ਨਵੀਂ ਦਿੱਲੀ-ਪਰਮਜੀਤ ਸਿੰਘ ਸਰਨਾ ਵਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਉਸਾਰੇ ਜਾ ਰਹੇ ਹਸਪਤਾਲ ਦੇ ਮਾਮਲੇ ਵਿਚ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਇਥੇ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਸ: ਸਰਨਾ ਨੇ ਕਿਹਾ ਕਿ ਬਾਦਲ ਅਕਾਲੀ ਦਲ ਵਲੋਂ ਗੈਰ ਸਮਾਜਿਕ ਅਨਸਰਾਂ ਦੀ ਮਦਦ ਨਾਲ ਕੀਤਾ ਗਿਆ ਗੁੰਡਾਗਰਦੀ ਦਾ ਨਾਚ ਅਤਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁੰਡਾਗਰਦੀ ਅਕਾਲੀ ਦਲ ਬਾਦਲ ਵਲੋਂ ਦਿੱਲੀ ਵਿਖੇ ਗੁਰਦੁਆਰਾ ਸਾਹਿਬ ਦੇ ਵਿਸਥਾਰ ਅਤੇ ਵਿਕਾਸ ਵਿਚ ਰੋੜਾ ਅਟਕਾਉਣ ਦਾ ਕੋਈ ਨਵਾਂ ਕਿੱਸਾ ਨਹੀਂ, ਸਗੋਂ ਪੁਰਾਣੀ ਆਦਤ ਹੈ। ਉਨ੍ਹਾਂ ਨੇ ਕਿਹਾ ਕਿ ਇਸਦਾ ਡਟਵਾਂ ਮੁਕਾਬਲਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ੍ਰ਼ੋਮਣੀ ਅਕਾਲੀ ਦਲ ਦਿੱਲੀ ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹਮੇਸ਼ਾਂ ਵਚਨਬੱਧ ਹੈ।
ਸ: ਸਰਨਾ ਨੇ ਕਿਹਾ ਕਿ ਬਾਦਲ ਦਲ ਨੇ ਪੰਜਾਬ ਵਿਚ ਐਸਜੀਪੀਸੀ ਦੇ ਗੁਰਦੁਆਰਿਆਂ ਦੀ ਗੋਲਕ ਦੀ ਲੁੱਟ ਜਾਰੀ ਰੱਖੀ ਹੋਈ ਹੈ, ਜਿਸ ਕਾਰਣ ਸ੍ਰੀ ਦਰਬਾਰ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਹੀ ਗੁਰਦੁਆਰੇ ਘਾਟੇ ਵਿਚ ਚਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਰਿਆਣਾ ਵਿਖੇ ਮੀਰੀ ਪੀਰੀ ਮੈਡੀਕਲ ਕਾਲਜ ਦੇ ਟਰਸਟਾਂ ਵਿਚ ਸ: ਪਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਚਹੇਤੇ ਟਰਸਟੀ ਹਨ।
ਇਥੇ ਇਹ ਵੀ ਵਰਣਨਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਦੌਰਾਨ ਸ: ਪਰਮਜੀਤ ਸਿੰਘ ਸਰਨਾ ਅਤੇ ਕਮੇਟੀ ਦੇ ਸਾਬਕਾ ਪ੍ਰਧਾਨ ਸ: ਹਰਵਿੰਦਰ ਸਿੰਘ ਸਰਨਾ ਨੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਾਦਲਕਿਆਂ ਅਤੇ ਕਾਂਗਰਸੀ ਤਰਵਿੰਦਰ ਸਿੰਘ ਮਰਵਾਹ ਦੇ ਗੁੰਡਿਆਂ ਵਲੋਂ ਸ: ਸਰਨਾ ਪੁਰ ਕੀਤੇ ਗਏ ਹਮਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸਦੇ ਨਾਲ ਸਰਬ ਸੰਮਤੀ ਨਾਲ ਮੰਗ ਕੀਤੀ ਗਈ ਕਿ ਸ: ਤਰਵਿੰਦਰ ਸਿੰਘ ਮਰਵਾਹ, ਮਨਜੀਤ ਸਿੰਘ ਜੀ ਕੇ, ਕੁਲਦੀਪ ਸਿੰਘ ਭੋਗਲ ਅਤੇ ਅਵਤਾਰ ਸਿੰਘ ਹਿਤ ਤੇ ਉਨ੍ਹਾਂ ਦੇ ਸਾਥੀਆਂ ਵਿਰੁਧ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਏ। ਇਸਦੇ ਨਾਲ ਹੀ ਇਨ੍ਹਾਂ ਨੇ ਇਸ ਘਟਨਾ ਦੀ ਜਾਂਚ ਹਾਈ ਕੋਰਟ ਦੇ ਕਿਸੇ ਜੱਜ ਪਾਸੋਂ ਕਰਵਾਈ ਜਾਣ ਦੀ ਮੰਗ ਕੀਤੀ।
ਪਿਛਲੇ ਦਿਨੀਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਉਸਾਰੇ ਜਾ ਰਹੇ ਹਸਪਤਾਲ ਸਬੰਧੀ ਇਕ ਪ੍ਰੋਗਰਾਮ ਸਮੇਂ ਦੋ ਧੜਿਆਂ ਵਿਚ ਝੜਪ ਹੋ ਗਈ ਸੀ। ਜਿਸ ਦੌਰਾਨ ਕੁਝ ਸਥਾਨਕ ਲੋਕਾਂ ਵਲੋਂ ਇਸ ਸਮਾਗਮ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬਾਅਦ ਵਿਚ ਇਸਨੇ ਲੜਾਈ ਦਾ ਰੂਪ ਧਾਰ ਲਿਆ। ਗੁਰਦੁਆਰ ਬਾਲਾ ਸਾਹਿਬ ਵਿਖੇ ਵਾਪਰੀ ਇਸ ਘਟਨਾ ਦੌਰਾਨ ਪੱਥਰਾਂ, ਸੋਡੇ ਦੀਆਂ ਬੋਤਲਾਂ ਚਲੀਆਂ ਸਨ।