ਸਿੱਖ ਭਾੜੇ ਦੇ ਫੌਜੀ ਨਹੀਂ ਬਣ ਸਕਦੇ – ਮਾਨ

ਫਤਿਹਗੜ੍ਹ ਸਾਹਿਬ :- “ਸਿੱਖ ਕੌਮ ਨੇ ਗੁਰੂ ਸਾਹਿਬਾਨ ਦੇ ਸਮੇਂ, ਫਿਰ ਸਿੱਖ ਜਰਨੈਲਾਂ ਦੇ ਸਮੇਂ ਅਤੇ ਅਜੌਕੇ ਸਮੇਂ ਵਿੱਚ ਵੀ ਕਦੇ ਵੀ ਗੈਰ ਸਮਾਜਿਕ, ਗੈਰ ਕਾਨੂੰਨੀ ਜਾਂ ਗੈਰ ਇਖ਼ਲਾਕੀ ਕਾਰਵਾਈਆਂ ਨੂੰ ਪ੍ਰਵਾਨ ਨਹੀਂ ਕੀਤਾ । ਜਿੱਥੇ ਵੀ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਕਿਸੇ ਹਕੂਮਤ ਨੇ ਮਨੁੱਖਤਾ ਦਾ ਘਾਣ ਕਰਨ ਦੀ ਗੱਲ ਕੀਤੀ, ਸਿੱਖ ਕੌਮ ਨੇ ਹਮੇਸ਼ਾ ਇਨਸਾਨੀਅਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਅਮਰੀਕਾ ਸਿੱਖ ਕੌਮ ਨੂੰ ਅਫਗਾਨਿਸਤਾਨ ਵਿੱਚ ਬਤੌਰ ਭਾੜੇ ਦੇ ਫੌਜੀਆਂ (Mercenaries) ਦੀ ਵਰਤੋਂ ਕਰਨਾ ਚਾਹੁੰਦਾ ਹੈ। ਲੇਕਿਨ ਸਿੱਖ ਕੌਮ ਇਸਦੇ ਬਿਲਕੁੱਲ ਹੱਕ ਵਿੱਚ ਨਹੀਂ ਕਿ ਅਜਿਹਾ ਕਰਕੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕੀਤਾ ਜਾਵੇ। ਕਿਉਕੀਂ ਸਿੱਖ ਕੌਮ ਨੂੰ ਕੌਮਾਂਤਰੀ ਕਾਨੂੰਨ Geneva Conventions of War ਦੀ ਪੂਰੀ ਸਮਝ ਹੈ ਅਤੇ ਅਸੀਂ ਕੌਮਾਂਤਰੀ ਕਾਨੂੰਨ ਅਨੂਸਾਰ ਮੌਤ ਦੀਆਂ ਸਜ਼ਾਵਾਂ ਨੂੰ ਕਿਉਂ ਦਾਅਵਤ ਦੇਵਾਂਗੇ।”

ਇਹ ਵਿਚਾਰ ਅੱਜ ਇੱਥੇ ਸਿੱਖ ਕੌਮ ਦੇ 20ਵੀਂ ਸਦੀ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ 65ਵਾਂ ਜਨਮ ਦਿਹਾੜਾ ਮਨਾਉਣ ਲਈ ਇੱਕਤਰ ਹੋਏ ਵਿਸ਼ਾਲ ਇੱਕਠ ਨੂੰ ਸੰਬੋਧਤ ਹੁੰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ । ਉਨ੍ਹਾਂ ਆਪਣੀ ਤਕਰੀਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਜੌਕੀ ਨੌਜਵਾਨੀ ਅਤੇ ਸਿੱਖ ਕੌਮ ਦਾ ਇੱਕ ਕਰਾਂਤੀਕਾਰੀ ਰਹਿਬਰ ਗਰਦਾਨਦੇ ਹੋਏ ਜਿੱਥੇ ਉਨਾਂ ਦੇ ਮਿਸ਼ਨ ਨੂੰ ਪੂਰਨ ਕਰਨ ਦਾ ਸਿੱਖ ਕੌਮ ਨੂੰ ਸੰਦੇਸ਼ ਦਿੱਤਾ , ਉਥੇ ਉਨਾਂ ਨੇ ਸ਼ਹੀਦ ਬਾਬਾ ਜੋਰਾਵਰ ਸਿੰਘ ਅਤੇ ਸ਼ਹੀਦ ਬਾਬਾ ਫਤਿਹ ਸਿੰਘ, ਪੁਰਾਤਨ ਅਤੇ ਅਜੋਕੇ ਸ਼ਹੀਦ ਸਿੰਘਾਂ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਸ਼ਹੀਦੀਆਂ ਦੇਣ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੌਜੂਦਾ ਪੰਜਾਬ ਦੀ ਹਕੂਮਤ ਉਤੇ ਕਾਬ਼ਜ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ: ਅਵਤਾਰ ਸਿੰਘ ਮੱਕੜ ਗੁਰੂ ਸਾਹਿਬਾਨ ਦੀ ਸੋਚ ਨੂੰ ਮਜਬੂਤ ਕਰਨ ਦੀ ਬਜਾਏ ਅਜਿਹੇ ਫੈਸਲੇ ਅਤੇ ਨਿਯੁਕਤੀਆਂ ਕਰ ਰਹੇ ਹਨ , ਜਿਸ ਨਾਲ ਸਿੱਖ ਕੌਮ ਨੂੰ ਸ਼ਰਮਸਾਰ ਹੋਣਾ ਪਵੇ । ਉਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਦੀ ਵਿਰੋਧਤਾ ਦੇ ਬਾਵਜੂਦ ਇਹ ਉਪਰੋਕਤ ਦੋਵੇਂ ਹੁਕਮਰਾਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਮੁੱਖ ਵਾਈਸ ਚਾਂਸਲਰ ਦੇ ਆਹੁਦੇ ਉਤੇ ਡਾ: ਜਸਵੀਰ ਸਿੰਘ ਆਹਲੂਵਾਲੀਆ ਵਰਗੇ ਗੈਰ ਇਖ਼ਲਾਕੀ, ਬਲਾਤਕਾਰੀ ਸੋਚ ਰੱਖਣ ਵਾਲੇ ਸ਼ਖਸ ਨੂੰ ਲਗਾ ਕੇ ਕੌਮਾਂਤਰੀ ਪੱਧਰ ਉਤੇ ਸਿੱਖ ਕੌਮ ਨੂੰ ਨਮੋਸ਼ੀ ਵੱਲ ਧਕੇਲਣ ਦੀ ਗੁਸਤਾਖ਼ੀ ਕਰ ਰਹੇ ਹਨ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸਨੂੰ ਕਾਮਯਾਬ ਨਹੀਂ ਹੋਣ ਦੇਵੇਗਾ । ਜੇਕਰ ਇਨਾਂ ਨੇ ਇਹ ਗੈਰ ਕਾਨੂਨੀ ਅਤੇ ਗੈਰ ਇਖ਼ਲਾਕੀ ਨਿਯੁਕਤੀ ਰੱਦ ਨਾ ਕੀਤੀ ਤਾਂ ਅਸੀਂ 13 ਫਰਵਰੀ ਤੋਂ ਰੋਜਾਨਾ ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਪੰਜ ਸਿੰਘਾ ਦਾ ਜੱਥਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫਤਰ ਵੱਲ ਤੋਰਿਆ ਕਰਾਂਗੇ, ਜੋ ਉਸਦੇ ਦਫਤਰ ਅਤੇ ਕੁਰਸੀ ਤੇ ਜਾ ਕੇ ਬੈਠਿਆ ਕਰੇਗਾ । ਇਹ ਵਰਤਾਰਾ ਨਿਯੁਕਤੀ ਰੱਦ ਹੋਣ ਤੱਕ ਨਿਰੰਤਰ ਚੱਲੇਗਾ। ਸ: ਮਾਨ ਨੇ ਆਪਣੀ ਤਕਰੀਰ ਜਾਰੀ ਰੱਖਦੇ ਹੋਏ ਕਿਹਾ ਕਿ ਸਾਡਾ ਕਿਸੇ ਵੀ ਕੌਮ, ਧਰਮ ਅਤੇ ਫਿਰਕੇ ਨਾਲ ਵੈਰ ਵਿਰੋਧ ਨਹੀਂ, ਕੇਵਲ ਅਸੀਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਅਤੇ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸੋਚ ਤੇ ਅਧਾਰਿਤ ਸਭਨਾਂ ਨੂੰ ਬਰਾਬਰਤਾ ਦੇ ਹੱਕ ਅਤੇ ਇਨਸਾਫ਼ ਦੇਣ ਵਾਲਾ ਹਲੀਮੀ ਰਾਜ਼ , ਅਜ਼ਾਦ ਸਿੱਖ ਰਾਜ਼ ਕਾਇਮ ਕਰਨ ਦਾ ਤੱਹਈਆ ਕੀਤਾ ਹੋਇਆ ਹੈ, ਜਿਸ ਨੂੰ ਅਸੀਂ ਸਭ ਕੌਮਾਂ ਅਤੇ ਧਰਮਾਂ ਨੂੰ ਨਾਲ ਲੈਂਦੇ ਹੋਏ ਹਰ ਕੀਮਤ ਤੇ ਕਾਇਮ ਕਰਾਂਗੇ । ਉਨਾਂ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਇੱਥੋਂ ਦੇ ਹੁਕਮਰਾਨ ਸਿੱਖ ਕੋਮ ਨਾਲ ਹਰ ਖੇਤਰ ਵਿੱਚ ਵੱਡੀਆਂ ਬੇਇਨਸਾਫੀਆਂ, ਵਿਤਕਰੇ ਅਤੇ ਜ਼ਬਰ ਜੁਲਮ ਕਰਦੇ ਆ ਰਹੇ ਹਨ ਅਤੇ ਸਾਡੀ ਸੱਚ ਹੱਕ ਦੀ ਆਵਾਜ਼ ਨੂੰ ਸਰਕਾਰੀ ਦਹਿਸ਼ਤਗਰਦੀ ਰਾਂਹੀਂ ਦਬਾਉਣ ਦੀਆਂ ਅਸਫਲ ਕੋਸਿ਼ਸ਼ਾਂ ਹੋ ਰਹੀਆਂ ਹਨ । ਪਰ ਸਿੱਖ ਕੌਮ ਹੁਣ ਇਸ ਗੁਲਾਮੀ ਵਾਲੇ ਜੂਲੇ ਨੂੰ ਤੋੜ੍ਹ ਕੇ ਜਲਦੀ ਹੀ ਅਜ਼ਾਦ ਹੋ ਕੇ ਵਿਚਰੇਗੀ, ਕਿਉਂਕੀ ਸਿੱਖ ਹੁਣ ਕੇਵਲ ਪੰਜਾਬ, ਹਿੰਦ ਵਿੱਚ ਹੀ ਪ੍ਰਫੁੱਲਤ ਨਹੀਂ ਹੋ ਰਹੇ ਬਲਕਿ ਬਾਹਰਲੇ ਮੁਲਕਾਂ ਵਿੱਚ ਵਿਚਰਦੇ ਹੋਏ ਉਥੋਂ ਦੀਆਂ ਹਕੂਮਤਾਂ ਅਤੇ ਪਾਰਲੀਮੈਂਟੇਰੀਅਨ ਨਾਲ ਡਿਪਲੋਮੈਟਿਕ ਸਬੰਧ ਕਾਇਮ ਕਰਕੇ ਕੌਮਾਂਤਰੀ ਪੱਧਰ ਉਤੇ ਆਪਣੇ ਸਿੱਖ ਸਟੇਟ ਖਾਲਿਸਤਾਨ ਦੇ ਹੱਕ ਵਿੱਚ ਲੋਕ ਰਾਇ ਲਾਮਬੰਦ ਕਰ ਰਹੇ ਹਨ । ਜਿਸਦੇ ਨਤੀਜ਼ੇ ਜਲਦੀ ਹੀ ਦੁਨੀਆਂ ਦੇ ਨਕਸ਼ੇ ਤੇ ਪ੍ਰਤੱਖ ਹੋਣਗੇ । ਸ: ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਘਾਰ ਵਾਲੇ ਪ੍ਰਬੰਧਾਂ ਵੱਲ ਦਲੀਲ ਸਹਿਤ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਸਿੱਖ ਕੌਮ ਦੇ ਦਸਬੰਧ ਦੀ ਵਰਤੋਂ ਮਨੁੱਖਤਾ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਹੋਣੀ ਚਾਹੀਦੀ ਹੈ । ਜਦੋ ਕਿ ਮੌਜੂਦਾ ਪ੍ਰਬੰਧਕ ਇਨਾਂ ਸਾਧਨਾਂ ਦੀ ਵਰਤੋਂ ਆਪਣੀਆਂ ਪਰਿਵਾਰਕ, ਸਿਆਸੀ ਇੱਛਾਵਾਂ ਦੀ ਪੂਰਤੀ ਕਰਨ ਵਿੱਚ ਮਸਰੂਫ਼ ਹਨ । ਜਿਸਨੂੰ ਖ਼ਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਚਨਬੱਧ ਹੈ । ਉਨਾਂ ਮੰਗ ਕੀਤੀ ਕਿ ਐਸ.ਜੀ.ਪੀ.ਸੀ. ਦੀਆਂ ਸੰਸਥਾਵਾਂ ਅਤੇ ਅਦਾਰਿਆਂ ਨੂੰ ਜੋ ਨਿੱਜੀ ਨਾਵਾਂ ਦੇ ਨਾਲ ਟਰਸਟ ਬਣਾ ਕੇ ਗੁਰੂ ਘਰ ਦੇ ਖਜਾਨੇ ਦੀ ਲੁੱਟ ਖਸੁੱਟ ਕੀਤੀ ਗਈ ਹੈ, ਅਜਿਹੇ ਟਰਸਟਾਂ ਨੂੰ ਭੰਗ ਕਰਕੇ ਸਮੁੱਚੀ ਜਾਇਦਾਦ ਅਤੇ ਪ੍ਰਬੰਧ ਨੂੰ ਐਸ.ਜੀ.ਪੀ.ਸੀ. ਦੇ ਅਧੀਨ ਕੀਤਾ ਜਾਵੇ ਅਤੇ ਇਨਾਂ ਸੰਸਥਾਵਾਂ ਵਿੱਚ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਨਿਯੁਕਤੀਆਂ ਲਈ ਨਿਰਪੱਖ ਅਤੇ ਇਮਾਨਦਾਰ ਸ਼ਖਸ਼ੀਅਤਾਂ ਦਾ ਇੱਕ ਪੈਨਲ ਹੌਂਦ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਇਹ ਆਹੁਦੇਦਾਰ ਆਪਣੇ ਨਲਾਇਕ ਰਿਸ਼ਤੇਦਾਰਾਂ ਅਤੇ ਸਗੇ ਸੰਬਧੀਆਂ ਨੂੰ ਇਸ ਮਹਾਨ ਸੰਸਥਾ ਵਿੱਚ ਭਰਤੀ ਕਰਕੇ ਪ੍ਰਬੰਧ ਨੂੰ ਤਹਿਸ ਨਹਿਸ ਨਾ ਕਰ ਸਕਣਾ । ਉਨਾਂ ਇਹ ਵੀ ਮੰਗ ਕੀਤੀ ਕਿ ਮਾਲਵੇ ਦੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੈਂਸਰ ਦੀ ਬਿਮਾਰੀ ਨਾਲ ਖਤਮ ਹੁੰਦੇ ਜਾ ਰਹੇ ਹਨ ਅਤੇ ਮਹਿੰਗੇ ਇਲਾਜ਼ ਕਾਰਨ ਮਜਬੂਰ ਹਨ । ਇਸ ਲਈ ਐਸ.ਜੀ.ਪੀ.ਸੀ. ਬਠਿੰਡੇ ਜਾਂ ਮਾਨਸਾ ਦੇ ਇਲਾਕੇ ਵਿੱਚ ਇੱਕ ਵੱਡਾ ਕੈਂਸਰ ਹਸਪਤਾਲ ਇੱਥੇ ਕਾਇਮ ਕਰੇ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਪੀ.ਜੀ.ਆਈ. ਪੱਧਰ ਦਾ ਵੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਕਾਇਮ ਕਰੇ । ਜਿੱਥੇ ਅਮੀਰ ਗਰੀਬ  ਆਪਣੇ ਸੀਮੀਤ ਸਾਧਨਾਂ ਵਿੱਚ ਇਲਾਜ਼ ਕਰਾਉਣ ਦੇ ਸਮੱਰਥ ਹੋ ਸਕਣ । ਸ: ਮਾਨ ਨੇ ਸਿੱਖ ਕੌਮ ਨੂੰ ਹਰ ਤਰ੍ਹਾਂ ਦੀ ਰਿਸ਼ਵਤਖੋਰੀ, ਜ਼ਖੀਰੇਬਾਜ਼ੀ, ਚੋਰ ਬਜਾਰੀ ਆਦਿ ਸਮਾਜਿਕ ਬੁਰਾਈਆਂ ਵਿਰੁੱਧ ਆਪਣੇ ਸਿਧਾਂਤਾ ਤੇ ਪਹਿਰਾ ਦੇਂਦੇ ਹੋਏ ਜੱਦੋ ਜਹਿਦ ਕਰਦੇ ਰਹਿਣ ਦਾ ਸੰਦੇਸ਼ ਦਿੱਤਾ। ਉਥੇ ਉਨਾਂ ਨੇ ਐਸ.ਜੀ.ਪੀ.ਸੀ. ਤੋਂ ਇਹ ਵੀ ਮੰਗ ਕੀਤੀ ਕਿ ਸਿੱਖ ਵਿਦਿਅਕ ਅਦਾਰਿਆਂ ਅਤੇ ਸਿਹਤ ਕੇਂਦਰਾਂ ਨੂੰ ਬਿਲਕੁੱਲ ਵੀ ਵਪਾਰਕ ਨਾ ਬਣਾਇਆ ਜਾਵੇ । ਬਲਕਿ ਅਜਿਹਾ ਪ੍ਰਬੰਧ ਕੀਤਾ ਜਾਵੇ ਜਿੱਥੇ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਘੱਟ ਤੋਂ ਘੱਟ ਖਰਚੇ ਵਿੱਚ ਉਚ ਵਿਦਿਆ ਹਾਸਲ ਕਰਨ ਅਤੇ ਇਹ ਪਰਿਵਾਰ ਆਪਣੀਆਂ ਬਿਮਾਰੀਆਂ ਦੇ ਇਲਾਜ਼ ਕਰਾਉਣ ਦੇ ਸਮਰਥ ਹੋ ਸਕਣ ਅਤੇ ਇਨਾਂ ਪਰਿਵਾਰਾਂ ਦੇ ਬੱਚੇ ਉਚ ਤਾਲੀਮ ਪ੍ਰਾਪਤ ਕਰਕੇ ਹਰ ਖੇਤਰ ਵਿੱਚ ਅੱਗੇ ਵਧ ਸਕਣ। ਸ: ਮਾਨ ਨੇ ਸੰਤ ਭਿੰਡਰਾਵਾਲਿਆ ਦੀ ਸੋਚ ਤੋ ਥਿੜਕ ਚੁੱਕੇ ਦਮਦਮੀ ਟਕਸਾਲ, ਸੰਤ ਸਮਾਜ ਅਤੇ ਸਿੱਖ ਫੈਡਰੇਸ਼ਨਾਂ ਦੇ ਆਗੂਆਂ ਨੂੰ 1 ਮਾਰਚ ਤੱਕ ਫਿਰ ਤੋ ਖਾਲਸਾ ਪੰਥ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾ ਨੇ ਸੰਤ ਭਿੰਡਰਾਂਵਾਲਿਆ ਦੀ ਸੋਚ ਨੂੰ ਫਿਰ ਤੋ ਪ੍ਰਵਾਨ ਨਾ ਕੀਤਾ ਤਾਂ ਅਸੀਂ ਸਮੁੱਚੇ ਸੰਸਾਰ ਪੱਧਰ ਦੇ ਸਿੱਖਾਂ ਨੂੰ ਇਨ੍ਹਾ ਦਾ ਸਦਾ ਲਈ ਬਾਈਕਾਟ ਕਰਨ ਦਾ ਸੱਦਾ ਦੇਣ ਲਈ ਮਜ਼ਬੂਰ ਹੋਵਾਂਗੇ। ਇਸ ਲਈ ਇਨ੍ਹਾ ਸੰਸਥਾਵਾਂ ਅਤੇ ਆਗੂਆਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਖਾਲਿਸਤਾਨ ਦੇ ਮਿਸ਼ਨ ਅਤੇ ਸੰਤ ਭਿੰਡਰਾਂਵਾਲਿਆ ਦੀ ਸੋਚ ਉੱਤੇ ਪਰਪੱਕ ਹੋ ਕੇ ਫਿਰ ਤੋ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਜਾਣ।

ਸ: ਮਾਨ ਨੇ ਹਿੰਦੂਤਵ ਹਕੂਮਤ ਨੂੰ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਗੁਜਾਰਿਸ਼ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਸਮੁੱਚੇ ਸੰਸਾਰ ਅਤੇ ਮਨੁੱਖਤਾ ਵਿੱਚ ਅਮਨ ਚੈਨ ਕਾਇਮ ਕਰਨ ਦੀ ਡੂੰਘੀ ਚਾਹਵਾਨ ਹੈ। ਇਸ ਲਈ ਉਹ ਯੂਗੋਸਲਾਵੀਆ ਹਕੂਮਤ ਦੀ ਤਰ੍ਹਾਂ ਜਿਵੇਂ ਉਸਨੇ ਕੋਸੋਵੋਂ ਦੇ ਬਸਿ਼ੰਦਿਆਂ ਨੂੰ ਬਿਨਾਂ ਕਿਸੇ ਖੂਨ ਦਾ ਕਤਰਾ ਬਹਾਏ ਪੁਰਅਮਨ ਚੈਨ ਨਾਲ ਅਜ਼ਾਦ ਕਰਕੇ ਵੱਖਰੇ ਮੁਲਕ ਵੱਜੋ ਮਾਨਤਾ ਦਿੱਤੀ ਼ਗਈ ਸੀ , ਉਸੇ ਤਰ੍ਹਾਂ ਖਾਲਿਸਤਾਨ ਦੀ ਸਰਜਮੀਨ (ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ, ਰਾਜਸਥਾਨ, ਲੇਹ ਅਤੇ ਲੱਦਾਖ) ਨੂੰ ਅਜਾਦ ਕਰਕੇ ਸਿੱਖ ਕੌਮ ਨੂੰ ਜਿੰਦਗੀ ਜਿਊਣ ਅਤੇ ਅੱਗੇ ਵਧਣ ਦਾ ਊਦਮ ਕਰੇ ਤਾਂ ਜੋ ਸਿੱਖ ਕੌਮ ਦੇ ਮਨਾਂ ਵਿੱਚ ਸਰਕਾਰੀ ਦਹਿਸ਼ਤਗਰਦੀ ਅਤੇ ਬੀਤੇ ਅਤੇ ਅਜੌਕੇ ਸਮੇਂ ਦੇ ਜ਼ਬਰ ਜੁਲਮਾਂ ਦਾ ਅੰਤ ਹੋ ਸਕੇ । ਅੱਜ ਦੇ ਇੱਕਠ ਨੇ ਸਰਬ ਸੰਮਤੀ ਨਾਲ 10 ਮਤੇ ਪਾਸ ਕੀਤੇ, ਜਿਸ ਵਿੱਚ ਗੈਰ ਇਖ਼ਲਾਕੀ ਅਮਲਾਂ ਨੂੰ ਪ੍ਰਵਾਨ ਨਾਂ ਕਰਨਾ, ਐਸ.ਜੀ.ਪੀ.ਸੀ. ਵਲੋ਼ ਨਿੱਜੀ ਨਾਵਾਂ ਦੇ ਟਰਸਟਾਂ ਨੁੰ ਭੰਗ ਕਰਕੇ ਸੰਸਥਾਂ ਦੇ ਅਧੀਨ ਕਰਨਾ, ਮਾਲਵੇ ਵਿੱਚ ਕੈਂਸਰ ਅਤੇ ਫਤਿਹਗੜ੍ਹ ਸਾਹਿਬ ਵਿਖੇ ਪੀ.ਜੀ.ਆਈ. ਪੱਧਰ ਦੇ ਹਸਪਤਾਲ ਕਾਇਮ ਕਰਨੇ, ਵਿਦਿਅਕ ਅਦਾਰਿਆਂ ਨੂੰ ਵਪਾਰਕ ਅਦਾਰੇ ਨਾਂ ਬਨਾਉਣ, ਰਿਸ਼ਵਤਖੋਰੀ, ਜਖ਼ੀਰੇਬਾਜੀ, ਚੋਰ ਬਜਾਰੀ ਨੂੰ ਖਤਮ ਕਰਨ ਦਾ ਪ੍ਰਣ, ਜੱਥੇਦਾਰ ਸਾਹਿਬਾਨ ਨੂੰ ਕੌਮੀ ਸਿਧਾਂਤਾਂ ਉਤੇ ਪਹਿਰਾ ਦੇਣ ਦੀ ਅਪੀਲ ਅਤੇ ਕੋਸੋਵੋ ਦੀ ਤਰ੍ਹਾਂ ਸਿੱਖ ਕੌਮ ਤੇ ਅਧਾਰਿਤ ਬਿਨਾਂ ਕਿਸੇ ਖੂਨ ਦੇ ਕਤਰੇ ਦੇ ਖਾਲਿਸਤਾਨ ਨੂੰ ਅਜ਼ਾਦ ਕਰਨ ਦੇ ਮਤੇ ਸਰਬ ਸਮੰਤੀ ਨਾਲ ਪਾਸ ਕੀਤੇ ਗਏ । ਇਸ ਮੌਕੇ ਸ: ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਬਾਬਾ ਬਲਜੀਤ ਸਿੰਘ ਦਾਦੂਵਾਲ, ਸ: ਬਲਜੀਤ ਸਿੰਘ ਐਡੀਟਰ ਵੰਗਾਰ ਮੈਗਜ਼ੀਨ, ਬੀਬੀ ਸੰਦੀਪ ਕੌਰ ਕਾਸਤੀਵਾਲ, ਸ: ਟਹਿਲ ਸਿੰਘ ਯੂ ਐਸ ਏ, ਸ: ਜਸਵੰਤ ਸਿੰਘ ਮਾਨ ਪ੍ਰਧਾਨ, ਭਾਈ ਧਿਆਨ ਸਿੰਘ ਮੰਡ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਸ: ਇਕਬਾਲ ਸਿੰਘ ਟਿਵਾਣਾ, ਸ: ਗੁਰਸੇਵਕ ਸਿੰਘ ਜਵਾਹਰਕੇ, ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ: ਗੁਰਿੰਦਰਪਾਲ ਸਿੰਘ ਧਨੋਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ: ਮਹਿੰਦਰਪਾਲ ਸਿੰਘ, ਸ: ਹਰਭਜਨ ਸਿੰਘ ਕਸ਼ਮੀਰੀ, ਸਰੂਪ ਸਿੰਘ ਸੰਘਾ ਬਾਦਸ਼ਾਹਪੁਰ, ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, ਰਣਜੀਤ ਸਿੰਘ ਸੰਤੋਖਗੜ੍ਹ, ਰਜਿੰਦਰ ਸਿੰਘ ਫੌਜੀ ਜਲੰਧਰ, ਜਥੇਦਾਰ ਸੁਰਿੰਦਰ ਸਿੰਘ ਅਕਾਲਗੜ੍ਹ ਬੋਰਾਂ ਸਦਰ ਏ ਖਾਲਿਸਤਾਨ, ਅਵਤਾਰ ਸਿੰਘ ਖੱਖ ਹੁਸਿਆਰਪੁਰ, ਕੁਲਦੀਪ ਸਿੰਘ ਭਾਗੋਵਾਲ ਮੁਹਾਲੀ, ਕਸ਼ਮੀਰ ਸਿੰਘ ਲਖਨਪੁਰਾ, ਮਨਜੀਤ ਸਿੰਘ ਮੱਲ੍ਹਾ ਮੋਗਾ, ਮਿੰਟੂ ਯੂ ਐਸ ਏ, ਬਲਵਿੰਦਰ ਸਿੰਘ ਮੰਡੇਰ ਮਾਨਸਾ, ਗੁਰਨੈਬ ਸਿੰਘ ਨੈਬੀ, ਜਸਪਾਲ ਸਿੰਘ ਮੰਗਲ ਜੰਮੂ, ਮਨਵਿੰਦਰ ਸਿੰਘ ਗਿਆਸਪੁਰਾ, ਰਣਜੀਤ ਸਿੰਘ ਸੰਘੇੜਾ ਬਰਨਾਲਾ, ਹਰਪਾਲ ਸਿੰਘ ਕੁੱਸਾ ਮੋਗਾ, ਸੰਸਾਰ ਸਿੰਘ ਦਿੱਲੀ, ਰਜਿੰਦਰ ਸਿੰਘ ਛੰਨਾ ਪਟਿਆਲਾ ਦਿਹਾਤੀ, ਰਣਜੀਤ ਸਿੰਘ ਚੀਮਾ, ਗੁਰਜੰਟ ਸਿੰਘ ਕੱਟੂ, ਸਿੰਗਾਰਾ ਸਿੰਘ ਬਡਲਾ, ਸੁਖਜੀਵਨ ਸਿੰਘ, ਰਣਦੇਵ ਸਿੰਘ ਦੇਬੀ, ਸੁਰਜੀਤ ਸਿੰਘ ਕਾਲਾਬੁਲਾ ਤੇ ਗੁਰਪ੍ਰੀਤ ਸਿੰਘ ਝੱਬਰ ਮੈਬਰ ਐਸ ਜੀ ਪੀ ਸੀ, ਰਜਿੰਦਰ ਸਿੰਘ ਫੌਜੀ, ਜਥੇਦਾਰ ਕਰਤਾਰ ਸਿੰਘ, ਕੁਲਦੀਪ ਸਿੰਘ ਭਲਵਾਨ, ਜੋਗਿੰਦਰ ਸਿੰਘ ਸੈਪਲੀ ਅਤੇ ਬਹੁਤ ਸਾਰੇ ਸੀਨੀਅਰ ਆਗੂ ਸ਼ਮਿਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>