ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੇ ਸਲਾਨਾ ਰਾਜ ਪੱਧਰੀ ਸਮਾਰੋਹ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਕਿਸਾਨ ਅਤੇ ਯੂਨੀਵਰਸਿਟੀ ਵੱਲੋਂ ਵਿਕਸਤ ਗਿਆਨ ਵਿਚਕਾਰ ਪੁਲ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਇਹ ਗਿਆਨ ਵਿਗਿਆਨ ਦੀ ਨਿਰੰਤਰ ਪ੍ਰਾਪਤੀ ਨਾਲ ਹੀ ਸੰਭਵ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਅਨਾਜ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਨੂੰ ਕਣਕ ਝੋਨਾ ਫ਼ਸਲ ਚੱਕਰ ਵੱਲ ਮੁੜਨਾ ਪਿਆ ਅਤੇ ਹੁਣ ਛਿਮਾਹੀ ਕਮਾਈ ਦੀ ਥਾਂ ਮਾਸਿਕ ਕਮਾਈ ਵਾਲੇ ਕੰਮਾਂ ਕਾਰਾਂ ਅਤੇ ਧੰਦਿਆਂ ਵੱਲ ਕਿਸਾਨ ਨੂੰ ਮੋੜਨ ਦੀ ਲੋੜ ਹੈ ਕਿਉਂਕਿ ਖੇਤੀ ਜੋਤਾਂ ਛੋਟੀਆਂ ਹੋਈ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਗਿਆਨ ਨੂੰ ਖੇਤਾਂ ਵਿੱਚ ਲਾਗੂ ਕਰਵਾਉਣ ਲਈ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਖੇਤੀ ਮਿੱਤਰ ਯਕੀਨਨ ਚੰਗੇ ਨਤੀਜੇ ਦੇਵੇਗੀ ਅਤੇ ਇਹ ਸਕੀਮ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਸਾਹਿਤ ਦੇ ਨਾਲ ਨਾਲ ਇੰਟਰਨੱੈਟ ਸੰਪਰਕ ਨਾਲ ਵੀ ਜੋੜੀ ਜਾਣੀ ਚਾਹੀਦੀ ਹੈ। ਡਾ: ਢਿੱਲੋਂ ਨੇ ਅਖਿਆ ਕਿ ਖੇਤੀ ਅਧਾਰਿਤ ਉਦਯੋਗ ਜੇਕਰ ਆਪਣੀ ਵਰਤਮਾਨ ਕਮਾਈ ਵਿਚੋਂ ਖੇਤੀਬਾੜੀ ਖੋਜ ਅਤੇ ਵਿਕਾਸ ਲਈ ਤਿੰਨ ਫੀ ਸਦੀ ਵੀ ਦੇ ਦੇਵੇ ਤਾਂ 285 ਕਰੋੜ ਰੁਪਏ ਮਿਲ ਸਕਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਲੋੜੀਂਦੀਆਂ ਤਕਨੀਕਾਂ ਦੇ ਵਿਕਾਸ ਲਈ ਹੋਰ ਵਧੇਰ ਧੰਨ ਦੀ ਲੋੜ ਹੈ।
ਡਾ: ਢਿੱਲੋਂ ਨੇ ਆਖਿਆ ਕਿ ਆਪਣੀ ਉਪਜ ਦਾ ਖੁਦ ਮੰਡੀਕਰਨ ਕਰਨ ਵੱਲ ਤੁਰਨਾ ਪਵੇਗਾ। ਇਸੇ ਤਰ੍ਹਾਂ ਫ਼ਸਲ ਅਧਾਰਿਤ ਨਿੱਕੇ ਨਿੱਕੇ ਝੁੰਡ ਬਣਾਉਣੇ ਪੈਣਗੇ ਜਿਥੇ ਉਸ ਫ਼ਸਲ ਦੀ ਵਧੇਰੇ ਸੰਭਾਵਨਾ ਅਤੇ ਸਮਰੱਥਾ ਹੋਵੇ। ਉਨ੍ਹਾਂ ਆਖਿਆ ਕਿ ਖੋਜ ਕੇਂਦਰਿਤ ਯੂਨੀਵਰਸਿਟੀ ਹੋਣ ਕਾਰਨ ਸਾਡਾ ਮੁਕਾਬਲਾ ਰਵਾਇਤੀ ਯੂਨੀਵਰਸਿਟੀਆਂ ਨਾਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਸਿਰਫ ਸੇਵਾ ਮੁਹੱਈਆ ਕਰਵਾਉਂਦੇ ਹਾਂ। ਡਾ: ਢਿੱਲੋਂ ਨੇ ਇਸ ਮੌਕੇ ਕਿਸਾਨ ਕਲੱਬ ਵੱਲੋਂ ਪ੍ਰਕਾਸ਼ਤ ਸੋਵੀਨਰ ਵੀ ਜਾਰੀ ਕੀਤਾ।
ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਡਾ: ਮੰਗਲ ਸਿੰਘ ਸੰਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦੇਸ਼ ਦੀ ਅਨਾਜ ਸੁਰੱਖਿਆ ਲਈ ਚੁਣੌਤੀ ਤਾਂ ਅਸੀਂ ਪ੍ਰਵਾਨ ਕਰ ਲਈ ਹੈ ਪਰ ਹੁਣ ਸਾਨੂੰ ਆਪਣੇ ਕੁਦਰਤੀ ਸੋਮਿਆਂ ਦੀ ਸੰਭਾਲ ਵੱਲ ਵੀ ਗੰਭੀਰਤਾ ਨਾਲ ਵਿਚਾਰਨਾ ਪਵੇਗਾ। ਇਸ ਕੰਮ ਲਈ ਵਿਧਾਨਿਕ ਪ੍ਰਬੰਧਾਂ ਦੇ ਨਾਲ ਨਾਲ ਲੋਕ ਲਹਿਰ ਵੀ ਉਸਾਰਨ ਦੀ ਲੋੜ ਹੈ ਤਾਂ ਜੋ ਕਿਸਾਨ ਭਰਾ ਗਿਆਨ ਦੀ ਪ੍ਰਾਪਤੀ ਨਾਲੋਂ ਨਾਲ ਕਰ ਸਕਣ। ਉਨ੍ਹਾਂ ਆਖਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਚੰਗੀ ਖੇਤੀ ਅਤੇ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਪੰਜਾਬ ਦੇ ਪਿੰਡਾਂ ਵਿੱਚ ਪਹੁੰਚਾਉਣ ਲਈ ਵਿਸੇਸ਼ ਮੁਹਿੰਮ ਚਲਾਈ ਜਾਵੇਗੀ। ਪੰਜਾਬ ਦੇ ਖਾਦ ਵਿਕਰੇਤਾ, ਕੀਟ ਨਾਸ਼ਕ ਜ਼ਹਿਰਾਂ ਵੇਚਣ ਵਾਲੇ ਏਜੰਟਾਂ ਅਤੇ ਆੜਤੀ ਭਰਾਵਾਂ ਨੂੰ ਵੀ ਇਨ੍ਹਾਂ ਪ੍ਰਕਾਸ਼ਨਾਵਾਂ ਦੀ ਵਿਕਰੀ ਲਈ ਅਪੀਲ ਕੀਤੀ ਜਾਵੇਗੀ।
ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਾਗਬਾਨੀ ਸੰਬੰਧੀ ਸਿਖਲਾਈ ਕੋਰਸ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਫ਼ਲਦਾਰ ਬੂਟਿਆਂ ਦੀ ਨਰਸਰੀ ਤਿਆਰ ਕਰਨ ਦੀ ਤਕਨੀਕ ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਫਰਵਰੀ ਮਹੀਨੇ ਕਾਂਗਰਸ ਘਾਹ ਦੇ ਖਾਤਮੇ ਲਈ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਰਾਜ ਸਰਕਾਰ ਦੇ ਵੱਖ ਵੱਖ ਵਿਕਾਸ ਨਾਲ ਸਬੰਧਿਤ ਅਦਾਰਿਆਂ ਦੀ ਮਦਦ ਲਈ ਜਾਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਸਾਂਝੇ ਯਤਨਾਂ ਨਾਲ ਪੰਜਾਬ ਦਾ ਆਰਥਿਕ ਪੱਖੋਂ ਕਾਇਆ ਕਲਪ ਕਰ ਸਕਦੇ ਹਨ।
ਪੀ ਏ ਯੂ ਕਿਸਾਨ ਕਲੱਬ ਦੇ ਪ੍ਰਧਾਨ ਪਵਿੱਤਰਪਾਲ ਸਿੰਘ ਪਾਂਗਲੀ ਨੇ ਸੁਆਗਤੀ ਸ਼ਬਦ ਬੋਲਦਿਆਂ ਆਖਿਆ ਕਿ ਯੂਨੀਵਰਸਿਟੀ ਅਤੇ ਕਿਸਾਨ ਵਿਚਕਾਰ ਮਜ਼ਬੂਤ ਪੁਲ ਬਣਨ ਦੀ ਰਵਾਇਤ ਨੂੰ ਭਵਿੱਖ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਖੇਤੀ ਅਧਾਰਿਤ ਉਦਯੋਗਾਂ, ਅਦਾਰਿਆਂ ਅਤੇ ਵਿਭਾਗਾਂ ਨਾਲ ਵੀ ਤਾਲਮੇਲ ਵਧਾਇਆ ਜਾਵੇਗਾ। ਇਸ ਮੌਕੇ ਸਾਬਕਾ ਪਸਾਰ ਸਿੱਖਿਆ ਨਿਰਦੇਸ਼ਕ ਡਾ: ਅਮਰੀਕ ਸਿੰਘ ਸੰਧੂ, ਡਾ: ਸਰਜੀਤ ਸਿੰਘ ਗਿੱਲ ਅਤੇ ਡਾ: ਨਛੱਤਰ ਸਿੰਘ ਮੱਲ੍ਹੀ ਤੋਂ ਇਲਾਵਾ ਭਾਰਤ ਸਰਕਾਰ ਦੇ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਮੈਂਬਰ ਸ: ਮਹਿੰਦਰ ਸਿੰਘ ਗਰੇਵਾਲ ਤੋਂ ਇਲਾਵਾ ਪਾਮੇਟੀ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਮਾਹਲ ਵੀ ਹਾਜ਼ਰ ਸਨ। ਇਸ ਮੌਕੇ ਸ: ਦਰਸ਼ਨ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾਨਗੜ੍ਹ ਦੇ ਸਰਬਜੀਤ ਸਿੰਘ ਸ਼ੇਰਗਿੱਲ ਨੂੰ ਪ੍ਰਦਾਨ ਕੀਤਾ ਗਿਆ ਜਦ ਕਿ ਸਰਦਾਰਨੀ ਜਗਬੀਰ ਕੌਰ ਗਰੇਵਾਲ ਐਵਾਰਡ ਬੀਬੀ ਨਸੀਬ ਕੌਰ ਭੁੱਚੋ ਮੰਡੀ ਅਤੇ ਬੀਬੀ ਵਿਨੋਦ ਕੁਮਾਰੀ ਹੁਸ਼ਿਆਰਪੁਰ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਵੱਖ ਵੱਖ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਇਫਕੋ ਦੇ ਸੂਬਾਈ ਮਾਰਕੀਟ ਮੈਨੇਜਰ ਡਾ: ਸੁਖਦੇਵ ਸਿੰਘ ਭੰਗੂ, ਐਚ ਡੀ ਐਫ ਸੀ ਬੈਂਕ ਦੇ ਖੇਤੀ ਵਿਭਾਗ ਸੰਬੰਧੀ ਕੌਮੀ ਮੁਖੀ ਸ਼੍ਰੀ ਰਾਜਿੰਦਰ ਬੱਬਰ ਅਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਵੀ ਸੰਬੋਧਨ ਕੀਤਾ। ਡਾ: ਰਮਨਦੀਪ ਸਿੰਘ ਜੱਸਲ ਨੇ ਖੇਤੀ ਵਣਜ ਪ੍ਰਬੰਧ ਬਾਰੇ ਸੰਬੋਧਨ ਕੀਤਾ। ਕਿਸਾਨ ਕਲੱਬ ਦੇ ਇੰਚਾਰਜ ਡਾ: ਤਜਿੰਦਰ ਸਿੰਘ ਰਿਆੜ ਨੇ ਮੰਚ ਸੰਚਾਲਨ ਕਰਨ ਦੇ ਨਾਲ ਨਾਲ ਸਵੈ ਸਹਾਇਤਾ ਗਰੁੱਪਾਂ ਦੀ ਸਥਾਪਨਾ ਬਾਰੇ ਦੱਸਿਆ। ਜਸਵਿੰਦਰ ਭੱਲਾ ਨੇ ਆਪਣੀਆਂ ਵਿਅੰਗਾਤਮਕ ਟਿੱਪਣੀਆਂ ਨਾਲ ਕਿਸਾਨ ਭਰਾਵਾਂ ਨੂੰ ਕਿਰਤ ਸਭਿਆਚਾਰ ਨਾਲ ਜੁੜਨ ਦੀ ਅਪੀਲ ਕੀਤੀ। ਪਸਾਰ ਸਿੱਖਿਆ ਦੇ ਐਡੀਸ਼ਨਲ ਡਾਇਰੈਕਟਰ ਡਾ: ਹਰਜੀਤ ਸਿੰਘ ਧਾਲੀਵਾਲ ਨੇ ਧੰਨਵਾਦ ਦੇ ਸ਼ਬਦ ਕਹੇ।