ਦੂਰਦਰਸ਼ਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ-ਓਮ ਗੌਰੀ ਦੱਤ ਸ਼ਰਮਾ

ਲੁਧਿਆਣਾ- ਦੂਰਦਰਸ਼ਨ ਕੇਂਦਰ ਜਲੰਧਰ ਦੇ ਕੇਂਦਰ ਨਿਰਦੇਸ਼ਕ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਨੇ ਅਹੁਦਾ ਸੰਭਾਲਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਪਹਿਲੀ ਫੇਰੀ ਦੌਰਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਹੈ ਕਿ ਦੂਰਦਰਸ਼ਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ ਹੈ। ਦੋਹਾਂ ਦਾ ਸਾਂਝਾ ਮਨੋਰਥ ਪੰਜਾਬ ਦੀ ਖੇਤੀਬਾੜੀ ਕਰਦੇ ਕਿਸਾਨ ਭਾਈਚਾਰੇ ਦਾ ਸਰਵਪੱਖੀ ਵਿਕਾਸ ਕਰਨ ਲਈ ਗਿਆਨ ਵਿਗਿਆਨ ਦਾ ਪਸਾਰ ਕਰਨਾ ਹੈ। ਉਨ੍ਹਾਂ ਆਖਿਆ ਕਿ ਪਿਛਲੇ 31 ਸਾਲਾਂ ਦੌਰਾਨ ਉਨ੍ਹਾਂ ਨੇ ਦੂਰਦਰਸ਼ਨ ਰਾਹੀਂ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ, ਨੇਪਰੇ ਚਾੜਨ ਅਤੇ ਭਵਿੱਖ ਮੁਖੀ ਯੋਜਨਾਕਾਰੀ ਲਈ ਕੰਮ ਕੀਤਾ ਹੈ। ਇਸ ਨਵੀਂ ਜਿੰਮੇਂਵਾਰੀ ਨੂੰ ਸੰਭਾਲਣ ਉਪਰੰਤ ਵੀ ਉਹ ਇਸ ਕੰਮ ਨੂੰ ਪਹਿਲਾਂ ਵਾਲੀ ਲਗਨ ਨਾਲ ਹੀ ਅੱਗੇ ਵਧਾਉਣਗੇ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਦਾ  ਵਿਦਿਆਰਥੀ ਹੋਣ ਨਾਤੇ ਉਨ੍ਹਾਂ ਦਾ ਫਰਜ਼ ਵੀ ਹੈ ਕਿ ਗੋਲਡਨ ਜੁਬਲੀ ਸਮਾਰੋਹਾਂ ਨੂੰ ਦਸਤਾਵੇਜ਼ੀ ਪ੍ਰਮਾਣ ਵਜੋਂ ਦੂਰਦਰਸ਼ਨ ਰਾਹੀਂ ਪੇਸ਼ ਕੀਤਾ ਜਾਵੇ। ਉਨ੍ਹਾਂ ਯੂਨੀਵਰਸਿਟੀ ਬਾਰੇ ਦਸਤਾਵੇਜ਼ੀ ਫਿਲਮ ਤਿਆਰ ਕਰਨ ਅਤੇ ਕੁਝ ਕਿਸ਼ਤਾਂ ਵਿੱਚ ਇਸ ਦੇ ਸਿੱਖਿਆ, ਪਸਾਰ ਅਤੇ ਖੋਜ ਢਾਂਚੇ ਬਾਰੇ ਪ੍ਰੋਗਰਾਮ ਉਲੀਕਣ ਬਾਰੇ ਵੀ ਆਖਿਆ । ਸ਼੍ਰੀ ਸ਼ਰਮਾ ਨੂੰ ਵਾਈਸ ਚਾਂਸਲਰ ਡਾ: ਢਿੱਲੋਂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ।
ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਦੂਰਦਰਸ਼ਨ 100 ਤੋਂ ਵੱਧ ਮੁਲਕਾਂ ਵਿੱਚ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦਾ ਸੁਨੇਹਾ ਲੈ ਕੇ ਕਾਮਯਾਬੀ ਨਾਲ ਜਾ ਰਿਹਾ ਹੈ। ਗਿਆਨ ਵਿਗਿਆਨ ਅਧਾਰਿਤ ਪ੍ਰੋਗਰਾਮਾਂ ਵਿਚੋਂ ‘ਮੇਰਾ ਪਿੰਡ ਮੇਰੇ ਖੇਤ’, ‘ਸਾਵੀ ਧਰਤੀ’ ਅਤੇ ਹੋਰ ਪ੍ਰੋਗਰਾਮ ਖੇਤੀਬਾੜੀ ਵਿਕਾਸ ਨੂੰ ਸੰਚਾਰਤ ਕਰਦੇ ਰਹੇ ਹਨ ਅਤੇ ਨੇੜ ਭਵਿੱਖ ਵਿੱਚ ਇਸ ਦੀ ਅਸਰਦਾਰ ਪੇਸ਼ਕਾਰੀ ਹੋਰ ਵਧਣ ਦੀਆਂ ਸੰਭਾਵਨਾਵਾਂ ਲੱਗਦੀਆਂ ਹਨ ਕਿਉਂਕਿ ਇਸ ਲੋੜ ਨੂੰ ਸਮਝਣ ਵਾਲੇ ਵਿਅਕਤੀ ਦੇ ਹੱਥਾਂ ਵਿੱਚ ਦੂਰਦਰਸ਼ਨ ਦੀ ਵਾਗਡੋਰ ਆਈ ਹੈ। ਉਨ੍ਹਾਂ ਆਖਿਆ ਕਿ ਦੇਸ਼ ਨੂੰ ਕੁਸ਼ਲ ਪ੍ਰਸ਼ਾਸਕ, ਉੱਘੇ ਵਿਗਿਆਨੀ, ਲੇਖਕ, ਪੱਤਰਕਾਰ, ਖਿਡਾਰੀ ਅਤੇ ਕਲਾਕਾਰ ਦੇਣ ਦੇ ਨਾਲ ਨਾਲ ਸੰਚਾਰ ਦੇ ਪ੍ਰਸ਼ਾਸਕ ਵੀ ਦੇਣ ਵਿੱਚ ਇਸ ਯੂਨੀਵਰਸਿਟੀ ਨੇ ਕਮਾਲ ਕਰ ਵਿਖਾਈ ਹੈ। ਡਾ: ਢਿੱਲੋਂ ਨੇ ਗੋਲਡਨ ਜੁਬਲੀ ਪਲੇਕ ਦੇ ਕੇ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਕੰਪਟਰੋਲਰ ਸ਼੍ਰੀ ਏ ਸੀ ਰਾਣਾ, ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ,  ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਅਤੇ ਸੰਚਾਰ ਕੇਂਦਰ ਵੱਲੋਂ ਡਾ: ਅਨਿਲ ਸ਼ਰਮਾ ਅਤੇ ਗੁਰਭਜਨ ਗਿੱਲ ਵੀ ਹਾਜ਼ਰ ਸਨ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>