ਪੰਜਾਬ ਦੀ ਸਿਆਸਤ ਵਿਚ ‘ਪਿਓ-ਪੁੱਤ’ ਜੋੜੀਆਂ ਦੀ ਚਰਚਾ

ਪਰਮਜੀਤ ਸਿੰਘ ਬਾਗੜੀਆ

ਇਸ ਵਾਰ ਵੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੁੱਖ ਮੁਕਾਬਲਾ ਦੋਪਾਸੜ ਹੈ ਅਤੇ ਹੈ ਵੀ ਰਵਾਇਤੀ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਗੱਠਜੋੜ ਦੇ ਵਿਚਕਾਰ। ਸੱਤਾ ਦੇ ਮੁੱਦੇ ‘ਤੇ  ਬਾਦਲ ਪਰਿਵਾਰ ਵਿਚ ਪਏ ਬਖੇੜੇ ਤੋਂ ਬਾਅਦ ਨਵੀਂ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਖੜੀ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਨਵੀਂ ਸਿਆਸੀ ਛਾਪ ਦੀ ਲਕੀਰ ਅਜੇ ਖਿੱਚਣੀ ਹੈ। ਵੈਸੇ ਉਸਨੇ ਵੀ ਕਾਮਰੇਡਾਂ ਅਤੇ ਸ੍ਰੋਮਣੀ ਅਕਾਲੀ ਦਲ ਲੌਂਗੋਵਾਲ ਨਾਲ ਮਿਲ ਕੇ ਬਣਾਏ ਸਾਂਝੇ ਮੋਰਚੇ ਰਾਹੀਂ ਆਪਣੀ ਮੁਹਿੰਮ ਵਿੱਢੀ ਹੈ। ਕਾਂਗਰਸ ਜਿੱਥੇ ਪਿਛਲੀਆਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੀਟਾਂ ਪ੍ਰਾਪਤੀ ਦੇ ਮਾਮਲੇ ਵਿਚ ਭਾਵੇਂ ਅਕਾਲੀ ਦਲ ਤੋਂ ਥੋੜਾ ਪਛੜ ਗਈ ਸੀ, ਉਥੇ ਅਕਾਲੀ ਦਲ ਨੇ ਆਪਣੀ ਸਹਿਯੋਗੀ ਪਾਰਟੀ ਭਾਜਪਾ ਦੇ ਜਿੱਤੇ 19 ਵਿਧਾਇਕਾਂ ਦੇ ਆਸਰੇ ਇਸ ਮਹੱਤਵਪੂਰਨ ਲੜਾਈ ‘ਚੋਂ ਪਾਰ ਪਾ ਲਿਆ ਸੀ ਅਤੇ ਅਕਾਲੀ ਦਲ ਪੰਜ ਸਾਲਾਂ ਦੇ ਬਨਵਾਸ ਤੋਂ ਬਾਅਦ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰ ਆਪਣੀ ਸਰਕਾਰ ਬਣਾਉਣ ਵਿਚ ਸਫਲ ਰਿਹਾ ਸੀ। ਇਸ ਚੋਣ ਦੌਰਾਨ ਹੀ ਅਕਾਲੀ ਦਲ ਅੰਦਰ ਵਿਰੋਧ ਉੱਠਣ ਦੇ ਤੌਖਲੇ ਨੂੰ ਮੁੱਖ ਰੱਖਦਿਆਂ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਦੀ ਚੋਣ ਨਹੀਂ ਲੜਾਈ ਗਈ ਸੀ। ਬੜੀ ਹੌਲੀ- ਹੌਲੀ ਤੇ ਠਰੰਮੇ ਨਾਲ ਸੁਖਬੀਰ ਬਾਦਲ ਦਾ ਪੈਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਜੁੱਤੀ ਵਿਚ ਪੁਆਇਆ ਗਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਹੀ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਗਿਆ। ਭਾਵੇਂ ਫਿਰ ਸੁਖਬੀਰ ਸਿੰਘ ਬਾਦਲ ਨੇ ਰਹਿੰਦੇ ਸਮੇਂ ਵਿਚ ਹੀ ਜਲਾਲਾਬਾਦ ਦੀ ਉਪ ਚੋਣ ਜਿੱਤੀ ਕੇ ਡਿਪਟੀ ਮੁੱਖ ਮੰਤਰੀ ਦੀ ਆਪਣੀ ਨੰਬਰ ਦੋ ਦੀ ਕੁਰਸੀ ਪੱਕੀ ਕਰ ਲਈ ਸੀ। ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਵਿਚ ਟਿਕੇ ਰਹਿਣ ਲਈ ਜੋ ਚੁਣੌਤੀਆਂ ਨਰਾਜ਼ ਅਕਾਲੀ ਧੜਿਆਂ ਅਤੇ ਵਿਰੋਧੀ ਧਿਰ ਕਾਂਗਰਸ ਤੋਂ ਮਿਲ ਰਹੀਆਂ ਸਨ, ਉਸਨੂੰ ਹੁਣ ਪਿਉ ਭਾਵ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾਲ ਉਸਦੇ ਪੁੱਤਰ ਸ. ਸੁਖਬੀਰ ਸਿੰਘ ਬਾਦਲ ਨੇ ਵੀ ਸੰਭਾਲਣਾ ਸਿੱਖ ਲਿਆ ਸੀ। ਬਾਦਲ ਪੱਖੀ ਅਕਾਲੀ ਸਫਾਂ ਨੇ ਸੁਖਬੀਰ ਬਾਦਲ ਦੀ ਇਸ ਤਾਜਪੋਸ਼ੀ ਨੂੰ ਇਕ ਪਿਓ ਦੀਆਂ ਜਿੰਮੇਵਾਰੀਆਂ ਵਿਚ ਹੱਥ ਵਟਾਉਣ ਦੇ ਪੁੱਤਰ ਦੇ ਹੱਕੀ ਫਰਜ਼ ਵਜੋਂ ਪ੍ਰਚਾਰਿਆ ਸੀ। ਬਾਦਲਾਂ ਦੀ ਇਸ ਪਿਓ-ਪੁੱਤਰ ਜੋੜੀ ਵਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਦੋਵੇਂ ਮਹੱਤਵਪੂਰਨ ਅਹੁਦਿਆਂ ‘ਤੇ ਬਿਰਾਜਣ ਦੀ ਇਸਦੇ ਗੱਠਜੋੜ ਦੇ ਸਾਥੀ ਭਾਜਪਾ ਨੁੰ ਵੀ ਔਖ ਹੋਈ ਸੀ ਪਰ ਬਾਦਲਾਂ ਦੀ ਇਸ ਪਿਓ-ਪੁੱਤਰ ਜੋੜੀ ਨੇ ਸੱਤਾ ਦਾ ਸੁਫਨਾ ਪੂਰਾ ਕਰਨ ਵਿਚ ਮਦਦਗਾਰ ਬਣੀ ਇਸ ਧਿਰ ਨੂੰ ਵੀ ਟਿਕਾਣੇ ਸਿਰ ਰੱਖੀ ਰੱਖਦਿਆਂ ਪੰਜ ਸਾਲ ਪੂਰੇ ਕਰ ਲਏ।।

ਬਾਦਲ ਪਿਓ-ਪੁੱਤਰ ਦੇ ਸੱਤਾ ‘ਤੇ ਮਾਰੇ ਜੱਟ ਜੱਫੇ ਨੇ ਹੀ ਸ਼ਰੀਕੇ ਦੇ ਬਾਦਲ ਮਨਪ੍ਰੀਤ ਸਿੰਘ ਅਤੇ ਉਸੇ ਪਿਤਾ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸ. ਗੁਰਦਾਸ ਸਿੰਘ ਬਾਦਲ ਨੂੰ ਬੇਚੈਨ ਅਤੇ ਭਵਿੱਖ ਦੀ ਰਾਜਨੀਤੀ ਵਿਚ ਉਸਦੇ ਪੁੱਤਰ ਨੂੰ ਸੱਤਾ ਵਿਚ ਵੱਡਾ ਹਿੱਸਾ ਮਿਲਣ ਪ੍ਰਤੀ ਵੀ ਬੇਆਸ ਕਰ ਦਿੱਤਾ। ਸਿੱਟੇ ਵਜੋਂ ਇਕ ਘਰ ਦੀ ਹੀ ਪਿਓ-ਪੁੱਤਰ ਜੋੜੀ ਨੇ ਦੂਜੀ ਪਿਓ-ਪੁੱਤਰ ਜੋੜੀ ਨੂੰ ਹਾਸ਼ੀਏ  ‘ਤੇ ਧੱਕਣਾ ਸ਼ੁਰੂ ਕਰ ਦਿੱਤਾ। ਅਤੇ ਸੱਤਾ ‘ਤੇ ਸਥਾਪਤ ਪਿਓ-ਪੁੱਤਰ ਜੋੜੀ ਨੇ ਇਨ੍ਹਾਂ ਚੋਣਾ ਤੋਂ ਇਕ ਸਾਲ ਪਹਿਲਾਂ ਹੀ ਮਨਪ੍ਰੀਤ ਸਿੰਘ ਬਾਦਲ ਨੁੰ ਮੰਤਰੀ ਮੰਡਲ ਵਿਚੋਂ ਕੱਢਣ ਦੇ ਨਾਲ ਨਾਲ ਪਾਰਟੀ ਵਿਚੋਂ ਵੀ ਬਾਹਰ ਕਰ ਦਿੱਤਾ। ਦੋਹਾਂ ਧਿਰਾਂ ਵਲੋਂ ਦੁਹਾਈ ਪਾਰਟੀ ਵਿਰੋਧੀ ਸਰਗਰਮੀਆਂ, ਆਰਥਿਕ ਨੀਤੀਆਂ ਅਤੇ ਸਿਧਾਂਤਕ ਤੇ ਲੋਕ ਪੱਖੀ ਸੋਚ ਦੀ ਦਿੱਤੀ ਗਈ।

ਪੰਜਾਬ ਦੇ ਸਿਆਸੀ ਦ੍ਰਿਸ਼ ਤੇ ਉੱਭਰੀ ਸ. ਗੁਰਦਾਸ ਸਿੰਘ ਬਾਦਲ ਅਤੇ ਸ. ਮਨਪ੍ਰੀਤ ਸਿੰਘ ਬਾਦਲ ਦੀ ਪਿਓ-ਪੁੱਤਰ ਜੋੜੀ ਇਕ ਵਿਧਾਨ ਸਭਾ ਸੀਟ ਗਿੱਦੜਬਾਹਾ ਤੋਂ ਬਾਹਰ ਨਿਕਲ ਕੇ ਪੂਰੇ ਪੰਜਾਬ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਚਰਚਿਤ ਹੋਈ। ਹੁਣ ਗੁਰਦਾਸ ਬਾਦਲ ਅਤੇ ਮਨਪ੍ਰੀਤ ਬਾਦਲ ਨੇ ਵੱਡੇ ਬਾਦਲ ਅੱਗੇ ਆਪਣੇ ਗੜ੍ਹ ਲੰਬੀ ਤੇ ਗਿੱਦੜਬਾਹਾ ਦੀਆਂ ਵਿਧਾਨ ਸਭਾ ਸੀਟਾਂ ਤੇ ਆਪ ਖੜੇ ਹੋ ਕੇ ਸੱਤਾ ਤੇ ਕਾਬਜ ਬਾਦਲਾਂ ਨੂੰ ਨਵੀ ਚੁਣੌਤੀ ਦਿੱਤੀ ਹੈ। ਅਤੇ ਆਪਣੀ ਸਿਆਸੀ ਹੋਂਦ ਦਿਖਾਉਣ ਅਤੇ ਸੂਬੇ ਦੇ ਆਰਥਿਕ ਹਾਲਾਤ ਸੁਧਾਰਨ ਲਈ ਸਾਰਥਿਕ ਪਹਿਲ ਦੀ ਅਣਹੋਂਦ ਦੱਸਦੇ ਹੋਏ ਲੋਕਾਂ ਅੱਗੇ ਨਵੇਂ ਆਰਥਿਕ ਵਿਕਾਸ ਅਤੇ ਪ੍ਰਸ਼ਾਸਿ਼ਨਕ ਸੁਧਾਰ ਵਾਲਾ ਮਾਡਲ ਪਰੋਸਿਆ ਹੈ। ਇਸ ਤਰ੍ਹਾਂ ਵੱਡੇ ਬਾਦਲ ਦੀ ਪਿਓ-ਪੁੱਤ ਜੋੜੀ ਅਤੇ ਛੋਟੇ ਬਾਦਲ ਦੀ ਪਿਓ-ਪੁੱਤ ਜੋੜੀ ਦਾ ਆਪਣੇ-ਆਪਣੇ ਸਿਆਸੀ ਗੜ੍ਹ ਬਚਾਉਣ ਅਤੇ ਸਿਆਸਤ ਵਿਚ ਅਸਲੀ ਬਾਦਲ ਸਿੱਧ ਕਰਨ ਲਈ ਪੂਰਾ ਤਾਣ ਲੱਗਿਆ ਪਿਆ ਹੈ।

ਪੰਜਾਬ ਦੇ ਸਿਆਸੀ ਦ੍ਰਿਸ਼ ‘ਤੇ ਉੱਚੇ ਸਿਆਸੀ ਕੱਦ ਵਾਲੀ ਇਕ ਹੋਰ ਪਿਓ-ਪੁੱਤ ਜੋੜੀ ਹੈ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਭਾਵੇਂ ਆਪਣੇ ਪੁਰਾਣੇ ਹਲਕੇ ਪਟਿਆਲਾ ਸ਼ਹਿਰੀ ਤੋਂ ਹੀ ਚੋਣ ਲੜ ਰਹੇ ਹਨ ਪਰ ਉਸਨੇ ਆਪਣੇ ਪੁੱਤਰ ਨੂੰ ਜੋ ਬਾਦਲ ਪਰਿਵਾਰ ਵਿਰੁੱਧ ਬਠਿੰਡਾ ਦੀ ਐਮ. ਪੀ. ਚੋਣ ਹਾਰ ਗਿਆ ਸੀ, ਸਮਾਣਾ ਸੀਟ ਤੋਂ ਟਿਕਟ ਦੁਆਈ ਹੈ। ਅਕਾਲੀਆਂ ਤੋਂ ਬਾਅਦ ਕਾਂਗਰਸ ਨੂੰ ਵੀ ਆਪਣੇ ਘਰ ਵਿਚੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਵਲੋਂ ਪੁੱਤਰ ਨੂੰ ਟਿਕਟ ਦੁਆਉਣ ਤੋਂ ਨਰਾਜ਼ ਉਸਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਵੀ ਕਾਂਗਰਸ ਨੂੰ ਅਲਵਿਦਾ ਆਖ ਅਕਾਲੀ ਦਲ ਬਾਦਲ ਦਾ ਪੱਲਾ ਫੜ੍ਹ ਲਿਆ ਹੈ ਅਤੇ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਵਿਚ ਉੱਤਰੀ ਇਸ ਪਿਓ-ਪੁੱਤਰ ਦੀ ਜੋੜੀ ਨੁੰ ਅਸਾਨੀ ਨਾਲ ਜਿੱਤਣ ਦੇ ਰਾਹ ਵਿਚ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਅਤੇ ਇਸ ਚੋਣ ਵਿਚ ਕੈਪਟਨ ਨੂੰ ਆਪਣੇ ਨਾਲ ਨਾਲ ਆਪਣੇ ਪੁੱਤਰ ਨੂੰ ਟਿਕਟ ਦੁਆਉਣ ਦੇ ਫੈਸਲੇ ਦਾ ਵੀ ਲੋਕ ਮਤ ਮਿਲੇਗਾ। ਪੰਜਾਬ ਦੀ ਸਿਆਸਤ ਦੀ ਚੌਥੀ ਪਿਓ-ਪੁੱਤਰ ਦੀ ਜੋੜੀ ਹੈ ਸਾਬਕਾ ਮੁੱਖ ਮੰਤਰੀ  ਸ. ਸੁਰਜੀਤ ਸਿੰਘ ਬਰਨਾਲਾ ਅਤੇ  ਉਸਦਾ ਪੁੱਤਰ ਸ. ਗਗਨਦੀਪ ਸਿੰਘ ਬਰਨਾਲਾ  ਜੋ ਬਾਦਲ ਦਲ ਤੋਂ ਅਲੱਗ ਸ੍ਰੋਮਣੀ ਅਕਾਲੀ ਦਲ ਲੌਂਗੋਵਾਲ ਵਲੋਂ ਮਨਪ੍ਰੀਤ ਬਾਦਲ ਦੀ ਪਾਰਟੀ ਪੀ. ਪੀ. ਪੀ. ਨਾਲ ਰਲ ਕੇ ਬਣਾਏ ਸਾਂਝੇ ਮੋਰਚੇ ਵਲੋਂ ਧੂਰੀ ਤੋਂ ਚੋਣ ਲੜ ਰਿਹਾ ਹੈ। ਭਾਵੇਂ ਬਿਹਤਰ ਸਿਆਸੀ ਭਵਿੱਖ ਲਈ ਗਗਨਦੀਪ ਦਾ ਮਨ ਕਾਂਗਰਸ ਵਿਚ ਜਾਣ ਦਾ ਸੀ ਪਰ ਨਰਮ ਤੇ ਸੁਲਝੇ ਹੋਏ ਅਕਾਲੀ ਆਗੂ ਵਜੋਂ ਜਾਣੇ ਜਾਂਦੇ ਸੁਰਜੀਤ ਸਿੰਘ ਬਰਨਾਲਾ ਨੇ ਅਜਿਹਾ ਨਹੀਂ ਹੋਣ ਦਿੱਤਾ। ਵੱਡੇ ਬਰਨਾਲਾ ਸਾਹਿਬ ਆਪ ਤਾਂ ਹੁਣ ਸਰਗਰਮ ਸਿਆਸਤ ਛੱਡ ਚੁੱਕੇ ਹਨ। ਪਰ ਉਹ ਵੀ ਹੋਰਨਾਂ ਸਿਆਸਤਦਾਨਾਂ ਵਾਂਗ ਆਪਣੇ ਹੱਥੀਂ ਆਪਣੇ ਪੁੱਤਰ ਦੀਆਂ ਡੂਘੀਆਂ ਸਿਆਸੀ ਜੜ੍ਹਾਂ ਲਾਊਣ ਦੀ ਤੜਪ ਰੱਖਦੇ ਹਨ । ਸਿਆਸੀ ਪਿਓ-ਪੁੱਤਰ ਜੋੜੀਆਂ ਦਾ ਊਭਾਰ ਮਾਲਵੇ ਵਿਚ ਹੀ ਹੋਇਆ ਹੈ। ਹੁਣ ਵੇਖਦੇ ਹਾਂ ਕਿ ਇਸ ਵਿਧਾਨ ਸਭਾ ਚੋਣਾਂ ਵਿਚ ਕਿਹੜੀ ਪਿਓ-ਪੁੱਤਰ ਜੋੜੀ ਸਫਲ ਹੁੰਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>