ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਕੇਂਦਰ ਸਰਕਾਰ ਵੱਲੋਂ ਆਮ ਬਜਟ ਵਿਚ ਸੋਨੇ ਤੇ ਲਾਏ ਅਕਸਾਈਜ਼ ਕਰ ਨੂੰ ਵਾਪਸ ਲਏ ਜਾਣ ਦੀ ਮੰਗ ਦੇ ਸਬੰਧ ’ਚ ਸਵਰਨਕਾਰ ਸੰਘ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ 6ਵੇਂ ਦਿਨ ’ਚ ਸ਼ਾਮਲ ਹੋ ਗਈ। ਇਸ ਮੌਕੇ ਦਿੱਤੇ ਗਏ ਧਰਨੇ ’ਚ ਸਵਰਨਕਾਰ ਸੰਘ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦੀਆਂ ਵਿਰੋਧੀ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਚੀਨਾ, ਪ੍ਰਧਾਨ (ਸ਼ਹਿਰੀ) ਬਲਜਿੰਦਰ ਸਿੰਘ ਕੰਡਾ ਨੇ ਕਿਹਾ ਕਿ ਆਮ ਬਜਟ ਤੋਂ ਬਾਅਦ ਅਕਸਾਈਜ਼ ਕਰ ਹਟਾਉਣ ਲਈ ਸਵਰਨਕਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ ਜਿਸ ਨਾਲ ਉਨ੍ਹਾਂ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਹੜਤਾਲ ਅੱਜ 18ਵੇਂ ਦਿਨ ’ਚ ਦਾਖ਼ਲ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਦੇ ਕੰਨ ’ਤੇ ਅਜੇ ਤੱਕ ਜੂੰ ਨਹੀਂ ਸਰਕੀ। ਉਨ੍ਹਾਂ ਅੱਗੇ ਕਿਹਾ ਕਿ ਸਵਰਨਕਾਰ ਕੇਂਦਰੀ ਕਮੇਟੀ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਕੇਂਦਰ ਸਰਕਾਰ ਦੀ ਸੋੜੀ ਸੋਚ ਅੱਗੇ ਨਹੀਂ ਝੁਕਣਗੇ ਤੇ ਆਬਕਾਰੀ ਕਰ ਹਟਾ ਕੇ ਦਮ ਲੈਣਗੇ। ਇਸ ਮੌਕੇ ਮਨੋਹਰ ਸਿੰਘ ਸਦਿਓੜਾ, ਸ਼ੇਖਰ ਬਾਂਸਲ, ਦਲਜੀਤ ਸਿੰਘ ਕੰਡਾ, ਡੀ.ਕੇ.ਜਿਊਲਰਜ਼, ਸਤਿਅਮ ਜਿਊਲਰਜ਼, ਜਗਨੰਦਨ ਸਿੰਘ, ਹਰਪਾਲ ਸਿੰਘ, ਸ਼ਮਿੰਦਰ ਸਿੰਘ, ਹਰਜੀਤ ਸਿੰਘ ਕੰਡਾ, ਗੁਰਪ੍ਰੀਤ ਸਿੰਘ ਮਿੱਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਵਰਨਕਾਰ ਸ਼ਾਮਲ ਸਨ।