ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ: ਕੁਝ ਪਹਿਲ ਕਦਮੀਆਂ ਡਾ: ਬਲਦੇਵ ਸਿੰਘ ਢਿੱਲੋਂ

ਦੇਸ਼ ਨੂੰ ਅਨਾਜ ਪੱਖੋਂ ਸਮਰੱਥ ਬਣਾਉਣ ਲਈ ਪਿਛਲੇ 50 ਸਾਲਾਂ ਦੌਰਾਨ ਪੰਜਾਬ ਅਤੇ ਪੰਜਾਬ ਐਗਰੀਕਲਰਚਲ ਯੂਨੀਵਰਸਿਟੀ ਲੁਧਿਆਣਾ ਨੇ ਮੋਹਰੀ ਰੋਲ ਅਦਾ ਕੀਤਾ ਹੈ। 1960-61 ਵਿੱਚ ਜਿਹੜਾ ਅਨਾਜ ਉਤਪਾਦਨ ਕੇਵਲ 3.2 ਮਿਲੀਅਨ ਟਨ ਸੀ ਉਹ ਹੁਣ ਵਧ ਕੇ 2010-11 ਵਿੱਚ 28 ਮਿਲੀਅਨ ਟਨ ਹੋ ਚੁੱਕਾ ਹੈ। ਭਾਰਤ ਦੇ 1.53 ਫੀ ਸਦੀ ਭੂਗੋਲਿਕ ਰਕਬੇ  ਵਿੱਚੋਂ ਪੰਜਾਬ 55 ਤੋਂ 65 ਫੀ ਸਦੀ ਅਤੇ 30 ਤੋਂ 40 ਫੀ ਸਦੀ ਝੋਨਾ ਕੇਂਦਰੀ ਅਨਾਜ ਭੰਡਾਰ ਵਿੱਚ ਪਾਉਂਦਾ ਹੈ।

ਇਸ ਵੇਲੇ ਪੰਜਾਬ ਦੀ ਖੇਤੀਬਾੜੀ ਵੰਨ ਸੁਵੰਨੀਆਂ ਚੁਣੌਤੀਆਂ ਦੇ ਸਨਮੁਖ ਹੈ। ਸਾਡੀ ਆਰਥਿਕਤਾ, ਵਾਤਾਵਰਨ ਅਤੇ ਸਮਾਜ ਇਸ ਦਾ ਸੇਕ ਸਹਿ ਰਿਹਾ ਹੈ । ਅਨਾਜ ਉਤਪਾਦਨ ਦੀ ਵਿਕਾਸ ਦਰ ਪਹਿਲਾਂ ਨਾਲੋਂ ਮੱਧਮ ਪੈ ਰਹੀ ਹੈ ਅਤੇ ਇਨ੍ਹਾਂ ਦੋਹਾਂ ਫ਼ਸਲਾਂ ਦੀ ਉਤਪਾਦਕਤਾ ਵੀ ਲ਼ਗਪਗ ਖੜੋਤ ਵਾਲੀ ਹਾਲਤ ਵਿੱਚ ਹੈ। ਕਣਕ ਝੋਨਾ ਫ਼ਸਲ ਚੱਕਰ ਦੀ ਘਣਤਾ ਨਾਲ ਭੂਮੀ ਅਤੇ ਪਾਣੀ ਉੱਪਰ ਦਬਾਅ ਵਧ ਗਿਆ ਹੈ ਜਿਸ ਨਾਲ ਜ਼ਮੀਨ ਦੀ ਸਿਹਤ ਵਿਗੜ ਰਹੀ ਹੈ ਅਤੇ ਚਿਰਸਥਾਈ ਖੇਤੀ ਵੀ ਖ਼ਤਰੇ ਵਿੱਚ ਪੈ ਰਹੀ ਹੈ। ਪੰਜਾਬ ਨੇ ਕਣਕ ਅਤੇ ਝੋਨੇ ਵਿੱਚ ਉਤਪਾਦਕਤਾ ਪੱਖੋਂ ਸਿਖ਼ਰਾਂ ਛੋਹ ਲਈਆਂ ਹਨ। ਮਿਸਾਲ ਦੇ ਤੌਰ ਤੇ 6.0 ਟਨ ਪ੍ਰਤੀ ਹੈਕਟੇਅਰ ਝੋਨਾ ਅਤੇ 4.7 ਟਨ ਪ੍ਰਤੀ ਹੈਕਟੇਅਰ ਕਣਕ ਇਸ ਵੇਲੇ ਲੈ ਰਹੇ ਹਨ। ਵਰਤਮਾਨ ਉਤਪਾਦਕਤਾ ਦਰ ਸੰਵਾਰਨ ਲਈ ਸਾਨੂੰ ਹੋਰ ਹਿੰਮਤ ਨਾਲ ਕੁਝ ਐਸੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਜਿੰਨ੍ਹਾਂ ਨਾਲ ਅਸੀਂ ਭਵਿੱਖ ਦੀਆਂ ਲੋੜਾਂ ਦੇ ਮੁਤਾਬਕ ਪਾਏਦਾਰ ਖੇਤੀ ਕਰ ਸਕੀਏ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਆਪਣੇ ਸਮੁੱਚੇ ਖੋਜ ਅਤੇ ਪਸਾਰ ਪ੍ਰੋਗਰਾਮ ਨੂੰ ਵਿਸ਼ੇਸ਼ ਪਹਿਲ ਕਦਮੀ ਕਰਕੇ ਨਵੇਂ ਸਿਰਿਉਂ ਵਿਉਂਤਿਆ ਹੈ ਤਾਂ ਜੋ ਵਰਤਮਾਨ ਵੰਗਾਰਾਂ ਦਾ ਟਾਕਰਾ ਕਰਦੇ ਹੋਏ ਖੇਤੀਬਾੜੀ ਨੂੰ ਲਾਹੇਵੰਦ ਬਣਾਇਆ ਜਾ ਸਕੇ। ਇਸ ਦਾ ਕੇਂਦਰਬਿੰਦੂ ਮਾਨਵ ਸੋਮੇ ਵਿਕਾਸ ਨੂੰ ਰੱਖਿਆ ਗਿਆ ਹੈ। ਖੋਜ, ਸਿੱਖਿਆ ਅਤੇ ਪਸਾਰ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਚੁਸਤ ਦਰੁਸਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਪਹਿਲ ਕਦਮੀਆਂ ਦਾ ਵੇਰਵਾ ਤੁਹਾਡੀ ਦਿਲਚਸਪੀ ਲਈ ਦੱਸ ਰਿਹਾ ਹਾਂ।

ਖੋਜ

ਫ਼ਸਲ ਸੁਧਾਰ ਅਤੇ ਬਾਇਓ ਟੈਕਨਾਲੋਜੀ

ਬੀ ਟੀ ਨਰਮਾ ਅਤੇ ਮੱਕੀ ਦੇ ਫ਼ਸਲ ਸੁਧਾਰ ਅਤੇ ਵਿਕਾਸ ਪ੍ਰੋਗਰਾਮ ਲਈ ਪੂਰੀ ਸਰਗਰਮੀ ਨਾਲ ਜੀਨੈਟਿਕ ਸਟਾਕ ਦੀ  ਪ੍ਰਾਪਤੀ।

ਝੋਨਾ-ਕਣਕ, ਕਪਾਹ ਅਤੇ ਮੱਕਈ ਦੇ ਬ੍ਰੀਡਿੰਗ ਪ੍ਰੋਗਰਾਮ ਨੂੰ ਨਵੇਂ ਸਿਰੇ ਤੋਂ ਯੋਜਨਾਬੱਧ ਕਰਨਾ ਅਤੇ ਮਜ਼ਬੂਤ ਆਧਾਰ ਤੇ ਖੜਾ ਕਰਨਾ।

ਇਨ੍ਹਾਂ ਦਾ ਬਾਇਓ ਟੈਕਨਾਲੋਜੀ ਨਾਲ ਸੰਪਰਕ ਜੋੜਨਾ ਵਿਸ਼ੇਸ਼ ਕਰਕੇ ਜੰਗਲੀ ਕਿਸਮਾਂ ਨੂੰ ਕਾਸ਼ਤਯੋਗ ਕਿਸਮਾਂ ਵਿੱਚ ਤਬਦੀਲ ਕਰਨ ਲਈ ਲੋੜੀਂਦੇ ਤੱਤ ਝੋਨੇ ਵਿੱਚ ਸ਼ਾਮਿਲ ਕਰਨਾ ਤਾਂ ਜੋ ਰੋਗ ਰਹਿਤ ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਵਿਕਾਸ ਹੋ ਸਕੇ। ਇਵੇਂ ਹੀ ਰੋਗ ਦਾ ਟਾਕਰਾ ਕਰਨ ਵਾਲੀਆਂ,  ਤਪਸ਼ ਦਾ ਟਾਕਰਾ ਕਰਨ ਵਾਲੀਆਂ ਅਤੇ ਭੂਮੀ ਦੇ ਲਘੂ ਤੱਤਾਂ ਦੀ ਕਮੀ ਸਹਿਣ ਵਾਲੀਆਂ ਕਣਕ ਦੀਆਂ ਕਿਸਮਾਂ ਦਾ ਵਿਕਾਸ। ਮੱਕਈ ਦੀਆਂ ¦ਮੀ ਮਿਆਦ ਅਤੇ ਵਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਵਿਕਾਸ ਕਰਨ ਤੋਂ ਇਲਾਵਾ ਨਰਮੇ ਦੀਆਂ ਵਧ ਝਾੜ ਅਤੇ ਮਿਆਰੀ ਕਿਸਮ ਦੇ ਰੇਸ਼ੇ ਵਾਲੀਆਂ ਕਿਸਮਾਂ ਦਾ ਵਿਕਾਸ ਕਰਨਾ।

ਤਪਸ਼ ਝੱਲਣ ਵਾਲੀ ਕਣਕ ਦੀ ਰੋਟੀ ਬਣਾਉਣ ਵਾਲੀਆਂ ਮਿਆਰੀ ਕਿਸਮਾਂ ਬਾਰੇ ਖੋਜ ਤੇ ਵਿਕਾਸ।

ਯੂਨੀਵਰਸਿਟੀ ਨੇ ਝੋਨੇ ਦੀ ਘੱਟ ਸਮੇਂ ਵਿੱਚ ਪੱਕ ਕੇ ਵੱਧ ਝਾੜ ਦੇਣ ਵਾਲੀ ਕਿਸਮ ਪੀ ਏ ਯੂ 201 ਦਾ ਵਿਕਾਸ ਕੀਤਾ ਸੀ ਪਰ ਇਸ ਨੂੰ ਦਾਣਾ ਟੁੱਟਣ ਦੀ ਸ਼ਿਕਾਇਤ ਕਾਰਨ ਵਾਪਸ ਲੈਣਾ ਪਿਆ। ਹੁਣ ਇਸ ਕਿਸਮ ਵਿੱਚ ਗੁਣ ਵਾਧਾ ਕਰਕੇ ਇਸ ਦੇ ਪਰਖ਼ ਤਜ਼ਰਬੇ ਕੀਤੇ ਜਾ ਰਹੇ ਹਨ। ਇਹ ਕਿਸਮ ਘੱਟ ਸਮੇਂ ਵਿੱਚ ਪੱਕ ਕੇ ਵੱਧ ਝਾੜ ਦੇਣ ਦੀ ਸਮਰੱਥਾ ਰੱਖਣ ਵਾਲੀ ਹੈ।

ਕੁਦਰਤੀ ਸੋਮਿਆਂ ਦੀ ਸੰਭਾਲ

ਜਲ ਸੋਮਿਆਂ ਦੀ ਸੁਯੋਗ ਵਰਤੋਂ ਵਾਲੀਆਂ ਤਕਨੀਕਾਂ ਬਾਰੇ ਜ਼ੋਰ ਦਿੱਤਾ ਜਾਵੇਗਾ ਕਿ ਜਿਵੇਂ ਝੋਨੇ ਵਿੱਚ ਟੈਂਸ਼ੀਓਮੀਟਰ ਪਾਣੀ ਦੀ ਵਰਤੋਂ ਘਟਾਉਂਦਾ ਹੈ, ਇਵੇਂ ਹੀ ਲੇਜ਼ਰ ਕਰਾਹੇ ਦੀ ਵਰਤੋਂ ਨਾਲ ਜ਼ਮੀਨ ਪੱਧਰੀ ਕਰਕੇ ਪਾਣੀ ਦੀ ਬੱਚਤ ਹੁੰਦੀ ਹੈ। ਝੋਨੇ ਦੀ ਸਿੱਧੀ ਬੀਜਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਫ਼ਸਲ ਵਿਗਿਆਨ ਵਿਭਾਗ, ਕੀਟ ਵਿਗਿਆਨ ਵਿਭਾਗ ਅਤੇ ਪੌਦਾ ਰੋਗ ਵਿਗਿਆਨ ਵਿਭਾਗ ਵਿੱਚ ਤਕਨਾਲੋਜੀ ਵਿੰਗ ਅਤੇ ਪਰਖ਼ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ਤਾਂ ਜੋ ਨਵੀਆਂ ਮਸ਼ੀਨਾਂ, ਨਵੇਂ ਮੌਲੀਕਿਊਲ ਅਤੇ  ਨਵੇਂ ਬਰਾਂਡ ਤੁਰੰਤ ਪਰਖੇ ਜਾ ਸਕਣ।

ਐਗਰੋ ਪ੍ਰੋਸੈਸਿੰਗ

ਕਿਨੂੰ ਦੀ ਖਟਾਸ ਘਟਾਉਣ ਅਤੇ ਇਸ ਨੂੰ ਹੋਰ ਫ਼ਲਾਂ ਦੇ ਰਸ ਵਿੱਚ ਮਿਲਾ ਕੇ ਪੀਣ ਵਾਲੇ ਪਦਾਰਥ ਤਿਆਰ ਕਰਨ ਦੀ ਤਕਨਾਲੋਜੀ ਦੇ ਮਿਆਰੀਕਰਨ ਬਾਰੇ ਖੋਜ ਜਾਰੀ ਹੈ।

ਖੇਤੀਬਾੜੀ ਵਿਕਾਸ ਤੋਂ ਅਗਲਾ ਕਦਮ ਐਗਰੋ ਪ੍ਰੋਸੈਸਿੰਗ ਮੰਨ ਕੇ ਯੂਨੀਵਰਸਿਟੀ ਵਿੱਚ ਭੋਜਨ ਉਦਯੋਗ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਜੈਵਿਕ ਊਰਜਾ

ਖੇਤੀਬਾੜੀ ਊਰਜਾ ਅਧਿਐਨ ਸਕੂਲ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਇਸ ਵਿੱਚ ਪਲਾਂਟ ਬਰੀਡਰ ਅਤੇ ਫ਼ਸਲ ਵਿਗਿਆਨੀ ਦੀ ਵੀ ਨਿਯੁਕਤੀ ਕੀਤੀ ਗਈ ਹੈ।

ਮੱਕੀ, ਚਰ੍ਹੀ, ਮਿੱਠੀ ਚਰ੍ਹੀ, ਬਾਜਰਾ ਅਤੇ ਨੇਪੀਅਰ ਹਾਈਬਰਿਡ ਬਾਜਰਾ ਤੋਂ ਊਰਜਾ ਹਾਸਿਲ ਕਰਨ ਬਾਰੇ ਅਧਿਐਨ ਨੂੰ ਨਵੇਂ ਸਿਰਿਉਂ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਜਿਥੇ ਮਹਿੰਗੇ ਕੁਦਰਤੀ ਊਰਜਾ ਸੋਮਿਆਂ ਦੀ ਥਾਂ ਵਰਤਿਆ ਜਾ ਸਕੇਗਾ ਉਥੇ  ਖੇਤੀਬਾੜੀ ਵਿੱਚ ਵੀ ਵੰਨ ਸੁਵੰਨਤਾ ਲਿਆਂਦੀ ਜਾ ਸਕੇਗੀ।

ਕੌਮੀ ਪ੍ਰਯੋਗਸ਼ਾਲਾ

ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ ਸੀ ਏ ਆਰ) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਕ ਆਜ਼ਾਦ ਅਨਾਜ ਮਿਆਰ ਉਸ ਨੂੰ ਪ੍ਰਯੋਗਸ਼ਾਲਾ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਥੇ ਦੇਸ਼ ਦੀ ਕਿਸੇ ਵੀ ਖੋਜ ਸੰਸਥਾ ਵੱਲੋਂ ਵਿਕਸਤ ਕੀਤੀ ਕਿਸੇ ਵੀ ਕਿਸਮ ਦਾ ਮਿਆਰ ਰਿਲੀਜ਼ ਕਰਨ ਤੋਂ ਪਹਿਲਾ ਪਰਖਿਆ ਜਾਵੇਗਾ।

ਹਰੇ ਇਨਕਲਾਬ ਤੋਂ ਬਾਅਦ ਦੀਆਂ ਸਮੱਸਿਆਵਾਂ ਦੇ ਟਾਕਰੇ  ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੂੰ ਇਕ ਪ੍ਰਾਜੈਕਟ ਪੇਸ਼ਕਸ਼ ਦਿੱਤੀ ਗਈ ਹੈ ਜਿਸ ਅਧੀਨ ‘‘ਪੀ ਏ ਯੂ : ਪਾਏਦਾਰ ਖੇਤੀਬਾੜੀ ਵਿਕਾਸ ਲਈ ਕੌਮੀ ਪ੍ਰਯੋਗਸ਼ਾਲਾ’’ ਵਜੋਂ ਅਪਣਾਇਆ ਜਾਵੇਗਾ। ਇਸ ਨਾਲ ਬਾਕੀ ਸੂਬਿਆਂ ਨੂੰ ਭਵਿੱਖ ਵਿੱਚ ਖੇਤੀਬਾੜੀ ਦੇ ਖੇਤਰ ਅੰਦਰ ਆਉਣ ਵਾਲੀਆਂ ਮੁਸੀਬਤਾਂ ਨਾਲ ਸਿੱਝਣ ਵਾਸਤੇ ਯੋਗ ਕਾਰਜ ਨੀਤੀਆਂ ਵਿਕਸਤ ਕੀਤੀਆਂ ਜਾ ਸਕਣਗੀਆਂ।

ਬੀਜ ਅਤੇ ਪੌਦੇ

ਵਧ ਵਿਗਿਆਨੀਆਂ ਨੂੰ ਬੀਜ ਉਤਪਾਦਨ ਪ੍ਰੋਗਰਾਮ ਵਿੱਚ ਲਗਾਇਆ ਗਿਆ ਹੈ। ਯੂਨੀਵਰਸਿਟੀ ਦੇ ਮੁੱਖ ਪ੍ਰਵੇਸ਼ ਦੁਆਰ ਨੇੜੇ ਬੀਜ ਵਿਕਰੀ ਕੇਂਦਰ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਕਿਸਾਨ ਭਰਾਵਾਂ ਨੂੰ ਬੀਜ ਸੰਬੰਧੀ ਕੋਈ ਸਮੱਸਿਆ ਨਾ ਆਵੇ।

ਬਰੀਡਰ ਅਤੇ ਫਾਉਂਡੇਸ਼ਨ ਬੀਜ ਦੀ ਵੰਡ ਸੰਬੰਧੀ ਨੀਤੀ ਨਿਰਧਾਰਤ ਕਰ ਦਿੱਤੀ ਗਈ ਹੈ।

ਮੱਕੀ, ਮਿਰਚ, ਟਮਾਟਰ, ਖਰਬੂਜ਼ਾ ਅਤੇ ਬੈਂਗਣ ਦੇ ਹਾਈਬਰਿਡ ਬੀਜ ਉਤਪਾਦਨ ਲਈ ਕਿਸਾਨ ਭਰਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

ਨਰਸਰੀ ਉਤਪਾਦਨ ਬਾਰੇ ਬਾਗਬਾਨੀ ਖੋਜ ਨੂੰ ਮਜਬੂਤ ਲੀਹਾਂ ਤੇ ਤੋਰਿਆ ਗਿਆ ਹੈ।

ਪੌਪਲਰ ਦੇ ਕਲੋਨਲ ਬੂਟਿਆਂ ਦੀ ਵਿਕਰੀ ਦੇ ਨਾਲ ਹੀ ਐਤਕੀਂ ਪਹਿਲੀ ਵਾਰ ਆਲੂਆਂ ਦਾ ਰੋਗ ਰਹਿਤ ਬੀਜ ਵੀ ਯੂਨੀਵਰਸਿਟੀ ਵੱਲੋਂ ਵੰਡਿਆ ਜਾ ਰਿਹਾ ਹੈ।

ਮੋਮੀ ਲਿਫ਼ਾਫ਼ਿਆਂ ਵਿੱਚ ਕਣਕ ਦੀ ਤੂੜੀ ਵਾਲੀ ਕੰਪੋਸਟ ਵਿੱਚ ਖੁੰਭਾਂ ਦਾ ਬੀਜ ਲਗਾ ਕੇ ਕਿਸਾਨ ਭਰਾਵਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਕਿਸਾਨ ਮੇਲੇ

ਇਹ ਵਰ੍ਹਾ ਯੂਨੀਵਰਸਿਟੀ ਦਾ ਗੋਲਡਨ ਜੁਬਲੀ ਵਰ੍ਹਾ ਹੈ । ਇਸ ਸਾਲ ਕਿਸਾਨ ਮੇਲਿਆਂ ਦਾ ਮੁੱਖ ਉਦੇਸ਼ ‘‘ਪਵਨ ਗੁਰੂ ਪਾਣੀ ਪਿਤਾ  ਮਾਤਾ ਧਰਤ ਮਹਤੁ’’ ਰੱਖਿਆ ਗਿਆ ਹੈ ਤਾਂ ਜੋ ਪੌਣ ਪਾਣੀ ਅਤੇ ਭੂਮੀ ਦੀ ਸਿਹਤ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿਵਾਇਆ ਜਾ ਸਕੇ।

ਕਿਸਾਨ ਭਰਾਵਾਂ ਨੂੰ ਸਮਾਜਿਕ ਕੁਰੀਤੀਆਂ ਜਿਵੇਂ ਨਸ਼ਾਖੋਰੀ, ਭਰੂਣ ਹੱਤਿਆ, ਅਨੁਸ਼ਾਸਨਹੀਣਤਾ, ਕੰਮਚੋਰੀ, ਵਿਖਾਵਾਪ੍ਰਸਤੀ ਅਤੇ ਗੈਰ ਉਤਪਾਦਕੀ ਖ਼ਰਚਿਆਂ ਵਾਲੀਆਂ ਰਸਮਾਂ ਤੋਂ ਗੁਰੇਜ਼ ਕਰਨ ਲਈ ਲਾਮਬੰਦ ਕੀਤਾ ਜਾਵੇਗਾ।

ਮੇਲਿਆਂ ਦੌਰਾਨ ਕਿਸਾਨ ਭਰਾਵਾਂ ਨੂੰ ਹਰਾ ਪੱਤਾ ਚਾਰਟ ਦੀ ਵਰਤੋਂ ਕਰਨ ਸੰਬੰਧੀ ਸਲਾਹ ਦਿੱਤੀ ਜਾਵੇਗੀ ਤਾਂ ਜੋ ਝੋਨੇ ਵਿੱਚ ਨਾਈਟਰੋਜਨ ਤੱਤ ਦੀ ਲੋੜ ਅਧਾਰਿਤ ਵਰਤੋਂ ਯਕੀਨੀ ਬਣਾ ਕੇ 20 ਫੀ ਸਦੀ ਨਾਈਟਰੋਜਨ ਬਚਾਈ ਜਾ ਸਕੇ।

ਕੁਝ ਕਿਸਾਨ ਭਰਾ ਖਾਦਾਂ ਦੀ ਸਿਫ਼ਾਰਸ਼ ਨਾਲੋਂ ਵੱਧ ਮਾਤਰਾ ਵਿੱਚ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਖਾਦਾਂ ਦੀ ਯੋਗ ਵਰਤੋਂ ਕਰਨ ਬਾਰੇ ਸਿਖਿਅਤ ਕੀਤਾ ਜਾਵੇਗਾ। ਭੂਮੀ ਪਰਖ਼ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਦੀ ਮਹੱਤਤਾ ਦੱਸੀ ਜਾਵੇਗੀ। ਫ਼ਸਲਾਂ ਵਿੱਚ ਹਰੀ ਖਾਦ ਅਤੇ ਫ਼ਲੀਦਾਰ ਫ਼ਸਲਾਂ ਮਟਰ, ਬਰਸੀਮ ਨੂੰ ਜੈਵਿਕ ਖਾਦਾਂ ਪਾਉਣ ਬਾਰੇ ਦੱਸਿਆ ਜਾਵੇਗਾ। ਜੈਵਿਕ ਖਾਦਾਂ ਦੀ ਤਿਆਰੀ ਸੰਬੰਧੀ ਪ੍ਰੋਗਰਾਮ ਮਜ਼ਬੂਤ ਕੀਤਾ ਜਾ ਰਿਹਾ ਹੈ।

ਕੀਟਨਾਸ਼ਕ ਜ਼ਹਿਰਾਂ ਦੀ ਲੋੜ ਨਾਲੋਂ ਬਹੁਤੀ ਵਰਤੋਂ ਘਟਾਉਣ ਲਈ ਸੁਚੇਤ ਕੀਤਾ ਜਾਵੇਗਾ। ਇਸ ਨਾਲ ਵਾਤਾਵਰਨ ਪ੍ਰਦੂਸ਼ਣ ਘਟੇਗਾ। ਲਾਗਤ ਖ਼ਰਚੇ ਵੀ ਘਟਣਗੇ। ਸਰਵਪੱਖੀ ਕੀਟ ਕੰਟਰੋਲ ਦੀ ਫ਼ਸਲ  ਅਧਾਰਿਤ ਵਿਸ਼ੇਸ਼ ਤਕਨੀਕ ਨੂੰ ਹਰਮਨ ਪਿਆਰਾ ਬਣਾਇਆ ਜਾ ਰਿਹਾ ਹੈ।

¦ਮੇ ਸਮੇਂ ਤੋਂ ਕਿਸਾਨ ਭਰਾ ਰਸਾਇਣਕ ਨਦੀਨ ਨਾਸ਼ਕ ਜ਼ਹਿਰਾਂ ਦੀ ਫ਼ਸਲਾਂ ਅਤੇ ਸਬਜ਼ੀਆਂ ਵਿੱਚ ਵਰਤੋਂ ਕਰਦੇ ਆ ਰਹੇ ਹਨ। ਕੁਝ ਨਦੀਨਾਂ ਵਾਸਤੇ ਤਾਂ ਸਿਫਾਰਸ਼ ਤਰੀਕੇ ਅਸਰਦਾਰ ਹਨ ਪਰ ਕੁਝ ਨਦੀਨ ਫਿਰ ਵੀ ਖੇਤਾਂ ਵਿੱਚ ਇਨ੍ਹਾਂ ਰਸਾਇਣਕ ਜ਼ਹਿਰਾਂ ਤੋਂ ਬਚ ਜਾਂਦੇ ਹਨ। ਇਸ ਲਈ ਨਦੀਨ ਕੰਟਰੋਲ ਦਾ ਅਸਰਦਾਰ ਪ੍ਰਬੰਧ ਕਰਨ ਲਈ ਰਸਾਇਣਕ ਜ਼ਹਿਰਾਂ ਦੇ ਨਾਲ ਇਨ੍ਹਾਂ ਨੂੰ ਮਸ਼ੀਨੀ ਅਤੇ ਦਸਤੀ ਢੰਗ ਨਾਲ ਕੱਢਣ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਯੂਨੀਵਰਸਿਟੀ ਵੱਲੋਂ ਵਿਕਸਤ ਤਕਨੀਕਾਂ ਨੂੰ ਹੇਠਲੇ ਪੱਧਰ ਤੀਕ ਪਹੁੰਚਾਉਣ ਲਈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਅਸਰਦਾਰ ਢੰਗ ਨਾਲ ਸਮਝਣ ਲਈ ਕ੍ਰਿਸ਼ੀ ਦੂਤ ਨਾਮਜ਼ਦ ਕੀਤੇ ਜਾਣਗੇ ਤਾਂ ਜੋ ਦੁਵੱਲੇ ਸਹਿਯੋਗ ਨਾਲ ਯੂਨੀਵਰਸਿਟੀ ਵੱਲੋਂ ਵਿਕਸਤ ਤਕਨੀਕਾਂ ਅਸਰਦਾਰ ਢੰਗ ਨਾਲ ਅਸਲ ਲਾਭਪਾਤਰੀਆਂ ਤੀਕ ਪਹੁੰਚਣ।

ਮੁਹਿੰਮਾਂ ਅਤੇ ਪ੍ਰਦਰਸ਼ਨੀਆਂ

ਜਲ ਸੋਮਿਆਂ ਦੀ ਸੰਭਾਲ, ਬਾਸਮਤੀ ਵਿੱਚ ਸਰਵਪੱਖੀ ਪ੍ਰਬੰਧ, ਗਾਜਰ ਬੂਟੀ ਨਦੀਨ ਦਾ ਖ਼ਾਤਮਾ, ਭੂਮੀ ਪਰਖ਼, ਕਣਕ ਝੋਨਾ ਅਤੇ ਨਰਮੇ ਦਾ ਬੀਜਾਈ ਤੋਂ ਪਹਿਲਾਂ ਬੀਜ ਸੋਧ ਪ੍ਰਬੰਧ ਆਦਿ ਵਿਸ਼ਿਆਂ ਤੇ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ ਕਿਸਾਨ ਭਰਾਵਾਂ ਨੂੰ ਇਨ੍ਹਾਂ ਮਹੱਤਵਪੂਰਨ ਖੇਤੀਬਾੜੀ ਕਾਰਜਾਂ ਬਾਰੇ ਸੁਚੇਤ ਕੀਤਾ ਜਾ ਸਕੇ। ਝੋਨੇ ਵਿੱਚ ਪਾਣੀ ਦੀ ਯੋਗ ਵਰਤੋਂ ਅਤੇ  ਬਾਸਮਤੀ ਨੂੰ ਘੱਟ ਕੀਟਨਾਸ਼ਕਾਂ ਨਾਲ ਪਾਲਣ ਸੰਬੰਧੀ ਗਿਆਨ ਪਹਿਲਾਂ ਵੀ ਦਿੱਤਾ ਜਾ ਰਿਹਾ ਹੈ।

ਛੋਟੇ ਕਿਸਾਨਾਂ ਵਿਚੋਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਫ਼ਸਲਾਂ ਦੀ ਕਟਾਈ ਉਪਰੰਤ ਸੰਭਾਲ ਅਤੇ ਆਪਣੀ ਉਪਜ ਨੂੰ ਵਧ ਮੁਨਾਫ਼ੇ ਤੇ ਵੇਚਣ ਵੱਲ ਮੋੜਿਆ ਜਾਵੇਗਾ । ਮਿਸਾਲ ਦੇ ਤੌਰ ਤੇ ਆਪਣੇ ਖੇਤਾਂ ਵਿੱਚ ਉਗਾਈ ਮੂੰਗੀ ਨੂੰ ਜੇਕਰ ਇਹੀ ਨੌਜਵਾਨ ਸਾਫ ਸੁਥਰਾ ਬਣਾ ਕੇ, ਲਿਫ਼ਾਫ਼ਿਆਂ ਵਿੱਚ ਬੰਦ ਕਰਕੇ ਨੇੜੇ ਦੇ ਕਸਬਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵੇਚ ਸਕਣ ਤਾਂ ਕਈ ਗੁਣਾਂ ਵੱਧ ਲਾਭ ਹੋ ਸਕਦਾ ਹੈ। ਜੇਕਰ ਇਹ ਨੌਜਵਾਨ ਹਿੰਮਤ ਕਰਨ ਤਾਂ ਵਿਚਕਾਰਲੇ ਵਪਾਰੀ ਦੀ ਲੁੱਟ ਤੋਂ ਬਚਿਆ ਜਾ ਸਕਦਾ ਹੈ।

ਗੈਰ ਬੀ ਟੀ ਨਰਮੇ ਦੀਆਂ ਕਿਸਮਾਂ ਦੀ ਪ੍ਰਦਰਸ਼ਨੀ ਪਲਾਟ ਵਧ ਗਿਣਤੀ ਵਿੱਚ ਬਿਜਵਾਏ ਜਾਣਗੇ।

ਮੱਕਈ ਦੀ ਕਿਸਮ ਪੀ ਐਮ ਐੱਚ 1 ਨੇ ਬਹੁਤ ਵਧੀਆ ਨਤੀਜੇ ਦਿੱਤੇ ਹਨ, ਇਸ ਦੇ ਬੀਜ ਉਤਪਾਦਨ ਅਤੇ ਬੀਜ ਵੰਡ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।  ਸੂਬੇ ਦੇ ਆਲੂ ਉਤਪਾਦਕ ਇਲਾਕਿਆਂ ਵਿੱਚ ਇਸ ਦੇ ਪ੍ਰਦਰਸ਼ਨੀ ਪਲਾਟ ਵੀ ਲਗਵਾਏ ਜਾਣਗੇ।

ਮਨੁੱਖੀ ਸੋਮਿਆਂ ਦਾ ਵਿਕਾਸ

ਯੂਨੀਵਰਸਿਟੀ ਅੰਦਰ ਖੂਹ ਦੀ ਮਿੱਟੀ ਖੂਹ ਨੂੰ ਲੱਗਣ ਵਾਲੀ ਪ੍ਰਵਿਰਤੀ ਰੋਕਣ ਵਾਸਤੇ ਪੀ ਐਚ ਡੀ ਵਿਦਿਆਰਥੀਆਂ ਨੁੰ ਛੇ ਮਹੀਨੇ ਲਈ ਹੋਰ ਸੰਸਥਾਵਾਂ ਵਿੱਚ ਪੜ੍ਹਨ ਲਈ ਭੇਜਿਆ ਜਾਵੇਗਾ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੜ੍ਹੇ ਹੋਏ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਕਰਦੇ ਵਿਗਿਆਨੀਆਂ ਨੂੰ ਇਥੇ ਪੀ ਐਚ ਡੀ ਕਰਦੇ ਵਿਦਿਆਰਥੀਆਂ ਦੇ ਕੋ-ਅਡਵਾਈਜ਼ਰ ਬਣਾਇਆ ਜਾਵੇਗਾ।

ਐਮ ਐਸ ਸੀ ਅਤੇ ਪੀ ਐਚ ਡੀ ਦੇ ਸਿਨਾਪਸਿਜ ਵਿੱਚ ਸੋਧ ਕੀਤੀ ਗਈ ਹੈ ਤਾਂ ਜੋ ਮਿਲਣ ਵਾਲੇ ਗਿਆਨ ਦਾ ਪੂਰਵ ਅਨੁਮਾਨ ਲੱਗ ਸਕੇ।

ਖੋਜ ਦਾ ਮਿਆਰ ਸੁਧਾਰਨ ਅਤੇ ਵਿਦਿਆਰਥੀਆਂ ਨੂੰ ਆਪਣੇ ਖੋਜ ਪੱਤਰ ਪ੍ਰਕਾਸ਼ਤ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਪੀ ਐਚ ਡੀ ਸ਼ੋਧ ਪ੍ਰਬੰਧ ਵਿੱਚ ਵੀ ਤਬਦੀਲੀਆਂ ਅਤੇ ਸੁਧਾਰ ਕੀਤੇ ਗਏ ਹਨ।

ਹੋਰ ਤਕਨੀਕਾਂ ਦਾ ਕਿਸਾਨਾਂ ਵਿੱਚ ਪਸਾਰ

ਛੋਟੇ ਕਿਸਾਨਾਂ ਤੇ ਵਿਸ਼ੇਸ਼ ਨਜ਼ਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮਧੂ ਮੱਖੀ ਪਾਲਣ, ਖੁੰਭਾਂ ਦੀ ਕਾਸ਼ਤ, ਸਬਜ਼ੀਆਂ ਦੀ ਸੁਰੱਖਿਅਤ ਖੇਤੀ, ਬਾਗਬਾਨੀ ਦੇ ਬੂਟਿਆਂ ਦੀ ਨਰਸਰੀਆਂ ਦੀ ਸਥਾਪਨਾ ਲਈ ਵਿਸ਼ੇਸ਼ ਤਕਨਾਲੋਜੀ ਵਿਕਸਤ ਕੀਤੀ ਹੈ। ਇਸ ਨੂੰ ਛੋਟੇ ਕਿਸਾਨਾਂ ਵਿੱਚ ਹਰਮਨ ਪਿਆਰਾ ਬਣਾ ਕੇ ਉਨ੍ਹਾਂ ਦੀ ਆਮਦਨ ਵਧਾਈ ਜਾਵੇਗੀ।

ਸ਼ਿਮਲਾ ਮਿਰਚ, ਬੈਂਗਣ, ਟਮਾਟਰ ਅਤੇ ਖੀਰੇ ਦੀ ਕਾਸ਼ਤ ਨੈੱਟ ਹਾਊਸ ਹਾਲਤਾਂ ਅਤੇ ਮੋਮੀ ਲਿਫ਼ਾਫ਼ਿਆਂ ਵਾਲੀ ਸੁਰੰਗ ਅਧਾਰਿਤ ਤਕਨੀਕ ਪ੍ਰਚਲਤ ਕੀਤੀ ਜਾਵੇਗੀ। ਇਸ ਨਾਲ ਰੋਗ ਮੁਕਤ ਮਿਆਰੀ ਉਪਜ ਮਿਲੇਗੀ। ਇਸ ਤਕਨੀਕ ਨੂੰ ਹੋਰ ਸੁਧਾਰਿਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਛੋਟੇ ਕਿਸਾਨਾਂ ਤੀਕ ਇਸ ਦੀ ਪਹੁੰਚ ਹੋ ਸਕੇ। ਨੈੱਟ ਹਾਊਸ ਤਕਨਾਲੋਜੀ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਦਰਪੇਸ਼ ਸਮੱਸਿਆ ਨੇਮਾਟੋਡਜ਼ ਅਤੇ ਰੋਗਾਂ ਤੋਂ ਮੁਕਤੀ ਵਾਲੀ ਤਕਨਾਲੋਜੀ ਵੀ ਵਿਕਸਤ ਕੀਤੀ ਜਾ ਰਹੀ ਹੈ।

ਪੌਸ਼ਟਿਕ ਸੁਰੱਖਿਆ ਲਈ ਪੌਸ਼ਟਿਕ ਬਗੀਚੀ ਸੰਕਲਪ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਨਾਲ ਖੇਤੀਬਾੜੀ ਵਿੱਚ ਵੰਨ ਸੁਵੰਨਤਾ ਵੀ ਆਵੇਗੀ।

ਟਰੈਕਟਰ, ਖੇਤੀਬਾੜੀ ਮਸ਼ੀਨਰੀ, ਟਿਊਬਵੈੱਲ ਦੀ ਮੋਟਰ, ਇੰਜਨ, ਕੰਪਿਊਟਰ ਅਤੇ ਹੋਰ ਮੁਰੰਮਤ ਸੰਬੰਧੀ ਵਿਸ਼ੇਸ਼ ਡਿਪਲੋਮਾ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ ਤਾਂ ਜੋ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਆਪਣੀ ਉਪਜੀਵਕਾ ਕਮਾ ਸਕਣ।

ਕੁਝ ਹੋਰ ਮਹੱਤਵਪੂਰਨ ਖੇਤਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੋਪਕਾਰਨ ਭਾਵ ਮੱਕੀ ਦੇ ਫੁੱਲੇ, ਬੇਬੀ ਕਾਰਨ, ਮੂੰਗਫ਼ਲੀ, ਜੌਂਅ ਅਤੇ ਹਲਦੀ ਦੀ ਕਾਸ਼ਤ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਕਨਾਲੋਜੀ ਵਿਕਾਸ ਅਤੇ ਉਸ ਦਾ ਪਸਾਰ ਕਰਨ ਤੇ ਜ਼ੋਰ ਦਿੱਤਾ ਜਾਵੇਗਾ। ਆਮ ਖਪਤਕਾਰ ਇਹ ਚੀਜ਼ਾਂ ਖ਼ਰੀਦਦੇ ਹਨ । ਇਨ੍ਹਾਂ ਦੀ ਲੋੜ ਮੁਤਾਬਕ ਪੈਦਾਵਾਰ ਸਥਾਨਿਕ ਪੱਧਰ ਤੇ ਕੀਤੀ ਜਾ ਸਕਦੀ ਹੈ। ਇਸ ਵਿੱਚ ਪੇਂਡੂ ਨੌਜਵਾਨ ਦਿਲਚਸਪੀ ਲੈਣ ਤਾਂ ਰੁਜ਼ਗਾਰ ਦੇ ਅਥਾਹ ਸੋਮੇ ਵਿਕਸਤ ਹੋ ਸਕਦੇ ਹਨ।

ਪ੍ਰਸ਼ਾਸਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਡਾਇਰਕਟੋਰੇਟ ਨੂੰ ਚੰਗੀ ਯੋਜਨਾਕਾਰੀ, ਤਾਲਮੇਲ ਅਤੇ ਪੈਰਵਾਈ ਲਈ ਸੰਗਠਤ ਕੀਤਾ ਗਿਆ ਹੈ।

ਪਸਾਰ ਸਿੱਖਿਆ ਦੇ ਐਡੀਸ਼ਨਲ ਡਾਇਰੈਕਟਰ ਨੂੰ ਖੇਤੀ ਅਧਾਰਿਤ ਉਦਯੋਗਾਂ ਨਾਲ ਸੰਬੰਧ ਮਜ਼ਬੂਤ ਕਰਨ ਲਈ ਜ਼ਿੰਮੇਂਵਾਰੀ ਸੌਂਪੀ ਗਈ ਹੈ।

ਵਿਹਾਰਕ ਵਿਗਿਆਨ ਵਾਲੇ ਖੇਤਰਾਂ ਵਿੱਚ ਨਵੇਂ ਭਰਤੀ ਹੋਏ ਵਿਗਿਆਨੀਆਂ ਨੂੰ ਛੇ ਮਹੀਨੇ ਲਈ ਯੂਨੀਵਰਸਿਟੀ ਦੇ ਖੋਜ ਕੇਂਦਰਾਂ ਅਤੇ ਬੀਜ ਫਾਰਮਾਂ ਤੇ ਭੇਜਿਆ ਜਾਵੇਗਾ।

ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵਿਖੇ ਬੀਜ ਅਤੇ ਹੋਰ ਉਤਪਾਦਨ ਵੇਚਣ ਲਈ ‘‘ਸਭ ਸਹੂਲਤਾਂ ਲਈ ਇਕੋ ਖਿੜਕੀ’’ ਢੰਗ ਤਰੀਕਾ ਅਪਣਾਇਆ ਗਿਆ ਹੈ।

ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਸਹਿਯੋਗੀਆਂ ਦੀ ਪਹਿਲ ਕਦਮੀ ਤੇ ਖੇਤੀਬਾੜੀ ਖੋਜ ਲਈ ਇਕ ਅਮਾਨਤੀ ਫੰਡ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਦੇਸ਼ ਵਿਦੇਸ਼ ਵਿੱਚ ਵਸਦੇ ਖੇਤੀਬਾੜੀ ਖੋਜ ਹਿਤੈਸ਼ੀ ਵਿਗਿਆਨੀ, ਕਿਸਾਨ, ਵਪਾਰੀ ਅਤੇ ਉਦਯੋਗਪਤੀ ਵੀ ਬਣਦਾ ਸਰਦਾ ਹਿੱਸਾ ਪਾ ਸਕਦੇ ਹਨ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>