‘ਗਿੰਨੀ ਸਿਮ੍ਰਤੀ ਗ੍ਰੰਥ’ (ਦੂਸਰਾ ਸੰਸਕਰਣ)

Harjinder Kaur 'Ginny'

***********************************

ਸਾਡੀ ਬੱਚੀ ਗਿੰਨੀ ਦੀ 29 ਮਈ, 1997 ਨੂੰ ਇਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਸੀ। ਉਸਦੀ ਯਾਦ ਵਿਚ ਇਕ ‘ਗਿੰਨੀ ਸਿਮ੍ਰਤੀ ਗ੍ਰੰਥ’ ਦੀ ਸੰਪਾਦਨਾ ਕੀਤੀ ਗਈ ਸੀ। ਗ੍ਰੰਥ ਦਾ ਉਦੇਸ਼ ਸੀ ਕਿ ਬੱਚਿਆਂ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਉਹ ਸਾਡੇ ਲਈ ਇਕ ਵੱਡਮੁੱਲਾ ਧੰਨ ਹੁੰਦੇ ਹਨ। ਸਾਡੇ ਦਿਲਾਂ ਵਿਚ ਉਨ੍ਹਾਂ ਲਈ ਵੀ ਉਤਨਾਂ ਹੀ ਪਿਆਰ ਤੇ ਸਤਿਕਾਰ ਹੈ ਜਿੰਨਾਂ ਵੱਡਿਆਂ ਲਈ। ਪਰ ਜਦੋਂ ਇਕ ਬੀਜ, ਅਕੁੰਰ ਜਾਂ ਬੂਟੇ ਅਧਵਾਟੇ ਟੁੱਟ ਜਾਂਦੇ ਹਨ ਤਾਂ ਮਾਪੇ ਅਤੇ ਸਮਾਜ ਉਨ੍ਹਾਂ ਦੀ ਘਣੀ ਛਾਂ ਮਾਨਣ ਤੋਂ ਵਾਂਝੇ ਰਹਿ ਜਾਂਦੇ ਹਨ। ਜਦ ਕਿ ਬੱਚੇ ਆਪਣੇ ਆਪ ਵਿਚ ਇਕ ਵਿਸ਼ਾਲ ਦਰਖਤ ਸਮੋਈ ਬੈਠੇ ਹੁੰਦੇ ਹਨ। ਗ੍ਰੰਥ ਵਿਚ ਉਸਦੇ ਸਹਿਪਾਠੀਆਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਉਸਦੇ ਗੁਣਾਂ ਦੀ ਪੇਸ਼ਕਾਰੀ ਕੀਤੀ ਹੈ। ਗ੍ਰੰਥ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਫੋਟੋ ਸਹਿਤ ਉਸਦੇ ਛੋਟੇ ਜਿਹੇ ਜੀਵਨ ਦੀ ਝਲਕੀ ਦਰਸਾਉਂਦਾ ਹੈ ਕਿ ਪਿਆਰ ਵੰਡੋ ਅਤੇ ਸਭ ਨਾਲ ਪਿਆਰ ਕਰੋ। ਇਹ ਗ੍ਰੰਥ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਹੈ।

(ਪ੍ਰਮਿੰਦਰ ਸਿੰਘ ਪ੍ਰਵਾਨਾ/ਫੋਨ: 510-781-0487)

******************************************************************************
‘ਗਿੰਨੀ ਸਮ੍ਰਿਤੀ ਗ੍ਰੰਥ’ ਵਿਚ ਗਿੰਨੀ ਦੀਆਂ ਸਿਮ੍ਰਤੀਆਂ ਦੀ ਪੇਸ਼ਕਾਰੀ ਇਸ ਲੜੀ ਵਿਚ ਕਰ ਰਹੇ ਹਨ, ਡਾਕਟਰ ਸ਼ਰਨਜੀਤ ਕੌਰ, ਸਮਰਥ ਕਹਾਣੀਕਾਰਾ ਚੰਡੀਗੜ੍ਹ ਤੋਂ-

‘ਗਿੰਨੀ ਸਿਮ੍ਰਤੀ ਗ੍ਰੰਥ’ ਪ੍ਰਮਿੰਦਰ ਸਿੰਘ ਪ੍ਰਵਾਨਾ ਵਲੋਂ ਸੰਪਾਦਤ ਕੀਤਾ ਗਿਆ ਹੈ। ਪੰਜਾਬੀ ਸਾਹਿਤ ਵਿਚ ਹੋਰ ਵਿਧਾਵਾਂ ਵਾਂਗ ਸੰਪਾਦਕੀ ਕਰਨੀ ਵੀ ਪੰਜਾਬੀ ਸਾਹਿਤ ਦੀ ਇਕ ਵਿਧਾ ਹੈ। ‘ਗਿੰਨੀ ਸਮ੍ਰਿਤੀ ਗ੍ਰੰਥ’ ਵਿਚ ਵਾਰਤਕ ਵੀ ਹੈ, ਕਵਿਤਾ ਵੀ ਹੈ, ਚਿੱਠੀਆਂ ਵੀ ਹਨ, ਕਹਾਣੀਆਂ ਵੀ ਹਨ, ਚਿਤ੍ਰਕਲਾ ਵੀ ਹੈ, ਤਸਵੀਰਾਂ ਵੀ ਹਨ, ਪੰਜਾਬੀ ਵੀ ਹੈ ਤੇ ਨਾਲ ਅੰਗ੍ਰੇਜ਼ੀ ਵੀ ਹੈ। ਕਮਾਲ ਦੀ ਗੱਲ ਇਹ ਹੈ ਕਿ ਸੰਪਾਦਕ ਨੇ ਪੰਜਾਬੀ ਵਾਰਤਕ ਦੀਆਂ ਬਹੁਤੀਆਂ ਵਿਧਾਵਾਂ ਨੂੰ ਤੇ ਹੋਰ ਰੂਪਕਾਰਾਂ ਨੂੰ ਨਵੀਆਂ ਧਾਰਨਾਵਾਂ ਅਤੇ ਨਵੀਆਂ ਜੁਗਤਾਂ ਰਾਹੀਂ ਇਕੋ ਥਾਵੇਂ ਇਕੱਠਾ ਕਰਨ ਦਾ ਇਹ ਜੋ ਉਪਰਾਲਾ ਕੀਤਾ ਹੈ ਬਹੁਤ ਪ੍ਰਸੰਸਾਯੋਗ ਹੈ। ਪ੍ਰਮਿੰਦਰ ਸਿੰਘ ਪ੍ਰਵਾਨਾ ਸਾਹਿਤਕ ਰੁਚੀਆਂ ਦਾ ਸ਼ੌਦਾਈ, ਮੌਲਿਕ ਲੇਖਕ ਹੈ। ਇਹ ਪੁਸਤਕ ਸੰਪਾਦਤ ਕੀਤੀ ਉਸਦੀ ਪਹਿਲੀ ਪੁਸਤਕ ਹੈ। ਵੱਖੋ ਵੱਖਰੇ ਖਿੱਤੇ ਦੇ ਲੇਖਕਾਂ ਤੋਂ ਰਚਨਾਵਾਂ ਇਕੱਠੀਆਂ ਕਰਨੀਆਂ ਵਾਰ ਵਾਰ ਅਖ਼ਬਾਰਾਂ, ਮੈਗ਼ਜ਼ੀਨਾਂ, ਟੈਲੀਫੋਨ ਤੇ ਸੰਪਰਕ ਕਰਨੇ, ਇਕ ਇਕ ਲੇਖ ਦੀ ਐਡਿਟਿੰਗ ਕਰਨੀ ਆਪਣੇ ਆਪ ਵਿਚ ਬਹੁਤ ਔਖਾ ਕੰਮ ਹੈ। ਜੋ ਪ੍ਰਵਾਨਾ ਨੇ ਖਿੜੇ ਮੱਥੇ ਨਿਭਾਇਆ ਹੈ। ਪ੍ਰਵਾਨਾ ਪੰਜਾਬੀ ਸਾਹਿਤ ਸਭਾ ਦੇ ਸਰਗਰਮ ਮੈਂਬਰ ਤੇ ਰੇਡੀਓ ਹੋਸਟ ਵੀ ਰਹੇ ਹਨ। ‘ਗਿੰਨੀ ਸਿਮ੍ਰਤੀ ਗ੍ਰੰਥ’ ਇਕ ਸੰਸਮਰਣ ਹੈ ਇਕ ਅਮਿੱਟ ਯਾਦ ਹੈ, ਜੋ ਗਿੰਨੀ ਹਰਜਿੰਦਰ ਕੌਰ ਦੀ ਮਿੱਠੀ ਯਾਦ ਨੂੰ ਹਰ ਵਕਤ ਤਾਜ਼ਾ ਰੱਖਣ ਦਾ ਇਕ ਯਤਨ ਹੈ। ਗਿੰਨੀ ਦੇ ਜਿਉਂਦੇ ਜੀਅ ਕੁਝ ਨਾ ਕਰ ਸਕਣ ਦੇ ਝੋਰੇ ਨੂੰ ਦਿਲਾਸਾ ਦੇਣ ਲਈ ਉਸਦੇ ਮਰਨ ਮਗਰੋਂ ਕੁਝ ਕਰ ਸਕਣ ਦੀ ਲਾਲਸਾ ਦੀ ਪੂਰਤੀ ਹੈ। ਗਿੰਨੀ ਦੇ ਖਾਲਮ-ਖਾਲੀ ਬਿਨਾਂ ਦਵਾ-ਦਾਰੂ ਦੇ ਚਲੇ ਜਾਣ ਮਗਰੋਂ ਉਸਦੇ ਨਾਂ ‘ਤੇ ਕੁਝ ਖਰਚ ਕਰਕੇ ਪ੍ਰਸੰਨਤਾ ਲੈਣ ਦੀ ਤਸੱਲੀ ਹੈ। ਸਭ ਤੋਂ ਵੱਧ ਉਸ ਦੀ ਬੇਵਕਤੀ ਦਰਦਨਾਕ ਮੌਤ ਤੇ ਵਧੀਆ ਸ਼ਰਧਾਂਜਲੀ ਹੈ। ਉਸਦੀਆਂ ਮਿੱਠੀਆਂ ਯਾਦਾਂ ਨੂੰ ਅਮਰ ਅਤੇ ਸਰਵਗੁਣ ਸੰਪਨ ਕਰ ਸਕਣ ਲਈ ਵੱਡਮੁੱਲੀ ਭੇਂਟ ਹੈ। ‘ਮਾਂ ਪਿਉ ਦੇ ਪਿਆਰ ਦਾ, ਸਹੇਲੀਆਂ ਦੇ ਹਾਸੇ ਠੱਠੇ ਦਾ, ਬਜ਼ੁਰਗਾਂ ਦੀ ਮਮਤਾ ਦਾ, ਬੋਲਦੀਆਂ ਤਸਵੀਰਾਂ ਦਾ, ਗਿੰਨੀ ਦੀਆਂ ਹੱਥ ਲਿਖਤਾਂ ਦਾ ਸਾਰਥਕ ਅਤੇ ਬਿਹਤਰੀਨ ਨਮੂਨਾ ਹੈ।’ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਆਉਂਦੇ ਸਮੇਂ ਦਾ ਇਕ ਮਾਡਲ ਹੋਵੇਗਾ।

ਪ੍ਰਵਾਨਾ ਅਤੇ ਸਰਦਾਰਨੀ ਤ੍ਰਿਪਤ ਕੌਰ ਦੀ ਛੋਟੀ ਬੱਚੀ ਹਰਜਿੰਦਰ ਕੌਰ ‘ਗਿੰਨੀ’, ਜੋ ਦਰਦਨਾਕ ਹਾਦਸੇ ਵਿਚ ਮਿੰਟਾਂ, ਸਕਿੰਟਾਂ ਵਿਚ ਵੱਸਦੀ ਰਸਦੀ ਦੁਨੀਆਂ ਵਿਚੋਂ ਇਕ ਤਿੱਤਲੀ ਨਿਆਈਂ ਕਿਤੇ ਦੂਰ ਅਰਸ਼ਾਂ ਵਿਚ ਉਡ ਗਈ। ਰੇਤ ਵਾਂਗੂੰ ਹੱਥਾਂ ਵਿਚੋਂ ਕਿਰ ਗਈ, ਹਸਦੀ ਖੇਡਦੀ ਕਲੀ ਚਾਣਚਕ ਚੁਰਮੁਈ ਗਈ। ‘ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ਼ ਪਏ’ ਦੇਖਦਿਆਂ ਦੇਖਦਿਆਂ ਹਸਦੀ ਹਸਾਉਂਦੀ, ਨੱਚਦੀ ਨਚਾਉਂਦੀ ਗਿੰਨੀ ਆਪਣੇ ਪ੍ਰਵਾਰ ਨੂੰ ਅਸਹਿ ਵਿਛੋੜਾ ਦੇ ਗਈ 29 ਮਈ 1997 ਨੂੰ ਸਕੂਲ ਜਾਂਦਿਆਂ ਇਕ ਕਾਰ ਹਾਦਸੇ ਵਿਚ ਚੀਨਾ ਚੀਨਾ ਹੋ ਗਈ। ਨਾਂ ਪੂਰਾ ਹੋਣ ਵਾਲਾ ਘਾਟਾ ਆਪਣੇ ਮਾਤਾ-ਪਿਤਾ ਨੂੰ ਦੇ ਗਈ, ਕਲੀ ਜਿਸਨੇ ਅਗੇ ਇਕ ਵਿਸ਼ਾਲ ਰੁੱਖ ਬਣਨਾ ਸੀ ਜਿਸਦੀ ਠੰਡੀ ਮਿੱਠੀ ਛਾਂ ਉਸਦੇ ਪ੍ਰਵਾਰ, ਸਮਾਜ ਮਿੱਤਰਾਂ ਦੋਸਤਾਂ ਨੇ ਅਜੇ ਮਾਨਣੀ ਸੀ। ਕੀ ਪਤਾ ਸੀ ‘ਗਿੰਨੀ’ ਨੇ ਵਡੀ ਸ਼ਾਇਰਾ, ਡਾਕਟਰ, ਇੰਜੀਨੀਅਰ, ਪਾਇਲਟ ਬਣਨਾ ਸੀ ਤੇ ਉਸਤੋਂ ਕੀ ਕੀ ਸਮਾਜ ਪ੍ਰਵਾਰ ਨੇ ਲੈਣਾ ਸੀ। ਪਰ ਮੌਤ -ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਰੱਬ ਦੀ ਰਜ਼ਾ ਮਨ ਅਸਾਂ ਸਬਰ ਕਰਨਾ ਹੈ। ਇਕ ਅਲਗ ਪੱਖੋ ਵੀ ਮੈਂ ਇਸ ਪੁਸਤਕ ‘ਤੇ ਗੱਲ ਕਰਨੀ ਚਾਹਵਾਂਗੀ ਕਿ ਅੱਜ ਜਦੋਂ ਕੁੜੀ ਨੂੰ ਕੁੱਖ ਵਿਚ ਹੀ ਮਾਰ ਦੇਣ ਦੀਆਂ ਅਸ਼ੁਭ ਮੰਦਭਾਗੀਆਂ ਗੱਲਾਂ ਜ਼ੋਰਾਂ ‘ਤੇ ਹਨ, ਪ੍ਰਵਾਨਾ ਨੇ ਅਜੋਕੇ ਸਮੇਂ ਇਕ ਧੀ ਨੂੰ ਜੋ ਮਾਨਤਾ, ਸਤਿਕਾਰ ਸਨੇਹ ਦਿੱਤਾ ਹੈ ਉਹ ਆਹਲਾ ਹੈ, ਪ੍ਰਸੰਸਾਯੋਗ ਕੰਮ ਹੈ। ਅਜੇਹੇ ਕੰਮ ਨੂੰ ਅਜੇਹੀ ਸੋਚਣੀ ਨੂੰ ਦਸਤਾਵੇਜ਼ੀ ਕਰਾਰ ਦੇਣਾ ਵੀ ਸਾਡਾ ਉਸਾਰੂ ਤੇ ਨਰੋਆ ਫਰਜ਼ ਹੋਣਾ ਚਾਹੀਦਾ ਹੈ। ‘ਗਿੰਨੀ ਸਿਮ੍ਰਤੀ ਗ੍ਰੰਥ’ ਦਾ ਇਹ ਹਾਸਲ ਹੈ।

‘ਗਿੰਨੀ ਸਿਮ੍ਰਤੀ ਗ੍ਰੰਥ’ ਵਿਚ ਗਿੰਨੀ ਦੇ ਸਾਥੀ ਬੱਚਿਆਂ ਦੀਆਂ ਪਿਆਰੀਆਂ ਚਿੱਠੀਆਂ ਸਭ ਤੋਂ ਪਹਿਲਾਂ ਸ਼ਾਮਲ ਹਨ। ਜਿਸ ਵਿਚ ਹਰ ਬੱਚੇ ਨੇ ਹਰ ਚਿੱਠੀ ਵਿਚ ਇਕ ਵਾਕ ਸਾਂਝਾ ਲਿਖਿਆ ਹੇ ਕਿ ਹਰਜਿੰਦਰ ਬਹੁਤ ਚੰਗੀ ਕੁੜੀ ਸੀ। ਸੰਪਾਦਕ ਨੇ ਇਸੇ ਲਈ ਇਹ ਪੁਸਤਕ ਬੱਚਿਆਂ ਨੂੰ ਹੀ ਸਮਰਪਿਤ ਕੀਤੀ ਹੈ ਅਤੇ ਇਸਨੂੰ ਬਾਲ ਸਾਹਿਤ ਨਾਲ ਜੋੜਣਾ ਚਾਹਿਆ ਹੈ। ਸੰਤੋਖ ਸਿੰਘ ਜਗਤਪੁਰੀ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਉਸ ਕੋਲ ਇਹ ਦਰਦ ਸਾਂਝਾ ਕਰਨ ਲਈ ਸ਼ਬਦ ਨਹੀਂ ਹਨ। ਜੰਗ ਸਿੰਘ ਗਿਆਨੀ ਨੇ ਕਿਹਾ ਕਿ ਹੋਣਹਾਰ ਬੱਚੇ ਕਿਸੇ ਇਕ ਪ੍ਰਵਾਰ ਦੇ ਨਹੀਂ ਸਗੋਂ ਸਾਰੀ ਮਨੁੱਖਤਾ ਦਾ ਅਨਮੋਲ ਸਰਮਾਇਆ ਹੁੰਦੇ ਹਨ। ਸ਼੍ਰੋਮਣੀ ਕਵੀ ਗੋਲਡ ਮੈਡਲ ਅਜ਼ਾਦ ਜਲੰਧਰੀ ਨੇ ਗਿੰਨੀ ਦੇ ਇਕ ਛੋਟੇ ਸਫ਼ਰ ਦੀ ਗੱਲ ਕਰਦਿਆਂ ਆਪਣੇ ਗੀਤ ਵਿਚ ਇਉਂ ਲਿਖਿਆ ਹੈ:

ਮੋਹ ਮਾਇਆ ਵਿਚ ਫਸਿਆ ਬੰਦਾ,
ਸੌ ਸੌ ਪਾਪੜ ਵੇਲੇ।
ਅੱਜ ਏਥੇ ਕਲ, ਤੁਰ ਜਾਏ ਉਥੇ,
ਛੱਡ ਜਾਏ ਭਰੇ ਹੋਏ ਮੇਲੇ।

ਹਰਜਿੰਦਰ ਕੰਗ ਨੇ ਆਪਣੇ ਲੇਖ ਵਿਚ ਜ਼ਿਕਰ ਕੀਤਾ ਹੈ ਕਿ ਇਕ ਇਨਸਾਨ ਦੀ ਮੌਤ ਨਾਲ ਕਈ ਰਿਸ਼ਤੇ ਮਰ ਜਾਂਦੇ ਹਨ। ਇਕਬਾਲ ਸਿੰਘ ਮੰਜਪੁਰੀ ਜ਼ਿਕਰ ਕਰਦੇ ਹਨ ਕਿ ਕਲ ਨੂੰ ਕੀ ਹੋਣਾ ਹੈ? ਵਿਧਾਤਾ ਨੂੰ ਕੀ ਮਨਜੂਰ ਹੈ? ਇਕ ਇਕ ਅਜਿਹਾ ਭੇਦ ਹੈ ਜੋ ਆਮ ਮਨੁੱਖ ਤਾਂ ਕੀ ਰਿਸ਼ੀਆਂ-ਮੁਨੀਆਂ, ਪੀਰਾਂ-ਪੈਗੰਬਰਾਂ ਦੀ ਪਹੁੰਚ ਤੋਂ ਵੀ ਕੋਹਾਂ ਦੂਰ ਹੈ। ਕਮਲ ਦਲਜੀਤ ਸਿੰਘ ਨੇ ਬੱਚੀ ਹਰਜਿੰਦਰ ਕੌਰ ਗਿੰਨੀ ਦੀ ਮਿੱਠੀ ਤੇ ਪਿਆਰੀ ਯਾਦ ਵਿਚ ਕਈ ਕਿੱਸੇ ਕਹਾਣੀਆਂ ਰਾਹੀਂ ਅਟਲ ਸਚਾਈਆਂ ਨੂੰ ਬਿਆਨਿਆਂ ਹੈ। ਪ੍ਰੀਤਮ ਚਾਵਲਾ ਰੱਬ ਨੂੰ ਨਿਹੋਰਾ ਦਿੰਦੇ ਅਜਿਹੀ ਭਿਆਨਕ ਸੱਟ ਲਗਣ ‘ਤੇ ਰੱਬ ਨੂੰ ਕਹਿੰਦੇ ਹਨ ‘ ਤੈਂ ਕੀ ਦਰਦ ਨਾ ਆਇਆ’। ਪ੍ਰੋ: ਹਰਭਜਨ ਸਿੰਘ ਨੇ ਆਪਣੀ ਕਾਵਿਕ ਲਿਖਤ ਵਿਚ ਗਿੰਨੀ ਤਿਤਲੀ ਨੂੰ ਸ਼ਰਧਾਂਜਲੀ ਦਿੱਤੀ ਹੈ। ਮਨਜੀਤ ਕੌਰ ਸੇਖੋਂ ਨੇ ਵੀ ਗਿੰਨੀ ਦੀ ਦੁਖਦਾਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਉਹ ਤਾਂ ਅਗਲੇਰੇ ਦੇਸ਼ ਚਲੀ ਗਈ ਹੈ। ਨਰਿੰਦਰ ਕੌਰ ਸਿਆਟਲ ਤੋਂ ‘ਫੁਲ ਟੁਟੇ ਤਾਂ’ ਵਿਚ ਜ਼ਿਕਰ ਕੀਤਾ  ਹੈ ਕਿ ਗਿੰਨੀ ਜਿਸਦੀ ਉਮਰ ਤੇਰਾਂ ਸਾਲ ਕਦ ਚਾਰ ਫੁਟ ਅੱਠ ਇੰਚ ਸੀ, ਚੁੱਪਚਾਪ ਸਭ ਨੂੰ ਅਲਵਿਦਾ ਕਹਿ ਗਈ।

ਸ਼ਾਂਤਾ ਬਾਲੀ ਨੇ ਕਹਾਣੀ ਵਿਚ ਆਪਣਾ ਹਿੱਸਾ ਪਾਇਆ ਹੈ। ਡਾ: ਗੁਰਮੇਲ ਸਿੱਧੂ ਨੇ ਰੁਦਨ ਕਵਿਤਾ ਲਿਖਕੇ ਅਫ਼ਸੋਸ ਪ੍ਰਗਟਾਇਆ ਹੈ।

ਕੱਚੀ ਕਲੀ ਨੂੰ ਤੋੜਕੇ,
ਦਰਦ ਨਾ ਆਇਆ ਕੀ ਤੈਨੂੰ ਮਾਲਣੇ।

ਸੁਰਿੰਦਰ ਸੀਰਤ ਆਪਣੀ ਕਵਿਤਾ ‘ਸੱਚ ਵਿਚਾਰ’ ਵਿਚ ਲਿਖਦੇ ਹਨ

ਕੀ ਮੈਂ ਇਸ ਹੋਂਦ ਤੋਂ ਹਟ ਕੇ ਕੁਝ ਨਹੀਂ,
ਕੀ ਮੇਰੇ ਜਿਸਮ ਤੋਂ ਹੀ ਮਿਰੀ ਹੈ ਪਛਾਣ।

ਕੁਲਵਿੰਦਰ ਪਲਾਹੀ ਦੀ ਗ਼ਜ਼ਲ ਦਾ ਸ਼ਿਅਰ:

ਕਦੇ ਵੀ ਚੈਨ ਨਾ ਪਾਇਆ ਤਿਰੇ ਤੁਰ ਜਾਣ ਮਗਰੋਂ,
ਬੜਾ ਯਾਦਾਂ ਨੇ ਤੜਪਾਇਆ ਤਿਰੇ ਤੁਰ ਜਾਣ ਮਗਰੋਂ।

ਸੁਰਜੀਤ ਕੌਰ ਸੁਖੀ ਦੇ ‘ਕੱਚੇ ਪੱਕੇ ਰੰਗਾਂ’ ਵਿੱਚ:

ਅਧਵਾਟੇ ਮੇਰੇ ਸਾਹਵਾਂ ਵਾਲੀ ਤੰਦ ਰਹਿ ਗਈ,
ਮੇਰੀ ਰਾਂਗਲੀ ਪਿਟਾਰੀ ਉਵੇਂ ਬੰਦ ਰਹਿ ਗਈ।

ਈਸ਼ਰ ਸਿੰਘ ਮੋਮਨ ਨੇ ਪਿਆਰੀ ਗਿੰਨੀ ਲਈ ਇਉਂ ਸ਼ਿਅਰ ਬਿਆਨ ਕੀਤਾ:

ਇਕ ਕਵੀ ਪ੍ਰਵਾਨੇ ਦੀ ਬੇਟੀ, ਕਵਿਤਾ ਤੋਂ ਵੀ ਵੱਧ ਪਿਆਰੀ,
ਤੇਰਾਂ ਸਾਲ ਦੀ ਨਿੱਕੀ ਉਮਰੇ ਕਾਰ ਨੇ ਮਾਰੀ ਚੋਟ ਕਰਾਰੀ।

ਸਵਰਗਵਾਸੀ ਗਿੰਨੀ ਲਈ ਸ਼ਬਦਾਂ ਦੇ ਹਾਰ ਵਿਚ ਸ਼ਰਧਾਂਜਲੀ ਦੇ ਫੁੱਲ ਤੇਜਿੰਦਰ ਥਿੰਦ ਨੇ ਇਉਂ ਬਿਆਨ ਕੀਤੇ ਹਨ:

ਹੈ ਬਹੁਤ ਭਿਆਨਕ ਨਾ ਮੌਤ ਦਾ,
ਕੋਈ ਪਤਾ ਨਾ, ਕੋਈ ਗਰਾਂ ਮੌਤ ਦਾ।

ਡਾਕਟਰ ਵੇਦ ਪ੍ਰਕਾਸ਼ ਵਟੁਕ, ਅਸ਼ਰਫ਼ ਗਿੱਲ, ਸੁਰਜੀਤ ਕੌਰ, ਹਰਬੰਸ ਸਿੰਘ ਜਗਿਆਸੂ, ਮਾਸਟਰ ਕਰਨੈਲ ਸਿੰਘ, ਕਮਲ ਬੰਗਾ, ਹਰੀ ਸਿੰਘ ਐਵਰੈਸਟ, ਹਰਭਜਨ ਸਿੰਘ ਢਿਲੋਂ, ਤਾਰਾ ਸਾਗਰ, ਨੀਲਮ ਸੈਣੀ, ਜਦ ਫਿਜ਼ਾ, ਜਸਵੰਤ ਜੱਸੀ ਗੁਰਚਰਨ ਸਿੰਘ ਜਖ਼ਮੀ, ਪ੍ਰਮਜੀਤ ਭੁੱਟਾ, ਮੋਹਨ ਦੀਵਾਨਾਂ, ਹਿੰਮਤ ਸਿੰਘ ਹਿੰਮਤ, ਪ੍ਰੋ: ਸੁਰਜੀਤ ਨਨੂਆ, ਪਾਲੀ ਜਸਲ, ਅਮਰੀਕ ਖਡਾਲੀਆ, ਜੰਗ ਸਿੰਘ ਗਿਆਨੀ, ਮਹਿੰਦਰ ਸਿੰਘ ਘੱਗ ਅਤੇ ਗੁਰਬਖਸ਼ ਸਿੰਘ ਸਚਦੇਵ ਨੇ ਵੀ ਆਪਣੀਆਂ ਭਾਵਪੂਰਤ ਅਤੇ ਸੋਝ ਸੂਝ ਵਾਲੀਆਂ ਕਵਿਤਾਵਾਂ ਰਾਹੀਂ ਗਿੰਨੀ ਨੂੰ ਆਪਣੀ ਉਦਾਸੀ ਦਾ ਸੁਨੇਹਾ ਘੱਲਿਆ ਹੈ। ਆਪਣੇ ਕਲੇਜੇ ਪੈਂਦੀਆਂ ਚੀਸਾਂ ਦੀ ਗੱਲ ਭਾਵੁਕ ਹੋ ਕੀਤੀ ਹੈ।

ਸੰਪਾਦਕ ਪ੍ਰਵਾਨਾ ਆਪ ਇਕ ਵਧੀਆ ਸ਼ਾਇਰ ਹਨ ਆਪਣੀ ਬੱਚੀ ਦੀ ਦਰਦ ਕਹਾਣੀ ਕਹਿੰਦੇ ਆਪਣੇ ਦਿਲ ਨੂੰ ਧਰਵਾਸਾ ਵੀ ਦਿੰਦੇ ਹਨ ਪਰ ਤਾਂ ਉਸਦੀ ਯਾਦ ਸਦਾ ਚੇਤਿਆਂ ਵਿਚ ਰਹਿੰਦੀ ਹੈ। ਉਨ੍ਹਾਂ ਦੀ ਇਕ ਕਵਿਤਾ ਦੀਆਂ ਸਤਰਾਂ ਵੇਖੋ:

ਅਜੇ ਤਾਂ ਗੁਹੜਿਉਂ ਪੂਣੀ ਛੁਟੀ
ਤੂੰਬਾ ਤੂੰਬਾ ਕਰ ਗਈਉਂ
ਸਾਡੀ ਜਿੰਦ ਨਿਮਾਣੀ

ਸੜਕ ਸੜਕ ਹੀ ਰਹਿੰਦੀ ਏ, ਮੁਸਾਫ਼ਰ ਬਦਲ ਜਾਂਦੇ ਨੇ,
ਜਿਵੇਂ ਰੰਗ ਮੰਚ ਤੇ ਸਵਾਂਗੀ ਬਦਲ ਜਾਂਦੇ ਨੇ।

ਪ੍ਰਵਾਨਾ ਇਕ ਅਜੇਹੇ ਦੇਸ਼ ਦੇ ਵਾਸੀ ਨੇ ਜਿਥੇ ਅੰਗ੍ਰੇਜ਼ੀ ਚਲਦੀ ਹੈ। ਉਨ੍ਹਾਂ ਦੀ ਸੋਚਣੀ ਦੀ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਪੰਜਾਬੀ ਦੇ ਨਾਲ ਨਾਲ ‘ਗਿੰਨੀ ਸਿਮ੍ਰਤੀ ਗ੍ਰੰਥ’ ਵਿਚ ਅੰਗ੍ਰੇਜ਼ੀ ਵੀ ਨਾਲ ਨਾਲ ਤੋਰੀ ਹੈ। ਪੁਸਤਕ ਦਾ ਆਬਜੈਕਟ ਅਤੇ ਗਿੰਨੀ ਏ ਸ਼ਾਰਟ ਜਰਨੀ ਅੰਗ੍ਰਜ਼ੀ ਵਿਚ ਲਿਖ ਕੇ ਬਾਕੀ ਅੰਗਰੇਜ਼ ਸੰਗੀਆਂ ਸਾਥੀਆਂ ਨੂੰ ਵੀ ਇਸ ਪੁਸਤਕ ਦੀ ਅਹਿਮੀਅਤ ਦਰਸਾ ਦਿੱਤੀ ਹੈ। ਅੰਗ੍ਰੇਜ਼ੀ ਦੀਆਂ ਅਖ਼ਬਾਰਾਂ ਦੇ ਹਵਾਲੇ ਹਨ। ਉਥੋਂ ਦੇ ਕੋਰਟ ਅਤੇ ਡਿਪਟੀ ਪ੍ਰੋਬੇਸ਼ਨ ਅਫ਼ਸਰ ਨੂੰ ਕੇਸ ਬਾਰੇ ਲਿਖੀਆਂ ਚਿੱਠੀਆਂ ਪੇਸ਼ ਹਨ ਜੋ ਸਮੇਂ ਸਮੇਂ ਐਕਸੀਡੈਂਟ ਜੋ ਲਾਪ੍ਰਵਾਹੀ ਰਾਹੀਂ ਹੋਇਆ ਦੀ ਪੈਰਵੀ ਕਰਨ ‘ਤੇ ਲਿਖੀਆਂ ਗਈਆਂ। ਹੋਰ ਜਾਣਕਾਰਾਂ ਵਲੋਂ ਲਿਖੇ ਸਿੰਪਥੀ ਲੈਟਰ ਇਸ ਪੁਸਤਕ ਵਿਚ ਸ਼ਾਮਲ ਹਨ। ਅੰਗ੍ਰੇਜ਼ੀ ਵਿਚ ਅੰਗ੍ਰੇਜ਼ ਲੇਖਕਾਂ ਵਲੋਂ ਲਿਖਿਆ ਸਾਹਿਤ ਵੀ ਮਾਣਿਆ ਜਾ ਸਕਦਾ ਹੈ।

ਪਿਛਲੇ ਪੰਨਿਆਂ ਤੇ ਗਿੰਨੀ ਦਾ ਬਾਇਉ ਡੈਟਾ ਅੰਕਿਤ ਹੈ। ਜੋ ਗਿੰਨੀ ਹਰਜਿੰਦਰ ਕੌਰ ਦੀ ਨਿੱਕੀ ਜਿਹੀ ਜ਼ਿੰਦਗ਼ੀ ਦੀ ਖ਼ੂਬਸੂਰਤ ਤਸਵੀਰ ਹੈ। ਸਾਡੀਆਂ ਅੱਖਾਂ ਅਗੋਂ ਸਿਨੇਮੇ ਦੀ ਰੀਲ ਵਾਂਗ ਪੇਸ਼ ਕਰਦਾ ਹੈ- ਅਗਲੇ ਪੰਨਿਆਂ ਤੇ ਹਰਜਿੰਦਰ ਕੌਰ ਗਿੰਨੀ ਦੇ ਪਿਆਰੇ ਹੱਥਾਂ ਦੀਆਂ ਛੋਹਾਂ ਤੋਂ ਬਣੀਆਂ ਚਿੱਤਰ ਕਲਾਵਾਂ ਹਨ ਹਰ ਚਿੱਤਰ ਵਿਚੋਂ ਗਿੰਨੀ ਦੀ ਕਲਾਤਮਿਕਤਾ ਸਪਸ਼ਟ ਨਜ਼ਰੀ ਪੈਂਦੀ ਹੈ। ਉਸਦੀ ਹਥ ਲਿਖਤ ਚੁੰਮਣ ਨੂੰ ਜੀ ਕਰਦਾ ਹੈ।

ਉਸਦੇ ਲਿਖੇ ਸੰਵਾਦ ਸੱਚ ਨੂੰ ਮੰਨਣ ਤੋਂ ਆਕੀ ਹਨ। ਅਖ਼ੀਰ ਵਿਚ ‘ਅਵਰ ਚਿਲਡਰਨ’ ਸਾਡੇ ਬੱਚੇ ਸਿਰਲੇਖ ਹੇਠ ਅਖੀਰਲੇ ਪੰਨੇ ਬੱਚਿਆਂ ਨੂੰ ਸਮਰਪਿਤ ਕਰਕੇ ਸੰਪਾਦਕ ਨੇ ‘ਗਿੰਨੀ ਸਿਮ੍ਰਤੀ ਗ੍ਰੰਥ’ ਦਾ ਮੁੱਲ ਚੁਕਤਾ ਕੀਤਾ ਹੈ। ਭਾਵੇਂ ਉਨ੍ਹਾਂ ਨੇ ਇਕ ਹੋਰ ਬਹੁਤ ਵਡਮੁੱਲਾ ਸੁਨੇਹਾ ਸਾਡੇ ਗੋਚਰੀ ਕੀਤਾ ਹੈ ਕਿ ਸਿਮ੍ਰਤੀ ਗ੍ਰੰਥ ਦੀ ਕੋਈ ਕੀਮਤ ਨਿਸਚਿਤ ਨਹੀਂ ਕੀਤੀ ਇਸ ਨੂੰ ਉਨ੍ਹਾਂ ਨੇ ਮੁਫਤ ਭੇਟਾ ਲਈ ਹੀ ਰੱਖਿਆ ਹੈ। ਜਦ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਇਸ ਪੁਸਤਕ ਦਾ ਖਰਚਾ ਆਮ ਪੁਸਤਕਾਂ ਨਾਲੋਂ ਕਿਤੇ ਵੱਧ ਹੋਇਆ ਹੋਵੇਗਾ। ਹਰਜਿੰਦਰ ਕੌਰ ਗਿੰਨੀ ਦੇ ਆਪਣੇ ਪ੍ਰਵਾਰ ਨਾਲ ਹੰਢਾਏ ਪਲ ਅਨੁਭਵਾਂ ਦਾ ਵੇਰਵਾ ਪਿਛੇ ਦਿੱਤੀਆਂ ਤਸਵੀਰਾਂ ਵਿਚੋਂ ਉਭਰ ਉਭਰ ਪੈਂਦਾ ਹੈ ਅਤੇ ਅਸੀਂ ਸਾਰੇ ਨਤਮਸਤਕ ਹੁੰਦੇ ਉਸਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਪੁਸਤਕ ਦੇ ਟਾਈਟਲ ਪੰਨੇ ‘ਤੇ ਛਪੀ ਉਸਦੀ ਹੰਸੂ ਹੰਸੂ ਕਰਦੀ ਤਸਵੀਰ ਉਸਦੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਮਹਿਸੂਸ ਹੁੰਦੀ ਹੈ। ਇਸ ਪਰਚੇ ਦੀ ਅੰਤਿਕਾ ਗਿੰਨੀ ਹੈ।

ਡਾਕਟਰ ਸੁਰਜੀਤ ਕੌਰ
ਮਾਰਫ਼ਤ
ਪ੍ਰਮਿੰਦਰ ਸਿੰਘ ਪ੍ਰਵਾਨਾ

Email: Panjabipoet@comcast.net

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>