ਕੁਰੂਕਸ਼ੇਤਰ – ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਅੱਜ ਜਾਰੀ ਇਕ ਪ੍ਰੈੱਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ਵਿਚ ਐਜੂਸੈੱਟ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਵਿਚ ਪੰਜਾਬੀ ਵਿਸ਼ਾ ਸ਼ਾਮਿਲ ਨਹੀਂ ਕੀਤਾ ਗਿਆ ਹੈ। ਹਰਿਆਣਾ ਵਿਚ ਦੂਜੀ ਭਾਸ਼ਾ ਹੋਣ ਦੇ ਨਾਤੇ ਪੰਜਾਬੀ ਭਾਸ਼ਾ ਨਾਲ ਇਹ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਉਨ੍ਹਾਂ ਨੇ ਇਕ ਪੱਤਰ ਡਾਇਰੈਕਟਰ ਜਨਰਲ ਹਾਇਰ ਐਜੂਕੇਸ਼ਨ ਨੂੰ ਲਿਖਿਆ ਹੈ ਅਤੇ ਇਸ ਬਾਰੇ ਆਪਣੀ ਸ਼ਿਕਾਇਤ ਦਰਜ਼ ਕਰਵਾਈ ਹੈ।
ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਐਜੂਸੈੱਟ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਆਪਣੇ ਆਪ ਵਿਚ ਬਹੁਤ ਵਧੀਆ ਕੰਮ ਹੈ ਅਤੇ ਇਸ ਨਾਲ ਕੰਪਿਊਟਰ ਨੂੰ ਆਮ ਵਿਦਿਆਰਥੀਆਂ ਵਿਚ ਲਿਜਾਣ ਵਿਚ ਮਦਦ ਮਿਲੇਗੀ ਪਰੰਤੂ ਪੰਜਾਬੀ ਭਾਸ਼ਾ ਨਾਲ ਧੱਕਾ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਐਜੂਸੈੱਟ ਸਿੱਖਿਆ ਪ੍ਰਣਾਲੀ ਰਾਹੀਂ ਪੰਜਾਬੀ ਦੇ ਲੈਕਚਰ ਦੀ ਦੁਆਏ ਜਾਣ ਤਾਂ ਕਿ ਪੰਜਾਬੀ ਪੜ੍ਹਦੇ ਵਿਦਿਆਰਥੀ ਇਸ ਤੋਂ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।