ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਆਲ ਇੰਡੀਆ ਐਫ਼.ਸੀ.ਆਈ. ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਅੱਜ 9ਵੇਂ ਦਿਨ ਵੀ ਪੂਰਨ ਕੰਮ ਬੰਦ ਰੱਖ ਕੇ ਮੁਕੰਮਲ ਹੜਤਾਲ ਜਾਰੀ ਰੱਖੀ ਤੇ ਸਥਾਨਕ ਦਫ਼ਤਰ ਦੇ ਅੱਗੇ ਰੋਸ ਰੈਲੀ ਕਰਕੇ ਪ੍ਰਦਰਸ਼ਨ ਕੀਤਾ। ਇਸ ਸੰਘਰਸ਼ ਵਿਚ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਵੱਲੋਂ ਕੰਮ ਬੰਦ ਕਰਕੇ ਸਮਰਥਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਆਤਮਾ ਰਾਮ, ਦਫ਼ਤਰ ਸਕੱਤਰ ਮੰਗਤ ਸਿੰਘ, ਖਜ਼ਾਨਚੀ ਜਗਤਾਰ ਸਿੰਘ, ਸਕੱਤਰ ਸਰਵਨ ਸਿੰਘ, ਕੇਂਦਰੀ ਕਮੇਟੀ ਮੈਂਬਰ ਚੰਨਾ ਸਿੰਘ, ਫੂਡ ਐਂਡ ਅਲਾਇਡ ਯੂਨੀਅਨ ਦੇ ਪ੍ਰਧਾਨ ਬੇਅੰਤ ਸਿੰਘ ਆਦਿ ਨੇ ਕੇਂਦਰ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ’ਚ ਐਫ.ਸੀ.ਆਈ.’ਚੋਂ ਠੇਕੇਦਾਰੀ ਸਿਸਟਮ ਖ਼ਤਮ ਕਰਨ, ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕਰਨ ਤੇ ਮਜ਼ਦੂਰਾਂ ਨੂੰ ਪੱਕਾ ਕਰਨ ਆਦਿ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।