ਤਿੰਨ ਮਿੰਨੀ ਕਹਾਣੀਆਂ

“ ਫਿਕਰ “

ਸਾਰਾ ਦਿਨ ਮੀਂਹ ਵਰਦਾ ਰਿਹਾ । ਸਾਰੀ ਰਾਤ ਵੀ । ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਿਨ ਚੜ੍ਹਦਿਆਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਿਬੜੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਿਲਕ ਗਏ ,ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭਿੱਜੇ ਚੁਲ੍ਹੇ ‘ਦਿਹਾੜੀਦਾਰਾਂ ’ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ ।

ਦੂਰ ਹਟਵੇਂ ਛੱਪੜ ‘ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਿਚ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋੜ ਦਿੱਤਾ । ਰਾਧੀ ਦੀ ਪੰਜ ਕੁ ਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾੜੀ ‘ਚੋਂ ਟੋਟੋ ਵਿਚ ਇਕ ਸਾਲ ਦੇ ਨਿੱਕੇ ਤੇਜੂ ਨੂੰ ਲਪੇਟ ਲਿਆ , ਅਤੇ ‘ ਸੜਕ ਬੰਦ ਹੈ ‘ ਲਿਖੇ ਦੋ ਡਰਮਾਂ ‘ਤੇ ਟਿਕਾਏ ਫੱਟੇ ਹੇਠ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜਿਹੀ ਲਾਲ ਝੰਡੀ ਫੜ ਲਈ । ਦੁਪਹਿਰ ਪਿਛੋਂ ਇਸ ਸੜਕੇ ਅੰਤਰ-ਰਾਸ਼ਟਰੀ ਕਾਰ ਰੈਲੀ ਲੰਘਣ ਤੋਂ ਪਹਿਲਾਂ ਪਹਿਲਾਂ ਬਹੁਤੇ ਖ਼ਰਾਬ ਟੋਟੋ ਨੂੰ ਸੁਆਰਨ ਦੇ ਉਪਰੋਂ ਚੜ੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਧੀ ਨੂੰ ਦੁੱਧ ਚੁੰਘਾਉਣ ਲਈ ਵਿਲਕਦੇ ਬਾਲ ਕੋਲ ਜਾਣੋ ਉਨ੍ਹਾਂ ਚਿਰ ਰੋਕੀ ਰੱਖਿਆ ਜਿੰਨਾ ਚਿਰ ਮਹਿਕਮੇ ਦੇ ਵੱਡੇ ਅਫ਼ਸਰ ਦੀ ਜੀਪ ਨੱਪੀ ਰੋੜੀ ਉਪਰੋਂ ਲੰਘ ਕੇ ’ ਓ.ਕੇ. ‘ ਨਾਂ ਆਖ ਗਈ ।

ਠੰਡ ਨਾਲ ਠਰੇ ਸੁੰਨ ਹੋਏ ਬਾਲਾਂ ਨੂੰ ਭਿੱਜੇ ਤੰਬੂ ਅੰਦਰ ਸੁਲਘਦੀ ਅੱਗ ਦਾ ਧੂਆਂ ਸਿਕਾਉਂਦੀ ਰਾਧੀ ਨੂੰ ਨੇਰ੍ਹੀ ਵਾਂਗ ਲੰਘਦੀਆਂ ਸੁਦੇਸ਼ੀ-ਵਿਦੇਸ਼ੀ ਕਾਰਾਂ ਨਾਲ ਉਭਰ ਕੇ ਗੋਲੀ ਵਾਂਗ ਤੰਬੂ ਵਿਚ ਵਜਦੇ ਚਿੱਕੜ ਦੇ ਛਿਟਿਆਂ ਦਾ ਓਨਾ ਫਿਕਰ ਨਹੀਂ ਸੀ ਜਿਨਾ ਤਿੰਨ ਕੁ ਮੀਲਾਂ ਦੀ ਵਿੱਥ ‘ਤੇ ਵੱਸੇ ਕਰਬੇ ਤੋਂ ਠੇਕੇਦਾਰ ਦੇ ਘਰੋਂ ‘ਤਨਖਾਹ ‘ ਲੈ ਕੇ ਆਟਾ-ਦਾਲ ਲੈਣ ਗਏ ਭਈਆਂ ਦਾ ,ਜਿਹੜੇ ਉਦ੍ਹੇ ਬੰਦੇ ਸਮੇਤ ਏਨੀ ਰਾਤ ਗਿਆਂ ਵੀ ਹਾਲੀ ਸ਼ਹਿਰੋਂ ਨਹੀਂ ਸਨ ਪਰਤੇ ।

ਈਡੀਇਟ

ਸਵੇਰ ਸਾਰ ਉੱਠ ਕੇ , ਇਸ਼ਨਾਨ ਕਰ ਕੇ , ਨਿੱਤ ਨੇਮ ਮੁਕਾ ਕੇ , ਸਰਦਾਰ ਜੀ ਅਰਦਾਸ ਕਰ ਰਹੇ ਸਨ – “ ਚਾਰ ਪੈਰ੍ਹ ਰੈਣ ਸੁੱਖ ਦੀ ਬਤੀਤ ਹੋਈ ਆ, ਚਾਰ ਪੈਰ੍ਹ ਦਿਨ ਸੁਖ ਦਾ ਬਤੀਤ ਕਰਨਾ …..ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ………….” ਕਿ ਚਾਣਚੱਕ ਸਰਕਾਰੀ ਰੈਸਟ-ਹਾਊਸ ਦੇ ਮੁੱਖ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ।

ਬਹਿਰੇ ਨੇ ਦੋਨਾਂ ਹੱਥਾਂ ‘ਚ ਸੰਭਾਲ ਦੇ ਫੜੀ ਚਾਹ ਵਾਲੀ ਟਰੇ ਮੇਜ਼ ‘ਤੇ ਰੱਖੀ ਟੀਊਬ-ਲਾਇਟ ਦਾ ਬਟਨ ਦਬਾਇਆ । ਅੱਖ ਝਮੱਖਾ ਮਾਰ ਕੇ ਟੀਊਬ ਜਗੀ ਤੇ ਕਮਰਾ ਚਾਨਣ ਚਾਨਣ ਹੋ ਗਿਆ । ਅਰਦਾਸ ਦੀ ਇਕਾਗਰਤਾ ‘ਚੋਂ ਸਰਦਾਰ ਹੋਰਾਂ ਦਾ ਉੱਖੜਿਆ ਧਿਆਨ ਸਰ੍ਹਾਣੇ ਕੋਲ ਪਏ ਇੱਕ ਵੰਗ ਦੇ ਟੋਟੇ ਨਾਲ ਟਕਰਾ ਦੇ ਟੁਕੜੇ ਟੁਕੜੇ ਹੋ ਗਿਆ – “ ਟੀ ………..ਚਾਹ ……ਨਾਨਸੈਂਨਸ ………ਅਭੀ ਨਹੀਂ …..ਈਡੀਇਟ । “

ਨੀਲੀ ‘ਸ਼ਾਹੀ

ਮੰਡੀ ਵਿੱਚ ਕਣਕ ਛਾਣਦੀ ਹਾਰੀ ਥੱਕੀ ਸ਼ੰਕਰੀ ਨੇ ,ਘੁੰਡੀਆਂ ਦੀ ਪੰਡ ਜੀ .ਟੀ .ਰੋਡ ਦੀ ਪੱਕੀ ਪੱਟੜੀ ‘ਤੇ ਲਿਆ ਸੁੱਟੀ । ਆਪ ‘ ਝੁਲਕਾ ਪਾਣ ‘ ਲਈ ਸਫੈਦਿਆਂ ਦੀ ਡੱਬ-ਖੜੱਬੀ ਛਾਂ ਵਿੱਚ ਢੋ ਲਾ ਕੇ ਬੈਠ ਗਈ । ਛੇਂਵੀ ਜਮਾਤ ਵਿਚ ਪੜ੍ਹਦਾ ਉਸ ਦਾ ਤੀਜਾ ਪੁੱਤਰ ਕਿਸ਼ਨਾ ਸਕੂਲੋਂ ਰੋਂਦਾ ਡੁਸਕਦਾ ਆਇਆ – “ ਮਾਂ ਦਸੀ ਦਈਂ ……..ਨੀਲੀ ਸ਼ਾਹੀ ਲੈਣੀ । ਗੁਰੇ ਦਾ ਦਵਾਤ ‘ਚੋਂ ਡੋਕੇ ਲਏ ……ਉਹਨੇ ਮਾਰਿਆ , ਮਾਸਟਰ ਹੋਰਾਂ ਕਾਪੀ ਦੇਖੀ ….ਤਾਂ ਚਪੇੜਾਂ ਮਾਰੀਆਂ । “

ਖਾਖਾਂ ਤੇ ਲੱਗੀਆਂ ਚਪੇੜਾਂ ਦੇ ਨੀਲ ਮਾਂ ਦੀ ਬਰੀਕ ਨੀਝ ਨੇ ਗਿਣ ਲਏ । ਮੂੰਹ ਹਨੇਰੇ ਦੀ ਪੱਕੀ ਰੋਟੀ ਦੁਪਹਿਰਾਂ ਤੱਕ ਪਈ ਪਾਣੀ ਦੇ ਘੁੱਟਾਂ ਨਾਲ ਵੀ ਅੰਦਰ ਲੰਘਣੋਂ ਇਨਕਾਰੀ ਹੋਣ ਲੱਗੀ । ਸਿੱਜਲ ਅੱਖਾਂ ਨੂੰ ਸਿਰੋਂ ਅਤੇ ਪੈਰੋਂ ਨੰਗਾ ਕਿਸ਼ਨਾ ਝਉਲਾ ਝਉਲਾ ਦਿਸਣ ਲੱਗਾ । …ਦਾਣਿਆਂ ਦੀ ਮੁਠ ‘ਕੱਠੀ ਕਰ ਲੈ …..ਤੇ ਹਟੀਉਂ ਨੀਲੀ ……।“ ਸ਼ੰਕਰੀ ਦੀ ਬਾਕੀ ਗੱਲ ਗਲਘੋਟੂ ਬਣ ਕੇ ਸੰਘੀ ‘ਚ ਅੜ ਗਈ ।

ਛੋਹਲੇ ਪੈਰੀਂ ਕਿਸ਼ਨਾ ਸੜਕ ਵਲ ਵਧਿਆ । ਵੀਹ , ਪੰਝੀ ਫੁਟ ਲੰਮੀ ਹਵਾ ਨਾਲ ਗੱਲਾਂ ਕਰਦੀ ਇਕ ਬੀਊਕ ਕਾਰ ਕਰੀਚ ਕਰਦੀ ਬਰੇਕ ਲਾ ਕੇ ਰੁਕਦੀ ਰੁਕਦੀ ਕਿਸ਼ਨੇ ਨੂੰ ਪਾਸਾ ਮਾਰ ਕੇ ਹਵਾ ਹੋ ਗਈ । ਫੁੱਟਬਾਲ ਵਾਂਗ ਮੁੰਡਾ ਕੱਚੇ ‘ਤੇ ਰਿੜ੍ਹਿਆ ਤੇ ਬੇਹੋਸ਼ ਹੋ ਗਿਆ । ਦੌੜ ਕੇ ਪੱਲੇਦਾਰਾਂ ਨੇ ਮੁੰਡੇ ਨੂੰ ਚੁੱਕਿਆ ਤੇ ਡਿਸਪੈਂਸਰੀ ਲੈ ਗਏ । ਬਰਾਂਡੇ ਵਿਚ ਪਏ ਲੱਕੜ ਦੇ ਬੈਂਚ ‘ਤੇ ਲਿਟਾਏ ਕਿਸ਼ਨੇ ਦੇ ਦੰਦਾਂ ਤੋਂ ਲਹੂ ਪੂੰਝਦਿਆ, ਸ਼ੰਕਰੀ ਨੇ ਖਾਕੀ ਝੱਗਾ ਉੱਪਰ ਕਰ ਕੇ ਦੇਖਿਆ ਕਿ ਪਿੰਡੇ ‘ਤੇ ਲੱਗੀਆਂ ਸੱਟਾਂ ਦਾ ਰੰਗ ਖਾਖਾਂ ‘ਤੇ ਪਏ ਨੀਲ ਦੇ ਰੰਗ ਨਾਲੋਂ ਕਿਤੇ ਬਹੁਤਾ ਨੀਲਾ ਸੀ – ਨੀਲੀ ‘ਸ਼ਾਹੀ ਵਰਗਾ ।

This entry was posted in ਕਹਾਣੀਆਂ.

4 Responses to ਤਿੰਨ ਮਿੰਨੀ ਕਹਾਣੀਆਂ

 1. kulbir says:

  You are a great writer S. Lal Singh Ji.

 2. gurjeetsingh says:

  nice and dilkash khania kerpa karke eho jehian kahanian uplod karde reha karo ati dhanvadi.gurjeet singh mander mar jana

 3. ਹਰਦੇਵ ਸਿੰਘ says:

  ਬਹੁਤ ਹੀ ਸੋਹਣਾ ਲਿਖਿਆ

 4. Guran Ditta Narang says:

  suchagi atey such dar saon wali likhai man bhaoundi hai

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>