ਪੰਥ ਵਿੱਚ ਗੁਰਪੁਰਬਾਂ ਦੀਆਂ ਤਾਰੀਖਾਂ ਸਬੰਧੀ ਚੱਲ ਰਹੀ ਦੁਬਿਧਾ ਨੂੰ ਖਤਮ ਕੀਤਾ ਜਾਵੇ- ਸਰਨਾ

ਨਵੀਂ ਦਿੱਲੀ – ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਵਿਰੋਧੀਆਂ ਵਲੋਂ ਦਿੱਤੇ ਜਾ ਰਹੇ ਉਨ੍ਹਾਂ ਬਿਆਨਾਂ ਦਾ ਤਿੱਖਾ ਨੋਟਿਸ ਲਿਆ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕੇਵਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੀ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਦੀ ਉਲੰਘਣਾ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਇਆ ਗਿਆ ਹੈ, ਜਦਕਿ ਸੰਸਾਰ ਵਲੋਂ ਇਹ ਪੁਰਬ ਸ੍ਰੀ ਅਕਾਲ ਤਖਤ ਦੇ ਆਦੇਸ਼ ਅਨੁਸਾਰ 31 ਦਸੰਬਰ ਨੂੰ ਹੀ ਮਨਾਇਆ ਗਿਆ।

ਸ. ਸਰਨਾ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਵਿਰੋਧੀਆਂ ਵਲੋਂ ਭਰਮ-ਭੁਲੇਖੇ ਪੈਦਾ ਕਰ ਸੰਗਤਾਂ ਨੂੰ ਗੁਮਰਾਹ ਕਰਨ ਦੇ ਉਦੇਸ਼ ਨਾਲ ਰਾਜਸੀ-ਵਿਰੋਧ ਦੀ ਭਾਵਨਾ ਅਤੇ ਸੁਆਰਥ ਅਧੀਨ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਆਨਾਂ ਵਿੱਚ ਨਾ ਤਾਂ ਕੋਈ ਸੱਚਾਈ ਹੈ ਅਤੇ ਨਾ ਹੀ ਇਹ ਮੂਲ ਤਥਾਂ ਪੁਰ ਆਧਾਰਤ ਹਨ। ਉਨ੍ਹਾਂ ਦਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜ ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕੇਵਲ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਹੀ ਨਹੀਂ, ਸਗੋਂ ਪੰਜਾਬ ਅਤੇ ਦੇਸ਼ ਦੇ ਕਈ ਹਿਸਿਆਂ ਵਿੱਚ ਅਤੇ ਵਿਦੇਸ਼ਾਂ ਵਿੱਚ ਸਮੁਚੇ ਰੂਪ ਵਿੱਚ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਸ੍ਰੀ ਅਕਾਲ ਤਖਤ ਦੇ ਕਿਸੇ ਵੀ ਆਦੇਸ਼ ਦੀ ਉਲੰਘਣਾ ਨਹੀਂ ਕੀਤੀ ਗਈ। ਉਨ੍ਹਾਂ ਦਸਿਆ ਕਿ ਇਹ ਗਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵਲੋਂ ਵੀ ਕਈ ਵਾਰ ਸਪਸ਼ਟ ਕੀਤੀ ਜਾ ਚੁਕੀ ਹੈ।

ਸ. ਸਰਨਾ ਨੇ ਦਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ, ਜੋ ਲੰਮੇ ਵਿਚਾਰ-ਵਟਾਂਦਰੇ ਅਤੇ ਸੋਚ-ਵਿਚਾਰ ਤੋਂ ਬਾਅਦ ਹੀ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਸਹਿਮਤੀ ਅਤੇ ਉਨ੍ਹਾਂ ਦੇ ਦਸਤਖਤਾਂ ਹੇਠ, ਸੰਨ-2003 ਵਿੱਚ ਜਾਰੀ ਕੀਤਾ ਗਿਆ ਸੀ ਅਤੇ ਪੰਜਾਂ ਸਿੰਘ ਸਾਹਿਬਾਨ ਵਲੋਂ ਪੰਥ ਦੇ ਨਾਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਸੀ ਕਿ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਕਾਇਮ ਰਖਣ ਲਈ ਜ਼ਰੂਰੀ ਹੈ ਕਿ ਪੰਥ ਵਲੋਂ ਸਾਰੇ ਪੁਰਬ ਇਸੇ (ਮੂਲ) ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣ, ਇਸੇ ਆਦੇਸ਼ ਦਾ ਪਾਲਣ ਕਰਦਿਆਂ ਉਸੇ ਸਮੇਂ ਤੋਂ ਹੀ ਪੰਥ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾਂਦਾ ਚਲਿਆ ਆ ਰਿਹਾ ਹੈ।

ਸ. ਸਰਨਾ ਨੇ ਹੋਰ ਦਸਿਆ ਕਿ ਸੰਨ-2009-2010 ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਗਈਆਂ ਸੋਧਾਂ ਦੇ ਸੰਬੰਧ ਵਿੱਚ ਨਾ ਤਾਂ ਉਸ ਕਮੇਟੀ ਦੇ ਮੈਂਬਰਾਂ ਨਾਲ ਕੋਈ ਸਲਾਹ ਕੀਤੀ ਗਈ, ਜਿਸਨੇ ਲੰਮੀ ਵਿਚਾਰ ਉਪਰੰਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ  ਅੰਤਿਮ ਰੂਪ ਦਿੱਤਾ ਸੀ ਅਤੇ ਨਾ ਹੀ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬ ਦੀ ਸਹਿਮਤੀ ਪ੍ਰਾਪਤ ਕਰ ਉਨ੍ਹਾਂ ਦੇ ਦਸਤਖਤ ਕਰਵਾਏ ਗਏ। ਕੇਵਲ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਵਲੋਂ, ਕਈ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ, ਸਾਧਾਰਣ ਜਿਹੇ ਬਹੁਮਤ ਨਾਲ ਸੋਧਾਂ ਪਾਸ ਕਰ, ਕੇਵਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਦਸਤਖਤਾਂ ਨਾਲ ਹੀ ਸੋਧਿਆ ਕੈਲੰਡਰ ਜਾਰੀ ਕਰਵਾ ਦਿੱਤਾ ਗਿਆ। ਸ. ਸਰਨਾ ਨੇ ਦਸਿਆ ਕਿ ਇਸ ਸੋਧੇ ਕੈਲੰਡਰ ਨੂੰ ਅਜੇ ਤਕ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਪ੍ਰਵਾਨਗੀ ਨਹੀਂ ਮਿਲ ਸਕੀ ਅਤੇ ਨਾ ਹੀ ਕੌਮ ਦੇ ਇੱਕ ਵਡੇ ਹਿਸੇ ਵਲੋਂ ਹੀ ਸੋਧੇ ਕੈਲੰਡਰ ਨੂੰ ਪ੍ਰਵਾਨ ਕੀਤਾ ਗਿਆ ਹੈ।

ਉਨ੍ਹਾਂ ਹੋਰ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਬੈਠਕ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਵਰਤਮਾਨ ਅਤੇ ਸਾਬਕਾ ਮੈਂਬਰ ਵੀ ਹਾਜ਼ਰ ਸਨ, ਨੇ ਗੰਭੀਰ ਵਿਚਾਰ ਕਰਨ ਉਪਰੰਤ ਪਹਿਲ-ਕਦਮੀ ਵਜੋਂ ਫੈਸਲਾ ਕੀਤਾ ਕਿ ਦੋਹਰੇ ਨਾਨਕਸ਼ਾਹੀ ਕੈਲੰਡਰ ਕਾਰਣ ਸੰਗਰਾਂਦ ਦੇ ਦਿਨ ਸੰਬੰਧੀ ਪੰਥ ਵਿੱਚ ਚਲੀ ਆ ਰਹੀ ਦੁਬਿਧਾ ਨੂੰ ਖਤਮ ਕਰਨ ਲਈ, ਸ੍ਰੀ ਦਰਬਾਰ ਸਾਹਿਬ ਅਨੁਸਾਰ ਹੀ ਸੰਗਰਾਂਦ ਦਾ ਦਿਨ ਮਨਾਏ ਜਾਣ ਦਾ ਫੈਸਲਾ ਕੀਤਾ ਗਿਆ, ਹਾਲਾਂਕਿ ਬੈਠਕ ਵਿੱਚ ਸ਼ਾਮਲ ਮੈਂਬਰਾਂ ਦੀ ਰਾਏ ਸੀ ਕਿ ਸਿੱਖੀ ਵਿੱਚ ਸੰਗਰਾਂਦ, ਮਸਿਆ ਤੇ ਪੂਰਨਮਾਸ਼ੀ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ, ਫਿਰ ਵੀ ਸੰਗਤਾਂ ਦੀ ਸ਼ਰਧਾ ਭਾਵਨਾ ਅਤੇ ਪੰਥ ਦੇ ਵੱਡੇ ਹਿਤਾਂ ਨੂੰ ਮੁੱਖ ਰਖਦਿਆਂ ਇਸ ਦੁਬਿਧਾ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਸਨਿਮਰ ਬੇਨਤੀ ਕੀਤੀ ਜਾਏ ਕਿ ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਨੇ ਪੰਥ ਦੇ ਵੱਡੇ ਹਿਤਾਂ ਵਿੱਚ ਸੰਗਰਾਂਦ ਦੀ ਦੁਬਿਧਾ ਖਤਮ ਕਰਨ ਦੀ ਪਹਿਲ ਕੀਤੀ ਹੈ, ਉਸੇ ਤਰ੍ਹਾਂ ਉਹ ਵੀ ਗਰਪੁਰਬਾਂ ਦੀਆਂ ਤਾਰੀਖਾਂ ਸੰਬੰਧੀ ਦੁਬਿਧਾ ਖਤਮ ਕਰਨ ਦੀ ਪਹਿਲ ਕਰਨ। ਸ. ਸਰਨਾ ਨੇ ਦਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਅਤੇ ਮੈਂਬਰਾਂ ਨੂੰ ਇਸ ਨਾਲ ਕੋਈ ਪਕੜ ਨਹੀਂ ਕਿ ਕੋਈ ਪੁਰਬ ਕਿਸੇ ਵਿਸ਼ੇਸ਼ ਤਾਰੀਖ ਨੂੰ ਹੀ ਮੰਨਾਇਆ ਜਾਏ। ਉਹ ਕੇਵਲ ਇਹ ਚਾਹੁੰਦੇ ਹਨ ਕਿ ਇਸ ਸੰਬੰਧ ਵਿੱਚ ਫੈਸਲਾ ਕਰਦਿਆਂ ਸਿੰਘ ਸਾਹਿਬਾਨ ਇਸ ਗਲ ਦਾ ਖਿਆਲ ਰਖਣ ਕਿ ਇਹ ਨਾ ਹੋਵੇ ਕਿ ਕੋਈ ਪੁਰਬ ਇੱਕ ਸਾਲ ਵਿੱਚ ਦੋ ਵਾਰ ਆ ਜਾਏ ਤੇ ਕਿਸੇ ਸਾਲ ਇੱਕ ਵਾਰ ਵੀ ਨਾ ਆਏ ਅਤੇ ਕਿਸੇ ਸਾਲ ਦੋ ਪੁਰਬਾਂ ਦੀਆਂ ਤਾਰੀਖਾਂ ਆਪੋ ਵਿੱਚ ਟਕਰਾ ਜਾਣ। ਸ. ਹਰਵਿੰਦਰ ਸਿੰਘ ਸਰਨਾ ਨੇ ਆਸ ਪ੍ਰਗਟ ਕੀਤੀ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਅਤੇ ਮੈਂਬਰਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰ, ਗੁਰਪੁਰਬਾਂ ਦੀਆਂ ਤਾਰੀਖਾਂ ਬਾਰੇ ਪੰਥ ਵਿੱਚ ਚਲੀ ਆ ਰਹੀ ਦੁਬਿਧਾ ਨੂੰ ਖਤਮ ਕਰਨ ਲਈ ਛੇਤੀ ਹੀ ਯੋਗ ਕਦਮ ਚੁਕਣਗੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>