ਕਾਫ਼ਲੇ ਵੱਲੋਂ ਸ਼ਾਨਦਾਰ ਸਲਾਨਾ ਸਮਾਗਮ ਵਿੱਚ ਭਰਵਾਂ ਕਵੀ ਦਰਬਾਰ

ਟਰਾਂਟੋ,(ਕੁਲਵਿੰਦਰ ਖਹਿਰਾ) – ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਕਰਵਾਏ ਗਏ ਸਲਾਨਾ ਸਮਾਗਮ ਵਿੱਚ ਜਿੱਥੇ ਨਵੇਂ ਸਾਲ ਦੀ ਆਮਦ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕੀਤਾ ਗਿਆ ਓਥੇ ਰਛਪਾਲ ਕੌਰ ਗਿੱਲ ਦਾ ਪਲੇਠਾ ਕਹਾਣੀ ਸੰਗਹ੍ਰਿ ‘ਟਾਹਣੀਓਂ ਟੁੱਟੇ’ ਰਿਲੀਜ਼ ਕਰਨ ਦੇ ਨਾਲ਼ ਨਾਲ਼ ਕਾਫ਼ਲੇ ਵੱਲੋਂ ਮਈ ਵਿੱਚ ਕਰਵਾਏ ਗਏ ਪ੍ਰਗਤੀਸ਼ੀਲ ਸਮਾਰੋਹ ਦੇ ਕਵੀ ਦਰਬਾਰ ਦੀ ਵੀਡੀਓ ਵੀ ਰਿਲੀਜ਼ ਕੀਤੀ ਗਈ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਜਿੱਥੇ ਉਂਕਾਰਪ੍ਰੀਤ ਨੇ ਸਭ ਨੂੰ ਜੀ ਆਇਆਂ ਕਿਹਾ ਓਥੇ ਰਛਪਾਲ ਕੌਰ ਗਿੱਲ ਦੀ ਕਿਤਾਬ ਵਿਚਲੀਆਂ ਕਹਾਣੀਆਂ ਨੂੰ ਬੱਚਿਆਂ ਦੇ ਮਨੋ-ਵਿਗਿਆਨ, ਬਹੁ-ਸੱਭਿਆਚਾਰਕ ਤਾਲਮੇਲ, ਅਤੇ ਆਪਸੀ ਰਿਸ਼ਤਿਆਂ ਦੇ ਸਿਦਤਮਈ ਅਹਿਸਾਸ ਦੀਆਂ ਕਹਾਣੀਆਂ ਦੱਸਦਿਆਂ ਇਸ ਕਿਤਾਬ ਨੂੰ ਜੀ ਆਇਆਂ ਕਿਹਾ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਵਰਿਆਮ ਸਿੰਘ ਸੰਧੂ ਵੱਲੋਂ ਲਿਖੇ ਮੁੱਖਬੰਦ ਵਿੱਚੋਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਸੰਧੂ ਹੁਰਾਂ ਨੇ ਰਛਪਾਲ ਕੌਰ ਗਿੱਲ ਨੂੰ ਸਮਾਜੀ ਮਸਲਿਆਂ ਪ੍ਰਤੀ ਆਪਣੀ ਵਿੱਲਖਣ ਪਹੁੰਚ ਸਦਕਾ ਇਨ੍ਹਾਂ ਕਹਾਣੀਆਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਂਦੀ ਦੱਸਿਆ।

ਅਰਵਿੰਦਰ ਕੌਰ ਮਠਾੜੂ ਨੇ ਕਿਹਾ ਕਿ ਭਾਵੇਂ ਇਸ ਤੋਂ ਪਹਿਲਾਂ ਵੀ ਲੋਕਲ ਮਸਲਿਆਂ ਬਾਰੇ ਪੰਜਾਬੀ ਵਿੱਚ ਕਹਾਣੀਆਂ ਲਿਖੀਆਂ ਜਾ ਚੁੱਕੀਆਂ ਹਨ ਪਰ ਰਛਪਾਲ ਕੌਰ ਗਿੱਲ ਨੇ ਬੱਚਿਆਂ ਦੀ ਮਾਨਸਿਕਤਾ ਦਾ ਬਹੁਤ ਹੀ ਬਾਰੀਕੀ ਨਾਲ਼ ਜਿਕਰ ਕਰਕੇ ਕੈਨੇਡੀਅਨ ਪੰਜਾਬੀ ਕਹਾਣੀ ਵਿੱਚ ਇੱਕ ਨਵਾਂ ਪੜਾਅ ਲੈ ਆਂਦਾ ਹੈ। ਕੁਲਜੀਤ ਮਾਨ ਨੇ ਜਿੱਥੇ ਇਸ ਕਿਤਾਬ ਦੇ ਨਾਮ (ਪਰਵੇਜ਼ ਸੰਧੂ ਦੀ ਕਿਤਾਬ ਦੇ ਟਾਈਟਲ ਨਾਲ਼ ਮਿਲ਼ਦਾ ਹੋਣ ਕਰਕੇ) ਪਿੱਛੇ ਪਰਵਾਰਕ ਮੋਹ ਦਾ ਜਿਕਰ ਕਰਕੇ ਰਛਪਾਲ ਕੌਰ ਦੇ ਪਰਵਾਰ ਨੂੰ ਇਸ ਰਚਨਾ ਦਾ ਹਿੱਸਾ ਦੱਸਿਆ ਓਥੇ ਇਸ ਕਿਤਾਬ ਦੇ ਦਿਲਚਸਪ ਹੋਣ ਬਾਰੇ ਕਿਹਾ ਕਿ ਵਰਿਆਮ ਸਿੰਘ ਸੰਧੂ ਵਰਗੇ ਕਹਾਣੀਕਾਰ ਵੱਲੋਂ ਇਸ ਕਿਤਾਬ ਦਾ ਮੁੱਖਬੰਦ ਲਿਖਿਆ ਜਾਣਾ ਵੀ ਇਸ ਕਿਤਾਬ ਨੂੰ ਪੜ੍ਹਨ ਵਿੱਚ ਦਿਲਚਸਪੀ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਿਹਾ ਜਾਂਦਾ ਹੈ ਕਿ ਰਛਪਾਲ ਕੌਰ ਅਕਸਰ ਕਹਾਣੀ ਲਿਖਣ ਵਿੱਚ ਕਾਹਲ਼ੀ ਕਰਦੀ ਹੈ ਪਰ ਕਾਹਲ਼ੀ ਵਿੱਚ ਲਿਖੀਆਂ ਕਹਾਣੀਆਂ ਇਨ੍ਹਾਂ ਕਹਾਣੀਆਂ ਵਾਂਗ ਮੁਤਾਸਰ ਨਹੀਂ ਕਰ ਸਕਦੀਆਂ, ਇਸ ਲਈ ਇਨ੍ਹਾਂ ਕਹਾਣੀਆਂ ਪਿੱਛੇ ਰਛਪਾਲ ਕੌਰ ਗਿੱਲ ਦਾ ਸਾਲਾਂ ਦਾ ਤਜਰਬਾ ਅਤੇ ਚਿੰਤਨ ਖਲੋਤਾ ਵਿਖਾਈ ਦਿੰਦਾ ਹੈ। ਬ੍ਰਜਿੰਦਰ ਕੌਰ ਗੁਲਾਟੀ ਹੁਰਾਂ ਕਿਹਾ ਕਿ ਰਛਪਾਲ ਕੌਰ ਦੀਆਂ ਕਹਾਣੀਆਂ ਵਿੱਚ ਜਿੱਥੇ ਬੱਚਿਆਂ ਦੇ ਅਧਿਆਪਕਾਂ ਨਾਲ਼ ਰਿਸ਼ਤੇ ਦਾ ਜਿਕਰ, ਟੁੱਟੇ ਹੋਏ ਪਰਵਾਰਾਂ ਦੇ ਬੱਚਿਆਂ ਦੀਆਂ ਭਾਵਨਾਵਾਂ ਦਾ ਜਿਕਰ, ਅਤੇ ਔਰਤ ਦੀ ਦਸ਼ਾ ਦਾ ਜਿਕਰ ਆਉਂਦਾ ਹੈ ਓਥੇ ਉਸ ਨੇ ਸਮਲਿੰਗੀ ਰਿਸ਼ਤਿਆਂ ਨੂੰ ਵੀ ਛੋਹਿਆ ਹੈ ਅਤੇ ਧਾਰਮਿਕ ਰੁਚੀਆਂ ਦਾ ਜਿਕਰ ਕਰਕੇ ਇਹ ਵੀ ਦੱਸਣ ਦੀ ਕੋਸਿਸ਼ ਕੀਤੀ ਹੈ ਕਿ ਇਨਸਾਨੀਅਤ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੁੰਦਾ। ਰਛਪਾਲ ਕੌਰ ਗਿੱਲ ਦੀਆਂ ਬੇਟੀਆਂ ਪਵਨਪ੍ਰੀਤ ਅਤੇ ਕਮਲਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਅਜਿਹੀ ਦਲੇਰ ਔਰਤ ਹੈ ਜਿਸ ਨੇ ਨਾ ਸਿਰਫ ਆਪਣੇ ਮਨ ਦੀ ਗੱਲ ਹਮੇਸ਼ਾਂ ਖੁੱਲ੍ਹ ਕੇ ਕਰਨ ਦੀ ਹਿੰਮਤ ਕੀਤੀ ਹੈ ਸਗੋਂ ਆਪਣੇ ਬੱਚਿਆਂ ਨੂੰ ਵੀ ਆਪਣੀ ਮਰਜ਼ੀ ਨਾਲ਼ ਜੀਣ ਲਈ ਪ੍ਰੇਰਿਆ ਹੈ।

ਰਛਪਾਲ ਕੌਰ ਗਿੱਲ ਨੇ ਆਪਣੀਆਂ ਕਹਾਣੀਆਂ ਲਿਖਣ ਲਈ ਜਿੱਥੇ ਕਾਫ਼ਲੇ ਦਾ ਅਤੇ ਵਿਸ਼ੇਸ਼ ਤੌਰ ‘ਤੇ ਕਿਰਪਾਲ ਸਿੰਘ ਪੰਨੂੰ ਦਾ ਜਿ਼ਕਰ ਕੀਤਾ ਓਥੇ ਆਪਣੀ ਮਾਂ ਚਰਨ ਕੌਰ ਕੋਲ਼ੋਂ ਇਹ ਕਿਤਾਬ ਰਿਲੀਜ਼ ਕਰਵਾ ਕੇ ਆਪਣੀ ਬੇਟੀ ਨੂੰ ਭੇਟ ਕੀਤੀ ਅਤੇ ਉਸ ਦੀ ਬੇਟੀ ਨੇ ਇਹ ਕਿਤਾਬ ਅੱਗੋਂ ਆਪਣੀ ਛੋਟੀ ਬੱਚੀ ਨੂੰ ਭੇਟ ਕੀਤੀ। ਰਛਪਾਲ ਕੌਰ ਦਾ ਕਹਿਣਾ ਸੀ ਕਿ ਅਜਿਹਾ ਕਰਕੇ ਉਹ ਆਪਣੀ ਮਾਂ ਵੱਲੋਂ ਦਿੱਤੇ ਗਏ ਸੰਸਕਾਰਾਂ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਪ੍ਰਗਟਾਵਾ ਕਰ ਰਹੀ ਹੈ।

ਇਸ ਤੋਂ ਬਾਅਦ ਮਨਦੀਪ ਔਜਲਾ, ਜੋ ਕਿ ਦਸਤਾਵੇਜ਼ੀ ਫਿ਼ਲਮਾਂ ਬਣਾਉਣ ਦਾ ਕੰਮ ਕਰ ਰਹੇ ਹਨ, ਵੱਲੋਂ ਕਾਫ਼ਲੇ ਦੇ ਪ੍ਰਗਤੀਸ਼ੀਲ ਲਹਿਰ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਦੀ ਵੀਡੀਓ ਰਿਲੀਜ਼ ਕੀਤੀ ਗਈ ਜਿਸ ਬਾਰੇ ਬੋਲਦਿਆਂ ਮਨਦੀਪ ਔਜਲਾ ਨੇ ਕਿਹਾ ਕਿ ਅੱਜਕਲ੍ਹ ਪੰਜਾਬੀਆਂ ਵਿੱਚ ਘਟਦੇ ਜਾ ਰਹੇ ਪੜ੍ਹਨ ਦੇ ਰੁਝਾਨ ਨੂੰ ਵੇਖਦਿਆਂ ਹੋਇਆਂ ਇਹ ਜ਼ਰੂਰੀ ਹੋ ਗਿਆ ਹੈ ਕਿ ਇਲੈਕਟ੍ਰੌਨਿਕ ਮੀਡੀਏ ਦੀ ਵਰਤੋਂ ਕਰਕੇ ਫਿ਼ਲਮਾਂ ਰਾਹੀਂ ਪੰਜਾਬੀ ਸਾਹਿਤ ਨੂੰ ਉਜਾਗਰ ਕੀਤਾ ਜਾਵੇ।

ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਭਾਵੇਂ ਕਾਫ਼ਲਾ ਅਗਾਂਹਵਧੂ ਸੋਚ ਨੂੰ ਪਰਣਾਇਆ ਹੋਇਆ ਹੈ ਅਤੇ ਹਮੇਸ਼ਾਂ ਜਨਤਕ ਮਸਲਿਆਂ ਪ੍ਰਤੀ ਲਿਖੀਆਂ ਗਈਆਂ ਰਚਨਾਵਾਂ ਨੂੰ ਉਭਾਰਨ ਦੀ ਕੋਸਿ਼ਸ਼ ਕਰਦਾ ਹੈ ਪਰ ਕੁਝ ਸਮਾਗਮ ਅਜਿਹੇ ਵੀ ਹੁੰਦੇ ਹਨ ਜਿੱਥੇ ਸਾਰੇ ਪਰਵਾਰ ਮਿਲ਼ ਕੇ ਆਪਣਾ ਮਨੋਰੰਜ਼ਨ ਕਰਦੇ ਹਨ, ਕਾਫ਼ਲੇ ਦਾ ਸਲਾਨਾ ਸਮਾਗਮ ਵੀ ਅਜਿਹਾ ਹੀ ਇੱਕ ਸਮਾਗਮ ਹੈ। ਇਸ ਦੇ ਬਾਵਜੂਦ ਇਸ ਸਮਾਗਮ ਵਿੱਚ ਹੋਏ ਕਵੀ ਦਰਬਾਰ ਵਿੱਚ ਬਹੁਤ ਹੀ ਮਿਆਰੀ ਅਤੇ ਸਮਾਜੀ ਮਸਲਿਆਂ ਨਾਲ਼ ਸਬੰਧਤ ਸੁਰ ਵਾਲ਼ੀਆਂ ਰਚਨਾਵਾਂ ਹੀ ਪੜ੍ਹੀਆਂ ਗਈਆਂ ਜਿਨ੍ਹਾਂ ਨੂੰ ਹਾਜ਼ਰ ਮਹਿਮਾਨਾਂ ਵੱਲੋਂ ਬਹੁਤ ਹੀ ਸਲਾਹਿਆ ਗਿਆ। ਇਸ ਕਵੀ ਦਰਬਾਰ ਵਿੱਚ ਪਰਮਜੀਤ ਢਿੱਲੋਂ, ਸੁਖਿੰਦਰ, ਮਦਨ ਸਿੰਘ ਮੰਗਾ, ਸੁੰਦਰਪਾਲ ਕੌਰ ਰਾਜਾਸਾਂਸੀ, ਡਾ ਬਲਜਿੰਦਰ ਸੇਖੋਂ, ਲਿਵੀਨ ਕੌਰ ਗਿੱਲ, ਰਾਜਪਾਲ ਸਿੰਘ ਬੋਪਾਰਾਏ, ਜਸਵਿੰਦਰ ਸੰਧੂ, ਗੁਰਦਾਸ ਮਿਨਹਾਸ, ਕੁਲਜੀਤ ਮਾਨ, ਤਲਤ ਜ਼ਾਹਿਰਾ, ਰਛਪਾਲ ਕੌਰ ਗਿੱਲ, ਹਾਮਦ ਭਾਸ਼ਾਨੀ, ਨੀਰੂ ਅਸੀਮ, ਸੁਰਜੀਤ ਕੌਰ, ਉਂਕਾਰਪ੍ਰੀਤ, ਕੁਲਵਿੰਦਰ ਖਹਿਰਾ, ਪਿਆਰਾ ਸਿੰਘ ਕੁੱਦੋਵਾਲ਼, ਅਤੇ ਮਨਦੀਪ ਔਜਲਾ ਨੇ ਭਾਗ ਲਿਆ। ਇਸ ਤੋਂ ਇਲਾਵਾ ਰੰਗ-ਕਰਮੀ ਅਤੇ ਨਿਰਦੇਸ਼ਕ ਜਸਪਾਲ ਢਿੱਲੋਂ ਨੇ ਹਾਸ-ਰਸ ਦੀਆਂ ਆਈਟਮਾਂ ਰਾਹੀਂ ਮਹਿਮਾਨਾਂ ਦਾ ਮਨੋਰੰਜ਼ਨ ਵੀ ਕੀਤਾ।

ਇਸ ਸਮਾਗਮ ਵਿੱਚ ਹਾਜ਼ਰ ਪ੍ਰਮੁੱਖ ਹਸਤੀਆਂ ਵਿੱਚ ਕਾਮਰੇਡ ਗੁਰਦੇਵ ਸਿੰਘ ਅਤੇ ਗੁਰਮੀਤ ਸਿੰਘ (ਗ਼ਦਰ ਹੈਰੀਟੇਜ ਔਰਗੇਨਾਈਜ਼ਸ਼ਨ), ਇੰਦਰਜੀਤ ਕੌਰ ਢਿੱਲੋਂ (ਉਨਟਾਰੀਓ ਪੰਜਾਬੀ ਥੇਟਰ), ਬਲਦੇਵ ਸਿੰਘ ਰਹਿਪਾ (ਤਰਕਸ਼ੀਲ ਸੋਸਾਇਟੀ), ਗੁਰਦੇਵ ਸਿੰਘ ਮਾਨ, ਰਾਜਪਾਲ ਹੋਠੀ, ਨਾਹਰ ਸਿੰਘ ਔਜਲਾ, ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ਼ ਸਬੰਧਤ ਦੋਸਤ ਪਹੁੰਚੇ ਹੋਏ ਸਨ। ਹਾਮਦ ਭਾਸ਼ਾਨੀ ਵੱਲੋਂ ਜਿੱਥੇ ਕਾਫ਼ਲੇ ਨੂੰ ਅਜਿਹੇ ਸ਼ਾਨਦਾਰ ਸਮਾਗਮ ਲਈ ਵਧਾਈ ਦਿੱਤੀ ਗਈ ਓਥੇ ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ  ਦਿੱਤਾ ਕਿ ਕਾਫ਼ਲੇ ਨੂੰ ਤਰੱਕੀਪਸੰਦ ਵਿਚਾਰਧਾਰਾ ਵਾਲ਼ੇ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਮੌਜੂਦਾ ਸਮੱਸਿਆਵਾਂ ਦੇ ਜਵਾਬ ਪ੍ਰਗਤੀਸ਼ੀਲ ਸਾਹਿਤ ਵਿੱਚ ਮੌਜੂਦ ਹਨ।

ਸਮਾਗਮ ਦੇ ਅਖੀਰ ਵਿੱਚ ਸਿ਼ਵਰਾਜ ਸਨੀ ਵੱਲੋਂ ਆਪਣੀ ਦਿਲਕਸ਼ ਅਵਾਜ਼ ਵਿੱਚ ਗਾਇਕੀ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਜਿੱਥੇ ਸਟੇਜ ਦੀ ਕਾਰਵਾਈ ਉਂਕਾਰਪ੍ਰੀਤ ਅਤੇ ਕੁਲਵਿੰਦਰ ਖਹਿਰਾ ਵੱਲੋਂ ਚਲਾਈ ਗਈ ਓਥੇ ਬ੍ਰਜਿੰਦਰ ਗੁਲਾਟੀ ਅਤੇ ਮਨਮੋਹਨ ਸਿੰਘ ਗੁਲਾਟੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ਼ ਇਸ ਨੂੰ ਆਯੋਜਤ ਕੀਤਾ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>