ਕੈਪਟਨ ਨੂੰ ਪ੍ਰਧਾਨਗੀ ਤੋਂ ਹਟਾਉਣਾ ਕਾਂਗਰਸ ਲਈ ਮਹਿੰਗਾ ਪੈ ਸਕਦਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਲਈ ਨੈਤਿਕ ਜ਼ਿੰਮੇਵਾਰੀ ਕਬੂਲ ਦਿਆਂ ਤੁਰੰਤ ਹੀ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਸੌਂਪ ਦੇਣ ਦੇ ਖੁਦ ਕੀਤੇ ਗਏ ਖ਼ੁਲਾਸੇ ਨਾਲ ਕੈਪਟਨ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਲਈ ਪਰਦੇ ਅੰਦਰ ਅਤੇ ਬਾਹਰ ਜ਼ੋਰ ਅਜ਼ਮਾਇਸ਼ ਕਰਨ ਵਾਲੇ ਕਾਂਗਰਸੀ ਆਗੂਆਂ ਤੇ ਉਹਨਾਂ ਦੇ ਸਿਆਸੀ ਵਿਰੋਧੀਆਂ ਨੂੰ ਜਿੱਥੇ ਤਸੱਲੀ ਤੇ ਸੰਤੁਸ਼ਟੀ ਮਿਲੀ ਹੈ ਉੱਥੇ ਕੈਪਟਨ ਨੂੰ ਟਿਕਾਈ ਰੱਖਣ ਜਾਂ ਹਟਾ ਦੇਣ ਦੀਆਂ ਕਿਆਸ-ਆਰਾਈਆਂ ਤੇ ਸਿਆਸੀ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਹਾਲਾਂਕਿ ਕੇਂਦਰੀ ਹਾਈਕਮਾਨ ਅਤੇ ਏ ਕੇ ਐਂਟੋਨੀ ਕਮੇਟੀ ਦੀ ਸਿਫ਼ਾਰਸ਼ ਨੇੜੇ ਭਵਿੱਖ ਦੌਰਾਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਤਬਦੀਲੀ ਨੂੰ ਨਕਾਰ ਚੁੱਕੀ ਹੈ। ਕਾਂਗਰਸ ਹਾਈਕਮਾਂਡ ਨੂੰ ਹਾਰ ਉਪਰੰਤ ਪੰਜਾਬ ਕਾਂਗਰਸ ਵਿੱਚ ਉੱਭਰੇ ਮਤਭੇਦ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਦੇ ਵਰਤਾਰੇ ਦੀ ਪਿੱਠ ਪਿਛਲੀਆਂ ਸਾਜ਼ਿਸ਼ਾਂ ਵੀ ਸਮਝਣੀਆਂ ਚਾਹੀਦੀਆਂ ਹਨ । ਹਾਰ ਤੋਂ ਬਾਅਦ ਜੁਟੀ ਲਾਹ ਕੇ ਨਿਕਲ ਤੁਰੇ ਅਤੇ ਕੈਪਟਨ ‘ਤੇ ਕਾਂਗਰਸ ‘ਚ ਫਾਈਵ ਸਟਾਰ ਕਲਚਰ ਲਿਆਉਣ ਦਾ ਦੋਸ਼ ਮੜ੍ਹਨ ਵਾਲੇ ਕਾਂਗਰਸੀ ਆਗੂਆਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਡੇਢ ਸਾਲ ਦੇ ਸਮੇਂ ਵਿੱਚ ਕੈਪਟਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਵਿੱਚ ਜਾਨ ਪਾ ਕੇ ਇਸ ਨੂੰ ਅਕਾਲੀ ਦਲ-ਭਾਜਪਾ ਨੂੰ ਟੱਕਰ ਦੇਣ ਦੇ ਸਮਰੱਥ ਬਣਾਇਆ, ਜਿਸ ਕਰਕੇ ਦੇਸ਼ ਭਰ ਦੇ ਮੀਡੀਆ ਨੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਦੇ ਅਨੁਮਾਨ ਲਾਏ ਸਨ।

ਉਮਰਾਂ, ਜਾਤਾਂ, ਗੋਤਾਂ ਅਤੇ ਮਜ਼੍ਹਬਾਂ ਦੀਆਂ ਗੱਲਾਂ ਕਰਨ ਵਾਲਿਆਂ ਦੇ ਪੱਲੇ ਇਸ ਵਾਰ ਦੇ ਚੋਣ ਨਤੀਜੇ ਨੇ ਕੀ ਪਾਇਆ ਹੈ, ਉਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕੀ ਇਸ ਸਮੇਂ ਭਾਂਤ-ਸਭਾਂਤੀਆਂ ਗੱਲਾਂ ਕਰਨ ਵਾਲੇ ਕਾਂਗਰਸੀ ਲੀਡਰ 2014 ਦੀਆਂ ਲੋਕ ਸਭਾ ਚੋਣਾਂ ਜਿਤਾ ਸਕਦੇ ਹਨ? ਜਵਾਬ ਨਾ ਵਿੱਚ ਹੀ ਆਵੇਗਾ।  ਇਸ ਸਮੇਂ ਕਾਂਗਰਸ ਦੀ ਬੇੜੀ ਡੋਲੀ ਹੋਈ
ਹੈ। ਇਸ ਵਾਰ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਲਈ ਇੱਕ-ਇੱਕ ਸੀਟ ਵੀ ਮਹੱਤਵ ਰੱਖੇਗੀ।ਹਾਲ ਹੀ ਵਿੱਚ 5 ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਹ ਸਪਸ਼ਟ ਇਸ਼ਾਰਾ ਦੇ ਰਹੇ ਹਨ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਉਣੀ ਤਾਂ ਦੂਰ ਦੀ ਗੱਲ ਬਲਕਿ ਯੂ.ਪੀ.ਏ.-3 ਆਉਣ ਦੀ ਸੰਭਾਵਨਾ ਵੀ ਘੱਟ ਰਹੀ ਹੈ। ਪਿਛਲੀ ਚੋਣ ਸਮੇਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਸੀ। ਚੋਣ ਉਪਰੰਤ ਸੂਬੇ ਦੀ ਵਾਗਡੋਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਦੇ ਹੱਥ ਆ ਗਈ। ਇਸ ਤਬਦੀਲੀ ਦਾ ਸਾਰਾ ਜ਼ਿੰਮਾ ਕੈਪਟਨ ਸਿਰ ਪਾ ਕੇ, ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਦਲ ਦਿੱਤਾ ਗਿਆ। ਇਸੇ ਤਰ੍ਹਾਂ ਵਿਧਾਨ ਸਭਾ ਵਿੱਚ ਆਪੋਜੀਸ਼ਨ ਲੀਡਰ ਵੀ ਕੈਪਟਨ ਦੇ ਉਲਟ ਖੇਮੇ ਵਿੱਚੋਂ ਬਣਾਇਆ ਗਿਆ ਸੀ। ਸਿੱਟਾ ਇਹ ਹੋਇਆ ਕਿ ਕੈਪਟਨ ਹਾਈਕਮਾਂਡ ਦੀ ਇੱਛਾ ਅੱਗੇ ਸਿਰ ਝੁਕਾਉਂਦਿਆਂ ਪਿੱਛੇ ਹਟ ਗਏ ਅਤੇ ਜੋ ਅੱਗੇ ਕੀਤੇ ਉਹ ਬਾਦਲਾਂ ਨੂੰ ਟੱਕਰ ਨਾ ਦੇ ਸਕੇ। ਇੱਕ, ਦੋ ਪ੍ਰਧਾਨ ਬਦਲ ਕੇ ਵੀ ਪ੍ਰਦੇਸ਼ ਕਾਂਗਰਸ ਵਿੱਚ ਜਾਨ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਨਤੀਜਾ ਸਾਢੇ ਤਿੰਨ ਸਾਲ ਪਿੱਛੋਂ ਪ੍ਰਦੇਸ਼ ਕਾਂਗਰਸ ਦੀ ਵਾਗਡੋਰ ਫਿਰ ਕੈਪਟਨ ਹੱਥ ਫੜਾਉਣੀ ਪਈ। ਉਸ ਸਮੇਂ ਸਥਿਤੀ ਇਹ ਸੀ ਕਿ ਇਕੱਲੇ ਕੈਪਟਨ ਦੇ ਕਿਸੇ ਕਸਬੇ ਜਾਂ ਸ਼ਹਿਰ ਪਾਸੋਂ ਲੰਘਣ ਸਮੇਂ ਜਿੰਨੇ
ਕਾਂਗਰਸੀ ਵਰਕਰ ਇਕੱਠੇ ਹੁੰਦੇ ਸੀ, ਬਾਕੀ ਦੇ ਪ੍ਰਦੇਸ਼ ਕਾਂਗਰਸ ਦੇ ਸਾਰੇ ਲੀਡਰ ਜੇ ਇੱਕ ਬੱਸ ਵਿੱਚ ਬੈਠਾ ਕੇ, ਉਸੇ ਥਾਂ ਤੋਂ ਲੰਘਾਏ ਜਾਂਦੇ ਤਾਂ ਕੈਪਟਨ ਨਾਲੋਂ ਅੱਧਾ ਇਕੱਠ ਵੀ ਨਹੀਂ ਸੀ ਹੋ ਸਕਦਾ।ਬਿਨਾਸ਼ਕ ਜਿੱਤ ਹਾਰ ਤੈਅ ਕਰਨ ਲਈ ਬਹੁਤ ਸਾਰੇ ਕਾਰਨ ਭੂਮਿਕਾ ਅਦਾ ਕਰਦੇ ਹਨ। ਅਜਿਹੇ ਵਿੱਚ ਜੇ ਹਾਰ ਹੋਈ ਹੈ ਤਾਂ ਉਸ ਲਈ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਅਤੇ ਕਾਂਗਰਸ ਹਾਈਕਮਾਂਡ ਨੂੰ ਇਸ ਹਾਰ ਦੀ ਜ਼ਿੰਮੇਵਾਰ ਤੋਂ
ਪਾਸੇ ਨਹੀਂ ਕੀਤਾ ਜਾ ਸਕਦਾ। ਜਿਸ ਨੇ ਉਮੀਦਵਾਰਾਂ ਦਾ ਐਲਾਨ ਪਛੇਤਾ ਕੀਤਾ, ਕੁੱਝ ਟਿਕਟਾਂ ਗਲਤ ਦਿੱਤੀਆਂ ਅਤੇ ਬਾਗ਼ੀਆਂ ਨੂੰ ਵੀ ਰੋਕਣ ਲਈ ਠੋਸ ਉਪਰਾਲੇ ਨਹੀਂ ਕੀਤੇ। ਨਾ ਹੀ ਦੇਸ਼ ਵਿਆਪੀ ਮਹਿੰਗਾਈ ਅਤੇ ਕੇਂਦਰੀ ਪੱਧਰ ‘ਤੇ ਫੈਲੀ ਭ੍ਰਿਸ਼ਟਾਚਾਰ ਆਦਿ ਨੂੰ ਕੈਪਟਨ ਦੇ ਖਾਤੇ ਪਾਇਆ ਜਾ ਸਕਦਾ ਹੈ। ਕੈਪਟਨ ਨੂੰ ਪ੍ਰਧਾਨਗੀ ਤੋਂ ਹਟਾਉਣਾ ਕਾਂਗਰਸ ਲਈ
ਮਹਿੰਗੀ ਪੈ ਸਕਦੀ ਹੈ। ਸੋ,  ਕਾਂਗਰਸ ਹਾਈਕਮਾਂਡ ਨੂੰ ਫੂਕ-ਫੂਕ ਕੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਪੰਜਾਬ ਬਾਰੇ ਪਹਿਲਾਂ ਹੀ ਅਸਫ਼ਲ ਹੋਇਆ ਫ਼ਾਰਮੂਲਾ ਦੁਹਰਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>