ ਤੇ ਹਨ। ਸ੍ਰੀ ਮੇਵਾ ਸਿੰਘ ਮੁੰਡੀ ਦੇ ਇਸ ਸਮੇਂ ਅਮਰੀਕਾ ਦੀ ਨੌਰਥ ਕੋਰਲੀਨਾ ਸਟੇਟ ਵਿਚ ਸ਼ਾਰਲੋਟ ਸ਼ਹਿਰ ਅਤੇ ਹੋਰ ਥਾਂਵਾਂ ਤੇ ਹੋਟਲ ਹਨ। ਸ੍ਰੀ ਮੇਵਾ ਸਿੰਘ ਆਪਣੇ ਸਾਰੇ ਪਰਿਵਾਰ ਨੂੰ ਵੀ ਕੈਨੇਡਾ ਅਤੇ ਅਮਰੀਕਾ ਲੈ ਗਿਆ ਜੋ ਕਿ ਇਸ ਸਮੇਂ ਪੂਰਾ ਤਰ੍ਹਾਂ ਸੈਟਲ ਹਨ। ਇਸ ਪਿੰਡ ਦੇ ਬਹੁਤ ਸਾਰੇ ਨੌਜਵਾਨ ਅਮਰੀਕਾ ਤੇ ਕੈਨੇਡਾ ਵਿਚ ਡਾਕਟਰ ਅਤੇ ਇੰਜਨੀਅਰ ਹਨ ਜਿਹਨਾਂ ਵਿਚੋਂ ਕੁਝ ਕੁ ਬਹੁਤ ਵਡੀਆਂ ਕੰਪਨੀਆਂ ਵਿਚ ਮਹਤਵਪੂਰਣ ਅਹੁਦਿਆ ਤੇ ਕੰਮ ਕਰ ਰਹੇ ਹਨ। ਉਹਨਾਂ ਵਿਚੋਂ ਨਵਜੀਤ ਸਿੰਘ ਮੁੰਡੀ ਵੀ ਇਕ ਬਹੁਤ ਹੀ ਮਹੱਤਵਪੂਰਣ ਮਲਟੀਮਲੀਨੀਅਰ ਕੰਪਨੀ ਵਿਚ ਇੰਜਨੀਅਰ ਦੇ ਤੌਰ ਤੇ ਕੰਮ ਕਰ ਰਿਹਾ ਹੈ। ਇਸ ਸਮੇਂ ਕਦੋਂ ਪਿੰਡ ਵਿਖੇ ਇੰਡਸਟਰੀਅਲ ਫੋਕਲ ਪੁਆਇੰਟ ਬਣਨ ਦੇ ਐਲਾਨ ਨਾਲ ਜਮੀਨਾਂ ਦੇ ਭਾਅ ਕਰੋੜਾਂ ਵਿਚ ਹੋ ਗਏ ਹਨ। ਅੱਜ ਦਿਨ ਇਹ ਪਿੰਡ ਸ਼ਹਿਰਾਂ ਦੀ ਤਰ੍ਹਾਂ ਪੂਰੀਆਂ ਆਧੂਨਿਕ ਸਹੂਲਤਾਂ ਵਾਲਾ ਪਿੰਡ ਹੈ। ਇਥੋਂ ਦੇ ਲੋਕ ਜੋ ਕਦੇ ਆਰਥਿਕ ਮੰਦਵਾੜੀ ਵਿਚੋਂ ਲੰਘ ਰਹੇ ਸਨ ਅੱਜ ਕਰੋੜਾਂ ਦੇ ਮਾਲਕ ਹਨ।

This entry was posted in ਲੇਖ.

One Response to ਕੱਖਾਂ ਤੋਂ ਲੱਖਾਂ ਤੱਕ ਦਾ ਸਫਰ: ਪਿੰਡ ਕੱਦੋਂ

  1. ਹਰਪ੍ਰੀਤ ਸਿੰਘ says:

    ਸਭਿਆਚਾਰ ਬਹੁਤ ਵਧੀਆ, ਸਾਡੇ ਪਿੰਡਾਂ ਦੇ ਇਤਿਹਾਸ ਨੂੰ ਸਾਂਭਣਾਂ ਜਰੂਰੀ ਹੈ। ਆਪਜੀ ਦਾ ਉੱਦਮ ਸ਼ਲਾਘਾਯੋਗ ਹੈ। ਧੰਨਵਾਦੀ। ਹਰਪ੍ਰੀਤ ਸਿੰਘ

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>