ਚੋਣਾਂ ਦੌਰਾਨ ਸਿਆਸਤਦਾਨਾਂ ਵਲੋਂ ਸਿਰੋਪਾਓ ਦੀ ਧਾਰਮਕ ਪਵਿਤਰਤਾ ਦੀ ਦੁਰਵਰਤੋਂ

ਸਿਰੋਪਾਓ ਦੀ ਧਾਰਮਕ ਪਵਿਤਰਤਾ ਅਤੇ ਮਹੱਤਤਾ ਨੂੰ ਵਰਤਮਾਨ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤਦਾਨਾ ਨੇ ਆਪਣੇ ਰਾਜਨੀਤਕ ਅਤੇ ਨਿਜੀ ਹਿੱਤਾਂ ਲਈ ਵਰਤ ਕੇ ਦੁਰਵਰਤੋਂ ਕੀਤੀ ਹੈ। ਸਿਰੋਪਾਓ ਇਕ ਧਾਰਮਕ ਚਿੰਨ ਹੈ। ਸਿਖ ਇਤਿਹਾਸ ਵਿਚ ਇਸਦੀ ਬਹੁਤ ਹੀ ਧਾਰਮਕ ਮਹੱਤਤਾ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿਰੋਪਾਓ ਦੇਣ ਦੀ ਪਰੰਪਰਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਉਹਨਾਂ ਦੀ ਸੇਵਾ ਨੂੰ ਮੁੱਖ ਰਖਕੇ ਸ਼ੁਰੂ ਕੀਤੀ ਸੀ। ਸਿੱਖ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਇਸ ਨੂੰ ਇਕ ਧਾਰਮਕ ਚਿੰਨ ਦੇ ਤੌਰ ਤੇ ਪ੍ਰਵਾਨ ਕੀਤਾ ਜਾਂਦਾ ਹੈ। ਸਿਰੋਪਾਓ ਕਦੀ ਦਿਤਾ ਨਹੀਂ ਜਾਂਦਾ ਸਗੋਂ ਇਸਦੀ ਬਖਸ਼ਿਸ਼ ਕੀਤੀ ਜਾਂਦੀ ਹੈ, ਇਹ ਬਖਸ਼ਿਸ਼ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੀ ਕੀਤੀ ਜਾ ਸਕਦੀ ਹੈ। ਇਹ ਬਖਸ਼ਿਸ਼ ਕਿਸੇ ਖਾਸ ਵਿਅਕਤੀ ਵਲੋਂ ਧਾਰਮਕ ਖੇਤਰ ਵਿਚ ਮਹੱਤਵਪੂਰਣ ਪ੍ਰਾਪਤੀ ਕਰਨ ਅਰਥਾਤ ਸਿੱਖ ਧਰਮ ਦੇ ਪ੍ਰਚਾਰ, ਪਾਸਾਰ, ਧਰਮ ਦੀ ਰਖਿਆ ਲਈ ਕੋਈ ਬਹਾਦਰੀ ਕਰਨ ਵਾਲੇ ਵਿਅਕਤੀ ਨੂੰ ਸਤਿਕਾਰ ਅਤੇ ਪ੍ਰਸ਼ੰਸ਼ਾ ਲਈ ਸਿੰਘ ਸਾਹਿਬ ਜਾਂ ਗ੍ਰੰਥੀ ਸਿੰਘ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਿਰੋਪਾਓ ਦੀ ਬਖਸ਼ਿਸ਼ ਕਰਦੇ ਹਨ ਪ੍ਰੰਤੂ ਬੜੇ ਦੁਖ ਦੀ ਗਲ ਹੈ ਕਿ ਸਾਡੇ ਧਾਰਮਿਕ ਸਰਬਰਾਹ ਅਤੇ ਸਿਆਸੀ ਆਕਾ ਹੀ ਇਸ ਧਾਰਮਿਕ ਚਿੰਨ ਦੀ ਦੁਰਵਰਤੋਂ ਕਰਨ ਵਿਚ ਮੋਹਰੀ ਹਨ। ਇਸੇ ਕਰਕੇ ਉਹ ਇਸ ਧਾਰਮਕ ਚਿੰਨ ਦੀ ਦੁਰਵਰਤੋਂ ਨੂੰ ਰੋਕਣ ਬਾਰੇ ਸੋਚ ਹੀ ਨਹੀਂ ਸਕਦੇ। ਸਿਆਸਤਦਾਨਾਂ ਦੀ ਤਾਂ ਸੋਚ ਹੀ ਵੱਖਰੀ ਕਿਸਮ ਦੀ ਹੁੰਦੀ ਹੈ ਪ੍ਰੰਤੂ ਧਾਰਮਕ ਆਗੂਆਂ ਅਤੇ ਸ੍ਰੋਮਣੀ ਗੁਰਦਵਾਰਾ ਕਮੇਟੀ ਦੀ ਤਾਂ ਜਿੰਮੇਵਾਰੀ ਹੀ ਸਿੱਖ ਧਰਮ ਦੀਆਂ ਰਹਿਤ ਮਰਿਆਦਾਵਾਂ, ਕਦਰਾਂ ਕੀਮਤਾਂ ਅਤੇ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਹੁੰਦੀ ਹੈ। ਸਿਰੋਪਾਓ ਬਖਸ਼ਿਸ਼ ਕਰਨ ਦਾ ਮਕਸਦ ਹੀ ਕਿਸੇ ਵਿਅਕਤੀ ਵਲੋਂ ਸਿੱਖ ਧਰਮ ਵਿਚ ਕੀਤੇ ਗਏ ਕੰਮ ਨੂੰ ਮਾਣਤਾ ਦੇਣਾ ਹੁੰਦਾ ਹੈ ਤਾਂ ਜੋ ਸੰਗਤ ਨੂੰ ਧਾਰਮਕ ਕੰਮ ਕਰਨ ਦੀ ਪ੍ਰੇਰਨਾ ਮਿਲ ਸਕੇ। ਸਿਆਸਤਦਾਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਨ ਦੀ ਪਰੰਪਰਾ ਸ਼ਾਇਦ ਸਿਖਾਂ ਵਿਚ ਧਰਮ ਅਤੇ ਸਿਆਸਤ ਦੇ ਸਾਂਝੇ ਸਿਧਾਂਤ ਹੋਣ ਕਰਕੇ ਪ੍ਰਚਲਿਤ ਹੋਈ ਹੋਵੇ ਪ੍ਰੰਤੂ ਜਦੋਂ ਗੁਰੂ ਸਹਿਬ ਨੇ ਮੀਰੀ ਤੇ ਪੀਰੀ ਦੀ ਗੱਲ ਕੀਤੀ ਸੀ ਉਦੋਂ ਪ੍ਰਜਾਤੰਤਰ ਨਹੀਂ ਹੁੰਦਾ ਸੀ। ਮਨੁੱਖਤਾ ਤੇ ਜੁਲਮ ਹੋ ਰਹੇ ਸਨ, ਗਰੀਬ ਤੇ ਗਊ ਦੀ ਰਖਿਆ ਜਰੂਰੀ ਸੀ ਅਤੇ ਸਿੱਖਾਂ ਦੇ ਅਸਤਿਤਵ ਦਾ ਸਵਾਲ ਸੀ। ਅੱਜ ਤਾਂ ਸਮਾਂ ਹੀ ਬਦਲ ਚੁੱਕਾ ਹੈ। ਸਿਖਾਂ ਨੂੰ ਸਮੇਂ ਦੀ ਨਜਾਕਤ ਸਮਝਣੀ ਚਾਹੀਦੀ ਹੈ। ਸ੍ਰੋਮਣੀ ਅਕਾਲੀ ਦਲ ਦੇ ਸਿੱਖਾਂ ਦੀ ਸਰਵੋਤਮ ਧਾਰਮਕ ਸੰਸਥਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਇਕ ਸਿਆਸੀ ਪਾਰਟੀ ਦੇ ਤੌਰ ਤੇ ਚੋਣ ਲੜਨ ਨਾਲ ਸਿੱਖ ਧਰਮ ਵਿਚ ਸਿਆਸਤ ਰਲਗਡ ਹੋ ਗਈ ਹੈ। ਸਿੱਖ ਧਰਮ ਕਰਮ ਦੇ ਕੰਮ ਹੁਣ ਸਿਆਸੀ ਲੋਕ ਕਰਦੇ ਹਨ। ਇਸੇ ਕਰਕੇ ਸ਼ਾਇਦ ਅਕਾਲੀ ਸਿਆਸਤਦਾਨਾ ਨੇ ਆਪਣੇ ਆਪਨੂੰ ਗੁਰਦਵਾਰਾ ਸਾਹਿਬਾਨ ਵਿਚ ਸਿਰੋਪਾਓ ਬਖਸ਼ਿਸ਼ ਕਰਵਾਉਣੇ ਸ਼ੁਰੂ ਕਰਵਾ ਲਏ। ਉਹ ਵੀ ਸਿਰਫ ਅਕਾਲੀ ਦਲ ਦੇ ਸਿੱਖਾਂ ਨੂੰ ਹੀ, ਕਿਸੇ ਹੋਰ ਪਾਰਟੀ ਦੇ ਸਿੱਖ ਨੂੰ ਕਦੀ ਕਦਾਈ ਹੀ ਗੁਰਦਵਾਰਾ ਸਾਹਿਬਾਨ ਵਿਚੋਂ ਸਿਰੋਪਾਓ ਦਿਤੇ ਜਾਂਦੇ ਹਨ। ਹੌਲੀ ਹੌਲੀ ਇਹ ਰਵਾਇਤ ਆਮ ਹੋ ਗਈ ਤੇ ਸਿਰੋਪਾਓ ਰਾਜਨੀਤਕ, ਸਮਾਜਿਕ, ਖੇਡ ਮੇਲਿਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਆਦਿ ਦੇ ਮੌਕਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੈਰ ਮੋਜੂਦਗੀ ਵਿਚ ਹੀ ਸਮਾਗਮ ਦੇ ਮੁੱਖ ਮਹਿਮਾਨ ਵਲੋਂ ਪੀਲੇ ਕਪੜੇ ਦੇ ਪਰਨਿਆਂ ਨੂੰ ਸਿਰੋਪਾਓ ਦਾ ਨਾਂ ਦੇ ਕੇ ਦਿਤੇ ਜਾਣੇ ਸ਼ੁਰੂ ਹੋ ਗਏ। ਹੁਣ ਇਹ ਪਰੰਪਰਾ ਐਨੀ ਪ੍ਰਚਲਿਤ ਹੋ ਗਈ ਕਿ ਹਰ ਸਮਾਗਮ ਤੇ ਹੀ ਸਿਰੋਪਾਓ ਦਿਤੇ ਜਾਣ ਲੱਗ ਪਏ। ਇਥੋਂ ਤੱਕ ਕਿ ਸਿਰੋਪਾਓ ਦੇਣ ਅਤੇ ਲੈਣ ਵਾਲੇ ਵਿਅਕਤੀ ਨੇ ਵੀ ਜੋੜੇ ਪਹਿਨੇ ਹੁੰਦੇ ਹਨ। ਕਈ ਵਾਰ ਤਾਂ ਉਹ ਸਿਰੋਂ ਵੀ ਨੰਗੇ ਹੁੰਦੇ ਹਨ। ਸਿਰੋਪਾਓ ਦੇਣ ਤੇ ਲੈਣ ਵਾਲੇ ਵਿਅਕਤੀ ਸਿੱਖ ਧਰਮ ਦੀ ਵਿਚਾਰਧਾਰਾ ਤੇ ਨਾਂ ਤਾਂ ਪਹਿਰਾ ਹੀ ਦਿੰਦੇ ਹਨ ਅਤੇ ਨਾਂ ਹੀ ਉਹ ਗੁਰ ਸਿੱਖ ਹੁੰਦੇ ਹਨ। ਕਈ ਤਾਂ ਸਮਾਜਿਕ ਬੁਰਾਈਆਂ, ਨਸ਼ਾ ਅਤੇ ਸ਼ਰਾਬ ਆਦਿ ਦੇ ਆਦੀ ਹੁੰਦੇ ਹਨ। 30 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਰੋਜ ਅਖਬਾਰਾਂ ਵਿਚ ਖਬਰਾਂ ਪੜਨ ਨੂੰ ਤੇ ਫੋਟੋਆਂ ਵੇਖਣ ਨੂੰ ਮਿਲਦੀਆਂ ਸਨ, ਜਿਹਨਾਂ ਵਿਚ ਦਲ ਬਦਲੂਆਂ ਨੂੰ ਜਿਹੜੇ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿਚ ਟਪੂਸੀ ਮਾਰ ਕੇ ਸ਼ਾਮਿਲ ਹੁੰਦੇ ਸਨ ਨੂੰ ਸਿਰੋਪਾਓ ਪਾ ਕੇ ਨਵੀਂ ਪਾਰਟੀ ਵਿਚ ਸ਼ਾਮਿਲ ਕੀਤਾ ਜਾਂਦਾ ਸੀ। ਇਹਨਾਂ ਚੋਣਾਂ ਵਿਚ ਜਿੰਨੀ ਬੇਅਦਬੀ ਤੇ ਦੁਰਵਰਤੋਂ ਸਿਰੋਪਾਓ ਦੀ ਹੋਈ ਹੈ ਇਸ ਤੋਂ ਪਹਿਲਾਂ ਐਨੀ ਦੁਰਵਰਤੋਂ ਕਦੀ ਨਹੀਂ ਹੋਈ। ਭਾਂਵੇ ਪਿਛਲੇ ਦੱਸ ਕੁ ਸਾਲਾਂ ਤੋਂ ਪੀਲੇ ਕਪੜੇ ਨੂੰ ਸਿਰੋਪਾਓ ਕਹਿ ਕੇ ਲੋਕਾਂ ਦੇ ਗਲਾਂ ਵਿਚ ਪਾਇਆ ਜਾ ਰਿਹਾ ਹੈ। ਸਰਦੇ ਪੁਜਦੇ ਲੋਕ ਤਾਂ ਮੁੱਖ ਮਹਿਮਾਨ ਜਾਂ ਸਨਮਾਨਿਤ ਮਹਿਮਾਨਾਂ ਨੂੰ ਮਹਿੰਗੇ ਸ਼ਾਲ ਜਾਂ ਕੋਈ ਹੋਰ ਚਾਂਦੀ ਦੀ ਤਸ਼ਤਰੀ ਦੇ ਕੇ ਸਨਮਾਨਿਤ ਕਰਦੇ ਹਨ ਪ੍ਰੰਤੂ ਆਮ ਤੌਰ ਤੇ ਪੀਲਾ ਪਰਨਾ ਜਿਸ ਨੂੰ ਸਿਰੋਪਾਓ ਦਾ ਨਾਂ ਦਿੰਦੇ ਹਨ ਹੀ ਦਿਤਾ ਜਾਂਦਾ ਹੈ ਕਿਉਂਕਿ ਇਹ ਸਭ ਤੋਂ ਸਸਤਾ ਪੈਂਦਾ ਹੈ। ਸਨਮਾਨ ਚਿੰਨ ਤਾਂ ਸੈਲਫ ਤੇ ਰੱਖਣ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੇ ਪ੍ਰੰਤੂ ਇਹ ਪੀਲੇ ਪਰਨੇ ਤਾਂ ਸਿਰ ਤੇ ਬੰਨਣ ਦੇ ਕੰਮ ਵੀ ਆਉਂਦੇ ਹਨ। ਚੋਣਾਂ ਦੌਰਾਨ ਉਮੀਦਵਾਰ ਆਪਣੀਆਂ ਕਾਰਾਂ ਦੀਆਂ ਡਿਗੀਆਂ ਵਿਚ ਥੋਕ ਦੇ ਹਿਸਾਬ ਨਾਲ ਪੀਲੇ ਕਪੜੇ ਰੱਖਦੇ ਹਨ ਕਿਉਂਕਿ ਪਤਾ ਨਹੀ ਉਹਨਾਂ ਨੂੰ ਕਿਸ ਵੇਲੇ ਦਲ ਬਦਲੂਆਂ ਨੂੰ ਸਿਰੋਪਾਓ ਦੇ ਕੇ ਡਰਾਮਾ ਕਰਨਾ ਪੈ ਜਾਵੇ। ਉਮੀਦਵਾਰਾਂ ਦੇ ਡਰਾਇਵਰ ਲੋੜ ਪੈਣ ਤੇ ਇਹਨਾਂ ਪਰਨਿਆਂ ਨਾਲ ਕਾਰਾਂ ਤੇ ਜੁਤੀਆਂ ਵੀ ਸਾਫ ਕਰਦੇ ਦੇਖੇ ਗਏ ਹਨ। ਇਸ ਵਾਰ ਇਹਨਾਂ ਵਿਧਾਨ ਸਭਾ ਚੋਣਾਂ ਵਿਚ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਰੋਪਾਓ ਦੀ ਹੱਦ ਤੋਂ ਵੱਧ ਦੁਰਵਰਤੋਂ ਕੀਤੀ ਹੈ ਕਿਉਂਕਿ ਸਾਰੇ ਉਮੀਦਵਾਰ ਇਹ ਪ੍ਰਭਾਵ ਵੋਟਰਾਂ ਤੇ ਪਾਉਣਾਂ ਚਾਹੁੰਦੇ ਸਨ ਕਿ ਉਹਨਾਂ ਨਾਲ ਦੂਜੀ ਪਾਰਟੀ ਦੇ ਲੀਡਰ ਪਾਰਟੀ ਛੱਡ ਕੇ ਸ਼ਾਮਲ ਹੋ ਰਹੇ ਹਨ ਤੇ ਉਸਦਾ ਪੱਲੜਾ ਭਾਰੀ ਹੋ ਰਿਹਾ ਹੈ। ਇਹ ਡਰਾਮਾ ਉਹ ਲੀਡਰਾਂ ਦੇ ਗਲਾਂ ਵਿਚ ਸਿਰੋਪਾਓ ਪਾ ਕੇ ਹੀ ਕਰਦੇ ਸਨ। ਇਹਨਾਂ ਸਿਆਸਤਦਾਨਾ ਨੇ ਕਦੀ ਨਹੀਂ ਸੋਚਿਆ ਕਿ ਇਹ ਢੰਗ ਵਰਤਣ ਨਾਲ ਉਹ ਆਪਣੇ ਧਰਮ ਦੇ ਪਵਿਤਰ ਧਾਰਮਿਕ ਚਿੰਨ ਸਿਰੋਪਾਓ ਦੀ ਦੁਰਵਰਤੋਂ ਕਰ ਰਹੇ ਹਨ। ਸਿਆਸੀ ਲੋਕ ਤਾਂ ਅਕਸਰ ਖੁਦਗਰਜ ਹੁੰਦੇ ਹਨ, ਉਹਨਾਂ ਦਾ ਮਕਸਦ ਧਰਮ ਦੀ ਹਿਫਾਜਤ ਨਹੀਂ ਸਿਆਸਤ ਹੁੰਦੀ ਹੈ। ਅਜਿਹੀ ਹੀ ਇਕ ਘਟਨਾ ਦਾ ਮੈਂ ਗਵਾਹ ਹਾਂ ਕਿ ਇਕ ਵਾਰ ਇਕ ਮੰਤਰੀ ਜੋ ਆਪਣੇ ਆਪਨੂੰ ਧਰਮ ਨਿਰਪੱਖ ਅਖਵਾਉਂਦਾ ਸੀ ਨੂੰ ਕਿਸੇ ਪਿੰਡ ਦੇ ਗੁਰਦਵਾਰਾ ਸਾਹਿਬ ਵਿਚ ਸਿਰੋਪਾਓ ਦਿਤਾ ਗਿਆ। ਉਸਨੇ ਆਪਣੇ ਸਿਰ ਨੂੰ ਪੀਲੇ ਪਟਕੇ ਨਾਲ ਢਕਿਆ ਹੋਇਆ ਸੀ। ਉਸੇ ਤਰ੍ਹਾਂ ਸਿਰੋਪਾਓ ਆਪਣੇ ਗਲੇ ਦੇ ਆਲੇ ਦੁਆਲੇ ਹੀ ਰਹਿਣ ਦਿਤਾ ਤੇ ਆਪਣੀ ਗੱਡੀ ਵਿਚ ਆ ਕੇ ਬਹਿ ਗਿਆ। ਮੈਂ ਉਸ ਸਮੇਂ ਜਿਲਾ ਲੋਕ ਸੰਪਰਕ ਅਫਸਰ ਸੀ, ਮੈਨੂੰ ਵੀ ਗੱਡੀ ਵਿਚ ਨਾਲ ਹੀ ਬਿਠਾ ਲਿਆ ਤੇ ਮੰਤਰੀ ਸਾਹਿਬ ਕਹਿਣ ਲੱਗੇ ਕਿ ਅਖਬਾਰਾਂ ਵਿਚ ਸਿਰੋਪਾਓ ਵਾਲੀ ਫੋਟੋ ਲਗਵਾ ਦੇਣੀ ਤੇ ਨਾਲ ਹੀ ਉਸਨੇ ਸਿਗਰਟ ਸੁਲਗਾ ਲਈ, ਹੁਣ ਤੁਸੀਂ ਖੁਦ ਹੀ ਸੋਚੋ ਕਿ ਅਜਿਹੇ ਸਿਆਸਤਦਾਨਾ ਨੂੰ ਸਿਰੋਪਾਓ ਦੇਣਾ ਕਿੰਨਾ ਕੁ ਜਾਇਜ ਹੈ। ਇਸ ਤੋਂ ਸਪਸ਼ਟ ਹੈ ਕਿ ਧਰਮ ਵਿਚ ਸਿਆਸਤ ਦੀ ਦਖਲ ਅੰਦਾਜੀ ਨੇ ਧਰਮ ਦਾ ਨੁਕਸਾਨ ਹੀ ਕੀਤਾ ਹੈ, ਮੁੱਖ ਤੌਰ ਤੇ ਸ੍ਰੋਮਣੀ ਗੁਰਦਵਾਰਾ ਕਮੇਟੀ ਸਿੱਖੀ ਵਿਚਾਰਧਾਰਾ, ਰਹਿਤ ਮਰਿਆਦਾ ਅਤੇ ਸਿਖੀ ਸਿਧਾਂਤਾਂ ਤੇ ਪਹਿਰਾ ਦਿੰਦੀ ਹੈ ਪ੍ਰੰਤੂ ਦੁਖ ਦੀ ਗੱਲ ਹੈ ਇਸ ਉਪਰ ਹਮੇਸ਼ਾਂ ਅਕਾਲੀ ਦਲ ਦੇ ਇਕ ਗਰੁੱਪ ਦਾ ਕਬਜਾ ਰਿਹਾ ਹੈ। ਉਹ ਐਸ.ਜੀ.ਪੀ.ਸੀ ਵਿਚ ਮਨਮਾਨੀਆਂ ਕਰਦੇ ਹਨ, ਇਊਂ ਮਹਿਸੂਸ ਹੋ ਰਿਹਾ ਹੈ ਕਿ ਐਸ.ਜੀ.ਪੀ.ਸੀ ਆਪਣੇ ਫਰਜ ਨਿਭਾਉਣ ਵਿਚ ਕਾਮਯਾਬ ਨਹੀਂ ਰਹੀ, ਇਸੇ ਕਰਕੇ ਧਾਰਮਿਕ ਚਿੰਨਾਂ ਦੀ ਦੁਰਵਰਤੋਂ ਹੋ ਰਹੀ ਹੈ। ਸਿਰੋਪਾਓ ਦੇਣ ਲਈ ਐਸ.ਜੀ.ਪੀ.ਸੀ ਨੂੰ ਕੋਈ ਮਾਪਦੰਡ ਨਿਰਧਾਰਤ ਕਰਨਾ ਚਾਹੀਦਾ ਹੈ। ਹੁਣ ਤਾਂ ਇਹ ਮਹਿਸੂਸ ਹੋ ਰਿਹਾ ਹੈ ਕਿ ਅਕਾਲੀ ਲੀਡਰਾਂ ਨੇ ਆਪਣੇ ਆਪ ਨੂੰ ਸਨਮਾਨਤ ਕਰਵਾਉਣ ਲਈ ਹੀ ਇਹ ਪਰੰਪਰਾ ਤੋਰੀ ਹੈ ਕਿਉਂਕਿ ਗੁਰਦਵਾਰਾ ਸਾਹਿਬਾਨ ਵਿਚ ਆਮ ਤੌਰ ਤੇ ਅਕਾਲੀ ਲੀਡਰਾਂ ਨੂੰ ਹੀ ਸਿਰੋਪਾਓ ਬਖਸ਼ਿਸ਼ ਕੀਤੇ ਜਾਂਦੇ ਹਨ, ਹੋਰ ਪਾਰਟੀਆਂ ਦੇ ਲੀਡਰਾਂ ਨੂੰ ਅਣਡਿਠ ਕੀਤਾ ਜਾਦਾ ਹੈ। ਹੁਣ ਇਹ ਪਰੰਪਰਾ ਸਾਰੇ ਛੋਟੇ ਮੋਟੇ ਸਮਾਗਮਾਂ ਵਿਚ ਸ਼ੁਰੂ ਹੋ ਗਈ ਹੈ। ਜਿਸ ਨਾਲ ਸਿਰੋਪਾਓ ਦਾ ਸਤਿਕਾਰ ਤੇ ਪਵਿਤਰਤਾ ਘਟ ਰਹੀ ਹੈ। ਜਦੋਂ ਆਪ ਮੁਹਾਰੇ ਲੋਕਾਂ ਤੇ ਧਰਮ ਦਾ ਡਰ ਨਾਂ ਹੋਵੇ ਤਾਂ ਫਿਰ ਉਹਨਾਂ ਦਾ ਰੱਬ ਹੀ ਰਾਖਾ ਹੈ। ਅਸਲ ਵਿਚ ਧਰਮ ਵਿਚ ਸਿਆਸਤ ਦੀ ਦਖਲ ਅੰਦਾਜੀ ਨਾਲ ਹਮੇਸ਼ਾਂ ਨਿਘਾਰ ਆਇਆ ਹੈ। ਜੇਕਰ ਇਹ ਦਖਲਅੰਦਾਜੀ ਨਾਂ ਰੋਕੀ ਗਈ ਤਾਂ ਇਸਦੇ ਘਾਤਕ ਸਿੱਟੇ ਨਿਕਲਨਗੇ ਤੇ ਬਾਅਦ ਵਿਚ ਸਿੱਖਾਂ ਨੂੰ ਪਛਤਾਣਾ ਪਵੇਗਾ।

ਹੁਣ ਸਮਾਂ ਆ ਗਿਆ ਹੈ ਕਿ ਧਾਰਮਕ ਆਗੂ ਤੇ ਵਿਦਵਾਨ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਚੁਕਣ ਤਾਂ ਜੋ ਸਿਖਾਂ ਦਾ ਧਾਰਮਕ ਚਿੰਨਾਂ ਵਿਚ ਵਿਸ਼ਵਾਸ਼ ਬਰਕਰਾਰ ਰਖਿਆ ਜਾ ਸਕੇ ਤੇ ਹੋਰ ਗਿਰਾਵਟ ਨੂੰ ਰੋਕਿਆ ਜਾ ਸਕੇ। ਸਿਖ ਸਿਆਸਤਦਾਨਾਂ ਅਤੇ ਸਿੱਖ ਧਰਮ ਦੇ ਵਿਦਵਾਨਾਂ ਨੂੰ ਇਕੱਠੇ ਹੋ ਕੇ ਸਾਂਝੇ ਰੂਪ ਵਿਚ ਮਿਲ ਬੈਠ ਕੇ ਸਿਰੋਪਾਓ ਦੀ ਦੁਰਵਰਤੋਂ ਰੋਕਣ ਲਈ ਇਕ ਮੁਠ ਹੋ ਕੇ ਉਸਾਰੂ ਸੋਚ ਨਾਲ ਸੋਚ ਵਿਚਾਰ ਕਰਕੇ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਪੰਥ ਦੀ ਸ਼ਾਨ ਬਰਕਰਾਰ ਰੱਖਣ ਲਈ ਕਦਮ ਚੁੱਕਣੇ ਚਾਹੀਦੇ ਹਨ। ਸਿੱਖ ਵਿਦਵਾਨਾਂ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿਰਦਾਰ ਕਪੂਰ ਸਿੰਘ, ਆਈ.ਸੀ.ਐਸ, ਰਿਟਾਇਰਡ ਦੇ ਜੀਵਨ ਸਿਧਾਂਤ ਤੇ ਵਿਚਾਰਧਾਰਾ ਤੋਂ ਪ੍ਰਰਨਾ ਲੈਣੀ ਚਾਹੀਦੀ ਹੈ ਤਾਂ ਹੀ ਅਸੀਂ ਸਿੱਖੀ ਵਿਚ ਆ ਰਹੇ ਨਿਘਾਰ ਨੂੰ ਰੋਕ ਸਕਦੇ ਹਾਂ ਕਿਉਂਕਿ ਸਿਰਦਾਰ ਕਪੂਰ ਸਿੰਘ, ਐਮ.ਐਲ.ਏ ਤੇ ਐਮ.ਪੀ ਵੀ ਬਣੇ ਪ੍ਰੰਤੂ ਉਹਨਾਂ ਸਿਆਸਤ ਵਿਚ ਸਿੱਖ ਧਰਮ ਦੀ ਪਵਿਤਰਤਾ ਕਾਇਮ ਰੱਖਣ ਲਈ ਹਮੇਸ਼ਾਂ ਪਹਿਲ ਕੀਤੀ ਤੇ ਸਿਰਫ ਚੋਣ ਸਮੇਂ ਸੱਚੇ ਸੁੱਚੇ ਸਿੱਖ ਵੋਟਰਾਂ ਦੀਆਂ ਵੋਟਾਂ ਲਈ ਮੱਦਦ ਲਈ। ਪਤਿਤ ਤੇ ਧਰਮ ਤੋਂ ਮੁਨਕਰ ਵੋਟਰਾਂ ਨੂੰ ਉਹਨਾਂ ਹਮੇਸ਼ਾਂ ਕਿਹਾ ਕਿ ਉਹ ਮੈਨੂੰ ਵੋਟ ਨਾਂ ਪਾਉਣ, ਜੇਕਰ ਸਿਆਸਤ ਵਿਚ ਸਿਰਦਾਰ ਕਪੂਰ ਸਿੰਘ ਨੂੰ ਸਿੱਖ ਸਿਆਸਤਦਾਨ ਆਪਣਾ ਮਾਡਲ ਬਣਾ ਲੈਣ ਤਾਂ ਸਿੱਖ ਧਰਮ ਨੂੰ ਬਚਾਇਆ ਜਾ ਸਕਦਾ ਹੈ। ਪ੍ਰੰਤੂ ਬੜੇ ਦੁੱਖ ਦੀ ਗਲ ਹੈ ਕਿ ਅਕਾਲੀ ਸਿਆਸਤਦਾਨਾਂ ਨੇ ਸਿਰਦਾਰ ਕਪੂਰ ਸਿੰਘ ਨੂੰ ਅਜੇ ਤੱਕ ਆਪਣਾ ਮਾਡਲ ਨਹੀਂ ਬਣਾਇਆ। ਜੇਕਰ ਉਹ ਇੰਜ ਨਹੀਂ ਕਰਦੇ ਤਾਂ ਧਰਮ ਨੂੰ ਸਿਆਸਤ ਤੋਂ ਵੱਖ ਕਰਨਾਂ ਜਰੂਰੀ ਹੈ। ਸਿੱਖ ਦਿਨ ਬਦਿਨ ਸਿੱਖੀ ਵਿਚਾਰਧਾਰਾ ਤੋਂ ਦੂਰ ਹੋ ਰਹੇ ਹਨ। ਹੋ ਸਕਦਾ ਹੈ ਅੱਜ ਦੇ ਆਧੁਨਿਕ ਜਮਾਨੇ ਦਾ ਇਹ ਪ੍ਰਭਾਵ ਹੋਵੇ ਪ੍ਰੰਤੂ ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ। ਇਸ ਮੰਤਵ ਲਈ ਸ੍ਰੀ ਅਕਾਲ ਤੱਖਤ ਸਾਹਿਬ ਤੇ ਪੰਜਾਂ ਤੱਖਤਾਂ ਦੇ ਸਿੰਘ ਸਾਹਿਬਾਨਾਂ ਦਾ ਰੋਲ ਬਹੁਤ ਮਹੱਤਵਪੂਰਣ ਹੈ। ਧਾਰਮਕ ਚਿੰਨਾਂ ਦੀ ਦੁਰਵਰਤੋਂ ਰੋਕਣ ਲਈ ਆਮ ਸਮਾਗਮਾਂ ਵਿਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੌਜੂਦ ਨਹੀਂ ਉਥੇ ਸਿਰੋਪਾਓ ਦੀ ਬਖਸ਼ਿਸ਼ ਕਰਨ ਤੋਂ ਰੋਕਣ ਲਈ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>