ਕਾਂਗਰਸ ਬਨਾਮ ਭਾਜਪਾ:ਸਿੱਖ ਕਿਸ ਨੂੰ ਵੋਟ ਪਾਉਣ

“ਸਰਬਤ ਦਾ ਭਲਾ” ਚਾਹੁਣ ਵਾਲੇ ਸਿੱਖ ਭਾਰਤ ਵਿਚ ਇਕ ਬਹੁਤ ਹੀ ਛੋਟੀ ਘੱਟ-ਗਿਣਤੀ ਹਨ।ਉਹ ਅਪਣੀ ਵਿਲੱਖਣ ਪਛਾਣ ਤੇ ਵਿਰਸੇ ਦੀ ਹਿਫਾਜ਼ਤ ਲਈ ਤੇ ਕੁਝ ਹੱਕੀ ਮੰਗਾਂ ਦੀ ਪੂਰਤੀ ਲਈ ਬੜੀ ਦੇਰ ਤੋਂ ਮੰਗ ਕਰਦੇ ਆ ਰਹੇ ਹਨ। ਭਾਰਤ ਨੂੰ ਆਜ਼ਾਦ ਕਰਵਾਉਣ ਲਈ ਉਨ੍ਹਾਂ ਅਪਣੀ ਸਭ ਤੋਂ ਵੱਧ ਹਿੱਸਾ ਪਾਇਆ। ਆਜ਼ਾਦੀ ਮਿਲਣ ਪਿਛੋਂ ਹੁਣ ਤਕ ਕਿਸੇ ਕੇਂਦਰੀ ਸਰਕਾਰ ਨੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।

ਆਜ਼ਾਦੀ ਦੀ ਲੜਾਈ ਦੌਰਾਨ ਕਾਂਗਰਸ ਨੇ ਸਿੱਖਾਂ ਨਾਲ ਕਈ ਵਾਅਦੇ ਕੀਤੇ ਸਨ ਤੇ ਲਾਹੌਰ ਸੈਸ਼ਨ ਸਮੇਂ ਮਤਾ ਪਾਸ ਕੀਤਾ ਸੀ ਕਿ “ਕਾਂਗਰਸ ਸਿੱਖਾਂ, ਮੁਸਲਮਾਨਾਂ  ਅਤੇ ਹੋਰ ਘਟ ਗਿਣਤੀਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਭਵਿੱਖ ਵਿਚ ਬਣਨ ਵਾਲੇ ਸੰਵਿਧਾਨ ਵਿਚ ਫਿਰਕੂ ਸਵਾਲ ਦੇ ਕਿਸੇ ਵੀ ਹੱਲ ਨੂੰ ਕਾਂਗਰਸ ਪ੍ਰਵਾਨ ਨਹੀਂ ਕਰੇ ਗੀ ਜੋ ਸਬੰਧਤ ਧਿਰਾਂ ਦੀ ਪੂਰਨ ਤਸੱਲੀ ਨਾ ਕਰਾਉਂਦਾ ਹੋਵੇ ਗਾ।” ਕਾਂਗਰਸ ਨੇ ਇਹ ਮਤਾ ਵੀ ਪਾਸ ਕੀਤਾ ਸੀ ਕਿ ਆਜ਼ਾਦ ਭਾਰਤ ਵਿਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦਾ ਪੁਨਰਗਠਨ ਕੀਤਾ ਜਾਏ ਗਾ ਅਤੇ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਦਿਤੇ ਜਾਣ ਗੇ।ਦੇਸ਼ ਆਜ਼ਾਦ ਹੁੰਦਿਆ ਹੀ ਇਹ ਸਭ ਵਾਅਦੇ ਭੁਲਾ ਦਿਤੇ ਗਏ।ਭਾਸ਼ਾ ਦੇ ਆਧਾਰ ਤੇ ਅਨੇਕ ਸੂਬੇ ਬਣਾਏ ਗਏ ਪਰ ਪੰਜਾਬੀ ਸੂਬੇ ਦੀ ਮੰਗ ਠੁਕਰਾ ਦਿਤੀ ਗਈ।ਬੜੇ ਲੰਬੇ ਸੰਗੱਰਸ਼ ਪਿਛੋਂ 1966 ਵਿਚ ਇਹ ਮੰਗ ਪਰਵਾਨ ਹੋਈ ਤਾਂ ਕੇਂਦਰ ਨੇ ਇਸ ਨੂੰ ਇਕ ਲੰਗੜਾ ਸੂਬਾ ਬਣਾਇਆ।ਇਸ ਨੂੰ ਮੁਕੰਮਲ ਕਰਵਾਉਣ ਲਈ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਗਾਇਆ, ਜਿਸ ਨੂੰ ਕੁਚਲਣ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲਾ ਕਰ ਦਿਤਾ।ਨਵੰਬਰ 84 ਵਿਚ ਦਿੱਲੀ ਤੇ ਹੋਰ ਸੂਬਿਆਂ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ।

ਸਾਲ 1984 ਦੀਆਂ ਹਿਰਦੇਵੇਦਕ ਘਟਨਾਵਾਂ ਤੋਂ ਬਾਅਦ ਸਿੱਖਾਂ ਨੇ ਕਾਂਗਰਸ ਤੋਂ ਮੂੰਹ ਮੋੜਕੇ ਭਾਜਪਾ ਵਲ ਦੇਖਣਾ ਸ਼ੁਰੂ ਕੀਤਾ। ਇਹ ਭਾਵੇਂ ਅਕਾਲੀ ਦਲ ਨਾਲ 1996 ਤਂ ਭਾਈਵਾਲੀ ਹੈ ਤੇ ਕੇਂਦਰ ਵਿਚ 1998 ਤੋ 2004 ਤਕ ਇਸ ਦੀ ਅਗਵਾਈ ਵਿਚ ਐਨ.ਡੀ.ਏ. ਸਰਕਾਰ ਵਿਚ ਭਾਈਵਾਲੀ ਰਹੀ ਹੈ, ਪਰ ਇਸ ਨੇ ਵੀ  ਸਿੱਖਾਂ ਤੇ ਪੰਜਾਬ ਦੀਆਂ ਮੰਗਾਂ ਦੀ ਪੂਰਤੀ ਲਈ ਕੁਝ ਵੀ ਨਹੀਂ ਕੀਤਾ, ਜ਼ਿਲਾ ਊਧਮ ਸਿੰਘ ਨਗਰ ਵਰਗੇ ਮਾਮਲੇ ‘ਤੇ ਵੀ ਅਕਾਲੀ ਦਲ ਨੂੰ ਨਿਮੋਸੀ ਦਿਲਵਾਈ। ਭਾਜਪਾ ਨੂੰ ਭੁਲੇਖਾ ਹੈ ਕਿ ਸਿੱਖ 84 ਦੀਆਂ ਘਟਨਾਵਾਂ ਕਾਰਨ ਕਾਂਗਰਸ ਤੋਂ ਦੂਰ ਚਲੇ ਗਏ ਹਨ, ਉਨ੍ਹਾਂ ਪਾਸ ਭਾਜਪਾ ਵਲ ਝੁਕਾਅ ਰਖਣਾ ਮਜਬੂਰੀ ਹੈ, ਹੋਰ ਕੋਈ ਰਾਹ ਹੈ ਹੀ ਨਹੀਂ। ਵੈਸੇ ਕਾਂਗਰਸ ਨੇ ਡਾ: ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਕੇ ਅਤੇ ਕੁਝ ਹੋਰ ਕਦਮ ਚੁਕ ਕੇ ਸਿੱਖਾਂ ਨਾਲ ਸਬੰਧ ਸੁਧਾਰਨ ਲਈ ਯਤਨ ਕੀਤਾ ਹੈ।

ਭਾਜਪਾ ਦਾ ਸਿੱਖਾਂ ਨਾਲ ਵਿਵਹਾਰ ਨਿਰਾਸ਼ਾਜਨਕ ਰਿਹਾ ਹੈ। ਪੰਜਾਬ ਵਿਚ ਇਸਦਾ ਆਧਾਰ ਸ਼ਹਿਰੀ ਖੇਤਰਾਂ ਦੇ ਵਪਾਰੀਆਂ ਵਿਚ ਹੈ।ਪਹਿਲਾਂ ਇਸਦਾ ਨਾਂਅ ਜਨ ਸੰਘ ਹੁੰਦਾ ਸੀ।ਮਾਰਚ 1977 ਵਿਚ ਇਹ ਜੰਤਾ ਪਾਰਟੀ ਵਿਚ ਸ਼ਾਮਿਲ ਹੋ ਗਈ ਸੀ, ਪਰ ਆਰ.ਐਸ. ਐਸ. ਨਾਲ ਸਬੰਧ ਰਖਣ ਕਾਰਨ ਉਸ ਪਾਰਟੀ ਦੇ ਨੇਤਾਵਾਂ ਨਾਲ ਮਤਭੇਦ ਪੈਦਾ ਹੋਏ ਤੇ ਵੱਖ ਹੋ ਕੇ ਭਾਰਤੀ ਜੰਤਾ ਪਾਰਟੀ ਬਣਾ ਲਈ।ਇਸ ਦਾ ਸ਼ੁਰੂ ਤੋਂ ਹੀ ਸਟੈਂਡ ਪੰਜਾਬ ਤੇ ਪੰਜਾਬੀ ਵਿਰੋਧੀ ਰਿਹਾ ਹੈ ਜਿਸ ਕਾਰਨ ਇਸ ਸੂਬੇ ਤੇ ਸੰਮੂਹ ਪੰਜਬੀਆਂ ਨੂੰ ਬਹੁਤ ਹੀ ਸੰਤਾਪ ਹੰਢਾਇਆ ਹੈ।ਜਨ ਸੰਘ ਨੇ ਸਾਲ 1951 ਤੇ 1961 ਦੀ ਮਰਦਮ ਸ਼ੁਮਾਰੀ ਵੇਲੇ  ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਲਈ ਸੱਦਾ ਦਿਤਾ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ।ਇਸ ਦਾ ਪੰਜਾਬ-ਮਾਰੂ ਨਤੀਜਾ ਇਹ ਹੋਇਆ ਕਿ ਬੜੇ ਲੰਬੇ ਸੰਘੱਰਸ ਪਿਛੋਂ ਜਦ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਮੰਗ ਪਰਵਾਨ ਹੋਈ ਤਾਂ ਇਸ ਦੀ ਰਾਜਧਾਨੀ ਚੰਡੀਗੜ੍ਹ ਤੇ ਅਨੇਕ ਪੰਜਾਬੀ ਭਾਸ਼ਾਈ ਇਲਾਕੇ ਇਸ ਤੋਂ ਬਾਹਰ ਰਖੇ ਗਏ, ਕਿਉਂ ਜੋ ਕੇਂਦਰ ਵਲੋਂ ਹੱਦਬੰਦੀ ਕਮਿਸ਼ਨ’ ਨੂੰ 1961 ਦੀ ਮਰਦਮ ਸ਼ੁਮਾਰੀ ਦੇ ਆਧਾਰ ‘ਤੇ ਸਿਫਾਰਿਸ਼ ਦੇਣ ਲਈ ਕਿਹਾ ਗਿਆ ਸੀ। ਕਾਂਗਰਸ ਵਰਕਿੰਗ ਕਮੇਟੀ ਨੇ 9 ਮਾਰਚ 1966 ਨੂੰ ਜਦੋਂ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਮੰਗ ਪਰਵਾਨ ਕੀਤੀ, ਤਾਂ ਜਨ ਸੰਘ ਨੇ ਵਿਰੋਧ ਕੀਤਾ ਤੇ ਸਾਰੇ ਪੰਜਾਬ ਵਿਚ ਇਕ ਬੜਾ ਹੀ ਹਿੰਸਕ ਅੰਦੋਲਨ ਸ਼ੁਰੂ ਕਰ ਦਿਤਾ, ਹਿੰਦੂ ਦੁਕਾਨਦਾਰਾਂ ਵਲੋਂ ਹੜਤਾਲ ਕੀਤੀ ਗਈ,ਜਨ ਸੰਘ ਵਰਕਰਾਂ ਨੇ ਕਈ ਸ਼ਹਿਰਾਂ ਵਿਚ ਸਾੜ ਫੂਕ ਸ਼ੁਰੂ ਕਰ ਦਿਤੀ, ਅੰਮ੍ਰਿਤਸਰ ਵਿਖੇ ਕਾਂਗਰਸ ਦਾ ਦਫਤਰ ਸਾੜਿਆ ਗਿਆ,15 ਮਾਰਚ ਨੂੰ ਪਾਨੀਪਤ ਵਿਖੇ ਕਾਂਗਰਸੀ ਨੇਤਾ ਦੀਵਾਨ ਚੰਦ ਟੱਕਰ, ਸ਼ਹੀਦ ਭਗਤ ਸਿੰਘ ਦੇ ਸਾਥੀ ਕ੍ਰਾਤੀ ਕੁਮਾਰ ਤੇ ਇਕ ਹੋਰ ਆਦਮੀ ਨੂੰ ਦੁਕਾਨ ਅੰਦਰ ਹੀ ਡਕ ਕੇ ਜ਼ਿੰਦਾ ਸਾੜ ਦਿਤਾ ਗਿਆ।ਪੰਜਾਬ ਜਨ ਸੰਘ ਦੇ ਜਨਰਲ ਸਕੱਤਰ ਯੱਗ ਦਤ ਸ਼ਰਮਾ ਨੇ ਮਰਨ ਵਰਤ ਸ਼ੁਰੂ ਕਰ ਦਿਤਾ।ਪਿਛੋਂ ਇਨ੍ਹਾਂ ਨੇ ਦਿੱਲੀ ਜਾਕੇ ਕੇਂਦਰੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨਾਲ ਮਿਲ ਕੇ ਪ੍ਰਸਤਾਵਤ ਪੰਜਾਬੀ ਸੂਬੇ ਨੂੰ ਬਹੁਤ ਹੀ ਛੋਟਾ ਤੇ ਕਮਜ਼ੋਰ ਬਣਾਉਣ ਲਈ ਜ਼ੋਰ ਪਾਇਆ, ਜਿਸ ਕਾਰਨ ਇਕ ਲੰਗੜਾ ਸੂਬਾ ਹੋਂਦ ਵਿਚ ਆਇਆ।ਹੈਰਾਨੀ ਵਾਲੀ ਗਲ ਹੈ ਕਿ ਪੰਜਾਬੀ ਸੂਬੇ ਦਾ ਡਟ ਕੇ ਵਿਰੋਧ ਕਰਨ ਵਾਲੀ ਪਾਰਟੀ ਇਥੇ ਲਗਭਗ ਹਰ ਅਕਾਲੀ ਸਰਕਾਰ ਦੀ ਭਾਈਵਾਲ ਬਣੀ।

ਨਵੰਬਰ 1969 ਵਿਚ ਗੁਰੂ ਨਾਨਕ ਦੇਵ ਜੀ ਦੇ 500-ਸਾਲਾ ਪ੍ਰਕਾਸ਼ ਦਿਵਸ ਸਮੇਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਨੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕੀਤੀ ਤਾ ਭਾਈਵਾਲ ਜਨ ਸੰਘ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਜਲੰਧਰ ਵਿਖੇ ਸਵਾਮੀ ਦਿਆ ਨੰਦ ਯੂਨੀਵਰਸਿਟੀ ਵੀ ਸਥਾਪਤ ਕੀਤੀ ਜਾਏ। ਪੰਜਾਬ ਕੈਬਨਿਟ ਨੇ 20 ਜੂਨ 1970 ਨੂੰ ਅੰਮ੍ਰਿਤਸਰ, ਗੁਰਦਾਸਦਪੁਰ, ਜਲੰਧਰ ਤੇ ਕਪੂਰਥਲਾ ਦੇ 46 ਕਾਲਜ ਗੁਰੂ ਨਾਨਕ ਯੂਨੀਵਰਸਿਟੀ ਨਾਲ ਜੋੜਣ,ਅਤੇ  ਕੁਲਾਂ ਵਿਚ ਸਿਖਿਆਂ ਦਾ ਮਾਧਿਅਮ ਪੰਜਾਬੀ ਕਰਨ ਦਾ ਫੈਸਲਾ ਕੀਤਾ ਤਾਂ ਰੋਸ ਵਜੇ ਜਨਸੰਘ ਦੇ ਚਾਰ ਮੰਤਰੀਆਂ ਨੇ ਅਸਤੀਫੇ ਦੇ ਦਿਤੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ, ਪਰ ਸੋਸ਼ਲਿਸਟ ਪਾਰਟੀ ਦੇ ਸਹਿਯੋਗ ਮਿਲ ਜਾਣ ਕਾਰਨ ਇਹ ਸਰਕਾਰ 14 ਜੂਨ 1971 ਤਕ ਚਲਦੀ ਰਹੀ। ਅਕਾਲ਼ੀ ਦਲ ਨੇ ਇਸ ਲੰਗੜੇ ਸੂਬੇ ਨੂੰ ਮੁਕੰਮਲ ਕਰਵਾਉਣ ਲਈ ਮੋਰਚਾ ਲਗਾਇਆ, ਜਿਸ ਨੂੰ ਸੰਮੂਹ ਪੰਜਾਬੀਆਂ ਦਾ ਭਰਵਾ ਹੁੰਗਾਰਾ ਮਿਲਿਆ। ਭਾਜਪਾ ਨੇ ਇਨ੍ਹਾਂ ਮੰਗਾ ਦਾ ਵੀ ਡਟ ਕੇ ਵਿਰੋਧ ਕੀਤਾ।ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨ ਮੋਰਚਾ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ  ਫੌਜੀ ਹਮਲਾ ਕਰ ਦਿਤਾ, ਜਿਸ ਨਾਲ ਵਿਸ਼ਵ ਭਰ ਦੇ ਸਿੱਖਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਗਹਿਰੀ ਠੇਸ ਵੱਜੀ।ਭਾਜਪਾ ਨੇ ਇਸਫੌਜੀ ਹਮਲੇ ਦਾ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਛੇ ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ।ਸੀਨੀਅਰ ਆਗੂ ਸ੍ਰੀ ਐਲ.ਕੇ. ਅਡਵਾਨੀ ਨੇ ਅਪਣੀ ਸਵੈ-ਜੀਵਨੀ ਵਿਚ ਲਿਖਿਆ ਹੈ ਕਿ  ਸ੍ਰੀਮਤੀ ਗਾਂਧੀ ਸ੍ਰੀ ਦਰਬਾਰ ਸਾਹਿਬ ਅੰਦਰ ਫੌਜ ਨਹੀਂ ਭੇਜਣਾ ਚਾਹੁੰਦੀ ਸੀ, ਪਰ ਭਾਜਪਾ ਨੇ ਦਬਾਓ ਪਾਕੇ ਅਜੇਹਾ ਕਰਨ ਲਈ ਮਜਬੂਰ ਕੀਤਾ।

ਪਿਛਲੇ 40 ਕੁ ਸਾਲਾਂ ਤੋਂ ਕਾਂਗਰਸ ਤੇ ਅਕਾਲੀ-ਭਾਜਪਾ “ਉਤਰ ਕਾਟੋ,ਮੈਂ ਚੜ੍ਹਾਂ” ਦੀ ਖੇਡ ਵਾਂਗ ਵਾਰੀ ਵਾਰੀ  ਸੱਤਾ ਵਿਚ ਆ ਰਹੇ ਹਨ। ਦੋਨਾਂ ਦੇ ਕੰਮਕਾਜ ਕਰਨ ਦੇ ਢੰਗ ਵਿਚ ਕੋਈ ਫਰਕ ਨਹੀਂ ਤੇ ਭ੍ਰਿਸ਼ਟਾਚਾਰ ਨੂੰ ਕੋਈ ਨੱਥ ਨਹੀਂ ਪਾ ਸਕਿਆ।ਪੰਜਾਬ ਵਿਚ ਇਸ ਸਮੇਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਹੈ, ਪਿਛਲੇ 5 ਸਾਲ ਤੋਂ ਅਮਨ ਕਾਨੂੰਨ ਦੀ ਹਾਲਤ ਬਿਹਾਰ ਨਾਲੋਂ ਵੀ ਵੱਧ ਵਿਗੜ ਗਈ ਹੈ। ਸੂਬੇ ਵਿਚ ਵਿਕਾਸ ਨਾਂ-ਮਾਤਰ ਹੀ ਹੋਇਆ ਹੈ, ਚਾਰ ਸਾਲ ਚੁਪ ਰਹਿ ਕੇ ਪਿਛਲੇ 7-8 ਮਹੀਨੇ ਤੋਂ ਵਿਕਾਸ ਦੇ ਕਈ ਕਾਰਜ ਸ਼ੁਰੂ ਕੀਤੇ ਹਨ, ਇਹ ਕਦੋਂ ਪੂਰੇ ਹੋਣਗੇ,ਕਿਸੇ ਨੂੰ ਪਤਾ ਨਹੀਂ। ਅਕਾਲੀ ਹੁਣ ਪੰਜਾਬ ਦੀਆਂ ਮੰਗਾ ਦੀ ਗਲ ਕਰਦੇ ਹਨ, ਪਰ ਛੇ ਸਾਲ ਸ੍ਰੀ ਵਾਜਪਾਈ ਦੀ ਸਰਕਾਰ ਵਿਚ ਭਾਈਵਾਲ ਹੋਣ ਦੇ ਬਾਵਜੂਦ ਪੰਜਾਬ ਦੀ ਇਕ ਵੀ ਮੰਗ ਪਰਵਾਨ ਨਹੀਂ ਕਰਵਾ ਸਕੇ। ਵਾਜਪਾਈ ਸਰਕਾਰ ਨੇ ਹੀ ਉਤਰਾਖੰਡ ਤੇ ਹਿਮਾਚਲ ਦੀ ਸਨਅਤ ਨੂੰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਰਿਆਇਤਾਂ ਦਿਤੀਆਂ, ਜਿਸ ਕਾਰਨ ਪੰਜਾਬ ਦੀ ਇੰਡਸਟਰੀ ਹਿਮਾਚਲ ਨੂੰ ਜਾਣ ਲਗੀ। ਹੈਰਾਨੀ ਵਾਲੀ ਗਲ ਕਿ ਸ੍ਰੀ ਬਾਦਲ  ਇਸ ਲਈ ਡਾ. ਮਨਮੋਹਨ ਸਿੰਘ ਦੀ ਸਰਕਾਰ ਨੂੰ ਜ਼ਿਮੇਵਾਰ ਠਹਿਰਾ ਰਹੇ ਹਨ।

ਗਲ ਕਰੀਏ ਹਾਕਮ ਅਕਾਲੀ ਦਲ ਦੀ, ਬਾਦਲ ਸਾਹਿਬ ਨੇ ਇਸ ਪੰਥਕ ਪਾਰਟੀ ਦਾ ਕਾਂਗਰਸੀਕਰਨ ਤੇ ਪਰਿਵਾਰੀਕਰਨ ਕਰਕੇ ਰਖ ਦਿਤਾ ਹੈ।ਪਿੳ ਪੁੱਤ ਹੀ ਪਾਰਟੀ ਦੇ ਕਰਤਾ ਧਰਤਾ ਹਨ। ਸ੍ਰੀਮਤੀ ਗਾਂਧੀ ਨੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਾਈ, ਬਾਦਲ ਸਾਹਿਬ ਨੇ ਅਕਾਲ ਤਖ਼ਤ ਦੀ ਵਿਚਾਰਧਾਰਾ ਨੂੰ ਗਹਿਰੀ ਢਾਹ ਲਗਾਈ ਹੈ।ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਬੌਣਾ ਬਣਾਕੇ ਰਖ ਦਿਤਾ ਹੈ।ਬਾਦਲ ਪਰਿਵਾਰ ਨੇ ਟ੍ਰਾਂਸਪੋਰਟ, ਟੀ.ਵੀ. ਚੈਨਲਾ, ਕੇਬਲ,ਰੇਤਾ ਬੱਜਰੀ ਆਦਿ ਉਤੇ ਅਪਣੀ ਅਜਾਰੇਦਾਰੀ ਕਾਇਮ ਕਰ ਲਈ ਹੈ।

ਅਜੇਹੀ ਸਥਿਤੀ ਵਿਚ ਇਕ ਹੀ ਰਾਹ ਹੈ ਕਿ ਪੰਜਾਬ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਣਾਈ ਗਈ ਪੀਪਲ ਪਾਰਟੀ ਆਫ ਪੰਜਾਬ ਤੇ ਸਾਂਝੇ ਮੋਰਚੇ ਨੂੰ ਇਕ ਮੌਕਾ ਦਿਤਾ ਜਾਏ।ਇਹ ਸਹੀ ਅਰਥਾ ਵਿਚ ਸੈਕੂਲਰ ਤੇ ਅਗਾਂਹਵਧੂ ਪਾਰਟੀ ਹੈ। ਮਨਪ੍ਰੀਤ ਬਾਦਲ ਦਾ ਅਕਸ ਬੜਾ ਹੀ ਸਾਫ ਸੁਥਰਾ ਹੈ, ਇਮਾਨਦਾਰ ਹੈ ਤੇ ਪੰਜਾਬ ਨੂੰ ਇਕ ਸਵੱਛ ਪ੍ਰਸਾਂਸਨ ਦੇਕੇ ਬੁਲੰਦੀਆਂ ‘ਤੇ ਪਹੁਚਾਉਣ ਲਈ ਅਪਣਾ ਪ੍ਰੋਗਰਾਮ ਦਸਿਆ ਹੈ। ਉਹ ਖ਼ਜ਼ਾਨਾ ਮੰਤਰੀ ਹੁੰਦੇ ਹੋਏ ਵੀ ਆਪਣੀ ਕਾਰ ਆਪ ਚਲਾਕੇ ਸਰਕਾਰੀ ਦੌਰਿਆ ਤੇ ਜਾਂਦਾ ਰਿਹਾ ਹੈ, ਕੋਈ ਪਾਈਲਾਟ ਗੱਡੀ ਨਹੀਂ, ਕੋਈ ਸੁਰੱਖਿਆ ਨਹੀਂ, ਨਾਲ ਕੋਈ ਹੋਰ ਸਰਕਾਰੀ ਅਫਸਰ ਨਹੀਂ, ਕਾਰਾਂ ਦਾ ਕਾਫਲਾ ਨਹੀਂ।ਉਸ ਨੇ ਟ੍ਰਾਂਸਪੋਰਟ, ਟੀ.ਵੀ.ਚੈਨਲ, ਕੇਬਲ, ਰੇਤਾ ਬੱਹਰੀ, ਸਰਕਾਰੀ ਜ਼ਮੀਨਾਂ ‘ਤੇ ਕਬਜ਼ਾ ਨਹੀਂ ਕੀਤਾ।ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਚਾਹੁੰਦਾ ਹੈ।ਕਾਂਗਰਸ ਤੇ ਅਕਾਲੀ-ਭਾਜਪਾ ਨੂੰ ਸਿੱਖਾਂ ਨੇ ਦੇਖ ਲਿਆ ਹੈ, ਉਨ੍ਹਾਂ ਸਮੇਤ ਸੰਮੂਹ ਪੰਜਾਬੀਆਂ ਨੂੰ ਸਾਂਝੇ ਮੋਰਚੇ ਨੂੰ ਇਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>