ਚੰਡੀਗੜ੍ਹ- ਬੀਬੀ ਜਗੀਰ ਕੌਰ ਨੇ ਆਪਣੀ ਬੇਟੀ ਹਰਪ੍ਰੀਤ ਕੌਰ ਦੇ ਅਗਵਾ ਅਤੇ ਗਰਭਪਾਤ ਦੇ ਕੇਸ ਵਿੱਚ ਸੀਬੀਆਈ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਅਤੇ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸ਼ਨਿਚਰਵਾਰ ਨੂੰ ਨੈਤਕਿਤਾ ਦਾ ਹਵਾਲਾ ਦਿੰਦੇ ਹੋਏ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੀ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਆਪਣਾ ਅਸਤੀਫ਼ਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਬਾਦਲ ਨੇ ਇਹ ਅਸਤੀਫ਼ਾ ਤੁਰੰਤ ਮਨਜੂਰ ਕਰਨ ਲਈ ਰਾਜ ਦੇ ਗਵਰਨਰ ਨੂੰ ਭੇਜ ਦਿੱਤਾ ਹੈ। ਬੀਬੀ ਜਗੀਰ ਕੌਰ ਨੂੰ 12 ਸਾਲ ਪਹਿਲਾਂ ਉਸ ਦੀ ਬੇਟੀ ਦੀ ਰਹਸਮਈ ਢੰਗ ਨਾਲ ਹੋਈ ਮੌਤ ਦੇ ਸਬੰਧ ਵਿੱਚ ਜਬਰਦਸਤੀ ਗਰਭਪਾਤ ਅਤੇ ਅਗਵਾ ਦੀ ਸਾਜਿਸ਼ ਰੱਚਣ ਕਰਕੇ ਸਪੈਸ਼ਲ ਸੀਬੀਆਈ ਅਦਾਲਤ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਬੀਬੀ ਨੂੰ ਇਸ ਸਮੇਂ ਕਪੂਰਥੱਲਾ ਦੀ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਬੀਬੀ ਜਗੀਰ ਕੌਰ ਭੁਲੱਥ ਹਲਕੇ ਤੋਂ ਵਿਧਾਇਕ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਬੀਬੀ ਦੇ ਪਿੰਡ ਬੇਗੋਵਾਲ ਵਿੱਚ ਪੂਰੀ ਤਰ੍ਹਾਂ ਬੰਦ ਰਿਹਾ। ਪਿੰਡ ਦੇ ਸਾਰੇ ਵਪਾਰਿਕ ਅਦਾਰੇ ਸ਼ਾਂਤਮਈ ਢੰਗ ਨਾਲ ਬੰਦ ਰਹੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਖ਼ਬਰ ਮਿਲਣ ਤੇ ਲੋਕਾਂ ਨੂੰ ਬਹੁਤ ਵੱਡਾ ਝਟਕਾ ਲਗਿਆ ਹੈ।