ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) :- ਜ਼ਿਲਾ ਪੁਲਸ ਮੁਖੀ ਇੰਦਰਮੋਹਨ ਸਿੰਘ ਵੰਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਥਾਨਾ ਸਿਟੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਬੀਤੇ ਦਿਨੀਂ ਸਥਾਨਕ ਨਵੀਂ ਅਨਾਜ ਮੰਡੀ ਵਿਚ ਇਕ ਦੁਕਾਨ ਨੂੰ ਦੋ ਵਾਰ ਨਿਸ਼ਾਨਾ ਬਣਾ ਕੇ ਚੋਰੀ ਮਗਰੋਂ ਅੱਗ ਲਾਉਣ ਵਾਲੇ ਕਥਿਤ ਦੋਸ਼ੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਥਾਨਾ ਸਿਟੀ ਦੇ ਏ.ਐਸ.ਆਈ.ਕਿਸ਼ੋਰ ਚੰਦ, ਹਵਲਦਾਰ ਜਗਦੀਸ਼ ਸਿੰਘ, ਹਵਲਦਾਰ ਬਿੰਦਰਪਾਲ ਸਿੰਘ ਤੇ ਸੁਖਵੀਰ ਰਾਮ ਆਦਿ ਪਾਰਟੀ ਨੇ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਦੋ ਦੋਸ਼ੀਆਂ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਦੁਕਾਨਦਾਰ ਨੂੰ 25-25 ਕਿਲੋ ਚਾਹ ਦੇ ਦੋ ਗੱਟਿਆਂ ਸਮੇਤ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਦੀ ਪਹਿਚਾਣ ਪੰਕਜ ਸ਼ਰਮਾ ਉਰਫ਼ ਕਾਲਾ ਪੁੱਤਰ ਨਾਨਕ ਚੰਦ ਵਾਸੀ ਰਾਗੀਆਂ ਵਾਲੀ ਗਲੀ, ਸ਼ਸ਼ੀ ਕੁਮਾਰ ਉਰਫ਼ ਸ਼ਸ਼ੀ ਪੁੱਤਰ ਪੱਪੂ ਕੁਮਾਰ ਵਾਸੀ ਫੈਕਟਰੀ ਰੋਡ ਅਤੇ ਦੁਕਾਨਦਾਰ ਉ¤ਤਮ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮੋੜ ਰੋਡ ਵਜੋਂ ਹੋਈ। ਵਰਣਨਯੋਗ ਹੈ ਕਿ ਬੀਤੀ 5 ਮਾਰਚ ਨੂੰ ਦੋਸ਼ੀਆਂ ਨੇ ਉਕਤ ਮਾਲਿਕ ਤੇਲੂ ਰਾਮ ਦੀ ਅਗਰਵਾਲ ਸਪ੍ਰੇਅ ਸੈਂਟਰ ਦੀ ਛੱਤ ਵਿਚ ਪਾੜ ਲਾ ਕੇ ਚੋਰੀ ਕੀਤੀ ਸੀ ਤੇ ਫਿਰ 30 ਮਾਰਚ ਨੂੰ ਦੁਬਾਰਾ ਦੁਕਾਨ ਨੂੰ ਫਿਰ ਤੋਂ ਨਿਸ਼ਾਨਾ ਬਣਾਉਦਿਆਂ ਦੁਕਾਨ ਦੀ ਛੱਤ ਪਾੜ ਕੇ ਨਾ ਸਿਰਫ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਬਲਿਕ ਦੁਕਾਨ ਨੂੰ ਅੱਗ ਵੀ ਲਗਾ ਦਿੱਤੀ। ਜਿਸ ਨਾਲ ਦੁਕਾਨ ਪੂਰੀ ਤਰ੍ਹਾਂ ਸੜ ਗਈ ਅਤੇ ਦੁਕਾਨ ਅੰਦਰ ਪਿਆ ਕਰੀਬ 3 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਇਸ ਅੱਗ ’ਤੇ ਫਾਇਰ ਬ੍ਰਿਗੇਡ ਨੇ ਪੁਹੰਚ ਕੇ ਕਾਬੂ ਪਾਇਆ। ਜੇਕਰ ਮੌਕੇ ’ਤੇ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਆਸ ਪਾਸ ਦੀਆਂ ਦੁਕਾਨਾਂ ਵੀ ਇਸ ਅੱਗ ਦੀ ਲਪੇਟ ਵਿਚ ਆ ਸਕਦੀਆਂ ਸਨ। ਇਨ੍ਹਾਂ ਦੋਸ਼ੀਆਂ ਦੇ ਖਿਲਾਫ਼ ਪੁਲਸ ਵੱਲੋਂ ਮੁਕਦਮਾ ਨੰਬਰ: 65 ਅਧੀਨ ਧਾਰਾ 457, 380 ਤੇ 436 ਦਰਜ ਕੀਤਾ ਗਿਆ ਸੀ ਤੇ ਹੁਣ ਸਾਮਾਨ ਬਰਾਮਦਗੀ ਮਗਰੋਂ ਧਾਰਾ 411 ਲਗਾਈ ਗਈ ਹੈ। ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।