ਨਵੀਂ ਦਿੱਲੀ-ਮੀਡੀਆ ਦੀਆਂ ਕਈ ਏਜੰਸੀਆਂ ਵਲੋਂ ਭਾਰਤ ਦੇ ਰਾਜਾਂ ਪੰਜਾਬ, ਉਤਰਾਖੰਡ, ਮਣੀਪੁਰ, ਗੋਆ ਅਤੇ ਉਤਰ ਪ੍ਰਦੇਸ਼ ਵਿਚ ਹੋਈਆਂ ਚੋਣਾਂ ਦੇ ਏਗਿਜ਼ਟ ਸਰਵੇਖਣ ਜਾਰੀ ਕੀਤੇ ਗਏ ਹਨ।
ਇਨ੍ਹਾਂ ਚੋਣ ਸਰਵੇਖਣਾਂ ਚੋਂ ਪੰਜਾਬ ਸਬੰਧੀ ਏਜੰਸੀਆਂ ਦੀ ਰਾਏ ਹੈ ਕਿ ਉਥੇ ਕਾਂਗਰਸ ਜੇਤੂ ਰਹੇਗੀ ਪਰੰਤੂ ਉਥੇ ਕਾਂਗਰਸ ਅਤੇ ਅਕਾਲੀ-ਭਾਜਪਾ ਵਿਚਕਾਰ ਕਾਂਟੇ ਦੀ ਟੱਕਰ ਹੋਣ ਦਾ ਅਨੁਮਾਨ ਹੈ।
117 ਸੀਟਾਂ ਵਾਲੀ ਵਿਧਾਨ ਸਭਾ ਵਿਚ 65 ਸੀਟਾਂ ਕਾਂਗਰਸ ਦੀ ਝੋਲੀ ਪੈਣ ਦੀ ਗੱਲ ਕਹੀ ਗਈ ਹੈ ਅਤੇ 47 ਸੀਟਾਂ ‘ਤੇ ਅਕਾਲੀ-ਭਾਜਪਾ ਦੇ ਜੇਤੂ ਰਹਿਣ ਦੇ ਅੰਦਾਜ਼ੇ ਹਨ। ਬਾਕੀ ਰਹਿੰਦੀਆਂ 5 ਸੀਟਾਂ ਹੋਰਨਾਂ ਉਮੀਦਵਾਰਾਂ ਨੂੰ ਮਿਲ ਸਕਦੀਆਂ ਹਨ।
ਉਤਰਾਖੰਡ ਵਿਚ 70 ਸੀਟਾਂ ਤੋਂ 30 ਕਾਂਗਰਸ, 18 ਭਾਜਪਾ ਅਤੇ 2 ਹੋਰਨਾਂ ਨੂੰ ਮਿਲਣ ਦੀ ਆਸ ਹੈ। ਗੋਆ ਵਿਚ 40 ਸੀਟਾਂ ਚੋਂ 20 ਭਾਜਪਾ, 17 ਕਾਂਗਰਸ ਅਤੇ 3 ਹੋਰਨਾਂ ਨੂੰ ਮਿਲਣ ਦੀ ਆਸ ਹੈ। ਮਣੀਪੁਰ ਵਿਚ 60 ਸੀਟਾਂ ਚੋਂ 25 ਕਾਂਗਰਸ, 10 ਐਨਸੀਪੀ, 9 ਤ੍ਰਿਣਮੂਲ ਅਤੇ ਬਾਕੀ ਹੋਰਨਾਂ ਨੂੰ ਮਿਲਣ ਦਾ ਅੰਦਾਜ਼ਾ ਹੈ।
ਭਾਰਤ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਜਿਥੇ 403 ਸੀਟਾਂ ‘ਤੇ ਵੋਟਾਂ ਪਈਆਂ ਉਨ੍ਹਾਂ ਚੋਂ ਸਟਾਰ ਨਿਊਜ਼ ਮੁਤਾਬਕ 183 ਸੀਟਾਂ ਮੁਲਾਇਮ ਸਿੰਘ ਦੀ ਸਮਾਜਵਾਦੀ ਪਾਰਟੀ, 83 ਬਹੁਜਨ ਸਮਾਜ ਪਾਰਟੀ, 62 ਕਾਂਗਰਸ, 71 ਭਾਜਪਾ ਅਤੇ 2 ਹੋਰਨਾਂ ਨੂੰ ਮਿਲਣ ਦੀ ਆਸ ਹੈ। ਹੋਰਨਾਂ ਕਈ ਚੈਨਲਾਂ ਵਲੋਂ ਵੀ ਵੱਖੋ ਵੱਖਰੇ ਅੰਦਾਜ਼ੇ ਲਾਏ ਜਾ ਰਹੇ ਹਨ।
ਇਹ ਤਾਂ ਸਿਰਫ਼ ਅੰਦਾਜ਼ੇ ਹੀ ਹਨ ਬਾਕੀ ਨਤੀਜੇ ਤਾਂ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਹੀ ਪਤਾ ਚਲਣਗੇ। ਇਥੇ ਇਹ ਵੀ ਵਰਣਨਯੋਗ ਹੈ ਕਿ ਕਈ ਵਾਰ ਇਸ ਪ੍ਰਕਾਰ ਦੀਆਂ ਅਨੇਕਾਂ ਏਜੰਸੀਆਂ ਵਲੋਂ ਲਾਏ ਗਏ ਅੰਦਾਜ਼ੇ ਗਲਤ ਵੀ ਸਾਬਤ ਹੋ ਚੁੱਕੇ ਹਨ। ਹੁਣ ਵੇਖਣਾ ਇਹ ਹੈ ਕਿ ਇਸ ਵਾਰ ਇਨ੍ਹਾਂ ਦੇ ਅੰਦਾਜ਼ੇ ਕਿਥੋਂ ਤੱਕ ਸਹੀ ਹੁੰਦੇ ਹਨ।