ਉੱਘੇ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਨੂੰ ਯਾਦ ਕਰਦਿਆਂ

10 ਫਰਵਰੀ ਜਨਮ ਦਿਨ ‘ਤੇ

ਕਿਹਾ ਜਾਂਦਾ ਹੈ ਕਿ ਸਿੱਖ ਇਤਿਹਾਸ ਬਣਾਉਂਦੇ ਹਨ, ਪਰ ਆਪਣਾ ਇਤਿਹਾਸ ਸਾਂਭ ਨਹੀਂ ਸਕਦੇ।ਇਹ ਗਲ ਬਹੁਤ ਹੱਦ ਤਕ ਠੀਕ ਵੀ ਹੈ, ਗੁਰੂ ਸਾਹਿਬਾਨ ਦੇ ਜੀਵਨਕਾਲ ਤੇ ਪਿਛੋਂ ਅਠਾਰਵੀਂ ਤੇ ਉਨੀਵੀਂ ਸਦੀ ਬਾਰੇ ਤਾਂ ਬਹੁਤ ਠੀਕ ਹੈ, ਪਰ ਅਸੀਂ ਤਾਂ ਆਜ਼ਾਦੀ ਦੀ ਲੜਾਈ, ਦੇਸ਼-ਵੰਡ ਤੇ ਪਿਛੋਂ ਦਾ ਇਤਿਹਾਸ ਵੀ ਪੂਰੀ ਤਰ੍ਹਾ ਨਹੀਂ ਸਾਂਭ ਸਕੇ। ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਤਾਂ ਪੰਜਾਬ ਵਿਚ ਬੜੀ ਉਥਲ ਪੁਥਲ ਰਹੀ, ਸਿੱਖਾਂ ਦੇ ਸਿਰਾਂ ਦੇ ਮੁਲ ਪੈਣ ਲਗੇ ਸਨ ਤੇ ਉਹ ਜੰਗਲਾਂ ਵਿਚ ਰਹਿਣ ਲਗੇ ਸਨ।

ਪਿਛਲੀ ਸਦੀ ਵਿਚ ਅਨੇਕਾਂ ਇਤਿਹਾਸਕਾਰਾਂ ਤੇ ਵਿਦਵਾਨਾਂ ਨੇ ਖੋਜ ਕਰਕੇ ਆਪਣੇ ਇਤਿਹਾਸ ਨੂੰ ਲਿਖਣ ਤੇ ਸਾਂਭਣ ਦੇ ਉਪਰਾਲੇ ਕੀਤੇ। ਇਨ੍ਹਾਂ ਵਿਦਵਾਨਾਂ ਵਿਚ ਸ਼ਮਸ਼ੇਰ ਸਿੰਘ ਅਸ਼ੋਕ ਦਾ ਨਾਂਅ ਵੀ ਪ੍ਰਮੁਖਤਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 10 ਫਰਵਰੀ 1904 ਨੂੰ ਰਿਆਸਤ ਨਾਭਾ ਦੇ ਪਿੰਡ ਗੁਆਰਾ ਜ਼ਿਲਾ ਸੰਗਰੂਰ ਵਿਖੇ ਇਕ ਕਿਸਾਨ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਝਾਬਾ ਸਿੰਘ ਤੇ ਮਾਤਾ ਬੀਬੀ ਸੁਖਦੇਵ ਕੌਰ ਬੜੇ ਹੀ ਧਾਰਮਿਕ ਵਿਚਾਰਾਂ ਵਾਲੇ ਸਨ।ਉਨ੍ਹ ਦਿਨਾਂ ਵਿਚ ਪਿੰਡਾ ਵਿਚ ਬਹੁਤ ਘਟ ਸਕੂਲ ਹੁੰਦੇ ਸਨ।ਮਾਪਿਆਂ ਨੇ ਬਾਲਕ ਸ਼ਮਸ਼ੇਰ ਨੂੰਪਿੰਡ ਵਿਚ ਹੀ ਗੁਰਦਆਰੇ ਦੇ ਗ੍ਰੰਥੀ ਪਾਸ ਪੰਜਾਬੀ ਅਤੇ ਪੰਡਤ ਪਾਸ ਹਿੰਦੀ ਤੇ ਸੰਸਕ੍ਰਿਤ ਸਿਖਣ ਲਈ ਭੇਜਿਆ।ਇਸ ਉਪਰੰਤ ਲਾਗਲੇ ਪਿੰਡ ਦੇ ਸਕੂਲ ਤੋਂ ਦਸਵੀਂ ਤਕ ਵਿਦਿਆ ਹਾਸਲ ਕਰਕੇ ਗਿਆਨੀ ਤੇ ਪ੍ਰਭਾਕਰ ਦੀ ਪ੍ਰੀਖਿਆ ਪਾਸ ਕੀਤੀ। ਇਹ ਸ੍ਰੀ ਅਸ਼ੋਕ ਦੀ ਖੁਸ਼ਕਿਸਮਤੀ ਸੀ ਕਿ ਵਿਦਿਅਕ ਜੀਵਨ ਦੌਰਾਨ ਹੀ ਉਹ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਭਾਸ਼ਾ ਸਮਰਾਟ ਤੇ ਮਹਾਨ ਪੰਥਕ ਵਿਦਵਾਨ ਅਤੇ ਬਾਬੂ ਤੇਜਾ ਸਿੰਘ ਭਸੌੜ ਵਰਗੇ ਸ਼ੁਧ ਪਾਠ ਦੇ ਘੋਖੀ ਤੇ ਨਿਰਣਾਇਕ ਵਿਦਵਾਨ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ, ਜਿਨ੍ਹਾਂ ਦਾ ਪ੍ਰਭਵ ਉਨ੍ਹਾਂ ਦੇ ਜੀਵਨਸ਼ੈਲੀ ‘ਤੇ ਵੀ ਪਿਆ।

ਸ੍ਰੀ ਅਸ਼ੋਕ ਨੇ ਆਪਣੀ ਸਾਰੀ ਉਮਰ ਪੰਜਾਬ ਤੇ ਸਿਖ ਇਤਿਹਾਸ ਬਾਰੇ ਬੜੀ ਮਿਹਨਤ ਨਾਲ ਖੋਜ ਕਰਨ ਵਿਚ ਲਗਾ ਦਿਤੀ। ਉਹ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ ਤੇ ਫਾਰਸੀ ਭਾਸ਼ਾਵਾ ਦੇ ਬਹੁਤ ਚੰਗੇ ਗਿਆਤਾ ਸਨ। ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗਲ ਹੈ ਕਿ ਉਨ੍ਹਾਂ “ਮਹਾਨ ਕੋਸ਼” ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦੇ ਸਹਾਇਕ ਵਜੋਂ ਸੇਵਾ ਕੀਤੀ। ਉਨ੍ਹਾਂ ਦੀ ਚੜ੍ਹਾਈ ਪਿਛੋਂ ਉਹ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਸਿੱਖ ਹਿਸਟਰੀ ਰੀਸਰਚ ਸਕਾਲਰ ਵਜੋਂ ਸੇਵਾ ਕਰਨ ਲਗੇ।ਇਥੇ ਉਹ ਕਈ ਸਿੱਖ ਵਿਦਵਾਨਾਂ ਦੇ ਸੰਪਰਕ ਵਿਚ ਆਏ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਿੱਖ ਰੈਫਰੈਂਸ ਲਾਇਬਰੇਰੀ ਵਿਚ ਦੋ ਸਾਲ ਸੇਵਾ ਕਰਕੇ ਰਿਆਸਤ ਪਟਿਆਲਾ ਵਿਚ ਬਤੌਰ ਰੀਸਰਚ ਸਕਾਲਰ ਸੇਵਾ ਕਰਨ ਲਗੇ ਅਤੇ ਫਿਰ ਪੈਪਸੂ ਦੇ ਪੰਜਾਬੀ ਭਾਸ਼ਾ ਵਿਭਾਗ ਵਿਚ ਸੇਵਾ ਕਰਨ ਲਗੇ। ਸਾਲ 1956 ਦੌਰਾਨ ਪੈਪਸੂ ਨੂੰ ਪੰਜਾਬ ਵਿਚ ਸ਼ਾਮਿਲਾ ਕਰ ਦਿਤਾ ਗਿਆ ਤਾਂ ਭਾਸ਼ਾ ਵਿਭਾਗ ਪੰਜਾਬ ਵਿਚ ਖੋਜ ਸਹਾਇਕ ਵਜੋਂ ਸੇਵਾ ਕਰਦੇ ਹੋਏ ਸੇਵਾ-ਮੁਕਤ ਹੋਏ।ਇਸ ਉਪਰੰਤ ਉਨ੍ਹਾਂ 1964 ਤੋ  1983 ਤਕ ਸ਼੍ਰੋਮਣੀ ਕਮੇਟੀ ਦੇ ਅਧੀਨ ਸਿੱਖ ਰੈਫਰੈਂਸ ਲਾਇਬਰੇਰੀ ਵਿਚ ਸੇਵਾ ਕੀਤੀ। ਉਹ 14 ਜੁਲਾਈ 1986 ਨੂੰ ਲੁਧਿਆਣਾ ਵਿਖੇ ਅਕਾਲ ਚਲਾਣਾ ਕਰ ਗਏ।

ਇਸ ਲੇਖਕ ਨੂੰ ਅੰਮ੍ਰਿਤਸਰ ਰਹਿੰਦੇ ਹੋਏ ਸ੍ਰੀ ਅਸ਼ੋਕ ਨੂੰ ਬਹੁਤ ਨੇੜਿਉਂ ਦੇਖਣ ਦਾ ਸੁਭਾਗ ਪ੍ਰਾਪਤ ਹੈ। ਉਹ ਬਹੁਤ ਹੀ ਸਿੱਧਾ ਸਾਦਾ, ਸੱਚਾ ਸੁਚਾ, ਨਿਮ੍ਰਤਾ-ਭਰਪੂਰ ਤੇ ਆਦਰਸ਼ ਜੀਵਨ ਦੇ ਧਾਰਨੀ ਸਨ। ਉਨ੍ਹਾਂ ਨੇ ਨਿਰਮਲੇ ਤੇ ਸਾਧੂ ਸੰਤਾਂ ਦੇ ਡੇਰਿਆ ਵਿਚ ਪਏ ਹੱਥ-ਲਿਖਤ ਜੰਗਨਾਮੇ, ਰਹਿਤਨਾਮੇ ਅਧਿਆਨ ਕਰਕੇ ਖੋਜ-ਪਤਰ ਲਿਖੇ ਅਤੇ ਪੰਜਾਬ ਦੇ ਲੋਕ-ਕਥਾਵਾਂ ਤੇ ਪ੍ਰੇਮ-ਕਥਾਵਾ ਦੇ ਕਿੱਸਿਆਂ ਦਾ ਅਧਿਐਨ ਕਰਕੇ ਪੁਸਤਕਾਂ ਲਿਖੀਆਂ ਜਾਂ ਪੁਸਤਕਾਂ ਦੀ ਸੰਪਾਦਨਾਂ ਕੀਤੀ।ਉਨ੍ਹਾਂ ਪਾਵਨ ਭਗਵਦ ਗੀਤਾ ਦਾ ਸੰਸਕ੍ਰਿਤ ਤੋਂ ਪੰਜਾਬੀ ਵਿਚ ਅਨੁਵਾਦ ਕੀਤਾ। ਇਸ ਤੋਂ ਬਿਨਾਂ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਬਾਰੇ ਖੋਜ ਕਰਕੇ ਸਾਹਿਤ ਰਚਿਆ।ਸ਼੍ਰੋਮਣੀ ਕਮੇਟੀ ਦਾ ਪਹਿਲੇ 50 ਸਾਲਾਂ ਦਾ ਇਤਿਹਾਸ ਅਤੇ ਪੰਜਾਬ ਸਥਿਤ ਸਾਰੇ ਇਤਿਹਾਸਿਕ ਗੁਰਦੁਆਰਿਆ ਦਾ ਇਤਿਹਾਸ ਲਿਖਿਆ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>