2011 ਦੀਆਂ ਮਹੱਤਵਪੂਰਨ ਧਾਰਮਿਕ ਘਟਨਾਵਾਂ

ਇਤਿਹਾਸ ਦੀ ਬੁੱਕਲ ਵਿਚ ਸਮਾਉਣ ਲਈ ਜਾ ਰਿਹਾ ਸਾਲ 2011 ਸਿੱਖ ਧਰਮ ਨਾਲ ਸਬੰਧਤ ਮੱਹਤਵਪੂਰਨ ਘਟਨਾਵਾਂ ਤੇ ਸਰਗਰਮੀਆਂ ਨਾਲ ਭਰਪੂਰ ਰਿਹਾ। ਇਨ੍ਹਾਂ ਚੋਂ ਕਈ ਘਟਨਾਵਾਂ ਨਾਲ ਵਾਦ ਵਿਵਾਦ ਵੀ ਉਠਦੇ ਰਹੇ ਹਨ।

ਇਸ ਵਰ੍ਹੇ ਦੀ ਸਭ ਤੋਂ ਵੱਡੀ ਘਟਨਾ ਤਾਂ 25 ਨਵੰਬਰ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ “ਵਿਰਾਸਤ-ਏ-ਖ਼ਾਲਸਾ” ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਾਨੋ-ਸ਼ੌਕਤ ਨਾਲ ਮਾਨਵਤਾ ਨੂੰ ਸਮਰਪਨ ਕਰਨਾ ਹੈ। ਇਸੇ ਦੌਰਾਨ ਅਗਲੇ ਦਿਨਾਂ ਵਿਚ ਕਾਹਨੂਵਾਨ ਦੇ ਛੰਭ ਵਿਖੇ ਛੋਟਾ ਘਲੂਘਾਰਾ, ਕੁਪ ਰੋਹੀੜਾ ਵਿਖੇ ਵੱਡਾ ਘਲੂਘਾਰਾ ਤੇ ਚੱਪੜ ਚੇੜੀ ਵਿਖੇ ਸਰਹਿੰਦ ਫਤਹਿ ਦਿਵਸ ਸਬੰਧੀ ਨਵ-ਨਿਰਮਾਨ ਯਾਦਗਾਰਾਂ ਦਾ ਉਦਘਾਟਨ ਵੀ ਬਾਦਲ ਸਾਹਿਬ ਵਲੋਂ ਕੀਤਾ ਗਿਆ।ਇਹ ਵੀ ਇਕ ਕੌੜੀ ਹਕੀਕਤ ਹੈ ਕਿ  ਹਾਲੇ ਇਹ ਸਭ ਯਾਦਗਾਰੀ ਪ੍ਰਾਜੈਕਟ ਅਧੂਰੇ ਹਨ, ਫਰਵਰੀ ਮਹੀਨੇ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਖ ਰਖਦਿਆਂ ਸਿਆਸੀ ਲਾਹਾ ਲੈਣ ਲਈ ਇਨ੍ਹਾਂ ਦਾ ਉਦਘਾਟਨ ਕੀਤਾ ਗਿਆ ਹੈ। ਸਿੰਘ ਸਾਹਿਬਾਨ ਵਲੋਂ ਇਨ੍ਹਾਂ ਕਾਰਜਾਂ ਦੀ ਸ਼ਲਾਘਾ ਕਰਦਿਆਂ ਬਾਦਲ ਸਾਹਿਬ ਨੂੰ “ਪੰਥ ਰਤਨ ਫਖਰੇ-ਏ-ਕੌਮ” ਦੀ ਉਪਾਧੀ ਨਾਲ  ਸਨਮਾਨਤ ਕਰਨ ਦਾ ਐਲਾਨ ਕੀਤਾ ਅਤੇ ਬਾਅਦ ਵਿਚ 5 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਸਮਾਗਮ ਦੌਰਾਨ ਇਹ ਸਨਮਾਨ ਦਿਤਾ ਗਿਆ।।

ਬਦਕਿਸਮਤੀ ਨੂੰ ਇਨ੍ਹਾਂ ਧਾਰਮਿਕ ਕਾਰਜਾਂ ਨੂੰ ਵੀ ਸਿਆਸੀ ਬਿਆਨਬਾਜ਼ੀ ਨੇ ਇਕ ਵਾਦ ਵਿਵਾਦ ਖੜਾ ਕਰ ਦਿਤਾ। ਸ੍ਰੀ ਬਾਦਲ ਨੇ ‘ਵਿਰਾਸਤ-ਏ-ਖ਼ਾਲਸਾ” ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੇਨਤੀ ਕੀਤੀ ਸੀ, ਜਿਸ ਲਈ ਉਨ੍ਹਾਂ ਅਪਣੀ ਸਹਿਮਤੀ ਵੀ ਪ੍ਰਗਟ ਕਰ ਦਿਤੀ ਸੀ। ਸਾਬਕਾ ਮੁਖ ਮੰਤਰੀ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਕਿ ਉਨ੍ਹਾਂ ਨੇ ਸਾਲ  2006 ਦੌਰਾਨ 51 ਸੰਤ ਮਹਾਂਪੁਰਸ਼ਾਂ ਤੋਂ ਇਸ ਕੰਪਲੈਕਸ ਦਾ ਉਦਘਾਟਨ ਕਰਵਾ ਦਿਤਾ ਸੀ, ਇਸ ਲਈ ਉਹ ਨਾ ਆਉਣ। ਪ੍ਰਧਾਨ ਮੰਤਰੀ ਨੇ ਆਪਣਾ ਮਨ ਬਦਲ ਲਿਆ।ਇਸ ਉਪਰੰਤ ਬਾਦਲ ਸਾਹਿਬ ਨੇ ਖੁਦ ਹੀ ਇਸ ਦਾ ਉਦਘਾਟਨ ਕਰ ਦਿਤਾ। ਇਸ ਉਤੇ ਵੀ ਕਈ ਸਿਖ ਜੱਥੇਬੰਦੀਆਂ ਨੇ ਇਤਰਾਜ਼ ਕੀਤਾ ਕਿ ਉਦਘਾਟਨ ਪੰਜ ਪਿਆਰਿਆਂ ਜਾ ਪੰਜ ਤਖ਼ਤਾਂ ਦੇ ਜੱਥੇਦਾਰਾਂ ਤਂ ਕਰਵਾਉਣਾ ਚਾਹੀਦਾ ਸੀ। ਇਹ ਪਹਿਲੀ ਵਾਰੀ ਹੋਇਆ ਹੈ ਕਿ ਦੇਸ ਵਿਦੇਸ਼ ਦੀਆਂ ਅਨੇਕਾਂ ਸਿੱਖ ਸੰਸਥਾਵਾਂ ਤੇ ਜੱਥੇਬੰਦੀਆਂ ਵਲੋਂ  ਸ੍ਰੀ ਬਾਦਲ ਨੂੰ “ਪੰਥ ਰਤਨ ਫਖ਼ਰ-ਏ-ਕੌਮ” ਦਾ ਸਨਮਾਨ ਦੇਣ ਦਾ ਵੀ ਤਿੱਖਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਬਾਦਲ ਸਾਹਿਬ ਨੂੰ “ਫਿਕਰ-ਏ-ਕੌਮ” ਤੇ “ਪੰਥ ਪੱਤਨ” ਦੀ ਉਪਾਧੀ ਨਾਲ ਸਨਮਾਨ ਕਰਨਾ ਚਾਹੀਦਾ ਸੀ। ਕਈ ਸਿੱਖ ਵਿਦਵਾਨਾਂ ਦਾ ਸੁਝਾਅ ਹੈ ਕਿ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਅਜੇਹਾ ਸਨਮਾਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਸੰਸਥਾਵਾਂ ਤੇ ਵਿਦਵਾਨ ਮਿਲ ਕੇ ਨਿਯਮ ਬਣਾਉਣੇ ਚਾਹੀਦੇ ਹਨ।

ਉਧਰ ਕਾਂਗਰਸ ਇਹ ਦੋਸ਼ ਵੀ ਲਗਾ ਰਹੀ ਹੈ ਕਿ ਅਮਰਿੰਦਰ ਸਿੰਘ ਦੀ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੇ 300-ਸਾਲਾ ਸ਼ਹੀਦੀ ਸਮਾਗਮਾਂ ਸਮੇਂ ਉਨ੍ਹਾਂ ਦੀ ਯਾਦ ਵਿਚ ਚਮਕੋੌਰ ਸਾਹਿਬ ਵਿਖੇ ਥੀਮ ਪਾਰਕ ਬਣਾਉਣ ਦਾ ਕੰਮ ਆਰੰਭਿਆ ਸੀ, ਜੋ ਅਕਾਲੀ-ਭਾਜਪਾ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਬੰਦ ਕਰ ਦਿਤਾ। ਇਸ ਯਾਦਗਾਰ ਲਈ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਆਪਣੇ ਐਮ.ਪੀ. ਫੰਡ ਵਿਚੋਂ ਦੋ ਕਰੋੜ ਰੁਪਏ ਦਿਤੇ ਸਨ, ਉਹ ਵੀ ਖਰਚ ਨਹੀਂ ਕੀਤੇ ਗਏ।

ਇਸ ਵਰ੍ਹੇ ਦੂਜੀ ਪ੍ਰਮੁਖ ਘਟਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ ਨੂੰ ਚੋਣਾਂ, ਜੋ ਸਾਲ 2009 ਵਿਚ ਹੋਣ ਵਾਲੀਆਂ ਸਨ, ਕਰਵਾਉਣਾ ਹੈ।ਹਾਕਮ ਅਕਾਲੀ ਦਲ ਨੇ 170 ਵਿਚ 157 ਸੀਟਾਂ ਲੈ ਕੇ ਸ਼ਾਨਦਾਰ  ਜਿੱਤ ਹਾਸਲ ਕੀਤੀ। ਇਸ ਬਾਰੇ ਵੀ ਵਾਦ ਵਿਵਾਦ ਰਿਹਾ।

ਪਹਿਲਾਂ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਦੇਣ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਕੀਲ ਹਰਭਗਵਾਨ ਸਿੰਘ ਦੀ ਇਕ ਗਲਤੀ ਕਾਰਨ ਦਿਤੇ ਗਏ ਫੈਸਲੇ ਕਾਰਨ ਭੰਬਲ ਭੂਸਾ ਪਿਆ, ਪਰ ਫਿਰ ਚੋਣਾਂ ਲਈ ਰਸਤਾ ਸਾਫ ਹੋ ਗਿਆ।ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਪਤਿਤ ਸਿੱਖਾਂ ਤੇ ਗੈਰ-ਸਿੱਖਾਂ ਨੇ ਵੋਟਾਂ ਪਾਈਆਂ ਜਿਸ ਬਾਰੇ ਮੀਡੀਆਂ ਵਿਚ ਖ਼ਬਰਾਂ ਆਈਆਂ। ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਰਪੱਖਤਾ ਉਤੇ ਵੀ ਪ੍ਰਸ਼ਨ-ਚਿਨ੍ਹ ਲਗੇ।

ਸਹਿਜਧਾਰੀ ਸਿੱਖਾਂ ਨੂੰ ਹਾਈ ਕੋਰਟ ਵਲੋਂ ਵੋਟ ਦਾ ਅਧਿਕਾਰ ਬਹਾਲ ਹੋਣ ਦੇ ਭੰਭਲ ਭੁਸੇ ਪਿਛੋਂ ਸਜਿਹਧਾਰੀਆਂ ਵਲੋਂ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਗਈ, ਦੇਸ਼ ਦੀ ਇਸ ਸਰਬ-ਉਚ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇਕ ਮਹੀਨੇ ਅੰਦਰ ਇਸ ਕੇਸ ਦੀ ਸੁਣਵਾਈ ਮੁਕੰਮਲ ਕਰਨ ਦੇ ਆਦੇਸ਼ ਦਿਤੇ ਅਤੇ ਇਹ ਵੀ ਕਿਹਾ ਕਿ ਚੋਣਾਂ ਬਾਰੇ ਅੰਤਮ ਫੈਸਲਾ ਹਾਈਕੋਰਟ ਦੇ ਫੈਸਲੇ ਉਤੇ ਨਿਰਭਰ ਕਰੇਗਾ। ਹਾਈ ਕੋਰਟ ਨੇ 20 ਅਕਤੂਬਰ ਤਕ ਸੁਣਵਾਈ ਪੂਰੀ ਕਰਕੇ ਫੈਸਲਾ ਰਾਖਵਾਂ ਰਖ ਲਿਆ ਹੈ। ਕਿਉਂ ਜੋ ਹਾਈ ਕੋਰਟ ਦੇ ਫੈਸਲੇ ‘ਤੇ ਸ਼੍ਰੋਮਣੀ ਕਮੇਟੀ ਚੋਣਾਂ ਨਿਰਭਰ ਕਰਦੀਆਂ ਹਨ, ਇਸ ਲਈ ਸਭ ਦੀਆਂ ਨਜ਼ਰਾਂ ਹਾਈ ਕੋਰਟ ਵਲ ਲਗੀਆਂ ਹਨ। ਹੁਣ ਹਾਈਕੋਰਟ ਵਲੋਂ ਇਹ ਫ਼ੈਸਲਾ ਸੁਣਾਇਆ ਗਿਆ ਹੈ ਕਿ ਵਿਧਾਨਸਭਾ ਵਲੋਂ ਕਿਸੇ ਪ੍ਰਕਾਰ ਦੀ ਸੋਧ ਜਾਂ ਤਰਮੀਮ ਕੀਤੀ ਜਾ ਸਕਦੀ ਹੈ।

ਨਾਨਕਸ਼ਾਹੀ ਕੈਲੰਡਰ ਬਾਰੇ ਇਸ ਸਾਲ ਵੀ ਵਾਦ ਵਿਵਾਦ ਜਾਰੀ ਰਿਹਾ। ਸ਼੍ਰੋਮਣੀ ਕਮੇਟੀ ਨੇ ਸੋਧੇ ਹੋਏ ਭਾਵ ਬਿਕ੍ਰਮੀ ਕੈਲ਼ੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਸ ਸਾਲ ਦੋ ਵਾਰੀ ਆ ਗਿਆ ਹੈ। ਪਹਿਲਾਂ 11 ਜਨਵਰੀ ਨੂੰ ਮਨਾਇਆ ਜਦੋਂ ਕਿ ਹੁਣ 31 ਦਸੰਬਰ ਨੂੰ ਦੂਜੀ ਵਾਰ ਆ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਵੇਂ ਸਾਲ ਲਈ ਫਰਵਰੀ ਮਹੀਨੇ ਸੋਧਿਆ ਹੋਇਆ ਕੈਲੰਡਰ ਜਾਰੀ ਕੀਤਾ, ਜਦੋਂ ਕਿ ਜਨਵਰੀ ਮਹੀਨੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ।ਨਾਨਕਸਾਹੀ ਕੈਲੰਡਰ ਅਮਰੀਕਾ ਤੇ ਪਾਕਿਸਤਾਨ ਦੇ ਗੁਰਦੁਆਰਿਆ ਵਿਚ ਵੀ ਜਾਰੀ ਕੀਤਾ ਗਿਆ।ਇਸ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਨੇ  ਪੂਰੀ ਤਰ੍ਹਾਂ ਕੈਲੰਡਰ ਬਦਲ ਕੇ ਬਿਕਰਮੀ ਸੰਮਤ ਵਾਲਾ ਬਣਾ ਦਿਤਾ ਹੈ।

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੋਧੇ ਹੋਏ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ 5 ਜੂਨ ਨੂੰ ਮਨਾਉਣ ਲਈ ਪਾਕਿਸਤਾਨ ਜੱਥਾ ਭੇਜਣਾ ਚਾਹਿਆ, ਪਰ ਪਾਕਿਸਤਾਨੀ ਸਫ਼ਾਰਤਖਾਨੇ ਨੇ ਵੀਜ਼ੇ ਨਾ ਦਿਤੇ ਕਿਉਂ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਇਆ ਜਾਣਾ ਸੀ।

ਪਾਕਿਸਤਾਨ ਵਿਚ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਲਾਹੌਰ ਵਿਖੇ 8 ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾਉਣ ਨਾ ਦਿਤਾ, ਸੰਗੀਤ ਸਾਜ਼ ਬਾਹਰ ਸੁੱਟ ਦਿਤੇ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਨਵੰਬਰ ਮਹੀਨੇ ਭਾਰਤ ਤੇ ਹੋਰ ਦੇਸ਼ਾਂ ਤੋਂ ਸਿੱਖ ਯਾਤਰੀਆਂ ਦਾ ਜੱਥਾ ਪਾਕਿਸਤਾਨ ਗਿਆ ਤਾਂ ਲਾਹੋਰ ਦੇ ਇਕ ਪੰਜ ਤਾਰਾ ਹੋਟਲ ਵਿਚ ‘ਮੁਸਲਮਾਨ-ਸਿੱਖ ਸਬੰਧਾਂ’ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉਥੋਂ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕੀਤੀ। ਆਪਣੇ ਭਾਸ਼ਨ ਵਿਚ ਉਨ੍ਹਾਂ ਐਲਾਨ ਕੀਤਾ ਕਿ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਨੀਂਹ-ਪੱਥਰ ਛੇਤੀ ਹੀ ਰਖਿਆ ਜਾਏਗਾ।

ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਨੂੰ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਦਾ ਇਸ ਕਾਲਜ ਦੇ ਪ੍ਰੋਫੈਸਰਾਂ ਸਮੇਤ ਅਨੇਕਾਂ ਸਿੱਖ ਸੰਸਥਾਵਾਂ, ਜੱਥੇਬੰਦੀਆਂ ਤੇ ਸਖਸ਼ੀਅਤਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾ ਦਾ ਕਹਿਣਾ ਸੀ ਕਿ ਇਹ ਕਾਲਜ ਸਮੁਚੇ ਸਿੱਖ-ਪੰਥ ਦੀ ਸ਼ਾਨਾਮਤੀ ਅਮਾਨਤ ਹੈ ਤੇ ਕਾਬਜ਼ ਕਮੇਟੀ ਵਲੋਂ ਸਰਕਾਰ ਦੇ ਸਹਿਯੋਗ ਨਾਲ ਇਸ ਨੂੰ ਬੰਦ ਨਹੀਂ ਹੋਣ ਦਿਤਾ ਜਾਏਗਾ। ਆਖ਼ਰ ਸਰਕਾਰ ਨੂੰ ਵੀ ਪਿਛੇ ਹਟਣਾ  ਪਿਆ ਅਤੇ ਪ੍ਰਬੰਧਕੀ ਕਮੇਟੀ ਨੂੰ ਵੀ। ਖਾਲਸਾ ਕਾਲਜ ਨੂੰ ਪ੍ਰਾਈਵੇਟ ਯੂਨੀਵਰਸਿਟੀ ਬਣਾੳਣ ਬਾਰੇ  ਸ਼੍ਰੋਮਣੀ ਕਮੇਟੀ ਬਜਟ ਸੈਸ਼ਨ ਵਿਚ ਵਿਰੋਧ ਦਾ ਮਤਾ ਪਾਸ ਕਰਕੇ 3 ਦਿਨ ਬਾਅਦ ਮੁਕਰ ਗਈ।

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 18 ਅਪਰੈਲ ਨੂੰ ਖਡੂਰ ਸਾਹਿਬ ਵਿਖੇ 8-ਮੰਜ਼ਲਾ “ਨਿਸ਼ਾਨ-ਏ- ਸਿੱਖੀ” ਦਾ ਉਦਘਾਟਨ ਕੀਤਾ ਗਿਆ। ਇਥੇ  ਪੜ੍ਹਾਈ, ਖੇਡਾਂ ਤੇ ਵਾਤਾਵਰਨ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਬਾਬਾ ਸੇਵਾ ਸਿੰਘ ਦੀ ਸ਼ਲਾਘਾ ਕੀਤੀ ਗਈ।

ਪਹਿਲੀ ਵਾਰੀ ਸ਼੍ਰੋਮਣੀ ਕਮੇਟੀ ਵਲੋਂ 50 ਯਾਤਰੀਆਂ ਦਾ ਇਕ ਜੱਥਾ ਬੰਗਲਾ ਦੇਸ਼ ਸਥਿਤ ਗੁਰਧਾਮਾਂ ਦੀ ਯਾਤਰਾ ਅਤੇ ਵਿਸਾਖੀ ਮਨਾਉਣ ਲਈ ਗਿਆ।

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 450 ਪਾਵਨ ਸਰੂਪ ਇਕ ਵਿਸ਼ੇਸ਼ ਹਵਾਈ ਉਡਾਣ ਰਾਹੀਂ ਸਤਿਕਾਰ ਸਹਿਤ ਇਟਲੀ ਭੇਜੇ।

ਸਿੰਘ ਸਾਹਿਬਾਨ ਦੇ ਇਕ ਫੈਸਲੇ ਅਨੁਸਾਰ ਗੁਰੂ ਹਰਿ ਰਾਏ ਜੀ ਦੇ ਪ੍ਰਕਾਸ਼ ਪੁਰਬ 14 ਮਾਰਚ ਨੂੰ ਵਾਤਾਵਰਣ ਦਿਵਸ ਵਜੋਂ ਮਨਾਇਆ ਗਿਆ।ਸੰਯੁਕਤ ਰਾਸ਼ਟਰ ਦੀ ਇਕ ਅਧਿਕਾਰੀ ਨੇ ਇਸ ਕਦਮ ਦੀ ਸ਼ਲਾਘਾ ਕੀਤੀ। ਸ਼੍ਰੋਮਣੀ ਕਮੇਟੀ ਵਲੋਂ ਕੈਂਸਰ ਰੋਗੀਆਂ ਦੀ ਸਹਾਇਤਾ ਲਈ ਕੈਂਸਰ ਫੰਡ ਸਥਾਪਤ ਕੀਤਾ।

ਮਰਦਮ ਸ਼ੁਮਾਰੀ ਸਮੇਂ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਅਪਣੇ ਨਾਂਅ ਨਾਲ  ਸਿੰਘ ਤੇ ਕੌਰ ਅਤੇ ਮਾਂ-ਬੋਲੀ ਪੰਜਾਬੀ ਦਰਜ ਕਰਵਾਉਣ।

ਪੰਜਾਬ ਸੂਚਨਾ ਕਮਿਸ਼ਨ ਪਿਛੋਂ ਕੇਂਦਰੀ ਸੂਚਨਾ ਕਮਿਸ਼ਨ ਨੇ ਵੀ 19 ਅਪਰੈਲ ਨੂੰ ਫੈਸਲਾ ਸੁਣਾਇਆ ਕਿ  ਸ਼ੋਮਣੀ  ਕਮੇਟੀ ਇਕ ਜਨਤਕ ਅਥਾਰਟੀ ਹੈ ਅਤੇ ਇਹ ਸੂਚਨਾ ਅਧਿਕਾਰ ਦੇ ਘੇਰੇ ਵਿਚ ਆਉਂਦੀ ਹੈ।ਕਮੇਟੀ ਨੂੰ ਲੋਕਾਂ ਵਲੋਂ ਸੂਚਨਾ ਅਧਿਕਾਰ ਤਹਿਤ ਮੰਗੀਆਂ ਗਈਆਂ ਜਾਣਕਾਰੀਆਂ ਦੇਣੀਆਂ ਚਾਹੀਦੀਆਂ ਹਨ। ਸ਼੍ਰੋਮਣੀ ਕਮੇਟੀ ਨੂੰ ਛੇ ਮਹੀਨੇ ਅੰਦਰ ਲੋਕ ਸੂਚਨਾ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ 21 ਅਪਰੈਲ ਨੂੰ  ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੰਮੂਹ ਸਿੱਖ ਸੰਸਥਾਵਾਂ ਤੇ ਸੰਗਤਾਂ ਵਲੋਂ ਉਨ੍ਹਾਂ ਨੂੰ ਭਰਪੂਰ ਸ਼ਰਧਾਜਲੀ ਭੇਂਟ ਕੀਤੀ ਗਈ। ਅਨੇਕ ਸਿੱਖ ਜੱਥੇਬੰਦੀਆਂ ਵਲੋਂ ਉਨ੍ਹਾਂ ਨੂੰ ਮਰਨ-ਉਪਰੰਤ ‘ਪੰਥ ਰਤਨ’ ਦੀ ਉਪਾਧੀ ਦੇ ਕੇ ਸਨਮਾਨਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਨੇ ‘ਕਾਲੀ ਸੂਚੀ’ ਵਿਚੋਂ 169 ਸਿੱਖਾਂ ਦੀ ਸੂਚੀ ਚੋ 142 ਨਾਮ ਹਟਾਏ। ਇਹ ਦਿੱਲੀ ਹਾਈ ਕੋਰਟ ਵਲੋਂ ਸਰਕਾਰ ਨੂੰ ਦਿਤੀ ਗਈ ਹਿਦਾਇਤ ਉਤੇ ਹਟਾਈ ਗਈ ਹੈ। ਵੱਖ ਵੱਖ ਸਿੱਖ ਜੱਥੇਬੰਦੀਆਂ ਵਲੋਂ ਸਿਹਰਾ ਆਪਣੇ ਨਾਂਅ ਲੈਣ ਦੇ ਯਤਨ ਕੀਤੇ ਗਏ। ਦੂਜੇ ਪਾਸੇ ਸਬੰਧਤ ਸਿੱਖਾਂ ਦਾ ਕਹਿਣਾ ਹੈ ਕਿ ਹਾਲੇ ਤਕ ਇਸ ਉਤੇ ਅਮਲ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲ ਰਿਹਾ।

ਸ੍ਰੀ ਬਾਦਲ ਵਲੋਂ ਫਤਹਿਗੜ੍ਹ ਸਾਹਿਬ ਵਿਖੇ 25 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦਾ ਉਦਘਾਟਣ ਕੀਤਾ ਗਿਆ।ਪਹਿਲੀ ਅਗੱਸਤ ਨੂੰ ਇਸ ਦੇ ਉਪ-ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ‘ਤੇ ਹਮਲਾ ਕੀਤਾ ਗਿਆ, ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਪੀ.ਜੀ. ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿਥੋਂ ਉਹ ਲਗਭਗ ਤਿੰਨ ਮਹੀਨੇ ਪਿਛੋਂ ਡਿਸਚਾਰਜ ਹੋਕੇ ਆਪਣੇ ਘਰ ਸਿਹਤਯਾਬ ਹੋ ਰਹੇ ਹਨ। ਡਾ. ਗੁਰਨੇਕ ਸਿੰਘ ਕਾਰਜਕਾਰੀ ਉਪ ਕੁਲਪਤੀ ਨਿਯੁਕਤ ਕੀਤੇ ਗਏ। ਡਾ. ਆਹਲੂਵਾਲੀਆਂ ਦੀ ਨਿਯੁਕਤੀ ਦਾ ਕਈ ਸਿੱਖ ਜੱਥੇਬੰਦੀਆਂ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਹ  ਬੜੇ ਵਿਵਾਦਗ੍ਰਸਤ ਹਨ ਅਤੇ ਉਨ੍ਹਾਂ ਦਾ ਜੀਵਨ ਗੁਰਮਤਿ ਜੁਗਤੀ ਅਨੁਸਾਰ ਨਹੀਂ, ਪਰ ਬਾਦਲ ਸਾਹਿਬ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਸੀ। ਹੁਣ ਚੰਡੀਗੜ੍ਹ ਦੇ ਇਕ ਵਕੀਲ ਨੇ ਪੰਜਾਬ ਨੇ ਹਰਿਆਣਾ ਹਾਈ ਕੋਰਟ ਵਿਚ ਡਾ. ਆਹਲੂਵਾਲੀਆ ਦੀ ਨਿਯੁਕਤੀ ਨੂੰ ਇਸ ਆਧਾਰ ‘ਤੇ ਚੈਲੰਜ ਕੀਤਾ ਹੈ ਕਿ ਯੂ.ਜੀ.ਸੀ. ਦੀਆਂ ਗਾਈਡ ਲਾਈਨਾਂ ਅਨੁਸਾਰ 70 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਕਿਸੇ ਵੀ ਯੂਨੀਵਰਸਿਟੀ ਦਾ ਉਪ-ਕੁਲਪਤੀ ਨਿਯੁਕਤ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਡਾ. ਆਹਲੂਵਾਲੀਆ 77 ਸਾਲਾਂ ਦੇ ਹਨ ਅਤੇ ਉਨ੍ਹਾਂ ਦੀ ਚੋਣ ਲਈ ਕੋਈ ਵਿਧੀ ਨਹੀਂ ਅਪਣਾਈ ਗਈ।

ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਸਰਹੱਦ ‘ਤੇ ਕਰਤਾਰਪੁਰ ਗੇਟ ਤੇ ਹਾਲ ਦਾ ਨੀਂਹ ਪੱਥਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਰਖਿਆ।

ਕਪੂਰਥਲਾ ਨਿਵਾਸੀ ਡਾ. ਜਸਦੀਪ ਕੌਰ ਨਾਸਾ ਦੇ ਮਾਰਜ਼ ਡੈਜ਼ਰਟ ਰੀਸਰਚ ਸ਼ਟੇਸ਼ਨ ਮਿਸ਼ਨ ‘ਚ ਸਾਮਿਲ ਹੋਈ।

ਮਿਲਾਨ (ਇਟਲੀ) ਦੇ ਹਵਾਈ ਅੱਡੇ ‘ਤੇ ਭਾਈ ਨਿਰਮਲ ਸਿੰਘ ਖਾਲਸਾ ਦੀ ਦਸਤਾਰ ਉਤਰਵਾਈ ਗਈ। ਇਸ ਉਪਰੰਤ ਜੀਵ ਮਿਲਖਾ ਸਿਘ ਦੇ ਕੋਚ ਅੰਮ੍ਰਿਤ ਇੰਦਰ ਸਿੰਘ ਦੀ ਦੋ ਵਾਰੀ ਅਤੇ ਜੈਟ ਏਅਰਵੇਜ਼ ਦੇ ਕਮਾਂਡਰ ਰਵੀਜੋਧ ਸਿੰਘ ਧੂਪੀਆ ਦੀ ਇਥੇ ਹੀ ਦਸਤਾਰ ਉਤਰਵਾਈ। ਬੀਬੀ ਹਰਸਿਮ੍ਰਤ ਬਾਦਲ ਨੇ ਮਾਮਲਾ ਲੋਕ ਸਭਾ ਵਿਚ ਅਤੇ ਰਾਜ ਸਭਾ ਵਿਚ ਨਰੇਸ਼ ਗੁਜਰਾਲ ਨੇ ਉਠਾਇਆ, ਤੇ ਐਸ.ਐਸ. ਆਹਲੂਵਾਲੀਆ ਤੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਰਕਾਰ ਨੂੰ ਯੋਗ ਕਾਰਵਾਈ ਕਰਨ ਲਈ ਕਿਹਾ। ਰਾਜ ਸਭਾ ਦੇ ਡਿਪਟੀ ਚੇਅਰਮੈਨ ਕੇ. ਰਹਿਮਾਨ ਖਾਂ ਨੇ ਸਾਰੇ ਹਾਊਸ ਵਲੋਂ ਦਸਤਾਰ ਉਤਾਰਨ ਦੀਆਂ ਘਟਨਾਵਾਂ ਦੀ ਸਾਰੇ ਹਾਊਸ ਵਲੋਂ ਨਿੰਦਾ ਕਰਦਿਆਂ ਸਰਕਾਰ ਨੂੰ ਆਖਿਆ ਕਿ ਇਟਲੀ ਦੇ ਰਾਜਦੂਤ ਨੂੰ ਬੁਲਾ ਕੇ ਸਖ਼ਤ ਰੋਸ ਪ੍ਰਗਟ ਕੀਤਾ ਜਾਏ ਤੇ ਅਗੇ ਨੂੰ ਅਜੇਹੀਆਂ ਘਟਨਾਵਾਂ ਨਾ ਵਾਪਰਨ। ਵਿਦੇਸ਼ ਮੰਤਾਰੀ ਕ੍ਰਿਸ਼ਨਾ ਵਲੋਂ ਅਮਰੀਕਾ, ਫਰਾਸ ਤੇ ਇਟਲੀ ਸਰਕਾਰ ਨਾਲ ਮਸਲਾ ਉਠਾਉਣ ਦਾ ਭਰੋਸਾ ਦਿਤਾ।

ਡੁਬਈ ਵਿਚ ਇਕ ਕੰਪਣੀ ਵਲੋਂ  ਸਿੱਖ ਡਰਾਈਵਰਾਂ ਨੂੰ ਦਸਤਾਰ ਉਤਾਰ ਕੇ ਕੇਸ ਪਿਛੇ ਨੂੰ ਕਰਕੇ ਤੇ ਦਾੜ੍ਹੀ ਬੰਨ੍ਹ ਕੇ ਰਖਣ ਲਈ ਕਿਹਾ ਗਿਆ ਹੈ, ਜਿਸ ਉਤੇ ਸਿੱਖ ਸੰਸਥਾਵਾਂ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ।

ਬੈਲਜੀਅਮ ਵਿਚ ਸਿੱਖ ਦੀ ਦਸਤਾਰ ਨਾਲ ਛੇੜਖਾਨੀ ਕਰਨ ਵਾਲੇ ਗੋਰੇ ਨੂੰ ਇਕ ਸਾਲ ਦੀ ਕੈਦ ਤੇ ਇਕ ਹਜ਼ਾਰ ਯੂਰੋ ਜੁਰਮਾਨਾ ਕੀਤਾ ਗਿਆ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ  ਨੇ  ਹਰਿਆਣਾ ਵਿਚ ਹੋਂਦ ਚਿਲੜ੍ਹ ਵਿਖੇ ਨਵੰਬਰ 84 ‘ਚ ਸਿੱਖ ਕਤਲੇਆਮ ਦਾ ਪਤਾ ਲਗਾਇਆ, ਜਦੋਂ  ਫਿਰਕੂ ਭੀੜ ਵਲੋਂ ਪਿੰਡ ਦੇ ਸਾਰੇ 32 ਸਿੱਖ ਹਲਾਕ ਕੀਤੇ ਗਏ। ਪਾਰਲੀਮੈਂਟ ਵਿਚ ਅਕਾਲੀ ਤੇ ਭਾਜਪਾ ਮੈਂਬਰਾਂ ਵਲੋਂ ਮਾਮਲੇ ਉਠਾਉਣ ਤੇ ਸ਼ੋਰ ਸ਼ਰਾਬਾ, 6 ਮਾਰਚ ਨੂੰ ਯਾਦ ‘ਚ ਸਮਾਗਮ, ਜੱਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਯਾਦਗਰ ਸਥਾਪਤ ਕਰਨ ਦਾ ਐਲਾਨ। ਫੈਡਰੇਸ਼ਨ ਨੇ ਪਟੌਦੀ ਵਿਖੇ ਵੀ ਇਸੇ ਤਰ੍ਹਾਂ ਦੇ ਕਤਲੇਆਮ ਬਾਰੇ ਪਤਾ ਕੀਤਾ, ਜਿਥੇ 17 ਸਿੱਖ ਮਾਰੇ ਗਏ ਸਨ। ਇਨ੍ਹਾਂ ਦੇ ਸਾਰੇ ਦੋਸ਼ੀ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿਤੇ।

‘ਸਿਖ ਫਾਰ ਜਸਟਿਸ’ ਜੱਥੇਬੰਦੀ ਵਲੋਂ ਅਮਰੀਕਾ ਵਿਚ ਕੇਂਦਰੀ ਮੰਤਰੀ ਕਮਲ ਨਾਥ ਵਿਰੁਧ ‘84 ਦੇ ਸਿੱਖ ਕਤਲੇਆਮ ਦਾ ਮਾਮਲਾ ਦਰਜ ਕੀਤਾ ਗਿਆ। ਨਿਊ ਯਾਰਕ ਦੀ ਇਕ ਜ਼ਿਲਾ ਅਦਾਲਤ ਵਲੋਂ ਨਵੰਬਰ ‘84 ਵਿਚ ਦਿੱਲੀ ਤੇ ਹੋਰ 18 ਰਾਜਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਲਈ ‘ਸਿਖ ਫਾਰ ਜਸਟਿਸ” ਜੱਥਬੰਦੀ ਵਲੋਂ ਦਾਇਰ ਕੀਤੇ ਇਕ ਕੇਸ ਵਿਚ ਕਾਂਗਰਸ ਪਾਰਟੀ ਨੂੰ ਸੰਮਨ ਜਾਰੀ।

ਇਸੇ ਜਥੇਬੰਦੀ ਤੇ ਫੈਡਰੇਸ਼ਨ ਵਲੋਂ ਉੱਘੇ ਫਿਲਮ ਸਟਾਰ ਅਮਿਤਾਬ ਬਚਨ ਉਤੇ ਵੀ ਲੋਕਾਂ ਨੂੰ ਸਿੱਖਾਂ ਵਿਰੁਧ ਭੜਕਾਉਣ ਦਾ ਦੋਸ਼ ਲਗਾਇਆ। ਬਾਦਲ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਵਿਰਾਸਤ-ਏ-ਖਾਲਸਾ’ ਦੇ ਉਦਘਾਟਨ ਸਮੇਂ ਸ੍ਰੀ ਬਚਨ ਨੂੰ ਬੁਲਾਇਆ ਗਿਆ ਸੀ, ਪਰ ਕਈ ਸਿੱਖ ਜੱਥੇਬੰਦੀਆਂ ਵਲੋਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਇਸ ਦਾ ਸਖ਼ਤ  ਵਿਰੋਧ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਉਣ ਤੋਂ ਰੋਕ ਦਿਤਾ ਗਿਆ। ਸ੍ਰੀ ਬਚਨ ਨੇ ਇਕ ਪੱਤਰ ਰਾਹੀਂ ਜੱਥੇਦਾਰ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਭੇਜ ਕੇ ਆਪਣੇ ਆਪ ਨੂੰ ਨਿਰਦੋਸ਼ ਦਸਿਆ ਤੇ ਕਿਹਾ ਕਿ ਉਸ ਨੂੰ ਵੀ ਇਸ ਕਤਲੇਆਮ ਉਤੇ ਗਹਿਰਾ ਦੁੱਖ ਹੈ। ਉਸ ਨੇ ਇਹ ਵੀ ਆਖਿਆ ਕਿ ਉਸ ਦੀ ਮਾਂ ਇਕ ਸਿਖ ਪਰਿਵਾਰ ਵਿਚੋਂ ਸੀ ਅਤੇ ਉਹ ਸਿੱਖ ਧਰਮ ਵਿਚ ਵੀ ਆਸਥਾ ਰਖਦਾ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਪੱਤਰ ‘ਤੇ 22 ਦਸੰਬਰ ਨੂੰ ਵਿਚਾਰ ਕੀਤਾ ਜਾਏਗਾ।

ਇਕ ਹੋਰ ਵਿਵਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਬਦ-ਕੀਰਤਨ ਦਾ ਸਿੱਧਾ ਪ੍ਰਸਾਰਨ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਬਿਨਾ ਟੈਂਡਰ ਮੰਗੇ ਬਾਦਲ ਪਰਿਵਾਰ ਦੇ ਇਕ ਟੀ.ਵੀ. ਚੈਨਲ ਨੂੰ ਦੇਣ ਬਾਰੇ ਉਠਿਆ ਤੇ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਨਾਲ ਕਰੋੜਾਂ ਰੁਪਏ ਦਾ ਚੂਨਾ ਲਗ ਰਿਹਾ ਹੈ ਅਤੇ ਇਹ ਚੈਨਲ ਕਰੋੜਾਂ ਰੁਪਏ ਸ਼ਬਦ ਕੀਰਤਨ ਦੇ ਪ੍ਰੋਗਰਾਮ ਕਾਰਨ ਕਮਾ ਰਿਹਾ ਹੈ।

ਨਿਊਯਾਰਕ (ਅਮਰੀਕਾ) ਵਿਖੇ ਕਲਾਕ੍ਰਿਤੀਆਂ ਦੀ ਨਿਲਾਮੀ ਦੌਰਾਨ 24 ਮਾਰਚ ਨੂੰ ਚਿੱਤਰਕਾਰ ਸੋਭਾ ਸਿੰਘ ਦੀ ਬਣਾਈ ਮਹਰਾਜਾ ਰਣਜੀਤ ਸਿੰਘ ਦੀ ਤਸਵੀਰ ਇਕ ਕਰੋੜ ਚਾਰ ਹਜ਼ਾਰ ਰੁਪਏ ਵਿਚ ਵਿਕੀ।ਚਿੱਤਰਕਾਰ ਦੇ ਪਰਿਵਾਰ ਵਲੋਂ ਅੰਦਰੇਟਾ ਵਿਖੇ ਆਰਟ ਗੈਲਰੀ ਦੀ ਉਪਰਲੀ ਮੰਜ਼ਲ ਉਤੇ ਸ. ਸੋਭਾ ਸਿੰਘ ਅਜਾਇਬ ਘਰ ਸਥਾਪਤ ਕੀਤਾ ਗਿਆ ਜਿਸ ਦਾ ਉਦਘਾਟਨ ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ 20 ਮਾਰਚ ਨੂੰ ਕੀਤਾ। ਹਿਮਾਚਲ ਪਰਦੇਸ਼ ਯੂਨੀਵਰਸਿਟੀ ਸ਼ਿਮਲਾ ਨੇ ਚਿਤਰਕਾਰ ਸੋਭਾ ਸਿੰਘ ਚੇਅਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਲਲਿਤ ਕਲਾ ਅਕੈਡਮੀ ਚੰਡੀਗੜ੍ਹ ਨੇ ਆਪਣੀ ਗੈਲਰੀ ਦਾ ਨਾਂਅ ਚਿਤਰਕਾਰ ਸੋਭਾ ਸਿੰਘ ਦੇ ਨਾਂਅ ਉਤੇ ਰਖਣ ਤੇ ਹਰ ਸਾਲ ਚਿਤਰਕਾਰ ਦੇ ਜਨਮ ਦਿਵਸ 29 ਨਵੰਬਰ ਨੂੰ ਕਲਾ ਪ੍ਰਦਰਸ਼ਨੀ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।

ਦਿੱਲੀ ਵਿਖੇ 29 ਜੁਲਾਈ ਨੂੰ  ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਮੈਮੋਰੀਅਲ ਦਾ ਉਦਘਾਟਣ ਕੀਤਾ ਗਿਆ।

ਅਗਸਤ ਦੇ ਦੂਜੇ ਹਫਤੇ ਇੰਗਲੈਂਡ ਵਿਚ ਨਸਲੀ ਫਸਾਦ ਹੋਏ, ਸਿੱਖਾਂ ਨੇ ਆਪਣੇ ਗੁਰਦੁਆਰਿਆਂ ਦੀ ਖੁਦ ਆਪ ਰਖਿਆ ਕੀਤੀ।ਇਨ੍ਹਾਂ  ਦੰਗਿਆ ਦੀ ਜਾਂਚ ਲਈ ਇਕ ਉਘੇ ਸਮਾਜ ਸੇਵਕ  ਦਾਰਾ ਸਿੰਘ ਦੀ ਰਹਿਨੁਮਾਈ ਵਿਚ 4-ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ।

ਬਰਤਾਨੀਆ ਦੀ ਹਾਈ ਕੋਰਟ ‘ਚ ਪਹਿਲੇ  ਸਿੱਖ ਜੱਜ ਰਬਿੰਦਰ ਸਿੰਘ ਨੇ ਸੰਹੁ ਚੁਕੀ ਹੈ।

ਲੰਦਨ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਇਕ ਵਿਸ਼ਵ ਪੱਧਰ ਦੀ ਨੁਮਾਇਸ਼ ਦਾ 26 ਅਗੱਸਤ ਨੂੰ ਪ੍ਰਬੰਧ ਕੀਤਾ ਗਿਆ ਜਿਸ ਵਿਚ ਇਸ ਪਾਵਨ ਸਥਾਨ ਦੇ ਵੀਹਵੀ ਸਦੀ ਤਕ ਦੇ ਇਤਿਹਾਸ ਤੇ ਅਨੇਕ ਦੁਰਲਭ ਚਿਤਰ ਰਖੇ ਗਏ । ਇਸ ਤੋਂ ਬਿਨਾ ਸਿੱਖ ਸੂਰਬੀਰਾਂ ਦੇ ਚਿਤਰ ਵੀ ਰਖੇ ਗਏ ਹਨ। ਇਹ ਨੁਮਾਇਸ਼ ਯੂ.ਕੇ. ਪੰਜਾਬ ਹੈਰੀਟੇਜ ਅਸੋਸੀਏਸ਼ਨ ਵਲੋਂ ਲਗਾਈ ਗਈ ਸੀ, ਜਿਸ ਨੂੂੰ ਹਜ਼ਾਰਾ ਹੀ ਦਰਸ਼ਕਾ ਨੇ ਵੇਖਿਆ।ਦੁਨੀਆਂ ਦੇ ਤੀਰਥ ਸਥਾਨਾ ਦੇ ਹਰਿਆਵਲ ਨੈਟਵਰਕ ‘ਚ ਅੰਮ੍ਰਿਤਸਰ ਵੀ ਸ਼ਾਮਿਲ ਕੀਤਾ ਗਿਆ।

ਬ੍ਰਿਗੇਡੀਅਰ ਜਨਰਲ ਰਵਿੰਦਰ ਸਿੰਘ ਨੂੰ ਸਿੰਘਾਪੁਰ ਫੌਜ ਦਾ ਮੁਖੀ ਥਾਪਿਆ ਗਿਆ ਹੈ।ਉਹ ਸਿੰਘਾਪੁਰ ਫੌਜ ਦੇ 30 ਸਾਲਾ ਇਤਿਹਾਸ ਵਿਚ ਪਹਿਲੇ ਗੈਰ-ਚੀਨੀ ਹੋਣਗੇ। ਇਸ ਤੋਂ ਪਹਿਲਾ 1982 ਵਿਚ ਕਰਨਲ ਮਨਚਰਨ ਸਿੰਘ ਗਿਲ ਇਸ ਅਹੁਦੇ ‘ਤੇ ਰਹਿ ਚੁਕੇ ਹਨ।

ਪਾਰਲੀਮੈਂਟ ਦੇ ਵਰਖਾ ਰੁੱਤ ਸੈਸ਼ਨ ਦੌਰਾਨ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਅਨੰਦ ਮੈਰਿਜ ਐਕਟ ਵਿਚ ਸੋਧ ਦੀ ਮੰਗ ਰੱਦ ਕਰ ਦਿਤੀ ਜਿਸ ਦਾ  ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਸਮੇਤ ਸਿਖਾਂ ਦੀ ਅਨੇਕਾਂ ਜਥੇਬੰਦੀਆਂ ਵਲੋਂ ਤਿੱਖਾ ਪ੍ਰਤੀਕਰਮ ਕੀਤਾ ਗਿਆ। ਸਿੰਘ ਸਾਹਿਬਾਨ ਵਲੋਂ ਸਰਕਾਰ ਨੂੰ ਦਸੰਬਰ ਮਹੀਨੇ ਤਕ ਇਹ ਸੋਧ ਕਰਨ ਦਾ ਨੋਟਿਸ ਦਿਤਾ ਗਿਆ।

ਨਿਊਯਾਰਕ ਵਿਚ ਸਿੱਖ ਪਹਿਰਾਵੇ ਸਮੇਤ ਨੌਕਰੀ ਕਰਨ ਦੀ ਖੁਲ੍ਹ। ਸਿੱਖਾਂ ਨੂੰ ਕਿਊਨਜ਼ਲੈਂਡ ਵਿਚ ਸ੍ਰੀ ਸਾਹਿਬ ਪਹਿਨਣ ਦੀ ਮਾਨਤਾ ਵੀ ਮਿਲੀ।

ਪੈਰਿਸ  ਵਿਚ ਜ਼ਿਲਾ ਹੁਸ਼ਿਆਰਪੁਰ ਦੇ 33-ਸਾਲਾ ਰਾਜਿੰਦਰ ਸਿੰਘ ਉਰਫ ਬੱਬੂ ਨੇ ਪੰਜ ਅਕਤੂਬਰ ਨੂੰ ਮੈਟਰੋ ਟਰੇਨ  ਵਿਚ ਸਫ਼ਰ ਕਰ ਰਹੀ ਇਕ ਔਰਤ ਨੂੰ ਲੁਟੇਰਿਆਂ ਤੋਂ ਬਚਾਉਂਦਿਆ ਆਪਣੀ ਜਾਨ ਦੇ ਦਿਤੀ, ਜਿਸ ਦੀ ਪੂਰੇ ਫਰਾਂਸ ਵਿਚ ਸ਼ਲਾਘਾ ਹੋਈ।

ਵੈਨਕੂਵਰ ਵਿਚ ਕਾਮਾਗਾਟਾਮਾਰੂ ਦੁਖਾਂਤ ਦੀ ਯਾਦਗਾਰ ਲਈ ਜਗ੍ਹਾ ਦਾ ਫੈਸਲਾ ਹੋ ਗਿਆ ਹੈ। ਕੈਨੇਡਾ ਦੇ ਅਲਬਰਟਾ ਸੂਬੇ ਵਿਚ ਪਹਿਲੇ ਸਾਬਤ ਸੂਰਤ ਸਿੱਖ ਮਨਜੀਤ ਸਿੰਘ ਭੁਲਰ ਮੰਤਰੀ ਬਣੇ।

ਅਕਤੂਬਰ ਮਹੀਨੇ ਟਰਾਂਟੋ ਵਿਖੇ 100 ਸਾਲਾ ਫੌਜਾ ਸਿੰਘ ਨੇ ਸਭ ਤੋਂ ਵੱਡੀ ਉਮਰ ਦੇ ਐਥਲੀਟ ਵਜੋਂ ਰਿਕਾਰਡ ਬਣਾਇਆ।ਗਿੰਨੀਜ਼ ਬੁੱਕ ਆਫ ਰੀਕਾਰਡ ਵਾਲਿਆਂ ਨੇ ਇਸ ਅੰਦਰਾਜ ਨੂੰ ਇਹ ਕਹਿ ਕੇ ਨਿਕਾਰ ਕਰ ਦਿਤਾ ਕਿ ਫੌਜਾ ਸਿੰਘ ਦੇ ਜਨਮ ਤਾਰੀਖ ਬਾਰੇ ਕੋਈ ਪੱਕਾ ਸਬੂਤ ਨਹੀਂ।

ਅੰਮ੍ਰਿਤਸਰ-ਟਰਾਂਟੋ ਉਡਾਣ, ਜੋ ਪਿਛਲੇ ਸਾਲ ਅਕਤੂਬਰ  ਮਹੀਨੇ ਬੰਦ ਹੋ ਗਈ ਸੀ, 20 ਫਰਵਰੀ ਤੋਂ ਮੁੜ ਸ਼ੁਰੂ ਹੋਈ।ਅੰਮ੍ਰਿਤਸਰ ਤੇ ਲੰਦਨ ਵਿਚਕਾਰ ਨਵਜੋਤ ਸਿੰਘ ਸਿਧੂ ਦੀਆਂ ਕੋਸ਼ਿਸ਼ਾ ਸਦਕਾ 14 ਅਕਤੂਬਰ ਤੋਂ ਹਵਾਈ ਸੇਵਾ ਸ਼ੁਰੂ। ਅੰਮ੍ਰਿਤਸਰ ਤੇ ਵਿਆਨਾ ਵਿਚਕਾਰ ਵੀ ਉਡਾਣ ਬੜੇ ਧੂਮ ਧੜੱਕੇ ਨਾਲ ਸ਼ੁਰੂ ਹੋਈ, ਪਰ ਇਸ ਦੀ ਸੇਵਾ ਵਿਚ ਕੋਈ ਨਾ ਕੋਈ ਵਿਘਣ ਪਿਆ ਰਹਿੰਦਾ ਹੈ, ਜਿਸ ਕਾਰਨ ਯਾਤਰੀ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ।

ਅਮਰੀਕਾ ਦੇ ਕੈਲੇਫੋਰਨੀਆ ਵਿਚ ਤਰਲੋਚਨ ਸਿੰਘ ਉਬਰਾਏ ਨੂੰ 6 ਸਾਲ ਬਾਅਦ ਮੁੜ ਮਿਲੀ ਨੌਕਰੀ ਅਤੇ ਲਗਭਗ 2 ਲਖ ਅਮਰੀਕੀ ਡਾਲਰ ਦਾ ਮੁਆਵਜ਼ਾ ਮਿਲਿਆ। ਜੇਲ੍ਹ ਅਧਿਕਾਰੀ ਵਜੋਂ ਕੰਮ ਕਰਦੇ ਹੋਏ ਉਸ ਨੂੰ ਆਪਣੀ ਦਾੜ੍ਹੀ ਕਤਲ ਕਰਨ ਤੇ ਇਨਕਾਰ ਕਰਨ ਉਤੇ ਹਟਾ ਦਿਤਾ ਗਿਆ ਸੀ, ਉਸ ਨੇ ਕਾਨੂੰਨੀ ਲੜਾਈ ਲੜੀ।

ਨਿਊਜ਼ੀਲੈਂਡ ਦੀ ਹਵਾਈ ਸੈਨਾ ਵਿਚ ਇਕ ਸਾਬਤ ਸੂਰਤ ਨੌਜਵਾਨ ਚਰਨਜੀਤ ਸਿੰਘ ਧੰਜਲ ਪਹਿਲਾ ਸਿੱਖ ਅਧਿਕਾਰੀ ਬਣਿਆ। ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਇਕ ਸਾਬਤ ਸੂਰਤ ਨੌਜਵਾਨ ਸਿੱਖ ਤਕਦੀਰ ਸਿੰਘ ਦਿਓਲ ਇਕ ਪੁਲਿਸ ਅਧਿਕਾਰੀ ਬਣਿਆ। ਆਪਣੀ ਸਖ਼ਤ ਮਿਹਨਤ ਸਦਕਾ ਸਾਬਤ ਸੂਰਤ ਪੱਗੜੀਧਾਰੀ ਸਿਮਰਪਾਲ ਸਿੰਘ ਅਰਜਨਟਾਈਨਾ ਦਾ ਸਭ ਤੋਂ ਵੱਡਾ ਤੇ ਅਮੀਰ ਕਿਸਾਨ ਬਣਿਆ।

ਅੰਮ੍ਰਿਤਸਰ ਵਿਖੇ ਸੈਰ ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤੀ ਪੰਜ ਸਰੋਵਰਾਂ ਦੀ ਵਿਰਾਸਤੀ ਸੈਰ ਦੀ ਸ਼ੁਰੂਆਤ। ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਪਵਿੱਤਰ ਸ਼ਹਿਰ ਵਿਚ ਵਿਸ਼ਵ-ਪੱਧਰੀ ਜਨਤਕ ਟ੍ਰਾਂਸਪੋਰਟ “ਪ੍ਰੌਡ” ਪ੍ਰਾਜੈਕਟ ਦਾ ਨੀਂਹ-ਪੱਥਰ ਰਖਿਆ।

ਤਲਵੰਡੀ ਸਾਬੋ ਵਿਖੇ ਸੁਖਬੀਰ ਸਿੰਘ ਬਾਦਲ ਵਲੋਂ  ‘ਅਕਾਲ ਯੂਨੀਵਰਸਿਟੀ’ ਦਾ ਨੀਂਹ-ਪੱਥਰ ਰਖਿਆ।ਅਕਾਲ ਅਕੈਡਮੀ, ਬੜੂ ਸਾਹਿਬ ਵਲੋਂ ਇਥੇ ਧਾਰਮਿਕ ਵਿਦਿਆ ਦਾ ਵੀ ਪ੍ਰਬੰਧ ਕੀਤਾ ਜਾਏਗਾ।

ਕੈਨੇਡਾ ਦੇ ਇਤਿਹਾਸ ਵਿਚ ਮੌਜੂਦਾ ਸਮੇਂ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਸਟਫੌਰਡ ਦੇ ਸੌ-ਸਾਲਾ ਅਜਾਇਬ ਘਰ ਦਾ ਉਦਘਾਟਨ ਬ੍ਰਿਟਿਸ਼ ਕੋਲੰਭੀਆਂ ਦੇ ਲੈਫਟੀ. ਗਵਰਨਰ ਸਟੀਫਨ ਪੋਆਇੰਟ ਵਲੋਂ ਕੀਤਾ ਗਿਆ।

# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ, ਮੋ: 98762-95829

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>