ਗਰੈਜੂਏਸ਼ਨ ਸੈਰੇਮਨੀ ਪੰਜਾਬੀਆਂ ਦੇ ਜਸ਼ਨ ਦਾ ਬਹਾਨਾ

ਪੰਜਾਬੀ ਹਮੇਸ਼ਾ ਖੁਸ਼ਹਾਲ ਹੋਣ ਕਰਕੇ ਜਸ਼ਨ ਮਨਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਨ। ਜਸ਼ਨ ਮਨਾਉਣਾ ਪੰਜਾਬੀਆਂ ਦੇ ਸੁਭਾ ਦਾ ਆਟੁਟ ਹਿੱਸਾ ਹੈ। ਪਹਿਲਾਂ ਜਸ਼ਨ ਮਨਾਉਣ ਲਈ ਸਿਰਫ ਮੰਗਣੇ, ਵਿਆਹ, ਮੁਕਲਾਵੇ ਤੇ ਮੇਲੇ ਹੀ ਹੁੰਦੇ ਸਨ। ਅੱਜ ਦੇ ਮਾਡਰਨ ਜਮਾਨੇ ਵਿਚ ਜਸ਼ਨ ਮਨਾਉਣ ਦੇ ਨਵੇਂ ਤੌਰ ਤਰੀਕੇ ਅਤੇ ਵੱਖਰੇ ਕਾਰਨ ਹੀ ਮੋਹਰੀ ਹੋ ਗਏ ਹਨ। ਹੁਣ ਤਾਂ ਬੱਚਿਆਂ ਦੇ ਜਨਮ ਦਿਨ, ਦਸਤਾਰਬੰਦੀ, ਸਕੂਲਾਂ ਦੇ ਕੰਪੀਟੀਸ਼ਨ, ਡਰਾਮਿਆਂ, ਸ੍ਯਭਿਆਚਾਰਕ ਪ੍ਰੋਗਰਾਮਾ ਵਿਚ ਹਿੱਸਾ ਲੈਣ ਦੇ ਬਹਾਨੇ ਨਾਲ ਹੀ ਜਸ਼ਨ ਮਨਾਏ ਜਾਂਦੇ ਹਨ। ਬੱਚਿਆਂ ਦੀਆਂ ਸਕੂਲਾਂ ਤੇ ਕਾਲਜਾਂ ਦੀਆਂ ਗਰਮੀਆਂ ਅਤੇ ਸਰਦੀਆਂ ਦੀਆਂ ਛੁਟੀਆਂ ਦੇ ਬਹਾਨੇ ਪਿਕਨਿਕ ਦੇ ਤੌਰ ਤੇ ਬਾਹਰ ਘੁੰਮਣ ਫਿਰਨ ਦੇ ਜਰੀਏ ਜਸ਼ਨ ਮਣਾਏ ਜਾਂਦੇ ਹਨ। ਵਿਸਾਖੀ, ਲੋਹੜੀ, ਗੁਗਾ ਮਾੜੀ, ਮੱਸਿਆ ਆਦਿ ਦੇ ਤਿਉਹਾਰ ਮਨਾਉਣਾ ਆਮ ਜਹੀ ਗਲ ਹੋ ਗਈ ਹੈ। ਇਸੇ ਤਰ੍ਹਾਂ ਪ੍ਰਦੇਸਾਂ ਵਿਚ ਬੈਠੇ ਪੰਜਾਬੀ ਵੀ ਜਿਨ੍ਹਾਂ ਦੇ ਮਨੋਰੰਜਨ ਦੇ ਉਥੇ ਬਹੁਤੇ ਸਾਧਨ ਨਹੀਂ ਹੁੰਦੇ, ਉਹ ਉਥੋਂ ਦੇ ਤਿਉਹਾਰਾਂ ਨੂੰ ਮਨਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਉਹ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਤਾਂ ਹਰ ਹਾਲਤ ਵਿਚ ਇਕ ਦਿਨ ਅੰਗ੍ਰੇਜੀ ਪਹਿਰਾਵੇ ਤੋਂ ਖਹਿੜਾ ਛੁਡਾ ਕੇ ਪੰਜਾਬੀ ਵੇਸ ਭੂਸ਼ਾ ਵਿਚ ਗੁਰੂ ਘਰਾਂ ਵਿਚ ਆਪਣੀ ਹਾਜਰੀ ਲਵਾਉਂਦੇ ਹਨ। ਗੁਰੂ ਘਰ ਤੋਂ ਜਿਥੇ ਉਹਨਾਂ ਨੂੰ ਧਾਰਮਕ ਖੁਰਾਕ ਮਿਲਦੀ ਹੈ ਤੇ ਮਾਨਸਕ ਸੰਤੁਸ਼ਟੀ ਹੁੰਦੀ ਹੈ ਉਥੇ ਨਾਲ ਹੀ ਉਹਨਾਂ ਦਾ ਸਮਾਜਕ ਤਾਲਮੇਲ ਵੀ ਵਧਦਾ ਹੈ। ਇਸ ਤੋਂ ਇਲਾਵਾ ਵੀਕ ਐਂਡ ਉਹਨਾਂ ਲਈ ਜਸ਼ਨ ਦਾ ਕਾਰਨ ਵੀ ਬਣਦਾ ਹੈ। ਨੌਕਰੀ ਪੇਸ਼ਾ ਪਰਵਾਸੀ ਪੰਜਾਬੀ ਸੋਮਵਾਰ ਤੋਂ ਸ਼ੁਕਰਵਾਰ ਤੱਕ ਮਨ ਮਾਰਕੇ ਕੰਮ ਕਰਦੇ ਹਨ। ਸ਼ੁਕਰਵਾਰ ਸ਼ਾਮ ਨੂੰ ਉਹ ਮਾਨਸਕ ਤੌਰ ਤੇ ਰੀਲੀਵਡ ਮਹਿਸੂਸ ਕਰਦੇ ਹਨ। ਸ਼ੁਕਰਵਾਰ ਦੁਪਹਿਰ ਤੋਂ ਬਾਅਦ ਹੀ ਉਹ ਖੁਸ਼ੀਆਂ ਵਿਚ ਝੂਮਦੇ ਹਨ। ਸਨਿਚਰਵਾਰ ਅਤੇ ਐਤਵਾਰ ਵਿਚੋਂ ਇਕ ਦਿਨ ਉਹ ਕਿਸੇ ਨਾ ਕਿਸੇ ਬਹਾਨੇ ਜਸ਼ਨ ਮਨਾਉਂਦੇ ਹਨ। ਵਿਦੇਸ਼ਾਂ ਦੇ ਰਵਾਇਤੀ ਤਿਉਹਾਰਾਂ, ਕ੍ਰਿਸਮਸ ਅਤੇ ਥੈਂਕਸ ਗਿਵਿੰਗ ਦਿਵਸ ਤੋਂ ਇਲਾਵਾ ਉਹ ਉਥੋਂ ਦੇ ਹਰ ਜਸ਼ਨ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਦਿਨਾਂ ਤੇ ਵੱਡੇ ਵੱਡੇ ਮਾਲਜ ਵਿਚ ਵਿਕਰੀ ਦੀਆਂ ਬਹੁਤ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਜਾਂਦਾ ਹੈ ਇਥੋਂ ਤੱਕ ਕਿ 60 ਤੋਂ 70 ਫੀਸਦੀ ਤੱਕ ਦੀ ਛੋਟ ਵੀ ਦਿਤੀ ਜਾਂਦੀ ਹੈ। ਪਰਵਾਸੀ ਪੰਜਾਬੀ ਹੁਣ ਵਿਦੇਸ਼ਾਂ ਵਿਚ ਉਥੋਂ ਦੇ ਸਭਿਆਚਾਰ ਵਿਚ ਅਡਜਸਟ ਹੋਣ ਦੀ ਕੋਸ਼ਿਸ਼ ਕਰਦੇ ਹਨ ਜਾਂ ਇਉਂ ਕਹਿ ਲਵੋ ਕਿ ਉਹਨਾਂ ਦੀ ਮਜਬੂਰੀ ਹੈ। ਅਮਰੀਕਾ ਵਿਚ ਇਕ ਹੋਰ ਸੈਰੇਮਨੀ ਜਿਸਨੂੰ ਗ੍ਰੈਜੂਏਸ਼ਨ ਸੈਰੇਮਨੀ ਕਿਹਾ ਜਾਂਦਾ ਹੈ ਉਥੋਂ ਦੇ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜਾਈ ਖਤਮ ਹੋਣ ਤੇ ਸਾਲ ਵਿਚ ਦੋ ਵਾਰ ਗਰਮੀਆਂ ਅਤੇ ਸਰਦੀਆਂ ਵਿਚ ਆਯੋਜਤ ਕੀਤੀ ਜਾਂਦੀ ਹੈ। ਜਿਹੜੇ ਵਿਦਿਆਰਥੀ  ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਜਾਂ ਪ੍ਰੋਫੈਸ਼ਨਲ ਡਿਗਰੀਆਂ ਕਰਦੇ ਹਨ, ਉਹਨਾਂ ਨੂੰ ਇਹ ਡਿਗਰੀਆਂ ਯੂਨੀਵਰਸਿਟੀ ਵਲੋਂ ਵਿਸ਼ੇਸ਼ ਸਮਾਗਮ ਕਰਕੇ ਦਿਤੀਆਂ ਜਾਂਦੀਆਂ ਹਨ। ਭਾਰਤ ਵਿਚ ਅਸੀਂ ਇਸ ਤਰ੍ਹਾਂ ਦੇ ਸਮਾਰੋਹ ਨੂੰ ਕਨਵੋਕੇਸ਼ਨ ਕਹਿੰਦੇ ਹਾਂ। ਇਥੇ ਸਿਰਫ ਪੋਸਟ ਗ੍ਰੈਜੂਏਸ਼ਨ ਜਾਂ ਪ੍ਰੋਫੈਸ਼ਨਲ ਡਿਗਰੀਆਂ ਜਾਂ ਪੀ.ਐਚ.ਡੀ ਵਾਲਿਆਂ ਨੂੰ ਹੀ ਕਨਵੋਕੇਸ਼ਨ ਵਿਚ ਡਿਗਰੀਆਂ ਦਿਤੀਆਂ ਜਾਂਦੀਆਂ ਹਨ। ਸਾਡੇ ਤਾਂ ਵਿਦਿਆਰਥੀ ਇਕੱਲੇ ਹੀ ਜਾ ਕੇ ਇਹ ਡਿਗਰੀਆਂ ਲੈ ਆਉਦੇ ਹਨ ਪ੍ਰੰਤੂ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਏਦਾਂ ਨਹੀਂ ਹੁੰਦਾ। ਉਥੇ ਗ੍ਰੈਜੂਏਸ਼ਨ ਸਮਾਗਮ ਬਹੁਤ ਹੀ ਮਹੱਤਵਪੂਰਨ ਗਿਣਿਆਂ ਜਾਂਦਾ ਹੈ। ਵੈਸੇ ਤਾਂ ਅੰਗਰੇਜ ਲੋਕ ਬਹੁਤੀ ਉਚੇਰੀ ਵਿਦਿਆ ਪ੍ਰਾਪਤ ਹੀ ਨਹੀਂ ਕਰਦੇ, ਜਿਹੜੇ ਕਰਦੇ ਹਨ ਉਹ ਆਮ ਤੌਰ ਤੇ ਅੰਡਰ ਗ੍ਰੈਜੂਏਸ਼ਨ ਕਰਦੇ ਹਨ। ਭਾਰਤ ਵਿਚ ਜਿਸ ਨੂੰ ਅਸੀਂ ਗ੍ਰੈਜੂਏਸ਼ਨ ਕਹਿੰਦੇ ਹਾਂ ਅਮਰੀਕਾ ਵਿਚ ਉਸ ਨੂੰ ਅੰਡਰ ਗ੍ਰੈਜੂਏਸ਼ਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਪੋਸਟ ਗ੍ਰੈਜੂਏਸ਼ਨ ਨੂੰ ਉਹ ਗ੍ਰੈਜੂਏਸ਼ਨ ਕਹਿੰਦੇ ਹਨ। ਇਥੇ ਇਹ ਵੀ ਦਸਣਾ ਜਰੂਰੀ ਹੈ ਕਿ ਕੁਝ ਅੰਗਰੇਜ ਉਚੇਰੀ ਪੜਾਈ ਵਿਚ ਵੀ ਮੱਲਾਂ ਮਾਰਦੇ ਹਨ ਪ੍ਰੰਤੂ ਆਮ ਤੌਰ ਤੇ ਇਹਨਾਂ ਦੀ ਗਿਣਤੀ ਘੱਟ ਹੈ। ਇਹ ਵੀ ਗਲ ਨਹੀਂ ਕਿ ਉਹ ਮਾਹਰ ਨਹੀਂ, ਜਿਹੜੇ ਮਾਹਰ ਹਨ ਉਹ ਸਿਰੇ ਦੇ ਮਾਹਰ ਹਨ, ਉਹ ਲੋਕ ਕੇਅਰ ਫਰੀ ਹਨ। ਇਹ ਗ੍ਰੈਜੂਏਸ਼ਨ ਸੈਰੇਮਨੀ ਅਮਰੀਕੀ ਵਿਦਿਆਰਥੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ। ਉਹ ਇਸ ਮੌਕੇ ਤੇ ਆਪਣੇ ਸਾਰੇ ਨਜਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬੁਲਾਉਂਦੇ ਹਨ ਤੇ ਜਦੋਂ ਉਹਨਾਂ ਦੇ ਉਮੀਦਵਾਰ ਦਾ ਡਿਗਰੀ ਦੇਣ ਲਈ ਪੋਡੀਅਮ ਤੇ ਆਉਣ ਲਈ ਨਾਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਉਹ ਤਾਲੀਆਂ ਨਾਲ ਹਾਲ ਗੂੰਜਣ ਲਾ ਦਿੰਦੇ ਹਨ। ਹੁਣ ਇਸ ਸਮਾਰੋਹ ਵਿਚ ਭਾਰਤੀ ਤੇ ਖਾਸ ਤੌਰ ਤੇ ਪੰਜਾਬੀ ਵੀ ਬਹੁਤ ਹੀ ਸੁੱਚਜੇ ਢੰਗ ਨਾਲ ਸ਼ਾਮਲ ਹੁੰਦੇ ਹਨ। ਪੰਜਾਬੀ ਵਿਦਿਆਰਥੀਆਂ ਦੇ ਮਾਪੇ ਅਤੇ ਨਜਦੀਕੀ ਰਿਸ਼ਤੇਦਾਰ ਤੇ ਦੋਸਤ ਹੁੰਮ ਹੁੰਮਾ ਕੇ ਸ਼ਾਮਲ ਹੁੰਦੇ ਹਨ। ਰਿਸ਼ਤੇਦਾਰ ਜਾਂ ਮਿਤਰ ਭਾਂਵੇ ਉਹ ਕਿੰਨੀ ਹੀ ਦੂਰ ਕਿਉਂ ਨਾ ਰਹਿੰਦੇ ਹੋਣ ਖੁਸ਼ੀ ਖੁਸ਼ੀ ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਹਵਾਈ ਜਹਾਜਾਂ ਜਾਂ ਕਾਰਾਂ ਰਾਹੀਂ ਹਜਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਵੀ ਆਉਂਦੇ ਹਨ। ਸਾਰੇ ਹੀ ਨਿਸ਼ਚਤ ਸਮੇਂ ਤੋਂ ਪਹਿਲਾਂ ਹੀ ਨਿਸ਼ਚਤ ਥਾਂ ਤੇ ਸਜ ਧਜ ਕੇ ਬੈਠ ਜਾਂਦੇ ਹਨ। ਸਮੇਂ ਦੀ ਪਾਬੰਦੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਅਮਰੀਕਾ ਵਿਚ ਰਹਿ ਰਹੇ ਪੰਜਾਬੀਆਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਅੰਤਰ ਰਾਸ਼ਟਰੀ ਵਿਦਿਆਰਥੀ ਵੀ ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਮਿਤਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਬੁਲਾਂਦੇ ਹਨ। ਇਸ ਵਾਰੀ ਮੈਂ ਅਤੇ ਮੇਰੀ ਪਤਨੀ ਨੂੰ ਵੀ ਸਾਡੀ ਨੂੰਹ ਮਨਪ੍ਰੀਤ ਕੌਰ ਨੂੰ ਆਪਣੀ ਐਮ.ਬੀ.ਏ ਦੀ ਪੜਾਈ ਮੁਕੰਮਲ ਹੋਣ ਤੇ ਅਮਰੀਕਾ ਵਿਚ ਆਪਣੀ ਯੂਨੀਵਰਸਿਟੀ ਵਿਚ ਹੋਣ ਵਾਲੀ ਗ੍ਰੈਜੂਏਸ਼ਨ ਸੈਰੇਮਨੀ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ। ਇਹ ਸੈਰੇਮਨੀ 17 ਦਸੰਬਰ ਨੂੰ ਹੋਣੀ ਸੀ। ਅਸੀਂ ਇਲੀਨਾਏ ਸਟੇਟ ਵਿਚ ਸ਼ਿਕਾਗੋ ਤੋਂ 200 ਮੀਲ ਦੂਰ ਮੋਲੀਨ ਸ਼ਹਿਰ ਵਿਚ ਪਹੁੰਚ ਗਏ। ਇਥੇ ਚਾਰ ਸ਼ਹਿਰ ਆਪਸ ਵਿਚ ਮਿਲਦੇ ਹਨ, ਇਸੇ ਕਰਕੇ ਇਹਨਾਂ ਨੂੰ ਕੁਆਰਡ ਸਿਟੀ ਕਿਹਾ ਜਾਂਦਾ ਹੈ। ਇਹ ਚਾਰ ਸ਼ਹਿਰ ਮੋਲੀਨ, ਡੈਵਨਪੋਰਟ, ਰਾਕ ਆਈ ਲੈਂਡ ਅਤੇ ਬੈਟਨਹਾਫ ਹਨ। ਮੋਲੀਨ ਇਲੀਨਾਏ ਸਟੇਟ ਦਾ ਆਖਰੀ ਸ਼ਹਿਰ ਹੈ ਤੇ ਇਹ ਮਿਸੀਸਿਪੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ। ਮਿਸੀਸਿਪੀ ਇਲੀਨਾਏ ਤੇ ਆਇੳਵਾ ਸਟੇਟ ਨੂੰ ਆਪਸ ਵਿਚ ਵੰਡਦਾ ਹੈ। ਇਸ ਗ੍ਰੈਜੂਏਸ਼ਨ ਸਮਾਰੋਹ ਵਿਚ ਹਿਸਾ ਲੈਣ ਲਈ ਅਸੀਂ ਆਪਣੇ ਰਿਸ਼ਤੇਦਾਰਾਂ ਸਮੇਤ ਜਿਹੜੇ ਓਹਾਈਓ ਸਟੇਟ ਦੇ ਸਿਨਸਿਨਾਟੀ, ਨਿਊਯਾਰਕ ਸਟੇਟ ਦੇ ਨਿਊਬਰੈਂਜਵਿਕ ਅਤੇ  ਨਾਰਥ ਕਾਰਲੋਨਾ ਸਟੇਟ ਦੇ ਸ਼ਾਰਲੋਟ ਸ਼ਹਿਰਾਂ ਤੋਂ ਆਏ ਹੋਏ ਸਨ। ਸਵੇਰੇ ਹੀ 6.30 ਵਜੇ ਵੈਸਟਰਨ ਇਲੀਨਾਏ ਯੂਨੀਵਰਸਿਟੀ ਮੌਕਮਬ ਦੇ ਕੈਂਪਸ ਲਈ ਚੱਲ ਪਏ। ਸਾਡਾ ਰਸਤਾ ਡੇਢ ਘੰਟੇ ਦਾ ਸੀ। ਅਸੀਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਸਮਝਦੇ ਸੀ, ਪ੍ਰੰਤੂ ਸਾਡੇ ਤੋਂ ਪਹਿਲਾਂ ਹਾਲ ਅੱਧਾ ਭਰਿਆ ਹੋਇਆ ਸੀ। ਯੂਨੀਵਰਸਿਟੀ ਤੋਂ ਪਹਿਲਾਂ ਹੀ ਯੂਨੀਵਰਸਿਟੀ ਪਹੁੰਚਣ ਦੇ ਰਸਤਿਆਂ ਤੇ ਇਸ਼ਾਰਿਆਂ ਵਾਲੇ ਐਰੋ ਲੱਗੇ ਹੋਏ ਸਨ। ਯੂਨੀਵਰਸਿਟੀ ਦੀ ਸਕਿਉਰਟੀ ਬਕਾਇਦਾ ਕਾਰ ਪਾਰਕਿੰਗ ਅਤੇ ਹੋਰ ਟ੍ਰੈਫਿਕ ਨੂੰ ਗਾਇਡ ਕਰ ਰਹੀ ਸੀ। ਸਮੇਂ ਸਿਰ ਠੀਕ ਸਾਢੇ ਨੌ ਵਜੇ ਸਮਾਰੋਹ ਸ਼ੁਰੂ ਹੋ ਗਿਆ। ਡਿਗਰੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ, ਜਦੋਂ ਕਿਸੇ ਕਾਲੇ ਵਿਦਿਆਰਥੀ ਨੂੰ ਡਿਗਰੀ ਮਿਲਦੀ ਤਾਂ ਕਾਲੇ ਲੋਕ ਹਾਲ ਨੂੰ ਅਸਮਾਨ ਤੇ ਚੁੱਕ ਲੈਂਦੇ, ਸਭ ਤੋਂ ਪਹਿਲਾਂ ਗ੍ਰੈਜੂਏਸ਼ਨ ਵਾਲੇ ਵਿਦਿਆਰਥੀਆਂ ਨੂੰ ਹੁਡ ਪਹਿਨਾਏ ਜਾਂਦੇ ਤੇ ਫਿਰ ਡਿਗਰੀ ਦਿਤੀ ਜਾਂਦੀ ਸੀ। ਅੰਡਰ ਗ੍ਰੈਜੂਏਸ਼ਨ ਵਾਲਿਆਂ ਨੂੰ ਹੁਡ ਨਹੀਂ ਪਹਿਨਾਏ ਜਾਂਦੇ। ਸਮਾਰੋਹ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਮਿੱਤਰ ਆਪੋ ਆਪਣੇ ਵਿਦਿਆਰਥੀਆਂ ਨਾਲ ਫੋਟੋਆਂ ਖਿਚਵਾਉਂਦੇ ਰਹੇ। ਡਿਗਰੀ ਲੈਣ ਸਮੇਂ ਪਾਇਆ ਹੁਡ ਅਤੇ ਡਰੈਸ ਵਿਦਿਆਰਥੀ ਸਾਂਭ ਕੇ ਘਰਾਂ ਵਿਚ ਰੱਖਦੇ ਹਨ। ਦੁਪਹਿਰ ਦਾ ਖਾਣਾ ਰਿਸ਼ਤੇਦਾਰ ਤੇ ਮਿੱਤਰ ਜਿਹੜੇ ਇਸ ਸਮਾਰੋਹ ਵਿਚ ਸ਼ਾਮਲ ਹੁੰਦੇ ਹਨ, ਉਹ ਇਕੱਠੇ ਖਾਂਦੇ ਹਨ। ਇਸ ਤੋਂ ਬਾਅਦ ਸ਼ਾਮ ਨੂੰ ਇਕ ਵਿਸ਼ੇਸ਼ ਡਿਨਰ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਸ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤ, ਮਿਤਰ, ਟੀਚਰ ਅਤੇ ਸਬੰਧੀ ਸ਼ਾਮਿਲ ਹੁੰਦੇ ਹਨ। ਸ਼ਾਮ ਨੂੰ ਸਾਡੇ ਲੜਕੇ ਤੇ ਨੂੰਹ ਨੇ ਗ੍ਰੈਜੂਏਸ਼ਨ ਸਮਾਰੋਹ ਦੀ ਖੁਸ਼ੀ ਵਿਚ  ਲੀ ਕਲੇਰੇ ਇਲਾਕੇ ਵਿਚ ਮਿਸੀਸਿਪੀ ਦਰਿਆ ਦੇ ਮਨਮੋਹਕ ਕਿਨਾਰੇ ਤੇ ਸਥਿਤ ਕਰੇਨ ਐਂਡ ਪੈਲੀਕਨ ਰੈਸਟੋਰੈਂਟ ਵਿਚ ਡਿਨਰ ਪਾਰਟੀ ਦਾ ਆਯੋਜਿਤ ਕੀਤਾ ਸੀ। ਪ੍ਰੋਫੈਸਰ, ਕਲਾਸ ਫੈਲੋ ਵੀ ਰੈਸਟੋਰੈਂਟ ਵਿਚ ਪਹੁੰਚੇ ਹੋਏ ਸਨ। ਇਸ ਮੌਕੇ ਤੇ ਕੇਕ ਕਟਿਆ ਗਿਆ। ਇਸ ਡਿਨਰ ਵਿਚ ਇਕ ਵੱਖਰੀ ਗੱਲ ਇਹ ਸੀ ਕਿ ਇਥੇ ਸਾਰਿਆਂ ਲਈ ਇਕੋ ਕਿਸਮ ਦਾ ਖਾਣਾ ਨਹੀਂ ਸੀ, ਜਿਵਂੇ ਸਾਡੇ ਪਾਰਟੀਆਂ ਵਿਚ ਆਮ ਹੁੰਦਾ ਹੈ, ਡਿਨਰ ਵਿਚ ਆਏ ਮਹਿਮਾਨਾਂ ਨੇ ਆਪੋ ਆਪਣੀ ਚੁਆਇਸ ਅਨੁਸਾਰ ਖਾਣੇ ਦੇ ਆਰਡਰ ਦਿਤੇ। ਹੈਰਾਨੀ ਦੀ ਗੱਲ ਇਹ ਵੀ ਸੀ ਕਿ ਜਿਸਦਾ ਆਡਰ ਮੁਤਾਬਿਕ ਖਾਣਾ ਆ ਗਿਆ ਤਾਂ ਉਸਨੇ ਆਪਣਾ ਖਾਣਾ ਸ਼ੁਰੂ ਕਰ ਦਿਤਾ, ਦੂਜੇ ਸਾਥੀ ਦੇ ਆਰਡਰ ਮੁਤਾਬਿਕ ਖਾਣਾ ਆਉਣ ਤੱਕ ਵੀ ਉਡੀਕ ਨਹੀਂ ਕੀਤੀ। ਕਮਾਲ ਦੀ ਤੇ ਵੱਖਰੀ ਗੱਲ ਇਹ ਵੀ ਸੀ ਕਿ ਸਮੇਂ ਦੀ ਪਾਬੰਦੀ ਦਾ ਪਾਰਟੀ ਵਿਚ ਸ਼ਾਮਿਲ ਸਾਰੇ ਅੰਗ੍ਰੇਜਾਂ ਨੇ ਪੂਰਾ ਧਿਆਨ ਰਖਿਆ ਪ੍ਰੰਤੂ ਜਿਹੜੇ ਭਾਰਤੀ ਡਿਨਰ ਵਿਚ ਸ਼ਾਮਲ ਹੋਏ, ਉਹ ਦੇਰੀ ਨਾਲ ਹੀ ਆਏ। ਸਾਡੇ ਲਈ ਹੈਰਾਨੀ ਦੀ ਹੱਦ ਉਦੋਂ ਨਾਂ ਰਹੀਂ ਜਦੋਂ ਅਸੀਂ ਭਾਰਤੀ ਡਿਸ਼ਿਜ ਦੀ ਮੰਗ ਕੀਤੀ ਤਾਂ ਉਹ ਵੀ ਉਥੇ ਮਿਲ ਗਈਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਡਿਨਰ ਇਕ ਭਾਰਤੀ ਵਿਦਿਆਰਥੀ ਵਲੋਂ ਆਯੋਜਨ ਕੀਤਾ ਜਾ ਰਿਹਾ ਹੈ। ਇਸ ਡਿਨਰ ਵਿਚ ਸ਼ਾਮਿਲ ਹੋਣ ਲਈ ਸਾਡੇ ਰਿਸ਼ਤੇਦਾਰ ਅਤੇ ਮਿੱਤਰ ਇਕ ਦਿਨ ਪਹਿਲਾਂ ਹੀ ਮੋਲੀਨ ਆ ਗਏ ਸਨ। ਇਸ ਡਿਨਰ ਵਿਚ ਅੰਗ੍ਰੇਜੀ ਅਤੇ ਪੰਜਾਬੀ ਕਲਚਰ ਦਾ ਸੁਮੇਲ ਮਿਲ ਰਿਹਾ ਸੀ। ਦੁਨੀਆਂ ਬਹੁਤ ਛੋਟੀ ਹੋ ਗਈ ਮਹਿਸੂਸ ਹੋ ਰਹੀ ਸੀ, ਕਿਉਂਕਿ ਇਸ ਸਮਾਗਮ ਵਿਚ ਮੇਰਾ ਇਕ ਦੋਸਤ ਸ੍ਰੀ ਮੇਵਾ ਸਿੰਘ ਮੁੰਡੀ ਨਾਰਥ ਕਰੋਲੀਨਾ ਸਟੇਟ ਦੇ ਸ਼ਾਰਲੋਟ ਸ਼ਹਿਰ ਤੋਂ ਆਇਆ ਹੋਇਆ ਸੀ। ਉਹ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਉਸਦੇ ਇਕ ਦੋਸਤ ਦੀ ਲੜਕੀ ਤੇ ਉਸਦਾ ਪਰਿਵਾਰ ਜੋ ਕਿ ਸਾਡੇ ਰਿਸ਼ਤੇਦਾਰ ਸਨ, ਅਚਾਨਕ ਉਹਨਾਂ ਨੂੰ ਇਸ ਪਾਰਟੀ ਵਿਚ ਮਿਲ ਗਏ। ਖੂਬ ਰੌਣਕਾਂ ਲੱਗੀਆਂ। ਗੱਪਸ਼ਪ ਹੋਈ ਤੇ ਪੁਰਾਣੀਆਂ ਸਾਂਝਾ ਦੀਆਂ ਤੰਦਾਂ ਜੁੜੀਆਂ। ਦੂਜੇ ਪਾਸੇ ਅੰਗ੍ਰੇਜ ਟੀਚਰ ਤੇ ਵਿਦਿਆਰਥੀ ਆਪਣੀ ਡਿਸ਼ਕਸ਼ਨ ਵਿਚ ਮਸ਼ਰੂਫ ਸਨ। ਪਟਿਆਲੇ ਤੋਂ ਇਕ ਪੰਜਾਬੀ ਡਾਕਟਰ ਸੰਜੀਵ ਪੁਰੀ ਅਤੇ ਉਸਦੀ ਪਤਨੀ ਸੰਜਨਾ ਪੁਰੀ ਵੀ ਆਪਣੇ ਅਮਰੀਕਾ ਤੇ ਭਾਰਤ ਦੇ ਡਾਕਟਰੀ ਖੇਤਰ ਦੇ ਤਜਰਬਿਆਂ ਦੀ ਜਾਣਕਾਰੀ ਦੇ ਕੇ ਸਾਡਾ ਸਾਥ ਨਿਭਾ ਰਹੇ ਸਨ। ਇਸ ਪਾਰਟੀ ਵਿਚ ਬਠਿੰਡਾ, ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਆਪੋਂ ਆਪਣਿਆਂ ਇਲਾਕਿਆਂ ਦੀਆਂ ਚਰਚਾਵਾਂ ਕਰ ਰਿਹਾ ਸੀ, ਇਓ ਲਗ ਰਿਹਾ ਸੀ ਜਿਵੇਂ ਰਾਵੀ ਜਾਂ ਸਤਲੁਜ ਦੇ ਕੰਢੇ ਤੇ ਪੰਜਾਬ ਵਿਚ ਬੈਠੇ ਹੋਈੲੈ ਤੇ ਮਿਸੀਸਿਪੀ ਦਰਿਆ ਦੇ ਆਲੇ ਦੁਆਲੇ ਲਗਾਈਆਂ ਰੋਸ਼ਨੀਆਂ ਜਗਮਗਾ ਰਹੀਆਂ ਸਨ। ਇਹ ਦੇਖ ਕੇ ਮੈਂ ਮਹਿਸੂਸ ਕਰ ਰਿਹਾ ਸੀ ਕਿ ਪੰਜਾਬੀ ਦੁਨੀਆ ਦੇ ਹਰ ਕੋਨੇ ਵਿਚ ਵਿਚਰਦਿਆਂ ਉਥੋਂ ਦੇ ਰੀਤੀ ਰਿਵਾਜਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਆਨੰਦ ਮਾਣਦੇ ਰਹਿੰਦੇ ਹਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>