ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਜੁਲਿਫ਼ਕਾਰ ਅਲੀ ਭੁੱਟੋ ਦੇ ਦੋਹਤੇ ਬਿਲਾਵੱਲ ਭੁੱਟੋ ਜਰਦਾਰੀ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਭੁੱਟੋ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਵਿੱਚ ਆਪਣੀ ਭੂਮਿਕਾ ਲਈ ਸੁਪਰੀਮ ਕੋਰਟ ਮਾਫ਼ੀ ਮੰਗੇ। ਬਿਲਾਵੱਲ ਨੇ ਇਹ ਵੀ ਕਹਾ ਕਿ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਖਿਲਾਫ਼ ਹੁਕਮ ਦੀ ਉਲੰਘਣਾ ਮਾਮਲੇ ਵਿੱਚ ਅਦਾਲਤ ਦੋਹਰਾ ਮਾਪਦੰਡ ਨਾਂ ਅਪਨਾਵੇ। ਸਿੰਧ ਸੂਬੇ ਦੇ ਨਾਊਡੇਰੋ ਵਿੱਚ ਸਾਬਕਾ ਰਾਸ਼ਟਰਪਤੀ ਜੁਲਿਫ਼ਕਾਰ ਅਲੀ ਭੁੱਟੋ ਦੀ ਬਰਸੀ ਮੌਕੇ ਬਿਲਾਵੱਲ ਭੁੱਟੋ ਨੇ ਇਹ ਬਿਆਨ ਦਿੱਤਾ। ਇਹ ਖੇਤਰ ਭੁੱਟੋ ਪਰੀਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ।
ਪੀਪੀਪੀ ਦੇ ਪ੍ਰਧਾਨ 23 ਸਾਲਾ ਬਿਲਾਵੱਲ ਭੁੱਟੋ ਨੇ ਆਪਣੇ ਨਾਨਾ ਜੁਲਿਫਕਾਰ ਅਲੀ ਭੁੱਟੋ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਸਮੀਖਿਆ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ, “ ਮੈਂ ਇਸ ਗੱਲ ਤੇ ਯਕੀਨ ਕਰਦਾ ਹਾਂ ਕਿ ਸੁਪਰੀੰ ਕੋਰਟ ਸਾਨੂੰ ਨਿਆਂ ਦੇਵੇਗਾ। ਮੈਨੂੰ ਉਮੀਦ ਹੈ ਕਿ ਜੁਲਿਫਕਾਰ ਅਲੀ ਦੀ ਨਿਆਇਕ ਹੱਤਿਆ ਵਿੱਚ ਭੂਮਿਕਾ ਲਈ ਸੁਪਰੀਮ ਕੋਰਟ ਮਾਫ਼ੀ ਮੰਗੇਗਾ।” ਬਿਲਾਵੱਲ ਨੇ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਖੋਲਣ ਲਈ ਸਵਿਸ ਅਧਿਕਾਰੀਆਂ ਨੂੰ ਪੱਤਰ ਨਾਂ ਲਿਖਣ ਦੇ ਪ੍ਰਧਾਨਮੰਤਰੀ ਗਿਲਾਨੀ ਦੇ ਕਦਮ ਦੀ ਸਲਾਘਾ ਕੀਤੀ।
ਰਾਸ਼ਟਰਪਤੀ ਜਰਦਾਰੀ ਨੇ ਵੀ ਜੁਲਿਫਕਾਰ ਅਲੀ ਭੁੱਟੋ ਦੀ ਬਰਸੀ ਮੌਕੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਅਲੋਚਕਾਂ ਵੱਲੋਂ ਕੀਤੇ ਜਾ ਰਹੇ ਸਾਰੇ ਹਮਲਿਆਂ ਨਾਲ ਨਜਿਠਣ ਦੀ ਯੋਗਤਾ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿੱਚ ਸਦਾ ਲੋਕਾਂ ਦੇ ਫੈਸਲੇ ਨੂੰ ਕਬੂਲ ਕੀਤਾ ਗਿਆ ਹੈ, ਜੱਜਾਂ ਦੁਆਰਾ ਕੀਤੇ ਗਏ ਫੈਸਲੇ ਨੂੰ ਨਹੀਂ।