ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਪੋਟਲੀ (ਰਣਜੀਤ ਸਿੰਘ ਪ੍ਰੀਤ)

ਇਸ ਵਾਰੀ ਸਭ ਤੋਂ ਵੱਧ 36 ਦਿਨ ਪੰਜਾਬੀਆਂ ਨੂੰ ਚੋਣ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ ਏ । ਇਸ ਤੋਂ ਪਹਿਲਾਂ 1997 ਵਿਚ 7 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਗਿਣਤੀ 9 ਫਰਵਰੀ ਨੂੰ ਹੀ ਹੋ ਗਈ ਸੀ। ਸਨ 2002 ਵਿੱਚ 13 ਫਰਵਰੀ ਨੂੰ ਵੋਟਾਂ ਪਈਆਂ ਅਤੇ ਮੁਖ ਮੰਤਰੀ ਦਾ ਪਤਾ 24 ਫਰਵਰੀ ਦੇ ਨਤੀਜਿਆਂ ਨਾਲ ਹੀ ਸਾਹਮਣੇ ਆ ਗਿਆ ਸੀ। ਪਿਛਲੀਆਂ 2007 ਦੀਆਂ ਚੋਣਾਂ ਮੌਕੇ 13 ਫਰਵਰੀ ਦੀ ਪੋਲਿੰਗ ਮਗਰੋਂ 27 ਫਰਵਰੀ ਤੱਕ ਹੀ ਨਤੀਜਿਆਂ ਦੀ ਉਡੀਕ ਕਰਨੀ ਪਈ ਸੀ। ਪਰ ਇਸ ਵਾਰੀ ਬਹੁਤਾ ਸਮਾਂ ਲੱਗਣ ਕਰਕੇ ਬਹੁਤ ਸਾਰੇ ਕੰਮ ਵੀ ਪ੍ਰਭਾਵਿਤ ਹੋਏ ਹਨ ।

30 ਜਨਵਰੀ ਤੋਂ ਮਸ਼ੀਨਾਂ ਵਿੱਚ ਬੰਦ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਾਹਰ ਆ ਰਿਹਾ ਏ । ਲੰਮੀ ਉਡੀਕ ਨੇ ਰਾਜਨੀਤਕ ਨੇਤਾਵਾਂ ਦੇ ਸਾਹ ਸੂਤੀ ਰੱਖੇ ਹਨ। ਉਹਨਾਂ ਨੇ ਵੱਖ ਵੱਖ ਥਾਵਾਂ ‘ਤੇ ਜਾ ਕੇ ਸੁੱਖਾਂ ਸੁੱਖੀਆਂ ਅਤੇ ਨਤ-ਮਸਤਕ ਹੋਏ ਹਨ। ਪਰ ਉਹ ਸ਼ਾਇਦ ਇਹ ਗੱਲ ਭੁੱਲੇ ਰਹੇ ਸਨ ਕਿ ਜੋ ਲੋਕ  ਫ਼ੈਸਲਾ 30 ਜਨਵਰੀ ਨੂੰ ਹੋ ਚੁੱਕਿਆ ਏ  ਉਸ ਨੂੰ ਇਹਨਾਂ ਸੁੱਖਣਾ ਨਾਲ ਬਦਲਿਆ ਨਹੀਂ ਜਾ ਸਕਦਾ। ਪਰ ਫਿਰ ਵੀ 9 ਮਹੀਨੇ ਹਰੇਕ ਹੀ ਮੁੰਡੇ ਦੀ ਮਾਂ ਵਾਲੀ ਗੱਲ ਵਾਂਗ, ਇਹਨਾਂ ਨੇ ਜਿੱਤਾਂ ਦੇ ਦਾਅਵੇ ਬਰਕਰਾਰ ਰੱਖੇ ਹਨ ।।

ਹੁਣ ਤੱਕ ਦੇ ਪੰਜਾਬ ਇਤਿਹਾਸ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ 37 ਸਾਲ 25 ਦਿਨ ਰਾਜ ਕੀਤਾ ਹੈ । ਏਸੇ ਹੀ ਪਰਾਟੀ ਦੇ ਡਾਕਟਰ ਗੋਪੀ ਚੰਦ ਭਾਰਗਵ ਨੇ ਸਭ ਤੋਂ ਘਟ ਸਿਰਫ਼ 16 ਦਿਨ ਮੁੱਖ ਮੰਤਰੀ ਵਜੋਂ 21 ਜੂਨ 1964 ਤੋਂ 6 ਜੁਲਾਈ 1964 ਤੱਕ ਬਿਤਾਏ ਹਨ। ਜਦੋਂ ਕਿ ਪ੍ਰਤਾਪ ਸਿੰਘ ਕੈਰੋਂ ਨੇ ਲਗਾਤਾਰ ਸਭ ਤੋਂ ਵੱਧ ਸਮਾਂ 23 ਜਨਵਰੀ 1956 ਤੋਂ 21 ਜੂਨ 1964 ਤਕ 8 ਸਾਲ 5 ਮਹੀਨੇ ਮੁੱਖ ਮੰਤਰੀ ਵਜੋਂ ਕਾਰਜ ਕੀਤਾ ਹੈ। ਗਿਆਨੀ ਜ਼ੈਲ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕ੍ਰਮਵਾਰ 5 ਸਾਲ ਇਕ ਮਹੀਨਾ 4 ਦਿਨ ਅਤੇ 5 ਸਾਲ 3 ਦਿਨ ਮੁੱਖ ਮੰਤਰੀ ਦੀ ਕੁਰਸੀ ਦਾ ਨਿੱਘ ਮਾਣਿਆਂ ਹੈ।

ਅਕਾਲੀ ਪਾਰਟੀ ਨੇ ਕੁਲ ਮਿਲਾਕੇ 18 ਸਾਲ 3 ਮਹੀਨੇ 21 ਦਿਨ ਰਾਜ ਕਰਿਆ ਹੈ । ਦੂਜੇ ਸ਼ਬਦਾਂ ਵਿਚ ਇਹ ਵੀ ਕਹਿ ਸਕਦੇ ਹਾਂ ਕਿ ਕਾਂਗਰਸ ਨਾਲੋਂ ਅੱਧਾ ਸਮਾਂ ਹੀ ਰਾਜ ਕੀਤਾ ਹੈ। ਜਸਟਿਸ ਗੁਰਨਾਮ ਸਿੰਘ ਨੇ ਸਭ ਤੋਂ ਘਟ ਸਮਾਂ ਸਿਰਫ਼ 8 ਮਹੀਨੇ 22 ਦਿਨ, 8 ਮਾਰਚ 1967 ਤੋਂ 23 ਨਵੰਬਰ 1967 ਤਕ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲੀ ਹੈ। ਅਕਾਲੀ ਪਾਰਟੀ ਦੇ ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਪਹਿਲੇ ਮੁੱਖ ਮੰਤਰੀ ਅਖਵਾਏ ਹਨ । ਜਿੰਨ੍ਹਾਂ ਨੇ ਪਹਿਲੀ ਵਾਰ 5 ਸਾਲ 17 ਦਿਨ, 12 ਫਰਵਰੀ 1997 ਤੋਂ 26 ਫਰਵਰੀ 2002 ਤਕ ਪੂਰੇ ਕੀਤੇ ਸਨ । ਹੁਣ ਦੂਜੀ ਪਾਰੀ ਵਿਚ ਵੀ ਚੋਣ ਨਤੀਜਿਆਂ ਵਾਲੇ ਦਿਨ ਤਕ ਉਹ 5 ਸਾਲ 7 ਦਿਨ ਮੁੱਖ ਮੰਤਰੀ ਵਜੋਂ ਬਿਤਾ ਚੁਕੇ ਹਨ। ਕੁਲ ਮਿਲਾਕੇ ਪੰਜਾਬ ਦੇ ਸਾਰੇ ਮੁੱਖ ਮੰਤਰੀਆਂ ਨਾਲੋਂ ਵੱਧ ਸਮਾਂ 13 ਸਾਲ 11 ਮਹੀਨੇ 15 ਦਿਨ ਪ੍ਰਕਾਸ਼ ਸਿੰਘ ਬਾਦਲ ਹੀ ਰਾਜ ਗੱਦੀ ‘ਤੇ ਰਹੇ ਹਨ ।।

ਪੰਜਾਬ ਵਿਚ 9 ਸਾਲ 5 ਮਹੀਨੇ 6 ਦਿਨ ਰਾਸ਼ਟਰਪਤੀ ਰਾਜ ਵੀ ਰਿਹਾ ਏ। ਜਿਸ ਵਿਚ ਸਭ ਤੋਂ ਘਟ ਸਮਾਂ 30 ਅਪ੍ਰੈਲ 1977 ਤੋਂ 20 ਜੂਨ 1977 ਤਕ ਸਿਰਫ਼ 51 ਦਿਨ ਦਾ ਹੈ। ਸਭ ਤੋਂ ਵੱਧ ਸਮਾਂ ਰਾਸ਼ਟਰਪਤੀ ਰਾਜ 11 ਜੂਨ 1987 ਤੋਂ 25 ਫਰਵਰੀ 1992 ਤੱਕ 4 ਸਾਲ 8 ਮਹੀਨੇ 13 ਦਿਨ ਰਿਹਾ ਏ ।

ਕਾਂਗਰਸ ਪਾਰਟੀ ਨੇ ਹੁਣ ਤੱਕ 11 ਮੁੱਖ ਮੰਤਰੀ ਅਜ਼ਮਾਏ ਹਨ । ਜਿੰਨ੍ਹਾਂ ਵਿੱਚ ਡਾਕਟਰ ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ, ਰਾਮ ਕਿਸ਼ਨ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਗਿਆਂਨੀ ਜੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਅ ਸ਼ਾਮਲ ਹਨ।

ਜਦੋਂ ਕਿ ਅਕਾਲੀ ਪਾਰਟੀ ਨੇ ਸਿਰਫ਼ ਚਾਰ ਹੀ ਮੁੱਖ ਬਣਾਏ ਹਨ । ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ । ਪੰਜਾਬ ਦੇ ਪਹਿਲੇ ਮੁੱਖ ਮੰਤਰੀ 1946 ਵਿਚ ਖਿਜਰ ਹਯਾਤ ਖਾਂ ਬਣੇ ਸਨ। ਜਦੋਂ ਕਿ ਪੰਜਾਬ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਮੁੱਖ ਮੰਤਰੀ ਡਾ ਗੋਪੀ ਚੰਦ ਭਾਰਗਵ ਬਣੇ ਅਤੇ ਉਹ 15 ਅਗਸਤ 1947 ਤੋਂ 13 ਅਪਰੈਲ 1949 ਤਕ ਇਸ ਅਹੁਦੇ ‘ਤੇ ਰਹੇ। ਲਛਮਣ ਸਿੰਘ ਗਿੱਲ ਭਾਵੇਂ ਅਕਾਲੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤੇ ਸਨ, ਪਰ ਮਗਰੋਂ ਕਾਂਗਰਸ ਦੀ ਹਮਾਇਤ ਲੈਂਦਿਆਂ ਮੁੱਖ ਮੰਤਰੀ ਦੀ ਕੁਰਸੀ ਹਥਿਆ ਲਈ ਸੀ।

ਭਾਰਤ ਵਿਚ ਪਹਿਲੀ ਗੈਰ-ਕਾਂਗਰਸੀ ਸਰਕਾਰ ਅਕਾਲੀ ਦਲ ਦੇ ਸਹਿਯੋਗ ਨਾਲ ਗਿਆਨ ਸਿੰਘ ਰਾੜੇਵਾਲਾ ਨੇ ਪੈਪਸੂ ਸਟੇਟ ਵਿੱਚ ਬਣਾਈ ਸੀ। ਪਰ ਇਹ 4 ਮਾਰਚ 1953 ਨੂੰ ਅਕਾਲੀ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਚੋਣ ਰੱਦ ਹੋਣ ਕਾਰਣ 5 ਮਾਰਚ ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। ਸਾਂਝੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ 23 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਬਣੇ । ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਖਵਾਈ ਹੈ । ਇਸ ਤੋਂ ਇਲਾਵਾ ਸਾਹਿਤਕਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਗਿਆਂਨੀ ਜੈਲ ਸਿੰਘ  ਅਤੇ ਇਕ ਵਾਰ ਕਮਿਊਨਿਸਟ ਪਾਰਟੀ ਦੇ ਰਾਮ ਕਿਸ਼ਨ ਵੀ ਮੁੱਖ ਮੰਤਰੀ ਬਣੇ ਹਨ ।

ਪਹਿਲੀ ਮਾਰਚ 2007 ਤੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਅਹੁਦੇ ‘ਤੇ ਬਿਰਾਜਮਾਨ ਹਨ।। ਅੱਜ ਕੁੱਝ ਹੀ ਸਮੇ ਤੱਕ ਪਤਾ ਲੱਗਣ ਵਾਲਾ ਹੈ ਕਿ ਵੋਟਰਾਂ ਨੇ  ਕਿਸ ਨੂੰ ਮੁੱਖ ਮੰਤਰੀ ਬਣਾਇਆ ਹੈ? ਜੋ 30 ਜਨਵਰੀ ਤੋਂ ਹੀ ਮਸ਼ੀਨਾਂ ਵਿੱਚ ਬੰਦ ਪਿਆ ਹੈ।ਇਸ ਵਾਰੀ ਚੋਣਾਂ ਦੌਰਾਂਨ ਕਾਫੀ ਸੁਧਾਰ ਵੇਖਣ ਨੂੰ ਮਿਲੇ ਹਨ । ਪਰ ਚੋਣਾਂ ਸਮੇ ਅਜੇ ਹੋਰ ਲੋੜ ਹੈ ਚੌਕਸੀ ਦੀ, ਚੋਣ ਪ੍ਰਣਾਲੀ ਦੇ ਸੁਧਾਰ ਦੀ , ਕੁੱਝ ਹੋਰ ਗੱਲਾਂ ਵੀ ਬਹੁਤ ਧਿਆਂਨ ਮੰਗਦੀਆਂ ਹਨ,ਅਤੇ ਨਿਗਰਾਨੀ ਵੀ। ਇਸ ਵਾਸਤੇ ਸਿਖਿਆ ਦਾ ਵਿਕਾਸ ਬਹੁਤ ਜਰੂਰੀ ਹੈ। ਜੋ ਸਮੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ। ਕਿਓਂ ਕਿ ਇਹ ਗੱਲ ਉਹਨਾ ਦੇ ਮੇਚੇ ਨਹੀਂ ਬੈਠਦੀ।

(ਰਣਜੀਤ ਸਿੰਘ ਪ੍ਰੀਤ)

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>