ਸ਼ਹੀਦੀ ਜੋੜ ਮੇਲ ਦੌਰਾਨ ਪ੍ਰਦਰਸ਼ਨੀ ਅਤੇ ਕਵੀ ਦਰਬਾਰ ਵੀ ਲਗਾਇਆ ਗਿਆ

ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੀ ਪ੍ਰਦਰਸ਼ਨੀ ਮੌਕੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਤਿਆਰ ਕੀਤਾ ਸੋਵੀਨਾਰ ਸ਼ਹਾਦਤ-2011 ਜਾਰੀ ਕਰਦੇ ਹੋਏ।(ਗੁਰਿੰਦਰਜੀਤ ਸਿੰਘ ਪੀਰਜੈਨ)

ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਸ੍ਰੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਤਿੰਨ ਰੋਜਾ ‘ਸ਼ਹੀਦੀ ਜੋੜ ਮੇਲ’ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਾਆਰੰਭ ਹੋਣ ਨਾਲ ਪੂਰੀ ਸ਼ਰਧਾ ਨਾਲ ਆਰੰਭ ਹੋ ਗਿਆ। ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਦੇਸ਼ ਤੇ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਅੰਤਿਮ ਸਸਕਾਰ ਵਾਲੇ ਅਸਥਾਨ ’ਤੇ ਸ਼ੁਸੋਭਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਇਸ ਮੌਕੇ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਬਲਵੰਤ ਸਿੰਘ ਨੇ ਅਰੰਭਤਾ ਦੀ ਅਰਦਾਸ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸਵੇਰੇ 9:00 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ।

ਸ਼੍ਰੀ ਯਸ਼ਵੀਰ ਮਹਾਜਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੀ ਪ੍ਰਦਰਸ਼ਨੀ ਦਾ ਮੁਆਇਨਾ ਕਰਦੇ ਹੋਏ। ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪ੍ਰੀਤਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਦਿਖਾਈ ਦੇ ਰਹੇ ਹਨ।(ਗੁਰਿੰਦਰਜੀਤ ਸਿੰਘ ਪੀਰਜੈਨ)

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਅਦਾਰਿਆਂ ਦੀ ਗਤੀਵਿਧੀਆਂ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਅਤੇ ਇਸ ਮੌਕੇ ਤੇ ਜ਼ਿਲ੍ਹਾ ਕਲਚਰ ਸੁਸਾਇਟੀ ਵੱਲੋਂ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਤਿਆਰ ਕੀਤਾ ਸੋਵੀਨਾਰ ਸ਼ਹਾਦਤ-2011 ਵੀ ਸੰਗਤਾ ਲਈ ਜਾਰੀ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਸਾਹਿਤਕਾਰ ਅਤੇ ਕਵੀ ਸ਼੍ਰੀ ਸੁਰਜੀਤ ਮਰਜਾਰਾ, ਡਾ. ਦਰਸ਼ਨ ਸਿੰਘ,ਸ੍ਰ. ਰਾਮ ਸਿੰਘ ਅਲਬੇਲਾ, ਸ੍ਰ. ਹਰਨੇਕ ਸਿੰਘ ਬਡਾਲੀ, ਸ੍ਰ. ਰਜਿੰਦਰ ਸਿੰਘ, ਸ੍ਰ. ਜਗਜੀਤ ਸਿੰਘ ਗੁਰਮ, ਸ੍ਰ. ਅਨੁਪ ਸਿੰਘ ਖਾਨਪੁਰੀ, ਸ੍ਰ. ਰਣਜੋਧ ਸਿੰਘ, ਸ੍ਰ. ਬਾਬੂ ਸਿੰਘ ਚੌਹਾਨ, ਸ਼੍ਰੀ ਸਨੇਹਇੰਦਰ ਸਿੰਘ ਮੀਲੂ, ਸ਼੍ਰੀ ਅਮਨ ਬੇਦਰਦ, ਸ੍ਰ. ਕੁਲਵਿੰਦਰ ਸਿੰਘ, ਸ਼੍ਰ. ਬਚਨ ਸਿੰਘ, ਸ਼੍ਰੀ ਕੇਵਲ ਮਾਣਿਕ ਪੁਰੀ, ਸ਼੍ਰੀਮਤੀ ਅਮਰਜੀਤ ਕੌਰ ਹਿਰਦੇ ਮੋਹਾਲੀ, ਸ੍ਰ. ਗੁਲਜ਼ਾਰ ਸਿੰਘ ਸ਼ੌਂਕੀ, ਸ੍ਰ. ਮਹਿਮਾ ਸਿੰਘ ਅਰਸ਼ੀ ਆਦਿ ਕਵੀਆਂ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਸਬੰਧੀ ਆਪਣੀਆਂ ਕਵੀਤਾਵਾਂ ਪੜ੍ਹੀਆਂ। ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਵੱਲੋਂ ਦੀਵਾਨ ਟੋਡਰ ਮੱਲ ਬਾਰੇ ਸ੍ਰ. ਬਾਬੂ ਸਿੰਘ ਮਾਨ ਵੱਲੋਂ ਲਿਖਿਤ ਪੁਸਤਕ ਵੀ ਜਾਰੀ ਕੀਤੀ। ਇਸ ਮੌਕੇ ’ਤੇ ਭਾਸ਼ਾ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਤੇ ਹੋਰ ਆਏ ਹੋਏ ਮਹਿਮਾਨਾਂ ਨੂੰ ਕਿਤਾਬਾਂ ਦੇ ਸੈਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਇੰਜਨੀਅਰ ਸ਼੍ਰੀ ਬਲਰਾਜ ਚੋਪੜਾ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਬਿਮਲਾ ਚੋਪੜਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਸ਼੍ਰੀਮਤੀ ਕਰਮਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ. ਪ੍ਰੀਤਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਸੁਖਦੇਵ ਸਿੰਘ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ. ਹਰਦਿਆਲ ਸਿੰਘ ਚੱਠਾ ਅਤੇ ਸਕੱਤਰ ਰੈਡ ਕਰਾਸ ਸੋਸਾਇਟੀ ਫਤਹਗਿੜ੍ਹ ਸਾਹਿਬ ਸ਼੍ਰੀਮਤੀ ਸੁਤੰਤਰ ਅਰੋੜਾ ਅਤੇ ਵੱਖ-ਵੱਖ ਅਦਾਰਿਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>