ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ

ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥

ਏਹ ਤੁੱਕਾਂ ਬਾਬਾ ਫਰੀਦ ਜੀ ਦੀਆਂ ਹਨ, ਜਿਨ੍ਹਾਂ ਰਾਹੀਂ ਬਾਬਾ ਜੀ ਉਪਦੇਸ਼ ਕਰਦੇ ਹਨ ਕਿ ਜੇਕਰ ਅਸੀਂ ਏਹ
ਜਾਣਦੇ ਹਾਂ ਕੀ ਜਨਮ ਲੈਣ ਤੋਂ ਉਪਰੰਤ ਮਰਨਾ ਨਿਸ਼ਚਿਤ ਹੈ ਤਾਂ ਫਿਰ ਇਸ ਝੂਠੀ ਦੁਨੀਆਂ ਨਾਲ ਜੁੜ ਕੇ
ਆਪਣੇ ਆਪ ਨੂੰ ਖੱਜਲ ਨਹੀਂ ਕਰਨਾ ਚਾਹੀਦਾ।

ਇਕ ਗੱਲ ਤਾਂ ਨਿਸਚਿਤ ਹੈ ਕਿ ਜਿਸ ਵੀ ਜੀਵ ਨੇ ਇਸ ਦੁਨੀਆਂ ਵਿਚ ਜਨਮ ਲਿਆ ਹੈ, ਉਸਦੀ ਮਿਰਤੂ ਵੀ ਜ਼ਰੂਰ ਹੈ, ਲੇਕਨ ਵਿਚਾਰਨ ਦੀ ਗਲ ਏਹ ਹੈ ਕਿ ਬਾਬਾ ਫਰੀਦ ਜੀ ਨੇ ਇਸ ਦੁਨੀਆਂ ਨੂੰ ਝੂਠੀ ਕਿਉਂ ਆਖਿਆ ਹੈ? ਕੀ ਏਹ ਦੁਨੀਆਂ ਇਤਨੀ ਮਾੜੀ ਹੈ ਕਿ ਇਸ ਵਿਚ ਜੀਵਨ ਜੀਣਾ ਬੜਾ ਔਖਾ ਹੈ? ਕੀ ਇੰਨਸਾਨ ਇਸ ਦੁਨੀਆਂ ਵਿਚ ਸਿਰਫ ਜਨਮ ਲੈਣ ਅਤੇ ਮਰਨ ਵਾਸਤੇ ਹੀ ਆਇਆ ਹੈ? ਯਾ ਉਸਦਾ ਇਸ ਦੁਨਿਆਂ ਵਿਚ ਜੀਣ ਦਾ ਕੋਈ ਹੋਰ ਵੀ ਮਨੋਰਥ ਹੈ? ਆਪਣੇ ਆਪ ਨੂੰ ਇਸ ਦੁਨੀਆਂ ਵਿਚ ਖਜੱਲ ਕਰਨ ਤੋਂ ਕੀ ਭਾਵ ਹੈ?

ਪਰਮਾਤਮਾ ਨੇ ਏਹ ਦੁਨੀਆਂ ਬਣਾਈ, ਧਰਤੀ ਸਾਜੀ, ਧਰਤੀ ‘ਤੇ ਜੀਵ ਜੰਤ ਪੈਦਾ ਕੀਤੇ ਅਤੇ ਸਾਰੇ ਜੀਵ ਜੰਤਾਂ ਵਿਚ ਮਨੁੱਖ ਨੂੰ ਸਿਰਮੋਰ ਬਣਾਇਆ ਕਿਉਂਕਿ ਮਨੁੱਖ ਨੂੰ ਮਨ ਦੇ ਤਲ ਤੇ ਜੀਵਨ ਜੀਣ ਦਾ ਬੱਲ ਬਖਸ਼ਿਆ ਅਤੇ ਮਨੁੱਖ ਨੂੰ ਸੱਚਾਈ ਦੇ ਪਧਰ ‘ਤੇ ਜੀਵਨ ਜੀਣ ਦੀ ਪ੍ਰੇਰਨਾ ਕੀਤੀ, ਫਿਰ ਵੀ ਮਨੁੱਖ ਮਾਇਆ ਵਿਚ ਫਸਦਾ ਹੋਇਆ ਝੂਠ ਦੇ ਪਸਾਰੇ ਵਲ ਵੱਧ ਰਿਹਾ ਹੈ ਇਸਦਾ ਕੀ ਕਾਰਨ ਹੈ?

ਇਸ ਧਰਤੀ ਤੇ ਵਡੇ ਵਡੇ ਪੀਰ ਪੈਗੰਬਰ ਆਏ, ਭਗਤਾਂ ਨੇ ਇਸ ਧਰਤੀ ਤੇ ਜਨਮ ਲਿਆ, ਬ੍ਰਹਮ ਗਿਆਨੀ ਬਣੇ, ਆਪ ਸੱਚਾਈ ਦੇ ਰਾਹ ਚਲਦਿਆਂ ਸਭਨਾਂ ਨੇ ਇਸ ਦੁਨੀਆਂ ਨੂੰ ਸਚਾਈ ਦੇ ਰਾਹ ‘ਤੇ ਚਲਣ ਦੇ ਉਪਦੇਸ਼ ਦਿੱਤੇ, ਮਨੁਖਤਾ ਦੇ ਭਲੇ ਵਾਸਤੇ ਅਨੰਤ ਕਾਰਜ ਕੀਤੇ ਅਤੇ ਖੁੱਦ ਤਸੀਹੇ ਝੱਲ ਕੇ ਆਮ ਮਨੁਖ਼ਤਾ ਨੂੰ ਸੱਚਾਈ ਦਾ ਰਾਹ ਦਿਖਾਇਆ ਪਰ ਇਨ੍ਹਾਂ ਮਹਾਂਪੁਰਖਾਂ ਦੇ ਦਰਸਾਏ ਰਾਹ ਤੇ ਮਨੁਖ ਘੱਟ ਤੁਰਦੇ ਹਨ ਦੁਨਿਆਦਾਰੀ ਵਲ ਜ਼ਿਆਦਾ ਭਜਦੇ ਹਨ।

ਜਿਸ ਵੇਲੇ ਇਕ ਬੱਚਾ ਮਾਤਾ ਦੇ ਗਰਭ ਵਿਚ ਆਂਦਾ ਹੈ ਉਸਦੇ ਸੁਆਸਾਂ ਦੀ ਗਿਣਤੀ ਵੀ ਪਰਮਾਤਮਾ ਵਲੋਂ ਕਰਮਾਂ ਅਨੁਸਾਰ ਨਾਲ ਹੀ ਲਿਖੀ ਜਾਂਦੀ ਹੈ। ਜਨਮ ਤੋਂ ਲੈਕੇ ਮਿਰਤੂ ਤੱਕ ਹਰ ਇਨਸਾਨ ਨੂੰ ਤਕਰੀਬਨ ਦੱਸ ਪੜਾਵ ਪਾਰ ਕਰਨੇ ਪੈਂਦੇ ਹਨ, ਲੇਕਨ ਜ਼ਰੂਰੀ ਨਹੀਂ ਕੀ ਹਰ ਮਨੁੱਖ ਆਖਰੀ ਪੜਾਵ ਤਕ ਪਹੁੰਚ ਹੀ ਜਾਵੇਗਾ।

ਕਰਮਾਂ ਅਨੁਸਾਰ ਜੀਵਨ ਦੇ ਕਿਸੇ ਵੀ ਪੜਾਵ ਤੇ ਸਵਾਸਾਂ ਦਾ ਅੰਤ ਹੋ ਸਕਦਾ ਹੈ।

ਪਹਿਲੈ ਪਿਆਰਿ ਲਗਾ ਥਣ ਦੁਧਿ ॥
ਦੂਜੈ  ਮਾਇ ਬਾਪ ਕੀ ਸੁਧਿ ॥
ਤੀਜੈ ਭਯਾ ਭਾਭੀ ਬੇਬ ॥
ਚਉਥੈ ਪਿਆਰਿ ਉਪੰਨੀ ਖੇਡ ॥
ਪੰਜਵੈ ਖਾਣ ਪੀਅਣ ਕੀ ਧਾਤੁ ॥
ਛਿਵੈ ਕਾਮੁ ਨ ਪੁਛੈ ਜਾਤਿ ॥
ਸਤਵੈ ਸੰਜਿ ਕੀਆ ਘਰ ਵਾਸੁ ॥
ਅਠਵੈ ਕ੍ਰੋਧੁ ਹੋਆ ਤਨ ਨਾਸੁ ॥
ਨਾਵੈ  ਧਉਲੇ ਉਭੇ ਸਾਹ ॥
ਦਸਵੈ ਦਧਾ ਹੋਆ ਸੁਆਹ ॥
ਗਏ ਸਿਗੀਤ ਪੁਕਾਰੀ ਧਾਹ ॥
ਉਡਿਆ ਹੰਸੁ ਦਸਾਏ ਰਾਹ ॥
ਆਇਆ ਗਇਆ ਮੁਇਆ ਨਾਉ ॥
ਪਿਛੈ ਪਤਲਿ ਸਦਿਹੁ ਕਾਵ ॥
ਨਾਨਕ ਮਨਮੁਖਿ ਅੰਧੁ ਪਿਆਰੁ ॥
ਬਾਝੁ ਗੁਰੂ ਡੁਬਾ ਸੰਸਾਰੁ ॥2॥

ਪਹਿਲੇ ਪੜਾਵ ਤੋਂ ਚੌਥੇ ਪੜਾਵ ਤਕ ਤਾਂ ਮੱਨੁਖ ਆਪਣੇ ਬਾਲਪਨ ਅਤੇ ਆਪਣੇ ਦੁਨਿਆਵੀ ਰਿਸ਼ਤਿਆਂ ਤਕ ਹੀ
ਸੀਮਤ ਰਹਿੰਦਾ ਹੈ।ਪੰਜਵੇਂ ਪੜਾਵ ਤੇ ਆਪਣੇ ਆਪ ਨੂੰ ਸਮਝਣ ਅਤੇ ਸੰਭਾਲਣ ਜੋਗਾ ਹੋ ਜਾਂਦਾ ਹੈ ਅਤੇ ਖਾਣ ਪੀਣ, ਜੀਵਨ ਦੀਆਂ ਮੌਜ ਮਸਤੀਆਂ ਵਿਚ ਹੀ ਮਸਤ ਰਹਿੰਦਾ ਹੈ। ਛੇਵੇਂ ਅਤੇ ਸਤਵੇਂ ਪੜਾਵ ਤੇ ਪਹੁੰਚ ਕੇ ਬਾਲਿਗ ਹੋ ਜਾਂਦਾ ਹੈ ਅਤੇ ਆਪਣੇ ਘਰ ਪਰਿਵਾਰ ਵਿਚ ਮਸਤ ਹੋ ਜਾਂਦਾ ਹੈ, ਅਠਵੇਂ ਪੜਾਵ ਤਕ ਪਹੁੰਚਦਿਆਂ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨਿਭਾਉਂਦਿਆਂ ਆਪਣੇ ਸ਼ਰੀਰ ਵਲ ਵੀ ਧਿਆਨ ਨਹੀਂ  ਦੇ ਪਾਂਦਾ ਅਤੇ ਨਿਕੀਆਂ ਨਿੱਕੀਆਂ ਗਲਾਂ ‘ਤੇ ਕ੍ਰੋਧ ਕਰਨਾ ਸ਼ੁਰੂ ਕਰ ਦੇਂਦਾ ਹੈ।ਨੌਵੇਂ ਪੜਾਵ ਤਕ ਪਹੁੰਚ ਕੇ ਸ਼ਰੀਰ ਬਿਰਧ ਹੋ ਜਾਂਦਾ ਹੈ ਅਤੇ ਅਨੇਕ ਰੋਗ ਲਗ ਜਾਂਦੇ ਹਨ, ਦਸਵੇਂ ਪੜਾਵ ਤਕ ਆਂਦੇ ਸ਼ਰੀਰ ਸਵਾਸ ਛੱਡ ਦੇਂਦਾ ਹੈ ਅਤੇ ਜਿਨ੍ਹਾਂ ਰਿਸ਼ਤੇਦਾਰਾਂ, ਸਾਕ ਸਬੰਧੀਆਂ, ਧਨ ਦੌਲਤ ਅਤੇ ਜ਼ਮੀਨ ਜਾਇਦਾਦ ਪਿਛੇ ਭਜਦਾ ਰਿਹਾ ਹੁੰਦਾ ਹੈ,  ਸਾਰੇ ਸਾਥ ਛੱਡ ਜਾਂਦੇ ਹਨ।

ਏਹ ਤਾਂ ਹੈ ਇਕ ਆਮ ਸੋਚ ਰਖਣ ਵਾਲੇ ਮਨੁਖਾਂ ਦੀ ਗਲ, ਜਿਨਾਂ ਦਾ ਜੀਵਨ ਵਿਚ ਏਹੀ ਮਕਸਦ ਹੁੰਦਾ ਹੈ, ਧਨ ਕਮਾਣਾ , ਖਾਣਾ ਪੀਣਾ, ਮੌਜ ਮਸਤੀ ਕਰਨੀ। ਜੇਕਰ ਇਨ੍ਹਾਂ ਨੂੰ ਜੀਵਨ ਦੇ ਮਨੋਰਥ ਬਾਰੇ ਸਵਾਲ ਕਰੋ ਤਾਂ ਇਕੋ ਜਵਾਵ ਦੇਂਦੇ ਹਨ, ਇਕ ਦਿਨ ਤਾਂ ਮਰ ਹੀ ਜਾਣਾ ਹੈ ਫਿਰ ਕਾਹਦੀ ਫਿਕਰ ਚਿੰਤਾ ਕਰਨੀ ਖਾਓ ਪੀਓ ਮੌਜ ਕਰੋ। ਇਨ੍ਹਾਂ ਵਿਚਾਰਾਂ ਨਾਲ ਹੀ ਸਾਰੀ ਜ਼ਿੰਦਗੀ ਖੱਜਲ ਖਵਾਰ ਕਰ ਲੈਂਦੇ ਹਨ।

ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥1॥

ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ, ਕੀ ਏਹ ਦੁਨੀਆਂ ਇਸ ਕਾਰਨ ਝੂਠੀ ਹੈ ਕਿਉਂਕਿ ਮਨੁੱਖ ਸੱਚਾਈ ਦੇ ਰਸਤੇ ਦੇ ਉਲਟ, ਮਾੜੇ ਪਾਸੇ ਵਲ ਵੱਧ ਰਿਹਾ ਹੈ।ਅਜੋਕੇ ਸਮੇਂ ਸਹੀ ਰਸਤਾ ਦੱਸਣ ਵਾਲੇ ਮਿਤੱਰ ਸੰਬੰਧੀ ਘਟ ਹਨ ਅਤੇ ਮਾੜੀਆਂ ਸਲਾਹਾਂ ਦੇਣ ਵਾਲੇ ਜ਼ਿਆਦਾ ਹਨ।ਮਨੁੱਖ ਵੀ ਇਨ੍ਹਾਂ ਮਿਤਰਾਂ, ਸਕੇ ਸੰਬੰਧੀਆਂ ਅਤੇ ਮਾਇਆ ਦੇ ਮੋਹ ਵਿਚ ਫਸ ਕੇ ਆਪਣਾ ਜੀਵਨ ਖੱਜਲ ਕਰ ਬੈਠਦਾ ਹੈ।

ਨਾਨਕ ਦੁਨੀਆ ਕੈਸੀ ਹੋਈ ॥
ਸਾਲਕੁ ਮਿਤੁ ਨ ਰਹਿਓ ਕੋਈ ॥
ਭਾਈ ਬੰਧੀ ਹੇਤੁ ਚੁਕਾਇਆ ॥
ਦੁਨੀਆ ਕਾਰਣਿ ਦੀਨੁ ਗਵਾਇਆ॥

ਪਰਮਾਤਮਾ ਨੇ ਹਰ ਮਨੁੱਖ ਨੂੰ ਇਕ ਮਨ ਦਿੱਤਾ ਹੈ ਅਤੇ ਸਮਝਣ ਦੀ ਸ਼ਕਤੀ ਵੀ ਦਿੱਤੀ ਹੈ ਕਿ ਇਸਨੂੰ ਕਿਵੇਂ ਇਸਤੇਮਾਲ ਕਰਨਾ ਹੈ। ਇਸ ਮਨ ਨੂੰ ਮਾੜੇ ਪਾਸੇ ਲਾ ਕੇ ਆਪਣੇ ਜੀਵਨ ਨੂੰ ਖੱਜਲ ਕਰਨਾ ਹੈ ਯਾ ਇਸ ਮਨ ਨੂੰ ਚੰਗੇ ਪਾਸੇ ਲਾ ਕੇ ਇਸ ਦੁਨੀਆਂ ਵਿਚ ਰਹਿੰਦਿਆਂ ਆਪਣਾ ਜੀਵਨ ਕਿਵੇਂ ਸੁਖਦਾਈ ਬਨਾਉਣਾ ਹੈ।ਜਿਸ ਮਨੋਰਥ ਵਾਸਤੇ ਏਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਉਸ ਮਨੋਰਥ ਨੂੰ ਕਿਵੇਂ ਪ੍ਰਾਪਤ ਕਰਨਾ ਹੈ?

ਜੇਕਰ ਕੋਈ ਮਨੁੱਖ ਇਕ ਗਲ ਵਿਚਾਰ ਲਵੇ ਕਿ ਜਨਮ ਤੋਂ ਲੈ ਕੇ ਮਰਨ ਤਕ ਜਿੰਨੇ ਵੀ ਕਰਮ, ਭਾਵੇਂ ਮਾੜੇ ਹਨ ਜਾਂ ਚੰਗੇ ਹਨ ਸਭਨਾ ਦਾ ਲੇਖਾ ਜੋਖਾ ਅੰਤ ਸਮੇਂ ਹੋਣਾ ਹੈ ਅਤੇ ਕੀਤੇ ਗਏ ਕਰਮਾਂ ਅਨੁਸਾਰ ਲੇਖਾ ਵੀ ਪ੍ਰਾਪਤ ਹੋਣਾ ਹੈ ਤਾਂ ਏਹੋ ਜਿਹੇ ਮਨੁੱਖ ਆਪਣੇ ਮਨ ਨੂੰ ਖੱਜਲ ਨਾ ਕਰਕੇ ਪਰਮਾਤਮਾ ਨਾਲ ਜੁੜ ਜਾਂਦੇ ਹਨ।

ਏ ਮਨ ਮੇਰਿਆ ਆਵਾਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ ॥
ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥

ਸਵਾਲ ਏਹ ਹੈ ਕੀ ਸਾਰੇ ਮਨੁਖਾਂ ਵਾਸਤੇ ਇਹ ਦੁਨੀਆ ਝੂਠੀ ਹੈ ਜਾਂ ਕੋਈ ਮਨੁੱਖ ਇਸ ਝੂਠ ਦੇ ਪਸਾਰੇ ਤੋਂ ਆਪਣੇ ਆਪ ਨੂੰ ਪਾਰ ਵੀ ਲੰਘਾ ਸਕਦਾ ਹੈ?

ਇਸ ਦੁਨੀਆਂ ਵਿਚ ਕੇਵਲ ਉਹੀ ਮਨੁੱਖ ਆਪਣੇ ਆਪ ਨੂੰ ਪਾਰ ਲੰਘਾ ਸਕਦੇ ਹਨ ਜਿਹੜੇ ਪਰਮਾਤਮਾ ਦੇ ਬਣਾਏ ਨਿਯਮਾਂ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਹਨ ਅਤੇ ਹਮੇਸ਼ਾ ਪਰਮਾਤਮਾ ਦੇ ਸ਼ੁਕਰਾਨੇ ਵਿਚ ਰਹਿੰਦੇ ਹਨ।

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥

ਜਿਸ ਤਰ੍ਹਾਂ ਦੁਨੀਆਂ ਵਿਚ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਧੰਨ ਕਮਾਣਾ ਜ਼ਰੂਰੀ ਹੈ, ਲੇਕਿਨ ਧੰਨ ਕਮਾਉਣ ਦੇ ਤਰੀਕੇ ‘ਤੇ ਧਿਆਨ ਦੇਣਾ ਜ਼ਰੂਰੀ ਹੈ।ਜੀਵਨ ਵਿਚ ਧੰਨ, ਕਪੜਾ, ਜ਼ਮੀਨ-ਜਾਇਦਾਦ, ਮੋਟਰਾਂ ਹੋਰ ਅਨੇਕਾਂ ਤਰ੍ਹਾਂ ਦੇ ਸੁਖ ਸਾਧਨ ਦੇ ਸਾਮਾਨ ਦੀ ਲੋੜ ਪੈਂਦੀ ਹੈ ਲੇਕਿਨ ਮਨੁੱਖ ਨੂੰ ਇਨ੍ਹਾਂ ਦੇ ਮੋਹ ਵਿਚ ਨਹੀਂ ਫਸਣਾ ਚਾਹੀਦਾ। ਜੀਵਨ ਵਿਚ ਮਨੁੱਖ ਨੂੰ ਆਪਣੀਆਂ ਦੁਨਿਆਵੀ ਰਿਸ਼ਤੇਦਾਰੀਆਂ ਨਿਭਾਉਂਦਿਆਂ ਵੀ ਇਨ੍ਹਾਂ ਤੋਂ ਉਪਰ ਉਠਕੇ ਪਰਮਾਤਮਾ ਨਾਲ ਜੁੜਨ ਦੇ ਵੀ ਉਪਰਾਲੇ ਕਰਨੇ ਚਾਹੀਦੇ ਹਨ ਤਾਂਕਿ ਜਿਤਨੇ ਸਵਾਸ ਪਰਮਾਤਮਾ ਨੇ ਬਖਸ਼ੇ ਹਨ ਸਫਲੇ ਕਰ ਸਕੇ।

ਜਿਨ੍‍ੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥

ਧੰਨ ਗੁਰੂ ਨਾਨਕ ਦੇਵ ਜੀ ਇਸ ਪਰਥਾਏ ਫੁਰਮਾਨ ਕਰਦੇ ਹਨ ਕਿ ਜੇਕਰ ਇਸ ਦੁਨੀਆਂ ਵਿਚ ਜੀਵਨ ਸਫਲਾ ਕਰਨਾ ਹੈ ਤਾਂ ਜੀਵਨ ਵਿਚ ਕਿਸੇ ਦੀ ਵੀ ਖੁਸ਼ਾਮਦ ਨਾਂ ਕਰ ਅਤੇ ਨਾਂ ਹੀ ਲੋਕਾਂ ਦੇ ਮਗਰ ਭੱਜ ਕਿਉਂਕਿ ਇਸ ਨਾਸ਼ਵਾਨ ਦੁਨੀਆਂ ਵਿਚ ਪਰਮਾਤਮਾ ਤੋਂ ਇਲਾਵਾ ਕੋਈ ਵੀ ਸਥਿਰ ਨਹੀਂ ਹੈ।

ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥

ਇਸ ਨਾਸ਼ਵਾਨ ਝੂਠੀ ਦੁਨੀਆਂ ਵਿਚ ਕੇਵਲ ਉਹੀ ਮਨੁੱਖ ਆਪਣਾ ਜੀਵਨ ਸਫਲਾ ਕਰ ਸਕਦੇ ਹਨ ਜਿਹੜੇ ਆਪਣੇ ਮਨ ਦੇ ਪਿੱਛੇ ਨਾ ਤੁਰ ਕੇ, ਮਨ ਨੂੰ ਆਪਣੇ ਮਗਰ ਲਾ ਲੈਂਦੇ ਹਨ ਅਤੇ ਇਹ ਸਮਝ ਲੈਂਦੇ ਹਨ ਕਿ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਫਲ ਮਿਲਣਾ ਹੈ ।ਏਹੋ ਜਿਹੇ ਮਨੁੱਖ ਚੰਗੇ ਕਰਮ ਕਰਦਿਆਂ ਇਸ ਝੂਠੀ ਦੁਨੀਆਂ ਵਿਚ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ।

ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>