ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ

ਇੱਕ ਪੰਡਾਲ ਵਿੱਚ, ਰੁੱਗ ਭਰ ਕੇ ਤਲੀ ਹੋਈ ਮੱਛੀ, ਪਰੌਂਠੇ ਜਿੰਨਾ ਆਮਲੇਟ ਤੇ ਅੱਧੀ ਛਟਾਂਕ ਟਮਾਟਰਾਂ ਦੀ ਚਟਣੀ ਵੱਡੀਆਂ ਪਲੇਟਾਂ ‘ਚ ਪਾਉਣ ਪਿੱਛੋਂ  ਹਾਜਰ ਮਹਿਮਾਨਾਂ ਨੇ ਕਲੇਜੀ ਨੂੰ ਹੱਥ ਪਾਇਆ ਹੀ ਸੀ ਕਿ ਉੱਚੀ ਆਵਾਜ ਵਿੱਚ ਡੀ.ਜੇ.ਨੇ ਮੇਜ਼ ਹਿੱਲਣ ਲਗਾ ਦਿੱਤੇ।ਇਸ ਵਿਆਹ ਸਮਾਗਮ ‘ਚ ਛੇ ਕੁ ਸੌ ਵਿਅਕਤੀਆਂ ਦਾ ਇਕੱਠ ਸੀ। ਪਿਛਲੇ ਡੇਢ ਕੁ ਦਹਾਕੇ ਤੋਂ ਪੰਜਾਬੀਆਂ ਨੇ ਮੈਰਿਜ ਪੈਲੇਸਾਂ ‘ਚ ਵਿਆਹ ਕਰਨੇ ਸ਼ੁਰੂ ਕੀਤੇ ਲਗਦੇ ਹਨ। ਨਾ ਖੁਰਚਣੇ, ਕੜਾਹੀਆਂ ਇਕੱਠੀਆਂ ਕਰਨੀਆਂ ਪੈਣ, ਨਾ ਹੀ 15 ਦਿਨ ਘਰੇ ਮੰਜੇ-ਬਿਸਤਰਿਆਂ ਦਾ ਗਾਹ ਪਵੇ ਅਤੇ ਨਾ ਹੀ ਸ਼ਰਾਬੀ ਮਹਿਮਾਣ ਸਾਂਭਣੇ ਪੈਣ। ਸਾਰਾ ਕੰਮ ਇੱਕ ਦਿਨ ਵਿਚ ਹੀ ਹੋ ਜਾਂਦਾ। ਮੈਰਿਜ ਪੈਲੇਸ ਵਾਲਿਆਂ ਛੇ ਤੋਂ ਬਾਰਾਂ ਸੌ ਰੁਪਿਆ ਪ੍ਰਤੀ ਪਲੇਟ ਦੇ ਹਿਸਾਬ ਕੀਤਾ ਹੁੰਦਾ। ਇਕੱਲੇ ਪੈਲਸ ਵਿੱਚ ਸਮਾਗਮ ਕਰਨ ਦਾ ਖਰਚਾ ਅੰਦਾਜ਼ਾ ਚਾਰ ਪੰਜ ਲੱਖ ਹੁੰਦਾ। ਲੈਣ-ਦੇਣ ਵੱਖਰਾ।ਪੰਜਾਬ ਵਿੱਚ ਅਜਿਹੇ ਵਿਆਹਾਂ ਤੇ ਦਸ ਤੋਂ ਚਾਲੀ ਲੱਖ ਤੱਕ ਖਰਚਾ ਹੋ ਜਾਦਾ ਹੈ। ਖਾ ਪੀ ਕੇ ਲੋਕ, ਗਿੱਠ-ਗਿੱਠ ਉੱਗੀ ਕਣਕ ਵਿਚ ਅਵਾਰਾ ਗਊਆਂ ਦੇ ਫੇਰਾ ਪਾਉਣ ਵਾਂਗ,ਘਰੋ ਘਰੀ ਤੁਰ ਜਾਂਦੇ ਹਨ।ਅਕਸਰ ਇੱਕ ਸਮਾਗਮ ਵਿੱਚ ਲੋਕੀਂ ਦੋ ਦਿਨ ਜਿੰਨਾ ਰਾਸ਼ਨ ਛਕ ਜਾਂਦੇ ਹਨ।?ਇਸੇ ਕਰਕੇ ਪੰਜਾਬੀਆਂ ਵਿੱਚ ਮੋਟਾਪਾ ਅਤੇ ਹਰਟ ਅਟੈਕ ਦੀਆਂ ਬਿਮਾਰੀਆਂ ਵਧ ਗਈਆਂ ਹਨ। ਸ਼ਗਨ ਵੀ ਸਾਰੇ ਨਹੀਂ ਦਿੰਦੇ।?ਉਨ੍ਹਾਂ ਵਿਆਹ ਵਾਲੇ ਮੁੰਡੇ ਕੁੜੀ ਦੀ ਸ਼ਕਲ ਵੀ ਨਹੀਂ ਵੇਖੀ ਹੁੰਦੀ । ਨੇਤਾ ਕਿਸਮ ਦੇ ਲੋਕਾਂ ਲਈ ਇਹ ਵੋਟਾਂ ਪੱਕੀਆਂ ਕਰਨ ਦਾ ਵੀ ਮੌਕਾ ਹੁੰਦਾ। ਉਨ੍ਹਾਂ ਨੂੰ ਡਰ ਵੀ ਹੁੰਦਾ ਕਿ ਜਿਸ ਦੇ ਨਾ ਪਹੁੰਚੇ ਓਹੀ ਰੁੱਸ ਜਾਵੇਗਾ ਕਿ ਸਾਡੇ ਵਿਆਹ ‘ਤੇ ਨਹੀਂ ਪਹੁੰਚੇ। ਉਤੋਂ ਕੋਈ ਨਾ ਕੋਈ ਚੋਣਾਂ ਵੀ ਬਾਬਰ ਦੀ ਤਲਵਾਰ ਵਾਂਗ ਸਿਰ ‘ਤੇ ਲਟਕਦੀਆਂ ਹੀ ਰਹਿੰਦੀਆਂ ਹਨ। ਲੀਡਰਾਂ ਦੇ  ਵਿਆਹ ‘ਚ ਆਉਣ ਨਾਲ ਪੰਜ ਦਸ ਹਜ਼ਾਰ ਦਾ ਹਰ ਘਰ ਨੂੰ ਵਾਧੂ ਖਰਚਾ ਪੈਂਦਾ ਹੈ। ਫੇਰ ਵੀ ਸਮਾਜਕ ਵਿਖਾਵੇ ਲਈ ਲੋਕ ਅਜਿਹਾ ਕਰ ਰਹੇ ਹਨ। ਆਪਣੇ ਸਿਆਸੀ ਦਾਬੇ-ਸ਼ਾਬੇ ਲਈ ਉਹ ਇਹ ਫਜ਼ੂਲ ਖਰਚੀ ਕਰ ਰਹੇ ਹਨ। ਸਿਰਫ ਸ਼ਰੀਕਾਂ ਨੂੰ ਇਹ ਦੱਸਣ ਲਈ ਕਿ ਸਾਡੇ ਫਲਾਣੇ ਐਮ ਐੱਲ ਏ,ਐੱਮ ਪੀ, ਮਨਿਸਟਰ ਜਾਂ ਡੀ ਜੀ ਪੀ ਨਾਲ ਸਬੰਧ ਹਨ;ਇਸ ਲਈ ਸਾਨੂੰ ਵੱਡੇ ਆਦਮੀਂ ਮੰਨੋ। ਪੰਜਾਬੀ ਵਿਕਸਤ ਮੁਲਕਾਂ ਵਿੱਚ ਜਾ ਕੇ ਵੀ ਨਹੀਂ ਬਦਲੇ।ਅਸੀਂ ਗੋਰਿਆਂ ਦੀ ਇੱਕ ਵੀ ਚੰਗੀ ਆਦਤ ਨਹੀਂ ਸਿੱਖੀ। ਮੈਂ ਕਨੇਡਾ ਅਤੇ ਅਮਰੀਕਾ ਵਿੱਚ ਕਈ ਵਿਆਹਾਂ ਵਿੱਚ ਸ਼ਾਂਮਲ ਹੋਇਆ ਹਾਂ।ਸਾਡੇ ਲੋਕ ਉੱਥੇ ਜਾ ਕੇ ਵੀ ਨਹੀਂ ਬਦਲੇ।ਚਾਲੀ ਪੰਜਾਹ ਸਾਲਾਂ ਤੋਂ ਉੱਥੇ ਰਹਿੰਦੇ ਲੋਕ, ਅਜੇ ਵੀ ਪਛੜੀਆਂ ਹੋਈਆਂ  ਪੰਜਾਬੀ ਆਦਤਾਂ, ਨਾਲ ਚੁੱਕੀ ਫਿਰਦੇ ਹਨ।ਇਹਨੂੰ ਉਹ ਆਪਣਾ ਵਿਰਸਾ ਕਹਿੰਦੇ ਹਨ। ਲੱਖ ਲ਼ਾਹਣਤ ਹੈ ਅਜਿਹੇ ਵਿਰਸੇ ਤੇ।ਚੰਡੀਗੜ੍ਹ ਜਾਂ ਦਿੱਲੀ ਬਰਗੇ ਮਹਾਂ ਨਗਰਾਂ ‘ਚ ਹੁੰਦੇ ਵੱਡੇ ਲੋਕਾਂ ਦੇ ਵਿਆਹ ਸਮਾਗਮਾਂ ਦੀ ਗੱਲ ਹੋਰ ਹੁੰਦੀ ਹੈ। ਇਕੱਠ ਦਿਖਾਉਣਾ ਉਨ੍ਹਾਂ ਲੋਕਾਂ ਦੀ ਲੋੜ ਵੀ ਹੁੰਦੀ ਹੈ ਤੇ ਸ਼ੁਗਲ ਵੀ। ਮੇਲੇ ਵਰਗਾ ਮਾਹੌਲ ਹੁੰਦਾ ਹੈ। ਘਰ ਵਾਲਿਆਂ ਨੂੰ ਤਿੰਨ-ਚਾਰ ਹਜ਼ਾਰ ਬੰਦਿਆਂ ਨਾਲ ਹੱਥ ਮਿਲਾਉਂਦਿਆਂ ਪਤਾ ਹੀ ਨਹੀਂ ਚਲਦਾ ਕਿ ਸੱਦਾ-ਪੱਤਰ ਭੇਜ ਕੇ ਬੁਲਾਏ ਮਹਿਮਾਨਾਂ ਵਿਚੋਂ ਸੌ ਪੰਜਾਹ ਬੰਦਾ ਪਹੁੰਚਿਆ ਹੀ ਨਹੀਂ ਜਾਂ ਡੇਢ ਦੋ ਸੌ ਹੁਦਾਰੇ ਕਾਰਡਾਂ ‘ਤੇ ਹੀ ਸ਼ਮੂਲੀਅਤ ਕਰ ਗਏ ਹਨ। ਪੈਸੇ-ਧੇਲੇ ਦੀ ਕੋਈ ਸਮੱਸਿਆ ਨਹੀਂ ਹੁੰਦੀ।ਪਿਛਲੇ ਸਾਲ ਹੀ ਮੇਰੇ ਇੱਕ ਨਜਦੀਕੀ ਰਿਸ਼ਤੇਦਾਰਾਂ ਦੇ ਮੁੰਡੇ ਦਾ ਵਿਆਹ ਸੀ।ਸੱਦਾ ਪੱਤਰ ਵਿੱਚ ਛੇ ਕਾਰਡ ਸਨ।ਪਹਿਲਾ ਮੰਗਣਾ,ਦੂਜਾ ਰੋਕਾ/ਚੁੰਨੀ ਚੜ੍ਹਾਉਣਾ,ਤੀਜਾ ਜਾਗੋ,ਚੌਥਾ ਵਿਆਹ,ਪੰਜਵਾਂ ਰਿਸੈੱਪਸ਼ਨ ਅਤੇ ਛੇਵਾਂ ਕੁੜਮਾਂ ਦੀ ਮਿਲਣੀ। ਇਨ੍ਹਾਂ ਵਿੱਚੋਂ ਸਿਰਫ ਜਾਗੋ ਹੀ ਘਰੇ ਕੱਢੀ ਸੀ। ਬਾਕੀ ਸਾਰੇ ਫੰਕਸ਼ਂਨ ਹੋਟਲਾਂ ਅਤੇ ਮੈਰਿਜ ਪੈਲਿਸਾਂ ਵਿੱਚ ਸਨ।ਇੰਨੇ ਫੰਕਸ਼ਨਾ ਵਿੱਚ ਤਾਂ ਮਹਿਮਾਨਾਂ ਲਈ ਵੀ ਜਾਣਾ ਔਖਾ ਹੁੰਦਾ ਪਰ ਧੰਨ ਨੇ ਕਰਨ ਵਾਲੇ।ਬੱਸ ਅਜਿਹੇ ਲੋਕਾਂ ਦੇ ਵੇਖਾ-ਵੇਖੀ ਪੰਜਾਬੀ  ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ। ਹੁਣ ਸੂਚਨਾ ਤਕਨਾਲੋਜੀ ਦਾ ਜ਼ਮਾਨਾ ਹੈ। ਦੁਨੀਆਂ ਦੇ ਹਰ ਕੋਨੇ ‘ਚ ਖਬਰਾਂ ਪਹੁੰਚ ਰਹੀਆਂ ਹਨ ਕਿ ਦੁਨੀਆਂ ਕਿਸੇ ਨਹੀ ਜਿੱਤੀ। ਇਸ ਧਰਤੀ ‘ਤੇ ਪ੍ਰਿੰਸ ਚਾਰਲਸ ਅਤੇ ਅਰਬ ਦੇ ਸ਼ਹਿਜ਼ਾਦਿਆਂ ਦੇ ਵਿਆਹ ਵੀ ਹੁੰਦੇ ਹਨ, ਜਿਨ੍ਹਾਂ ਲੋਕਾਂ ਦੀਆਂ ਬਰੂਹਾਂ ‘ਤੇ ਮਹੀਨਾ ਮਹੀਨਾ ਭਰ ਮਹਿਮਾਨਾਂ ਦੇ ਜਹਾਜ਼ ਹੀ ਉਤਰਦੇ/ਚੜ੍ਹਦੇ ਰਹਿੰਦੇ ਹਨ। ਭਾਰਤ ਦੇ ਅਮੀਰ ਲੋਕਾਂ ਦੇ ਵਿਆਹਾਂ ਦੀ ਸਨਅੱਤ 7000 ਕਰੋੜ ਰੁਪੈ ਦੀ ਹੈ।ਇਨ੍ਹਾਂ ਵਿਆਹਾਂ ‘ਚ ਐਕਟਰ ਤੇ ਪੋਪ ਸਿੰਗਰ 45 ਲੱਖ ਤੱਕ ਲੈਂਦੇ ਹਨ।ਇੱਕ ਸਨਅੱਤਕਾਰ ਨੇ ਗੋਆ ਬੀਚ ਤੇ ਅਪਣੀ ਇਕਲੌਤੀ ਬੇਟੀ ਦੀ ਸ਼ਾਦੀ ਕੀਤੀ,ਬੰਬਈ ਤੇ ਕਲਕੱਤੇ ਤੋਂ 600 ਮਹਿਮਾਨਾਂ ਨੂੰ ਲਿਆਉਣ ਲਈ ਦੋ ਜੈੱਟ ਜਹਾਜ ਕਿਰਾਏ ਤੇ ਲਏ। ਇਹ ਲੋਕ 5-7 ਕਰੋੜ ਖਰਚਕੇ ਸ਼ੁਗਲ ਕਰਦੇ ਹਨ।ਪਰ ਸਾਨੂੰ ਰੀਸ ਸ੍ਰੀਦੇਵੀ ਜਾਂ ਮਾਧੁਰੀ ਦੀਖਸ਼ਤ (ਫਿਲਮੀ ਹਿਰੋਇਨਾਂ) ਦੀ ਹੀ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿਆਹਾਂ ਤੋਂ ਦਸ ਦਿਨ ਪਿੱਛੋਂ ਹੀ ਪਤਾ ਚਲਦਾ ਹੈ ਕਿ ਸ਼ਾਦੀ ਦੀ ਰਸਮ ਪਰਿਵਾਰ ਦਾ ਨਿਜੀ ਮਾਮਲਾ ਕਹਿ ਕੇ ਕੀਤੀ ਜਾ ਚੁੱਕੀ ਹੈ। ਹਾਲਾਂਕਿ ਵਿਆਹ ਸਮਾਗਮ ਦੀ ਰਸਮ ‘ਤੇ ਡੇਢ ਦੋ ਕਰੋੜ ਖਰਚਣਾ ਉਨ੍ਹਾਂ ਲਈ ਸਾਡੇ ਕਈ ਮਿੱਤਰਾਂ ਦੇ ਦੀਵਾਲੀ ਦੀ ਰਾਤ ਨੂੰ ਪੰਜ ਚਾਰ ਹਜ਼ਾਰ ਜੂਏ ‘ਚ ਹਾਰਨ ਵਰਗਾ ਖਰਚ ਹੀ ਹੁੰਦਾ। ਉਂਜ ਵੀ ਵਿਆਹ ਕੋਈ ਮੇਲਾ ਜਾਂ ਰਾਜਸੀ ਸੰਮੇਲਨ ਨਹੀਂ ਹੁੰਦੇ ਜਿੱਥੇ ਲੱਖਾਂ ਲੋਕਾਂ ਦਾ ਇੱਕਠ ਹੋਇਆ ਕਰਦਾ।ਵਿਆਹ ਸਮਾਗਮਾਂ ਨੂੰ ਇਸ ਮਹਿੰਗਾਈ ਦੇ ਦੌਰ ‘ਚ ਚੰਦ ਇਕ ਰਿਸ਼ਤੇਦਾਰਾਂ ਤੇ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ਵਿਚ ਹੀ ਕੀਤਾ ਜਾਣਾ ਚਾਹੀਦਾ। ਅਜਿਹਾ ਹੀ  ਇੱਕ ਵਿਆਹ ਮੈਂ ਪਿਛਲੇ ਦਿਨੀਂ ਵੇਖਿਆ ਹੈ। ਵਿਆਹ ਵਾਲੇ ਦੋਨੋਂ ਪ੍ਰੀਵਾਰ ਫੌਜ ਦੇ ਕਰਨਲ ਪ੍ਰਿਵਾਰ ਸਨ।ਪੇਸੇ ਦੀ ਵੀ ਕੋਈ ਘਾਟ ਨਹੀਂ ਸੀ।ਪਰ ਵਿਆਹ ਵਿੱਚ ਗਿਣਤੀ ਦੇ ਲੋਕ ਹੀ ਸਨ। ਵਿਆਹ ਦਾ ਸਾਰਾ ਪ੍ਰੋਗਰਾਂਮ ਹੋਟਲ ਪਾਰਕ ਵਿਊ ਚੰਡੀਗੜ੍ਹ ਵਿੱਚ ਸੀ।ਸਾਰਾ ਇਕੱਠ ਸੌ ਕੁ ਵਿਅਕਤੀਆ ਦਾ ਸੀ।ਰਿਸ਼ਤੇਦਾਰਾਂ ਤੋਂ ਵਗੈਰ ਹੋਰ ਕੋਈ ਵੀ ਨਹੀਂ ਸੀ ਬੁਲਾਇਆ ਗਿਆ।ਸਿਰਫ ਨਾਨਕੇ, ਦਾਦਕੇ,ਭੂਆ, ਮਾਸੀਆਂ,ਚਾਚੇ, ਤਾਏ ਹੀ ਸਨ।ਅਗਲੀ ਸ਼ਾਂਮ ਡਿਫੈਂਸ ਕਲੱਬ ਵਿੱਚ ਰਿਸੇਪਸ਼ਨ ਸੀ।ਇੱਥੇ ਵੀ ਚੰਦ ਕੁ ਘਰ ਦੇ ਗਵਾਂਢੀ ਅਤੇ ਬਚਪਣ ਦੇ ਦੋਸਤ,ਸ਼ਰੀਕੇ ਭਾਈਚਾਰੇ ਦੇ ਲੋਕ ਅਤੇ ਦੋਸਤ ਮਿੱਤਰ ਹੀ ਸਨ। ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਕਦੇ ਵੀ ਪੁਰਾਣੇ ਸਮਿਆਂ ਵਰਗੀਆਂ ਨਹੀਂ ਹੋਇਆ ਕਰਦੀਆਂ। ਹੁਣ ਮਧਾਣੀ, ਚਾਟੀ, ਪੱਖੀ ਤੇ ਫੁਲਕਾਰੀਆਂ ਅਜਾਇਬ ਘਰਾਂ ‘ਚ ਜਾਂ ਕਿਰਾਏ ‘ਤੇ ਹੀ ਮਿਲਿਆ ਕਰਨਗੀਆਂ।ਇਸ ਬੀਤੇ ਵਕਤ ਲਈ ਰੋਣਾ ਬੰਦ ਕਰਕੇ ਸਮੇਂ ਦੇ ਨਾਲ ਤੁਰਨਾਂ ਸਿੱਖੋ।ਫੋਕੀ ਹਉਮੈਂ ਖਾਤਰ, ਵਿਖਾਵੇ ਵਾਲੇ ਵਿਆਹ ਸਮਾਗਮ ਘਰ ਵਾਲਿਆਂ ਤੇ ਸਿਆਸੀ ਨੇਤਾਵਾਂ ਦੋਹਾਂ ਲਈ ਹੀ ਪੈਸੇ ਤੇ ਸਮੇਂ ਦੀ ਬਰਬਾਦੀ ਹੈ। ਬੁਲਾਏ ਗਏ ਸਾਰੇ ਮਹਿਮਾਨਾਂ ਕੋਲ ਵੀ ਸਮਾਂ ਨਹੀਂ ਹੁੰਦਾ। ਉਂਜ ਵੀ ਜਾਣ-ਪਹਿਚਾਣ ਤਾ ਸੈਂਕੜੇ-ਹਜ਼ਾਰਾਂ ਨਾਲ ਹੋ ਸਕਦੀ ਹੈ ਪਰ ਪਰਿਵਾਰਕ ਸਬੰਧਾਂ ਦਾ ਗਰਾਫ ਤਿੰਨ-ਚਾਰ ਦਰਜਨ ਪਰਿਵਾਰਾਂ ਤੋਂ ਅਗਾਂਹ ਨਹੀਂ ਚੜ੍ਹਦਾ। ਰਿਸ਼ਤਿਆਂ ਦੇ ਚਿਹਰਿਆਂ ‘ਤੇ ਵਕਤ ਦੀ ਧੂੜ ਜਮਦੀ ਹੀ ਰਹਿੰਦੀ ਹੈ। ਫੇਰ ਵੀ ਇਹ ਵਿਖਾਵਿਆਂ ਦਾ ਦੌਰ ਜਾਰੀ ਹੈ।ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਾਬਕਾ ਸੰਸਦ ਮੈਂਬਰ ਰਾਜੇਸ਼ ਪਾਇਲਟ ਨੇ ਆਪਣੀ ਇਕਲੌਤੀ ਬੇਟੀ ਦੀ ਸ਼ਾਦੀ ਚੰਦ ਇਕ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਹਾਜ਼ਰੀ ਵਿਚ ਹੀ ਕੀਤੀ ਸੀ। ਉਸ ਨੇ ਆਪਣੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਨਹੀਂ ਸੀ ਬੁਲਾਇਆ। ਉਂਜ ਦਸ ਵੀਹ ਹਜ਼ਾਰ ਦਾ ਇਕੱਠ ਕਰਨਾ ਉਸ ਦਾ ਚੁਟਕੀ ਦਾ ਕੰਮ ਸੀ। ਆਮ ਲੋਕੀਂ ਆਪ ਤੋਂ ਵੱਡਿਆਂ ਦੀਆਂ ਬਾਂਦਰ ਨਕਲਾਂ ਹੀ ਕਰਿਆ ਕਰਦੇ ਹਨ।ਕਦੇ ਸਰਕਾਰ ਨੇ ਦਹੇਜ ਰੋਕੂ ਕਾਨੂੰਨ ਬਣਾਇਆ ਸੀ। ਇੰਜ ਹੀ ਜੇ ਸਰਕਾਰ ਆਮਦਨ ਕਰ ਕਾਨੂੰਨ ‘ਚ ਸੋਧ ਕਰਕੇ ਇਹ ਕਾਨੂੰਨ ਬਣਾ ਦੇਵੇ ਕਿ ਇਕ ਖਾਸ ਗਿਣਤੀ ਤੋਂ ਵੱਧ ਕਿਸੇ ਮੈਰਿਜ ਪੈਲੇਸ, ਟੈਂਟ ਹਾਊਸ, ਕੈਟਰਿੰਗ, ਦਰਜਨ ਤੋਂ ਵੱਧ ਗੱਡੀਆਂ ਦੀ ਬੁਕਿੰਗ ਕਰਵਾਉਣ ਵਾਲੇ ਲੋਕਾਂ ਨੂੰ ਆਮਦਨ ਕਰ ਦੇ ਘੇਰੇ ਵਿਚ ਲਿਆਂਦਾ ਜਾਵੇਗਾ ਤਾਂ ਇਹ ਫਜੂਲ ਖਰਚੀ ਘਟ ਸਕਦੀ ਹੈ। ਮਨੁੱਖ ਖਤਰਨਾਕ ਜਾਨਵਰ ਹੈ।ਇਹ ਸਿਰਫ ਕਾਇਦੇ ਕਾਨੂੰਨਾ ਤੋਂ ਹੀ ਡਰਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>