ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਪੰਜਾਬ ਦੇ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਮਾਰਚ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਦੌਰਾਨ ਦੋ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਨ੍ਹਾਂ ਵਿਚੋਂ ਇਕ ਕਿਸਾਨ ਬਾਗਬਾਨੀ ਅਤੇ ਦੂਸਰਾ ਖੇਤੀਬਾੜੀ ਨੂੰ ਵਿਕਸਤ ਲੀਹਾਂ ਤੇ ਤੋਰਨ ਵਾਲਾ ਹੁੰਦਾ ਹੈ। ਇਸ ਵਾਰ ਦੋਹਾਂ ਵਰਗਾਂ ਦੇ ਹੀ ਦੋ-ਦੋ ਅਗਾਂਹਵਧੂ ਕਿਸਾਨ ਬੜੀ ਨਿਰਖ ਪਰਖ਼ ਉਪਰੰਤ ਚੁਣੇ ਗਏ ਹਨ। ਬਾਗਬਾਨੀ ਵਿਕਾਸ ਲਈ ਕਪੂਰਥਲਾ ਜ਼ਿਲ੍ਹਾ ਦੇ ਪਿੰਡ ਆਰੀਆਂਵਾਲਾ ਦੇ ਸ: ਸੁਰਜੀਤ ਸਿੰਘ ਸੰਧੂ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਹੌਲੀ ਨਿਵਾਸੀ ਸ: ਮੇਹਰਬਾਨ ਸਿੰਘ ਨੂੰ ਇਸ ਵਾਰ ਮੁੱਖ ਮੰਤਰੀ ਪੁਰਸਕਾਰ ਲਈ ਚੁਣਿਆ ਗਿਆ ਹੈ ਜਦ ਕਿ ਸ: ਜਗਦੀਪ ਸਿੰਘ ਪਿੰਡ ਆਸਲ ਜ਼ਿਲ੍ਹਾ ਫਿਰੋਜ਼ਪੁਰ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਸ: ਗੁਲਜ਼ਾਰ ਸਿੰਘ ਨੂੰ ਅਗਾਂਹਵਧੂ ਖੇਤੀ ਲਈ ਚੁਣਿਆ ਗਿਆ ਹੈ। ਇਨ੍ਹਾਂ ਚਾਰ ਕਿਸਾਨਾਂ ਨੂੰ 21 ਮਾਰਚ ਵਾਲੇ ਦਿਨ ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਮੌਕੇ ਸਨਮਾਨਿਤ ਕੀਤਾ ਜਾਵੇਗਾ।

ਬਾਗਬਾਨੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਵਾਲੇ ਸ. ਸੁਰਜੀਤ ਸਿੰਘ ਸੰਧੂ ਪਿੰਡ ਆਰੀਆਂ ਵਾਲਾ ਜ਼ਿਲ੍ਹਾ ਕਪੂਰਥਲਾ ਨੇ ਮੈਡੀਕਲ ਵਿੱਚ ਬੀ.ਐਸ.ਸੀ. ਅਤੇ ਅੰਗਰੇਜ਼ੀ ਦੀ ਐਮ.ਏ. ਕਰਨ ਉਪਰੰਤ ਬਾਗਬਾਨੀ ਦੇ ਕਿੱਤੇ ਨੂੰ ਅਪਣਾਇਆ । ਆਪਣੇ ਪਰਿਵਾਰ ਦੀ 80 ਏਕੜ ਜ਼ਮੀਨ ਵਿੱਚ ਹੀ ਪਿਛਲੇ 34 ਸਾਲ ਤੋਂ ਅਗਾਂਹ ਵਧੂ ਖੇਤੀ ਅਤੇ ਬਾਗਬਾਨੀ ਕਰ ਰਹੇ ਹਨ । ਪੈਪਸੀ ਫੂਡਜ਼ ਵੱਲੋਂ ਉਨ੍ਹਾਂ ਨੂੰ ਮਿਰਚਾਂ ਅਤੇ ਟਮਾਟਰਾਂ ਦੀ ਪਨੀਰੀ ਰੋਗ ਰਹਿਤ ਤਿਆਰ ਕਰਨ ਬਦਲੇ ਸਨਮਾਨਤ ਕੀਤਾ ਜਾ ਚੁੱਕਾ ਹੈ । ਇਸੇ ਤਰ੍ਹਾਂ ਪੰਜਾਬ ਦੇ ਬਾਗਬਾਨੀ ਵਿਭਾਗ ਵੱਲੋਂ ਵੀ ਉਨ੍ਹਾਂ ਨੂੰ ਬੈਂਗਣਾਂ ਦੀ ਕਾਸ਼ਤ ਵਿੱਚ ਸਰਵੋਤਮ ਪੁਰਸਕਾਰ ਮਿਲ ਚੁੱਕਿਆ ਹੈ ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਨਾਲ ਜੁੜੇ ਸ. ਸੰਧੂ ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਰਹੇ ਹਨ । ਆਪਣੇ ਖੇਤਾਂ ਵਿਚ ਲਾਏ 25 ਏਕੜ ਕਿਨੂੰ ਦੇ ਬਾਗ ਨੂੰ ਪਿਛਲੇ 4 ਸਾਲ ਤੋਂ ਉਹ ਤੁਪਕਾ ਸਿੰਜਾਈ ਵਿਧੀ ਨਾਲ ਸਿੰਜ ਰਹੇ ਹਨ । ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਉਸ ਨੂੰ ਸਥਾਨਕ ਗੁੱਜਰ ਭਾਈਚਾਰੇ ਨੂੰ ਦੇ ਦਿੰਦੇ ਹਨ । ਜਿਸ ਦੇ ਬਦਲੇ ਉਹ ਝੋਨੇ ਦੀ ਕਟਾਈ ਬਿਨਾਂ ਕਿਸੇ ਇਵਜ਼ਾਨੇ ਤੋਂ ਕਰ ਦਿੰਦੇ ਹਨ । 1978 ਤੋਂ ਹੁਣ ਤੀਕ ਉਨ੍ਹਾਂ ਦੇ ਘਰ ਵਿੱਚ ਲੱਗਿਆ ਬਾਇਓਗੈਸ ਪਲਾਂਟ ਅੱਜ ਵੀ ਚਾਲੂ ਹੈ ।  ਪਸ਼ੂਆਂ ਦੇ ਮਲ ਮੂਤਰ ਨੂੰ ਵਰਤ ਕੇ ਉਹ ਘਰੇਲੂ ਲੋੜਾਂ ਜੋਗੀ ਊਰਜਾ ਪੈਦਾ ਕਰਦੇ ਹਨ । ਲੇਜ਼ਰ ਕਰਾਹੇ ਦੀ ਵਰਤੋਂ ਨਾਲ ਉਨ੍ਹਾਂ ਨੇ ਆਪਣੇ ਖੇਤਾਂ ਨੂੰ ਪੱਧਰਾ ਕੀਤਾ ਹੋਇਆ ਹੈ । ਕਿਨੂੰ ਦੇ ਬਾਗਾਂ ਵਿਚ ਉਹ ਮਾਰਚ ਅਤੇ ਜੁਲਾਈ ਮਹੀਨੇ ਮੂੰਗੀ ਦੀ ਕਾਸ਼ਤ ਕਰ ਲੈਂਦੇ ਹਨ ਅਤੇ ਇਸ ਤੋਂ ਚੰਗਾ ਝਾੜ ਲੈ ਲੈਂਦੇ ਹਨ । ਕੱਦੂ ਜਾਤੀ ਦੀਆਂ ਸਬਜ਼ੀਆਂ, ਟਮਾਟਰ, ਮੂਲੀ, ਗਾਜਰ, ਛੋਲੇ ਅਤੇ ਮਸਰ ਆਦਿ ਦੀ ਮਿਸ਼ਰਤ ਖੇਤੀ ਵੀ ਬੜੀ ਕਾਮਯਾਬੀ ਨਾਲ ਕਰਦੇ ਹਨ । ਖਾਦਾਂ ਦੀ ਸੁਯੋਗ ਵਰਤੋਂ ਉਹ ਵਿਗਿਆਨੀਆਂ ਦੀ ਰਾਏ ਨਾਲ ਹੀ ਕਰਦੇ ਹਨ । ਬਾਗਾਂ ਨੂੰ ਪਾਉਣ ਵਾਲੀ ਖਾਦ ਉਹ ਤੁਪਕਾ ਸਿੰਜਾਈ ਵਿਧੀ ਨਾਲ ਹੀ ਜੋੜ ਕੇ ਕਰਦੇ ਹਨ । ਖੇਤਾਂ ਦੇ ਬੰਨਿਆਂ ਤੇ ਉਨ੍ਹਾਂ ਨੇ ਸਫ਼ੈਦਾ ਅਤੇ ਧਰੇਕ ਦੇ ਰੁੱਖ ਲਾਏ ਹੋਏ ਹਨ ਜਿਨ੍ਹਾਂ ਤੇ ਮਿੱਤਰ ਪੰਛੀ ਬੈਠ ਕੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਮਕੌੜੇ ਦਾ ਖ਼ਾਤਮਾ ਕਰਦੇ ਹਨ ।

ਸ. ਸੁਰਜੀਤ ਸਿੰਘ ਸੰਧੂ ਫ਼ਲਾਂ ਅਧੀਨ 25 ਏਕੜ ਅਤੇ ਸਬਜ਼ੀਆਂ ਅਧੀਨ 10 ਏਕੜ ਰਕਬਾ ਬੀਜਦੇ ਹਨ । ਮਧੂ ਮੱਖੀਆਂ ਦੇ 50 ਬਕਸੇ ਵੀ ਰੱਖੇ ਹੋਏ ਹਨ ।ਘਰ ਦੇ ਪਿਛਵਾੜੇ ਮੁਰਗੀਆਂ ਅਤੇ ਬੱਕਰੀਆਂ ਵੀ ਪਾਲੀਆਂ ਹੋਈਆਂ ਹਨ । ਤੂਤ ਦੇ ਬੂਟਿਆਂ ਤੋਂ ਹਰ ਵਰ੍ਹੇ 1700 ਟੋਕਰੀਆਂ ਬਣਵਾ ਕੇ ਵੇਚਦੇ ਹਨ । ਰਵਾਇਤੀ ਫ਼ਸਲਾਂ ਤੋਂ ਇਲਾਵਾ ਫ਼ਲਾਂ ਅਤੇ ਸਬਜ਼ੀਆਂ ਵਿੱਚ ਉਨ੍ਹਾਂ ਦਾ ਫਾਰਮ ਪੰਜਾਬ ਦੇ ਸਿਖ਼ਰਲੇ ਫਾਰਮਾਂ ਵਿੱਚ ਆਉਂਦਾ ਹੈ । 1983-84 ਵਿੱਚ ਉਨ੍ਹਾਂ ਨੇ ਸਿਆਲੂ ਮੱਕੀ ਦੀ ਕਾਸ਼ਤ ਆਰੰਭੀ । ਜਦ ਪੈਪਸੀ ਨੇ ਪੰਜਾਬ ਵਿੱਚ ਸਬਜ਼ੀਆਂ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਤਾਂ ਸ. ਸੰਧੂ ਨੇ ਉਨ੍ਹਾਂ ਨੂੰ ਵੀ ਪਨੀਰੀਆਂ ਅਤੇ ਕੱਚਾ ਮਾਲ ਸਪਲਾਈ ਕੀਤਾ ।

ਬਾਗਬਾਨੀ ਵਿੱਚ ਮੁੱਖ ਮੰਤਰੀ ਪੁਰਸਕਾਰ ਹਾਸਿਲ ਕਰਨ ਵਾਲੇ ਦੂਸਰੇ ਕਿਸਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਹੌਲੀ ਦੇ ਜੰਮਪਲ ਸ. ਮਿਹਰਬਾਨ ਸਿੰਘ ਹਨ ਜਿਨ੍ਹਾਂ ਨੇ  ਸਬਜ਼ੀ ਉਤਪਾਦਨ ਵਿੱਚ ਗਿਆਨ ਵਿਗਿਆਨ ਸੋਚ ਦੇ ਸਹਾਰੇ ਆਪਣੀ ਖੇਤੀ ਨੂੰ ਉਸ ਸਿਖ਼ਰ ਤੇ ਪਹੁੰਚਾਇਆ ਹੈ ਜਿਸ ਤੇ ਮਾਣ ਕੀਤਾ ਜਾ ਸਕਦਾ ਹੈ ।  37 ਸਾਲ ਉਮਰ ਦੇ ਸ. ਮਿਹਰਬਾਨ ਸਿੰਘ ਦੀ ਵਿੱਦਿਅਕ ਯੋਗਤਾ ਭਾਵੇਂ 10+2 ਜਮਾਤ ਤੱਕ ਦੀ ਹੀ ਹੈ ਪਰ ਉਸ ਦੀ ਸੋਚ ਉਡਾਰੀ ਅਤੇ ਲਿਆਕਤ ਰਾਸ਼ਟਰੀ ਪੱਧਰ ਦੇ ਅਗਾਂਹ ਵਧੂ ਕਿਸਾਨ ਵਾਲੀ ਹੈ । ਪਿਛਲੇ 11 ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਵੱਲ ਉਸ ਨੇ ਵਿਸ਼ੇਸ਼ ਧਿਆਨ ਦਿੱਤਾ ਹੈ । ਉਹ ਰਵਾਇਤੀ ਕਣਕ ਝੋਨਾ ਫ਼ਸਲ ਚੱਕਰ ਦਾ ਠੋਸ ਬਦਲ ਤਿਆਰ ਕਰ ਚੁੱਕਾ ਹੈ । ਆਪਣੀ ਮਿਹਨਤ ਅਤੇ ਲਗਨ ਸਦਕਾ ਹੁਣ ਉਹ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਸਾਬਤ ਕਰਨ ਦੇ ਸਮਰੱਥ ਹੈ ਕਿ ਸਬਜ਼ੀਆਂ ਦੀ ਕਾਸ਼ਤ ਨੂੰ ਵੀ ਜੇ ਰੂਹ ਨਾਲ ਕੀਤਾ ਜਾਵੇ ਤਾਂ ਵੱਧ ਕਮਾਈ ਦੇ ਨਾਲ ਨਾਲ ਪਰਿਵਾਰਕ ਖੁਸ਼ਹਾਲੀ ਯਕੀਨੀ ਬਣਾਈ ਜਾ ਸਕਦੀ ਹੈ । ਮਿਹਰਬਾਨ ਸਿੰਘ ਨੇ ਪਹਿਲਾਂ ਸਥਾਨਕ ਮੰਡੀਆਂ ਫਿਰ ਕੌਮੀ ਮੰਡੀਆਂ ਅਤੇ ਹੁਣ ਅੰਤਰਰਾਸ਼ਟਰੀ ਮੰਡੀਆਂ ਵਿੱਚ ਆਪਣੀ ਸਬਜ਼ੀ ਵੇਚਣ ਬਾਰੇ ਸਰਵੇਖਣ ਕੀਤਾ ਹੈ । ਯੂਰਪੀਅਨ ਮੰਡੀਆਂ ਜਾਨਣ ਲਈ ਉਹ ਆਪ ਲੰਡਨ ਗਿਆ ਅਤੇ ਉਥੋਂ ਦੇ ਕਿਸਾਨਾਂ ਦੇ ਨਾਲ ਸੰਪਰਕ ਕਰਕੇ ਉਸ ਨੇ ਇਹ ਗੱਲ ਜਾਣ ਲਈ ਹੈ ਕਿ ਸਬਜ਼ੀਆਂ ਦੀ ਦਰਜ਼ਾਬੰਦੀ ਅਤੇ ਡੱਬਾਬੰਦੀ ਮੰਡੀਕਰਨ ਵਿੱਚ ਬਹੁਤ ਮਹੱਤਵਪੂਰਨ ਅੰਗ ਹੁੰਦਾ ਹੈ ।
ਕਣਕ ਝੋਨਾ ਫ਼ਸਲ ਚੱਕਰ ਦੇ ਯਕੀਨੀ ਮੰਡੀਕਰਨ ਵੱਲ ਉਤਸ਼ਾਹਿਤ ਹੋਣ ਦੀ ਥਾਂ ਉਸ ਨੇ ਸਾਬਤ ਕਦਮੀ ਨਾਲ ਸਬਜ਼ੀਆਂ ਦਾ ਸਬਜ਼ੀਆਂ ਨਾਲ ਹੀ ਫ਼ਸਲ ਚੱਕਰ ਵਿਕਸਤ ਕੀਤਾ ਹੈ । ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਪਾਸੋਂ ਸਿਖਲਾਈ ਹਾਸਲ ਕਰਕੇ ਉਸ ਨੇ ਆਪਣੀ ਖੇਤੀ ਨੂੰ ਚਾਨਣ ਮੁਨਾਰੇ ਦੇ ਰੂਪ ਵਿੱਚ ਸਥਾਪਤ ਕਰ ਲਿਆ ਹੈ । ਇਸੇ ਕਰਕੇ ਪੰਜਾਬ ਦੇ ਸਿਰਕੱਢ ਵਿਗਿਆਨੀ, ਕੁਸ਼ਲ ਪ੍ਰਸ਼ਾਸ਼ਕ ਅਤੇ ਅਗਾਂਹ ਵਧੂ ਕਿਸਾਨ ਉਸ ਦੇ ਫਾਰਮ ਤੇ ਉਸ ਦੁਆਰਾ ਕੀਤੇ ਜਾਂਦੇ ਖੋਜ ਤਜ਼ਰਬੇ ਜਾਨਣ ਆਉਂਦੇ ਹਨ । 12 ਏਕੜ ਜੱਦੀ ਜ਼ਮੀਨ ਵਿੱਚ ਤਿੰਨ ਏਕੜ ਠੇਕੇ ਤੇ ਲੈ ਕੇ 15 ਏਕੜ ਦੀ ਖੇਤੀ ਬੜੀ ਕਾਮਯਾਬੀ ਨਾਲ ਕਰ ਰਿਹਾ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਇਲਾਵਾ ਉਸ ਨੇ ਡੇਅਰੀ ਵਿਕਾਸ ਵਿਭਾਗ ਥਾਪਰ ਪੌਲੀਟੈਕਨਿਕ ਪਟਿਆਲਾ ਅਤੇ ਜੈਵਿਕ ਰੂੜੀ ਸੰਬੰਧੀ ਖੇਤੀ ਵਿਰਾਸਤ ਤੋਂ ਵੀ ਸਿਖਲਾਈ ਹਾਸਲ ਕੀਤੀ ਹੈ ।

ਸ. ਮਿਹਰਬਾਨ ਸਿੰਘ ਪਹਿਲਾਂ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਸਾਲ 2007 ਦੌਰਾਨ ਸਬਜ਼ੀ ਉਤਪਾਦਨ ਲਈ ਸ. ਉਜਾਗਰ ਸਿੰਘ ਧਾਲੀਵਾਲ ਮੈਮੋਰੀਅਲ ਐਵਾਰਡ ਪ੍ਰਾਪਤ ਕਰ ਚੁ¤ਕਾ ਹੈ । ਖੇਤੀ ਵਿੱਚ ਨਵੀਨਤਮ ਤਬਦੀਲੀਆਂ ਕਾਰਨ ਉਸ ਦਾ ਫਾਰਮ ਡੇਅਰੀ ਫਾਰਮਿੰਗ, ਵਰਮੀ ਕੰਪੋਸਟ ਤਿਆਰ ਕਰਨ, ਸਬਜ਼ੀਆਂ ਦੇ ਉਤਪਾਦਨ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਚੁੱਕਾ ਹੈ । ਮਿਹਰਬਾਨ ਸਿੰਘ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਖੋਜ ਅਦਾਰਿਆਂ ਦੇ ਨਾਲ ਨਾਲ ਅਗਾਂਹ ਵਧੂ ਕਿਸਾਨਾਂ ਨਾਲ ਵੀ ਪੂਰਾ ਸੰਪਰਕ ਰੱਖਦਾ ਹੈ । ਜਲ ਸੋਮਿਆਂ ਦੀ ਬੱਚਤ ਕਰਕੇ ਥੋੜ੍ਹੇ ਪਾਣੀ ਤੋਂ ਵੱਧ ਝਾੜ ਲੈਣ ਵਿੱਚ ਉਸ ਨੇ ਕਮਾਲ ਕਰ ਵਿਖਾਈ ਹੈ । ਜ਼ਮੀਨ ਦੀ ਸਿਹਤ ਸੰਭਾਲ ਲਈ ਉਹ ਮਿੱਟੀ ਪਰਖ ਨੂੰ ਸਫ਼ਲਤਾ ਦੀ ਕੁੰਜੀ ਮੰਨਦਾ ਹੈ । ਤੁਪਕਾ ਅਤੇ ਫੁਹਾਰਾ ਸਿੰਜਾਈ ਵਿਧੀ ਨਾਲ ਉਹ ਆਪਣੀਆਂ ਫ਼ਸਲਾਂ ਪਾਲਦਾ ਹੈ । ਆਪਣੇ ਖੇਤਾਂ ਵਿੱਚ ਉਹ ਇੱਕ ਵੀ ਤੀਲਾ ਨਹੀਂ ਸਾੜਦਾ ਸਗੋਂ ਉਸ ਨੂੰ ਖੇਤੀ ਵਿੱਚ ਸੁੱਕ (ਮਲਚਿੰਗ) ਦੇ ਤੌਰ ਤੇ ਵਰਤਦਾ ਹੈ । ਇਸ ਨਾਲ ਨਦੀਨ ਵੀ ਘੱਟ ਉਗਦੇ ਹਨ ਅਤੇ ਵੱਤਰ ਵੀ ਖੁਸ਼ਕ ਨਹੀਂ ਹੁੰਦਾ । ਵਾਧੂ ਪਾਣੀ ਨੂੰ ਧਰਤੀ ਵਿੱਚ ਨਿਘਾਰਨ ਲਈ ਉਸ ਨੇ ਖੂਹ ਪੁੱਟਿਆ ਹੋਇਆ ਹੈ । ਖੇਤੀ ਮਸ਼ੀਨਰੀ ਦੀ ਸੁਯੋਗ ਵਰਤੋਂ ਵਿੱਚ ਵੀ ਉਹ ਸਭ ਤੋਂ ਅੱਗੇ ਹੈ । ਮਿਰਚ, ਸ਼ਿਮਲਾ ਮਿਰਚ, ਕਰੇਲਾ, ਖੀਰਾ, ਟਮਾਟਰ, ਕਾਲੀ ਤੋਰੀ ਅਤੇ ਤਰਬੂਜ਼ ਦੀ ਕਾਸ਼ਤ ਕਰਕੇ ਉਹ ਸਬਜ਼ੀਆਂ ਵਿੱਚ ਵੀ ਵੰਨ-ਸੁਵੰਨਤਾ ਲਿਆ ਰਿਹਾ ਹੈ। ਖੁੰਭਾਂ ਦੀ ਕਾਸ਼ਤ ਵਿੱਚ ਵੀ ਉਹ ਹਰ ਸਾਲ ਲਗਪਗ 300 ਕੁਇੰਟਲ ਤੂੜੀ ਦੀ ਕੰਪੋਸਟ ਤਿਆਰ ਕਰਕੇ ਚੰਗੀ ਕਮਾਈ ਕਰਦਾ ਹੈ । ਬੇ-ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਕੇ ਉਹ ਸੋਹਣੀ ਕਮਾਈ ਕਰ ਲੈਂਦਾ ਹੈ । ਵਰਨਣਯੋਗ ਗੱਲ ਇਹ ਹੈ ਕਿ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਤ ਕਿਸਮਾਂ ਨੂੰ ਪਹਿਲ ਦਿੰਦਾ ਹੈ । ਪਨੀਰੀ ਬੀਜਣ ਲਈ ਪੋਲੀ ਹਾਊਸ ਅੰਦਰ ਉਸ ਨੇ ਟਰੇਆਂ ਰੱਖੀਆਂ ਹੋਈਆਂ ਹਨ । ਖ਼ੁਦ ਡੀਜ਼ਾਈਨ ਕੀਤੇ ਪੋਲੀ ਹਾਊਸ ਵਿੱਚ ਉਹ ਬੇਮੌਸਮੀਆਂ ਸਬਜ਼ੀਆਂ ਤੋਂ ਚੰਗੀ ਕਮਾਈ ਲੈਂਦਾ ਹੈ । ਪੋਲੀ ਹਾਊਸ ਵਿੱਚ ਸਬਜ਼ੀਆਂ ਦੀ ਕਾਸ਼ਤ ਲਈ ਉਹ ਹਾਈਗ੍ਰੋਮੀਟਰ ਦੀ ਵਰਤੋਂ ਕਰਦਾ ਹੈ ਤਾਂ ਜੋ ਕੰਟਰੋਲ ਵਾਤਾਵਰਨ ਬਾਰੇ ਜਾਣਕਾਰੀ ਹਾਸਲ ਕਰਕੇ ਚੰਗੀਆਂ ਸਬਜ਼ੀਆਂ ਉਗਾਈਆਂ ਜਾ ਸਕਣ । ਗਰਮੀਆਂ ਅਤੇ ਸਿਆਲ ਵਿੱਚ ਤਾਪਮਾਨ ਦੀ ਜਾਣਕਾਰੀ ਲਈ ਉਹ ਡਿਜ਼ੀਟਲ ਵਿਧੀ ਅਪਣਾਉਂਦਾ ਹੈ ।

ਸ. ਮਿਹਰਬਾਨ ਸਿੰਘ ਨੇ ਫ਼ਸਲਾਂ ਦੀ ਕਾਸ਼ਤ ਲਈ ਚੌੜੀ ਪਟੜੀ ਤਿਆਰ ਕਰਨ ਵਾਲਾ ਬੈਡ ਮੇਕਰ ਖ਼ੁਦ ਆਪਣੀਆਂ ਜ਼ਰੂਰਤਾਂ ਅਨੁਸਾਰ ਡੀਜ਼ਾਈਨ ਕੀਤਾ ਹੈ । ਸਬਜ਼ੀਆਂ ਦੀ ਪਨੀਰੀ ਨੂੰ ਰਿਡੋਮਿਲ ਨਾਲ ਸੋਧ ਕੇ ਬੀਜਣ ਦਾ ਢੰਗ ਤਰੀਕਾ ਵਿਕਸਤ ਕਰਨ ਨਾਲ ਉਸ ਦੀਆਂ ਸਬਜ਼ੀਆਂ ਜੜ੍ਹ ਗਲਣ ਦੇ ਰੋਗ ਤੋਂ ਇਲਾਵਾ ਧਰਤੀ ਤੋਂ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚੀਆਂ ਰਹਿੰਦੀਆਂ ਹਨ । ਟਮਾਟਰ ਤੇ ਕਰੇਲੇ ਦੀ ਸਾਂਝੀ ਖੇਤੀ ਕਰਨ ਕਰਕੇ ਉਨ੍ਹਾਂ ਦਾ ਫ਼ਲ ਧਰਤੀ ਤੇ ਪਾਣੀ ਦੇ ਸੰਪਰਕ ਤੋਂ ਦੂਰ ਰਹਿੰਦਾ ਹੈ ਅਤੇ ਚੰਗੀ ਫ਼ਸਲ ਕਰਨ ਕਾਰਨ ਚੰਗੀ ਕਮਾਈ ਹੁੰਦੀ ਹੈ । ਪਟਿਆਲਾ ਜ਼ਿਲ੍ਹੇ ਦੀ ਖੇਤੀ ਵਿਕਾਸ ਏਜੰਸੀ ਆਤਮਾ ਵੱਲੋਂ 20 ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਉਸ ਦੇ ਫਾਰਮ ਤੇ ਫੀਲਡ ਸਕੂਲ ਵੀ ਚੱਲ ਰਿਹਾ ਹੈ । ਸ. ਮਿਹਰਬਾਨ ਸਿੰਘ ਨੇ ਸਬਜ਼ੀ ਉਤਪਾਦਕਤਾਂ ਦਾ ਇੱਕ ਸਵੈ ਸਹਾਇਤਾ ਗਰੁੱਪ ਵੀ ਬਣਾਇਆ ਹੋਇਆ ਹੈ ਜਿਸ ਗਰੁੱਪ ਵਿੱਚ 30 ਤੋਂ ਵੱਧ ਕਿਸਾਨ ਮੈਂਬਰ ਹਨ ਅਤੇ ਇਨ੍ਹਾਂ ਕਿਸਾਨਾਂ ਵੱਲੋਂ ਬੀਜੀਆਂ ਜਾਂਦੀਆਂ ਸਬਜ਼ੀਆਂ ਵਿੱਚੋਂ 80 ਫੀਸਦੀ ਰਕਬਾ ਤੁਪਕਾ ਅਤੇ ਫੁਹਾਰਾ ਵਿਧੀ ਨਾਲ ਸਿੰਜਿਆ ਜਾਂਦਾ ਹੈ ।

ਖੇਤੀਬਾੜੀ ਦੇ ਖੇਤਰ ਵਿੱਚ ਮੁੱਖ ਮੰਤਰੀ ਪੁਰਸਕਾਰ ਜਿੱਤਣ ਵਾਲੇ ਅਗਾਂਹ ਵਧੂ ਕਿਸਾਨ ਸ. ਜਗਦੀਪ ਸਿੰਘ ਪਿੰਡ ਆਸਲ ਜ਼ਿਲ੍ਹਾ ਫੀਰੋਜ਼ਪੁਰ ਨੇ ਜਿਸ ਤਨਦੇਹੀ ਨਾਲ ਖੇਤੀਬਾੜੀ ਕਰਨ ਦੇ ਨਾਲ ਨਾਲ ਪਸ਼ੂ ਪਾਲਣ ਖੁੰਭਾਂ ਦੀ ਕਾਸ਼ਤ ਅਤੇ ਮਧੂ ਮੱਖੀ ਪਾਲਣ ਦੀ ਸਿਖਲਾਈ ਹਾਸਲ ਕਰਕੇ ਸਿਖ਼ਰਾਂ ਛੋਹੀਆਂ ਹਨ, ਉਹ ਸਚਮੁੱਚ ਸਨਮਾਨਯੋਗ ਹਨ । ਆਪਣੀ ਜੱਦੀ ਜ਼ਮੀਨ 17 ਏਕੜ ਤੋਂ ਇਲਾਵਾ 70 ਏਕੜ ਠੇਕੇ ਤੇ ਲੈ ਕੇ ਕੁੱਲ 87 ਏਕੜ ਵਿੱਚ ਵਿਗਿਆਨਕ ਖੇਤੀ ਅਤੇ ਪਸ਼ੂ ਪਾਲਣ ਦਾ ਕਾਰੋਬਾਰ ਕਰਨ ਵਾਲੇ ਇਸ ਹਿੰਮਤੀ ਨੌਜਵਾਨ ਦੀ ਪੜ੍ਹਾਈ ਲਿਖਾਈ ਭਾਵੇਂ 10+2 ਪੱਧਰ ਦੀ ਹੀ ਹੈ ਪਰ ਉਸ ਦੀ ਵਿਗਿਆਨਕ ਗਿਆਨ ਪ੍ਰਾਪਤ ਕਰਨ ਦੀ ਤਾਂਘ ਉਸ ਨੂੰ ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਿਸਕਾਨਸਨ ਤੀਕ ਲੈ ਗਈ।

ਸ. ਜਗਦੀਪ ਸਿੰਘ ਨੇ ਲੇਜ਼ਰ ਕਰਾਹੇ ਨਾਲ ਜ਼ਮੀਨ ਪੱਧਰੀ ਕਰਵਾ ਕੇ ਉਸ ਵਿੱਚ ਕਣਕ ਤੋਂ ਇਲਾਵਾ ਸਬਜ਼ੀਆਂ ਦੀ ਕਾਸ਼ਤ ਵਪਾਰਕ ਪੱਧਰ ਤੇ ਕੀਤੀ । ਸੱਤ ਏਕੜ ਵਿੱਚ ਮਿਰਚਾਂ, ਦੋ ਏਕੜ ਲਸਣ, 26 ਏਕੜ ਆਲੂ, ਢਾਈ ਏਕੜ ਖੀਰਾ, ਦੋ ਏਕੜ ਮਟਰ ਅਤੇ ਇੱਕ ਏਕੜ ਸ਼ਿਮਲਾ ਮਿਰਚ ਦੀ ਖੇਤੀ ਮਿਸ਼ਰਤ ਖੇਤੀ ਦੇ ਢੰਗ ਨਾਲ ਕੀਤੀ । ਆਪਣੇ ਖੇਤੀ ਕਾਰਜਾਂ ਦੇ ਨਾਲ ਨਾਲ ਉਸ ਨੇ ਪਸ਼ੂ ਪਾਲਣ ਵਿੱਚ ਵੀ ਕਮਾਲ ਕੀਤੀ ਹੈ । ਮੁਕਤਸਰ ਅਤੇ ਫ਼ੀਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਪਸ਼ੂ ਮੇਲਿਆਂ ਦੌਰਾਨ ਉਹ ਕਈ ਵਾਰ ਪਹਿਲੇ ਅਤੇ ਦੂਜੇ ਦਰਜ਼ੇ ਦੇ ਇਨਾਮ ਜਿੱਤ ਚੁੱਕਾ ਹੈ । ਪਸ਼ੂ ਪਾਲਣ ਦੇ ਸ਼ੌਕ ਕਾਰਨ ਹੀ ਉਹ ਅਮਰੀਕਾ ਵਿੱਚ ਸਿਖਲਾਈ ਹਾਸਲ ਕਰਨ ਗਿਆ । ਦੁੱਧ ਉਤਪਾਦਨ ਨਾਲ ਸੰਬੰਧਤ ਸੰਸਥਾਵਾਂ ਨੈਸਲੇ (ਮੋਗਾ), ਅਮੁੱਲ (ਗੁਜਰਾਤ) ਅਤੇ ਐਨ ਡੀ ਆਰ ਆਈ ਕਰਨਾਲ ਦੇ ਵਿੱਚ ਵੀ ਉਹ ਵਿਗਿਆਨੀਆਂ ਨਾਲ ਸੰਪਰਕ ਰੱਖਦਾ ਹੈ ।

ਸ. ਜਗਦੀਪ ਸਿੰਘ ਆਪਣੇ ਪਸ਼ੂਆਂ ਦੇ ਗੋਹੇ ਅਤੇ ਮਲ ਮੂਤਰ ਨੂੰ ਬਾਇਓਗੈਸ ਪਲਾਂਟ ਵਿੱਚ ਵਰਤ ਕੇ ਆਪਣੀ ਲੋੜ ਮੁਤਾਬਕ ਬਿਜਲੀ ਪੈਦਾ ਕਰਦਾ ਹੈ । ਇਹੀ ਰੂੜੀ ਖੇਤਾਂ ਵਿੱਚ ਪਾ ਕੇ ਉਹ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਂਦਾ ਹੈ । ਖੇਤੀਬਾੜੀ ਮਸ਼ੀਨਰੀ ਦੀ ਸੁਯੋਗ ਵਰਤੋਂ ਵਿੱਚ ਵੀ ਉਹ ਮਾਹਿਰਾਂ ਦੀ ਰਾਏ ਮੁਤਾਬਕ ਚੱਲਦਾ ਹੈ । ਸੂਰਜੀ ਊਰਜਾ ਨੂੰ ਵੀ ਉਹ ਰੌਸ਼ਨੀ ਲਈ ਵਰਤਦਾ ਹੈ । ਪਸ਼ੂਆਂ ਦੀ ਖ਼ੁਰਾਕ ਲਈ ਬਰਸੀਮ, ਮੱਕੀ, ਜਵੀ ਅਧੀਨ ਉਸ ਨੇ 49 ਏਕੜ ਰਕਬਾ ਰੱਖਿਆ ਹੋਇਆ ਹੈ । 130 ਗਊਆਂ ਤੇ ਅਧਾਰਤ ਆਪਣੇ ਡੇਅਰੀ ਫਾਰਮ ਤੋਂ ਇਲਾਵਾ 4 ਏਕੜ ਮੱਛੀ ਤਲਾਬ ਵੀ ਪੁੱਟਿਆ ਹੈ ।

ਸ. ਜਗਦੀਪ ਸਿੰਘ ਨੇ ਗਊਆਂ ਨੂੰ ਨੁਹਾਉਣ ਵਾਸਤੇ ਜੋ ਤਕਨੀਕੀ ਪ੍ਰਬੰਧ ਕੀਤਾ ਹੈ ਉਸ ਨਾਲ 56 ਘੰਟੇ ਵਿੱਚ ਹੋਣ ਵਾਲਾ ਕੰਮ ਕੇਵਲ ਇੱਕ ਘੰਟੇ ਵਿੱਚ ਹੋ ਜਾਂਦਾ ਹੈ । ਸਿਰਫ਼ 10,000 ਰੁਪਏ ਦੀ ਲਾਗਤ ਨਾਲ ਵਿਕਸਤ ਇਸ ਵਿਧੀ ਦਾ ਇਲਾਕੇ ਦੇ ਲੋਕ ਵੀ ਪ੍ਰਭਾਵ ਕਬੂਲ ਰਹੇ ਹਨ । ਸ. ਜਗਦੀਪ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ੀਰੋਜ਼ਪੁਰ ਤੋਂ ਇਲਾਵਾ ਬਾਕੀ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਕਾਸ ਅਦਾਰਿਆਂ ਨਾਲ ਵੀ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ। ਇਹੀ ਉਸ ਦੀ ਕਾਮਯਾਬੀ ਦਾ ਰਾਜ਼ ਹੈ ।

ਖੇਤੀਬਾੜੀ ਦੇ ਖੇਤਰ ਵਿੱਚ ਮੁੱਖ ਮੰਤਰੀ ਪੁਰਸਕਾਰ ਜਿੱਤਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ 64 ਸਾਲਾ ਅਗਾਂਹ ਵਧੂ ਕਿਸਾਨ ਸ. ਗੁਲਜ਼ਾਰ ਸਿੰਘ ਸਪੁੱਤਰ ਸ. ਇੰਦਰ ਸਿੰਘ ਨੇ ਆਪਣੀ ਜੱਦੀ 20 ਏਕੜ ਜ਼ਮੀਨ ਅਤੇ 10 ਏਕੜ ਠੇਕੇ ਤੇ ਲੈ ਕੇ ਖੇਤੀਬਾੜੀ ਵਿਕਾਸ ਦੇ ਖੇਤਰ ਵਿੱਚ ਜੋ ਮੱਲਾਂ ਮਾਰੀਆਂ ਹਨ , ਉਨ੍ਹਾਂ ਸਦਕਾ ਉਹ ਸਾਡੇ ਸਤਿਕਾਰ ਦੇ ਹੱਕਦਾਰ ਬਣੇ ਹਨ। ਪਿਛਲੇ 46 ਸਾਲ ਤੋਂ ਖੇਤੀ ਦੇ ਕੰਮ ਕਾਰ ਵਿੱਚ ਲੱਗੇ ਸ. ਗੁਲਜ਼ਾਰ ਸਿੰਘ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਪਾਸੋਂ ਤਕਨੀਕੀ ਗਿਆਨ ਲੈਣ ਵਿੱਚ ਨਿਰੰਤਰ ਯਤਨਸ਼ੀਲ ਰਹਿੰਦੇ ਹਨ । ਪੀ ਏ ਯੂ ਫਾਰਮਰਜ਼ ਕਮੇਟੀ, ਪੀ ਏ ਯੂ ਕਿਸਾਨ ਕਲੱਬ ਅਤੇ ਬਰਨਾਲਾ ਜ਼ਿਲ੍ਹੇ ਦੀ ਖੇਤੀ ਵਿਕਾਸ ਏਜੰਸੀ ਆਤਮਾ ਦੇ ਗਵਰਨਿੰਗ ਬੋਰਡ ਮੈਂਬਰ ਹੋਣ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਹੀ ਇੱਕ ਕਿਸਾਨ ਸਲਾਹਕਾਰ ਗਰੁੱਪ ਵੀ ਬਣਾਇਆ ਹੋਇਆ ਹੈ ਜਿਸ ਰਾਹੀਂ ਉਹ ਆਪਣੀ ਅਗਾਂਹ ਵਧੂ ਖੇਤੀ ਦਾ ਗਿਆਨ ਕਿਸਾਨ ਭਾਈਚਾਰੇ ਵਿੱਚ ਵੀ ਸਾਂਝਾ ਕਰਦੇ ਹਨ ।

ਸ. ਗੁਲਜ਼ਾਰ ਸਿੰਘ ਖੇਤੀਬਾੜੀ ਗਿਆਨ ਪ੍ਰਾਪਤੀ ਲਈ ਮਾਸਕ ਪੱਤਰ ਚੰਗੀ ਖੇਤੀ ਤੋਂ ਇਲਾਵਾ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫ਼ਾਰਸ਼ਾਂ ਅਤੇ ਯੂਨੀਵਰਸਿਟੀ ਵੱਲੋਂ ਛਪਦੇ ਰਸਾਲਿਆਂ ਅਤੇ ਕਿਤਾਬਾਂ ਉਪਰ ਪੂਰੀ ਟੇਕ ਰੱਖਦੇ ਹਨ। ਖੇਤੀਬਾੜੀ ਖੋਜ ਵਿਕਾਸ ਨਾਲ ਸੰਬੰਧਤ ਅਦਾਰਿਆਂ ਵਿਚੋਂ ਗਿਆਨ ਹਾਸਲ ਕਰਨ ਲਈ ਉਹ ਕਰਨਾਲ, ਸੋਲਨ ਅਤੇ ਨਵੀਂ ਦਿੱਲੀ ਤੀਕ ਵੀ ਪਹੁੰਚ ਜਾਂਦੇ ਹਨ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿੱਚ ਉਹ ਸੈਂਕੜੇ ਪੁਰਸਕਾਰ ਜਿੱਤ ਚੁੱਕੇ ਹਨ ।

ਸ. ਗੁਲਜ਼ਾਰ ਸਿੰਘ ਨੇ ਜ਼ੀਰੋ ਟਿਲੇਜ਼ ਢੰਗ ਨਾਲ ਕਣਕ ਦੀ ਕਾਸ਼ਤ ਕਰਕੇ ਜਲ ਸੋਮਿਆਂ ਦੀ ਬੱਚਤ ਤੋਂ ਇਲਾਵਾ ਭੂਮੀ ਦੀ ਸਿਹਤ ਸੰਭਾਲ ਲਈ ਵੀ ਇਲਾਕੇ ਵਿੱਚ ਚਾਨਣ ਮੁਨਾਰੇ ਵਜੋਂ ਕੰਮ ਕੀਤਾ ਹੈ । ਲੇਜ਼ਰ ਕਰਾਹੇ ਨਾਲ 20 ਏਕੜ ਜ਼ਮੀਨ ਪੱਧਰੀ ਕਰਨ ਤੋਂ ਇਲਾਵਾ ਉਨ੍ਹਾਂ ਨੇ 15 ਜੂਨ ਤੋਂ ਬਾਅਦ ਝੋਨਾ ਲਾਉਣ ਦੇ ਨਾਲ ਨਾਲ ਬਾਸਮਤੀ ਦੀ ਕਾਸ਼ਤ ਦਾ ਵੀ ਵਿਸ਼ੇਸ਼ ਧਿਆਨ ਦਿੱਤਾ ਹੈ । ਹਰਾ ਪੱਤਾ ਚਾਰਟ ਦੀ ਵਰਤੋਂ ਕਰਕੇ ਉਨ੍ਹਾਂ ਨੇ ਨਾਈਟ੍ਰੋਜਨੀ ਖਾਦਾਂ ਦੀ ਵਰਤੋਂ ਵੀ ਘਟਾਈ ਹੈ । ਟੈਂਸ਼ੀਓਮੀਟਰ ਯੰਤਰ ਵਰਤ ਕੇ ਜਲ ਸੋਮਿਆਂ ਦੀ ਬੱਚਤ ਵੀ ਕੀਤੀ ਹੈ । ਝੋਨੇ ਅਤੇ ਬਾਸਮਤੀ ਦੀ ਸਿੱਧੀ ਬੀਜਾਈ ਤੋਂ ਇਲਾਵਾ ਕਣਕ ਨੂੰ ਚੌੜੀਆਂ ਪਟੜੀਆਂ ਤੇ ਬੀਜਣ ਵਿੱਚ ਵੀ ਉਨ੍ਹਾਂ ਨੇ ਕਮਾਲ ਕਰ ਦਿਖਾਈ ਹੈ । ਹਰ ਵਰ੍ਹੇ ਬਦਲਵੇਂ ਚਾਰ ਏਕੜਾਂ ਵਿੱਚ ਦੇਸੀ ਰੂੜੀ ਦੀ ਖਾਦ ਪਾ ਕੇ ਉਹ ਜ਼ਮੀਨ ਦੀ ਸਿਹਤ ਸੰਵਾਰਨ ਵੱਲ ਵੀ ਵਿਸ਼ੇਸ਼ ਧਿਆਨ ਦਿੰਦੇ ਹਨ ।

ਸ. ਗੁਲਜ਼ਾਰ ਸਿੰਘ ਕੱਟੂ ਦੀ ਆਪਣੀ ਪੜ੍ਹਾਈ ਲਿਖਾਈ ਭਾਵੇਂ ਹਾਈ ਸਕੂਲ ਪੱਧਰ ਦੀ ਹੀ ਹੈ ਪਰ ਦੇਸ਼ ਵਿਦੇਸ਼ ਤੋਂ ਆਏ ਵਿਗਿਆਨੀਆਂ ਨਾਲ ਵਾਰਤਾਲਾਪ ਕਰਨ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ । ਸ. ਗੁਲਜ਼ਾਰ ਸਿੰਘ ਕਣਕ ਝੋਨਾ ਫ਼ਸਲ ਚੱਕਰ ਤੋਂ ਇਲਾਵਾ ਕੁਝ ਰਕਬੇ ਵਿੱਚ ਨਰਮਾ ਅਤੇ ਦਾਲਾਂ ਵੀ ਬੀਜਦੇ ਹਨ । ਘਰੇਲੂ ਬਗੀਚੀ ਰਾਹੀਂ ਪਰਿਵਾਰ ਨੂੰ ਜ਼ਹਿਰ ਮੁਕਤ ਸਬਜ਼ੀਆਂ, ਫ਼ਲ ਅਤੇ ਦਾਲਾਂ ਮੁਹੱਈਆ ਕਰਵਾਉਂਦੇ ਹਨ । ਹਲਦੀ ਅਤੇ ਕੇਲਿਆਂ ਦੀ ਕਾਸ਼ਤ ਵਿੱਚ ਵੀ ਉਨ੍ਹਾਂ ਨੇ ਕੁਝ ਤਜ਼ਰਬੇ ਕੀਤੇ ਹਨ । ਸੱਤ ਮੱਝਾਂ ਤੋਂ ਇਲਾਵਾ 10 ਬਕਸੇ ਮਧੂ ਮੱਖੀਆਂ ਦੇ ਵੀ ਰੱਖੇ ਹੋਏ ਹਨ । ਆਪਣੇ ਗਿਆਨ ਨੂੰ ਆਪਣੇ ਕੋਲ ਰੱਖਣ ਦੀ ਥਾਂ ਵੰਡਣ ਵਿੱਚ ਦਿਲਚਸਪੀ ਲੈਂਦੇ ਹਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>