ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸਾਨ ਮੇਲੇ ‘ਚ ਜੇਤੂਆਂ ਨੂੰ ਡਾ: ਤਨੇਜਾ ਨੇ ਸਨਮਾਨਿਤ ਕੀਤਾ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਗੋਡਲਨ ਜੁਬਲੀ ਕਿਸਾਨ ਮੇਲੇ ਦੇ ਦੂਜੇ ਦਿਨ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ ਮੁੱਖ ਮਹਿਮਾਨ ਵਜੋਂ ਪੁੱਜੇ। ਡਾ: ਤਨੇਜਾ ਨੇ ਵੱਖ ਵੱਖ ਫ਼ਸਲਾਂ ਦੇ ਇਨਾਮ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਾਡਾ ਦੋਹਾਂ ਯੂਨੀਵਰਸਿਟੀਆਂ ਦਾ ਸਾਂਝਾ ਮਿਸ਼ਨ ਪੰਜਾਬ ਦਾ ਖੇਤੀ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਸਰਬਪੱਖੀ ਵਿਕਾਸ ਕਰਕੇ ਹਰ ਪੰਜਾਬੀ ਦੇ ਖੇਤਾਂ ਵਿੱਚ ਹਰਿਆਲੀ ਅਤੇ ਘਰਾਂ ’ਚ ਖੁਸ਼ਹਾਲੀ ਦਾ ਸਦੀਵੀ ਨਿਵਾਸ ਕਰਵਾਉਣਾ ਹੈ। ਡਾ: ਤਨੇਜਾ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ਤੇ ਇਹ ਕਿਸਾਨ ਮੇਲਾ ਕਰਵਾਉਣਾ ਵੀ ਪੂਰੇ ਮੁਲਕ ਵਿੱਚ ਨਿਵੇਕਲੀ ਮਿਸਾਲ ਹੈ। ਇਸ ਸਹਿਯੋਗ ਦਾ ਯਕੀਨਨ ਕਿਸਾਨ ਭਾਈਚਾਰੇ ਨੂੰ ਲਾਭ ਪੁੱਜੇਗਾ। ਉਨ੍ਹਾਂ ਔਰਤਾਂ ਦੀ ਖੇਤੀ ਵਿੱਚ ਭਾਈਵਾਲੀ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ।

ਡਾ: ਤਨੇਜਾ ਨੇ ਆਖਿਆ ਕਿ ਘਟ ਰਹੀਆਂ ਜ਼ਮੀਨਾਂ ਕਾਰਨ ਫ਼ਸਲਾਂ ਦੀ ਖੇਤੀ ਦੀ ਥਾਂ ਹਰੇ ਚਾਰੇ ਦੀ ਖੇਤੀ ਕਰਕੇ ਪਸ਼ੂ ਪਾਲਣ ਨੂੰ ਕੁਲਵਕਤੀ ਤੌਰ ਤੇ ਅਪਣਾਇਆ ਜਾ ਸਕਦਾ ਹੈ। ਹੁਣ ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਬੱਕਰੀ ਪਾਲਣ ਅਜ਼ਾਦ ਕਿੱਤੇ ਵਜੋਂ ਅਪਨਾਉਣਾ ਵਕਤ ਦੀ ਲੋੜ ਹੈ ਕਿਉਂਕਿ ਅਨਾਜ ਸੁਰੱਖਿਆ ਨੂੰ ਯਕੀਨੀ ਤਾਂ ਹੀ ਬਣਾਇਆ ਜਾ ਸਕੇਗਾ। ਜੇਕਰ ਪੌਸ਼ਟਿਕ ਖ਼ੁਰਾਕ ਵਿੱਚ ਸਾਰੇ ਹੀ ਤੱਤ ਸ਼ਾਮਲ ਹੋਣ। ਉਨ੍ਹਾਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਪਹਿਲੇ ਦਿਨ ਤੋਂ ਲੈ ਕੇ ਹੀ ਖੇਤੀਬਾੜੀ ਖੋਜ ਅਤੇ ਪਸਾਰ ਨੂੰ ਸਰਬਪੱਖੀ ਵਿਕਾਸ ਦਾ ਮੁਹਾਂਦਰਾ ਦਿੱਤਾ ਹੈ। ਸਾਂਝੇ ਯਤਨਾਂ ਨਾਲ ਭਵਿੱਖ ਦੀਆਂ ਚੁਣੌਤੀਆਂ ਨੂੰ ਅਸਾਨੀ ਨਾਲ ਨਜਿੱਠਿਆ ਜਾ ਸਕੇਗਾ।

ਪ੍ਰਧਾਨਗੀ ਭਾਸ਼ਨ ਦੇਂਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਵਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਖੇਤੀ ਖ਼ਰਚੇ ਤਾਂ ਹੀ ਘਟ ਸਕਣਗੇ ਜੇਕਰ ਹਰ ਕਿਸਾਨ ਆਪਣੀ ਆਮਦਨ ਤੇ ਖਰਚਿਆਂ ਦਾ ਵਹੀ ਖਾਤਾ ਲਿਖੇਗਾ। ਕੁਦਰਤੀ ਸੋਮਿਆਂ ਦੀ ਨਾਲੋਂ ਨਾਲ ਪੂਰਤੀ ਬੇਹੱਦ ਜ਼ਰੂਰੀ ਹੈ, ਇਹ ਖੇਤੀ ਵਿਚੋਂ ਬਚਣ ਵਾਲੀ ਰਹਿੰਦ ਖੂੰਹਦ ਖੇਤਾਂ ’ਚ ਹੀ ਵਾਹ ਕੇ ਪੂਰੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਸੱਠੀ ਮੂੰਗੀ ਕਣਕ ਦੇ ਵੱਢ ਵਿੱਚ ਬੀਜ ਕੇ ਨਾਲੇ ਕਮਾਈ ਕਰੋ ਅਤੇ ਨਾਲੇ ਹਰੀ ਖਾਦ ਦੇ ਲਾਭ ਉਗਾਉਂਦੇ ਹੋਏ ਖਾਦਾਂ ਦੇ  ਖ਼ਰਚੇ ਤੋਂ ਵੀ ਬਚੋ । ਉਨ੍ਹਾਂ ਆਖਿਆ ਕਿ ਖੇਤੀਬਾੜੀ ਮੰਤਰੀ ਸ: ਤੋਤਾ ਸਿੰਘ ਦਾ ਸੁਨੇਹਾ ਚੇਤੇ ਰੱਖ ਕੇ ਪੰਜਾਬ ਦੀ ਖੇਤੀ ਨੂੰ ਸਹਿਕਾਰੀ ਲੀਹਾਂ ਤੇ ਪਾ ਕੇ ਖੇਤੀ ਖ਼ਰਚੇ ਘਟਾਉ। ਖੇਤੀ ਖ਼ਰਚੇ ਘਟਾਉਣ  ਲਈ ਹੱਥੀਂ ਕੰਮ ਕਰਨ ਦੀ ਆਦਤ ਵੀ ਨਾ ਵਿਸਾਰੋ।

ਡਾ: ਢਿੱਲੋਂ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਹਰ ਮਹੀਨੇ ਛਾਪੇ ਜਾਣ ਵਾਲੇ ਰਸਾਲੇ ਚੰਗੀ ਖੇਤੀ ਅਤੇ ਛਿਮਾਹੀ ਬਾਅਦ ਛਪਣ ਵਾਲੀ ਸਾਉਣੀ ਅਤੇ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਕਿਤਾਬ ਹਰ ਪਿੰਡ ਦੀ ਪੰਚਾਇਤ, ਸਹਿਕਾਰੀ ਸਭਾ, ਦੁੱਧ ਉਤਪਾਦਾਂ ਸਭਾ, ਖੇਡ ਕਲੱਬ, ਸਕੂਲ, ਕਾਲਜ ਅਤੇ ਇਸਤਰੀ ਸਭਾ ਵਿੱਚ ਪਹੁੰਚਣੀ ਚਾਹੀਦੀ ਹੈ। ਇਸ ਸਬੰਧ ਵਿੱਚ ਪੰਜਾਬ ਦੇ ਖੇਤੀਬਾੜੀ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।

ਡਾ: ਢਿੱਲੋਂ ਨੇ ਆਖਿਆ ਕਿ ਛੋਟੇ ਕਿਆਰੇ ਪਾ ਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਸੋਚ ਨੂੰ ਨਵੇਂ ਗਿਆਨ ਨਾਲ ਸੁਮੇਲ ਕਰਕੇ ਵਰਤੋ। ਬਦਲੇ ਰਹੇ ਮੌਸਮੀ ਮਿਜ਼ਾਜ਼ ਦੇ ਹਵਾਲੇ ਨਾਲ ਉਨ੍ਹਾਂ ਆਖਿਆ ਕਿ ਇਸ ਚੁਣੌਤੀ ਦੇ ਟਾਕਰੇ ਲਈ ਖੋਜ ਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ। ਡਾ: ਢਿੱਲੋਂ ਨੇ ਆਖਿਆ ਕਿ ਸਿਖ਼ਰ ਤੋਂ ਹੋਰ ਅੱਗੇ ਜਾਣ ਲਈ ਸਾਨੂੰ ਖੋਜ ਦੇ ਨਾਲ ਨਾਲ ਬਾਰੀਕੀ ਦੀ ਖੇਤੀ ਅਪਨਾਉਣੀ ਪਵੇਗੀ। ਸਭ ਖੇਤੀ ਸਾਧਨਾਂ ਨੂੰ ਸੰਕੋਚਵੀਂ ਵਿਧੀ ਨਾਲ ਵਰਤਣ ਲਈ ਟੈਂਸ਼ੀਓਮੀਟਰ ਅਤੇ ਹਰਾ ਪੱਤਾ ਚਾਰਟ ਅਪਨਾਉਣ ਦਾ ਵੀ ਉਨ੍ਹਾਂ ਸੁਨੇਹਾ ਦਿੱਤਾ। ਡਾ: ਢਿੱਲੋਂ ਨੇ ਕਿਹਾ ਕਿ ਖੇਤੀ ਉੱਪਰ ਬੋਝ ਬਣਨ ਦੀ ਥਾਂ ਬਦਲਵੇਂ ਰੁਜ਼ਗਾਰ ਵੀ ਖੇਤੀ ਸਹਾਇਕ ਧੰਦਿਆਂ ’ਚੋਂ ਅਪਣਾਏ ਜਾ ਸਕਦੇ ਹਨ। ਯੂਨੀਵਰਸਿਟੀ ਵੱਲੋਂ ਸਹਾਇਕ ਧੰਦਿਆਂ ਅਤੇ ਸਵੈ-ਰੁਜ਼ਗਾਰ ਕੋਰਸ ਵੀ ਸ਼ੁਰ ਕੀਤੇ ਜਾ ਰਹੇ ਹਨ। ਡਾ: ਢਿੱਲੋਂ ਨੇ ਆਖਿਆ ਕਿ ਪੂਸਾ-44 ਦੀ ਥਾਂ ਪੀ ਆਰ 118 ਕਿਸਮ ਬੀਜੋ ਕਿਉਂਕਿ ਇਹ ਇੱਕ ਹਫ਼ਤਾ ਪਹਿਲਾਂ ਪੱਕਦੀ ਹੈ ਅਤੇ ਰੋਗ ਮੁਕਤ ਵੀ ਹੈ। ਬਗਾਬਾਨ ਭਰਾਵਾਂ ਨੂੰ ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ਡੇਜ਼ੀ ਟੈਂਜਰੀਨ ਨਾ ਦਾ ਫ਼ਲ ਵੀ ਤੁਹਾਨੂੰ ਸਿਫਾਰਸ਼ ਕੀਤਾ ਜਾ ਰਿਹਾ ਹੈ ਜੋ ਕਿਨੂੰ ਨਾਲੋਂ ਦੋ ਮਹੀਨੇ ਪਹਿਲਾਂ ਪੱਕਦਾ ਹੈ। ਉਨ੍ਹਾਂ ਆਖਿਆ ਕਿ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਦੂਤ ਬਣੋ ਅਸੀਂ ਤੁਹਾਨੂੰ ਇੰਟਰਨੈੱਟ ਰਾਹੀਂ ਜਾਣਕਾਰੀ ਦਿਆਂਗੇ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਵਿਕਸਤ ਖੇਤੀ ਤਕਨੀਕਾਂ ਨੂੰ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਚੰਗਾ ਬੀਜ ਵੀ ਤਾਂ ਹੀ ਕਾਮਯਾਬ ਹੁੰਦਾ ਜੇ ਉਸਦੀ ਪਰਵਰਿਸ਼ ਵੀ ਵਿਗਿਆਨਕ ਢੰਗ ਨਾਲ ਕੀਤੀ ਜਾਵੇ। ਡਾ: ਗੋਸਲ ਨੇ ਦੱਸਿਆ ਕਿ ਝੋਨੇ ਦੀਆਂ ਦੋ ਨਵੀਆਂ ਕਿਸਮਾਂ ਇਸ ਵੇਲੇ ਪਰਖ਼ ਨਲੀ ’ਚ ਹਨ ਜੋ ਘੱਟ ਸਮੇਂ ’ਚ ਪੱਕ ਕੇ ਜਿਥੇ ਜਲ ਸੋਮਿਆਂ ਦੀ ਬੱਚਤ ਕਰਨਗੀਆਂ ਉਥੇ ਵੱਧ ਝਾੜ ਦੇ ਕੇ ਕਿਸਾਨ ਭਰਾਵਾਂ ਨੂੰ ਖੁਸ਼ਹਾਲੀ ਦੇ ਰਾਹ ਤੇ ਤੋਰਨਗੀਆਂ

ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਖਿੱਚ ਨਾਲ ਉਹ ਕਿਸਾਨ ਮੇਲੇ ’ਚ ਆ ਕੇ ਨਵੇਂ ਗਿਆਨ ਬਾਰੇ ਕੱਲ੍ਹ ਤੋਂ ਜਾਣਕਾਰੀ ਹਾਸਲ ਕਰ ਰਹੇ ਹਨ, ਉਹ ਸਾਡਾ ਵਿਸ਼ਵਾਸ ਪੱਕਾ ਕਰਦੀ ਹੈ ਕਿ ਗਿਆਨ ਵਿਗਿਆਨ ਦੇ ਸੁਮੇਲ ਵਿੱਚ ਮਿਹਨਤ ਮਿਲਾ ਕੇ ਸਦੀਵੀ ਖੇਤੀ ਇਨਕਲਾਬ ਅਵੱਸ਼ ਆਵੇਗਾ । ਉਨ੍ਹਾਂ ਆਖਿਆ ਕਿ ਆਉਂਦੀ ਸਾਉਦੀ ਵਿੱਚ ਝੋਨੇ ਦੀ ਕਾਸ਼ਤ ਵੇਲੇ ਝੋਨਾ ਲਾਉਣ ਵਾਲੀ ਮਸ਼ੀਨ ਨੂੰ ਵਰਤੋ, ਇਸ ਲਈ ਪਨੀਰੀ ਵਿਸ਼ੇਸ਼ ਵਿਧੀ ਨਾਲ ਬੀਜਣੀ ਪੈਂਦੀ ਹੈ, ਇਸ ਪਨੀਰੀ ਦੀ ਟਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਪੂਰੇ ਪੰਜਾਬ  ’ਚ ਦਿੱਤੀ ਜਾ ਰਹੀ ਹੈ। ਇਸ ਦਾ ਲਾਭ ਉਠਾਉ। ਉਨ੍ਹਾਂ ਆਖਿਆ ਕਿ ਪਨੀਰੀ ਦੀ ਖੇਤੀ ਵਪਾਰਕ ਪੱਧਰ ਤੇ ਕਰਕੇ ਵੀ ਬਾਕੀ ਭਰਾਵਾਂ ਦਾ ਭਲਾ ਕੀਤਾ ਜਾ ਸਕਦਾ ਹੈ। ਡਾ: ਗਿੱਲ ਨੇ ਕਿਸਾਨ ਮੇਲੇ ਵਿੱਚ ਸ਼ਾਮਲ ਮੁੱਖ ਮਹਿਮਾਨਾਂ, ਕਿਸਾਨਾਂ, ਮੀਡੀਆ, ਖੇਤੀ ਉਦਯੋਗ ’ਚ ਲੱਗੇ ਅਦਾਰਿਆਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਬਾਹਰੋਂ ਆਏ ਕਲਾਕਾਰਾਂ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੇਲੇ ’ਚ ਹਰ ਪੱਖੋਂ ਸੋਹਣੇ ਰੰਗ ਭਰੇ।

ਇਸ ਮੌਕੇ ਪੀ ਏ ਯੂ ਪ੍ਰਬੰਧਕੀ ਬੋਰਡ ਦੀ ਮੈਂਬਰ ਸਰਦਾਰਨੀ ਉਰਵਿੰਦਰ ਕੌਰ ਗਰੇਵਾਲ, ਆਈ ਸੀ ਏ ਆਰ ਦੇ ਜ਼ੋਨਲ ਕੋਆਰਡੀਨੇਟਰ ਡਾ: ਏ ਐਸ ਨਰੂਲਾ ਭਾਰਤੀ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੇ ਸਾਬਕਾ  ਕਿਸਾਨ ਮੈਂਬਰ ਸ: ਮਹਿੰਦਰ ਸਿੰਘ ਗਰੇਵਾਲ, ਪੀ ਏ ਯੂ ਕਿਸਾਨ ਕਲੱਬ ਦੇ ਸਾਬਕਾ ਪ੍ਰਧਾਨ ਸ:  ਅਵਤਾਰ ਸਿੰਘ ਰਟੌਲ, ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਸਰਜੀਤ ਸਿੰਘ ਗਿੱਲ, ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ, ਖੇਤੀ ਕਾਲਜ ਦੇ ਡੀਨ ਡਾ: ਦੇਵਿੰਦਰ ਸਿੰਘ ਚੀਮਾ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪ੍ਰਿਤਪਾਲ ਸਿੰਘ ਲੁਬਾਣਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਹਾਜ਼ਰ ਸਨ। ਕਿਸਾਨ ਮੇਲੇ ’ਚ ਉੱਘੇ ਲੋਕ ਗਾਇਕ ਮੰਨਾ ਢਿੱਲੋਂ ਨੇ ਆਪਣੇ ਸੁਰੀਲੇ ਗੀਤਾਂ ਨਾਲ ਅਜਿਹਾ ਰੰਗ ਭਰਿਆ ਕਿ ਪੂਰਾ ਪੰਡਾਲ ਹੀ ਝੂਮ ਉੱਠਿਆ। ਉਸਤਾਦ ਯਮਲਾ ਜੱਟ ਦੇ ਸ਼ਾਗਿਰਦ ਕਮਲ ਕਰਤਾਰ ਧੁੱਗਾ, ਰਵਿੰਦਰ ਦੀਵਾਨਾ ਅਤੇ ਹੈਪੀ ਜੱਸੋਵਾਲ ਨੇ ਲੋਕ ਪੱਖੀ ਅਤੇ ਸਮਾਜਕ ਕੁਰੀਤੀਆਂ ਦੇ ਖਿਲਾਫ ਗੀਤ ਗਾ ਕੇ ਕਿਸਾਨ ਮੇਲੇ ਨੂੰ ਨਵੀਂ ਦਿਸ਼ਾ ਦਿੱਤੀ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>