ਨਸ਼ਿਆਂ ਦੀ ਰੋਕਥਾਮ ਲਈ ਸੰਜੀਦਗੀ ਅਤੇ ਈਮਾਨਦਾਰੀ ਵਾਲੇ ਕਦਮ ਚੁੱਕਣ ਦੀ ਲੋੜ

ਨਸ਼ਿਆਂ ਦੀ ਬੀਮਾਰੀ ਨੇ ਤਕਰੀਬਨ ਹਰ ਮੁਲਕ ਨੂੰ ਤਬਾਹੀ ਦੇ ਕੰਢੇ ਤੇ ਖੜਾ ਕਰ ਦਿੱਤਾ ਹੋਇਆ ਹੈ । ਸਰੀਰਕ ਤੇ ਮਾਨਸਿਕ ਬੀਮਾਰੀਆਂ ਚ ਨਿੱਤ ਨਵਾਂ ਵਾਧਾ ਹੋ ਰਿਹਾ ਹੈ । ਕੈਂਸਰ ਅਤੇ ਏਡਜ਼ ਵਰਗੀਆਂ ਮਾਰੂ ਬੀਮਾਰੀਆਂ ਨਾਲ ਲੋਕੀਂ ਕੁਰਲਾ ਰਹੇ ਹਨ ਤੇ ਮੌਤ ਦੇ ਮੂੰਹ ਨਿਗਲੇ ਜਾ ਰਹੇ ਹਨ । ਕਿਡਨੀ, ਦਿਲ ਅਤੇ ਲਿਵਰ ਵਰਗੀਆਂ ਖਤਰਨਾਕ ਬੀਮਾਰੀਆ ਨਾਲ ਵਸਦੇ ਰਸਦੇ ਘਰ ਉਜੜ ਰਹੇ ਹਨ ।ਲੱਖਾਂ ਹੀ ਮਲੂਕ ਜਵਾਨੀਆਂ ਹਰ ਸਾਲ ਤਬਾਹ ਹੋ ਰਹੀਆਂ ਹਨ । ਤਕਰੀਬਨ 80 ਫੀਸਦੀ ਯੁਵਕ ਪੀੜ੍ਹੀ ਇਸ ਪਰਕੋਪ ਦੀ ਗ੍ਰਿਫਤ ਵਿੱਚ ਫਸੀ ਹੋਈ ਹੈ । ਵਿਰਲਾ ਹੀ ਨਸੀਬਾਂ ਵਾਲਾ ਕੋਈ ਘਰ ਹੋਵੇਗਾ ਜਿੱਥੇ ਪ੍ਰੀਵਾਰ ਨੂੰ ਇਸ ਕਰੋਪੀ ਦਾ ਸੇਕ ਨਾ ਲੱਗਿਆ ਹੋਵੇਗਾ ।

ਅਫਸੋਸ ਹੈ ਕਿ ਸਾਡੇ ਕੱਲ੍ਹ ਦੀ ਵਾਰਸ ਨੌਜਵਾਨ ਪੀੜ੍ਹੀ ਕੁਰਾਹੇ ਪਈ ਜਾ ਰਹੀ ਹੈ । ਧਰਮ ਤੇ ਸ਼ਰਮ ਦੋਵੇਂ ਪੰਖ ਲਗਾਕੇ ਉਡ ਰਹੇ ਹਨ । ਤਸਕਰਾਂ ਵਲੋਂ ਲੱਖਾਂ ਹੀ ਲੋਕਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਨ ਕੀਤਾ ਜਾ ਰਿਹਾ ਹੈ । ਨੌਜਵਾਨ ਪੀੜ੍ਹੀ ਨੇ ਨਸ਼ਿਆਂ ਦੀ ਪੂਰਤੀ ਲਈ ਅਪਰਾਧਾਂ, ਕਤਲਾਂ, ਲੁੱਟਾਂ, ਚੋਰੀਆਂ ਅਤੇ ਡਾਕਿਆਂ ਦੀ ਓਟ ਲੈ ਲਈ ਹੈ । ਵੈਸੇ ਤਾਂ ਨਸ਼ਿਆਂ ਦੀ ਬੀਮਾਰੀ ਦਾ ਅਸਰ ਹਰ ਮਨੁੱਖ ਉੱਪਰ ਹੀ ਹੋ ਰਿਹਾ ਹੈ ਪਰ ਸਭ ਤੋਂ ਵੱਧ ਪ੍ਰਭਾਵ ਔਰਤ ਵਰਗ ਉੱਪਰ ਦਿਖਾਈ ਦੇ ਰਿਹਾ ਹੈ । ਹੱਸਦੇ ਖੇਲ੍ਹਦੇ ਘਰ ਉੱਜੜ ਰਹੇ ਹਨ । ਔਰਤਾਂ ਦੇ ਸ਼ੋਸ਼ਨ, ਲੁੱਟਾਂ ਖੋਹਾਂ, ਘਰੇਲੂ ਝਗੜਿਆਂ, ਆਪਸੀ ਮਾਰ ਕੁਟਾਈਆਂ, ਬਲਾਤਕਾਰਾਂ ਅਤੇ ਤਲਾਕਾਂ ਨੇ ਖੁਸ਼ੀ ਖੁਸ਼ੀ ਵਸਦੇ ਘਰਾਂ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ । ਖਾਸ ਕਰਕੇ ਇਸ ਸਬੰਧੀ ਨੌਜਵਾਨ ਪੀੜ੍ਹੀ ਅਤੇ ਵਿਦਿਆਰਥੀ ਵਰਗ ਨੂੰ ਹਲੂਣਾ ਦੇਣ ਅਤੇ ਜਾਗਰੂਕ ਕਰਨ ਦੀ ਲੋੜ ਹੈ ਤਾਂਕਿ ਉਹ ਵੀ ਇਸ ਸਮੱਸਿਆ ਦੇ ਹੱਲ ਲਈ ਆਪਣਾ ਯੋਗ ਹਿੱਸਾ ਪਾ ਸਕਣ ।

ਜੇਕਰ ਰੰਗਲੇ ਪੰਜਾਬ ਤੇ ਪੰਜ ਦਰਿਆਵਾਂ ਦੀ ਧਰਤੀ ਦੀ ਗੱਲ ਕਰੀਏ ਤਾਂ ਸਰਹੱਦ ਪਾਰੋਂ ਆਉਂਦੀ  ਕੋਕੇਨ, ਹੈਰੋਇਨ, ਸਮੈਕ ਤੇ ਕਰੈਕ ਵਰਗੇ ਨਸ਼ਿਆ ਦੀ ਸਮਗਲਿੰਗ ਨੇ ਜਿੱਥੇ ਸਰਕਾਰ ਦਾ ਨੱਕ ਚ ਦਮ ਕੀਤਾ ਹੋਇਆ ਹੈ ਉੱਥੇ ਦਾਨਿਸ਼ਮੰਦ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੋਇਆ ਹੈ । ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਰੋਟੀ ਦੀ ਸਮੱਸਿਆ ਹੈ ਉਨ੍ਹਾਂ ਘਰਾਂ ਵਿੱਚ ਬੇ ਹਿਸਾਬੇ ਨਸ਼ੇ ਕਿਵੇਂ ਤੇ ਕਿੱਥੋਂ ਉਪਲਭਦ ਹੋ ਰਹੇ ਹਨ? ਇੰਤਜ਼ਾਮੀਆਂ ਪ੍ਰਬੰਧ ਵਿੱਚ ਇਥੋਂ ਤੱਕ ਨਿਘਾਰ ਆ ਗਿਆ ਹੈ ਕਿ ਹੁਣ ਤਾਂ ਕਈ ਕੈਮਿਸਟਾਂ ਅਤੇ ਡਰੱਗ ਡੀਲਰਾਂ ਵਲੋਂ ਘਰਾਂ ਵਿੱਚ ਵੀ ਸਪਲਾਈ ਕੀਤੀ ਜਾ ਰਹੀ ਹੈ ਜਿਸ ਨਾਲ ਮਨੁੱਖੀ ਸਦਾਚਾਰ, ਸਭਿਆਚਾਰ,ਧਰਮ, ਕਰਮ ਅਤੇ ਵਿਰਸੇ ਦਾ ਦਿਨ ਬ ਦਿਨ ਭੋਗ ਪਈ ਜਾ ਰਿਹਾ ਹੈ । ਇਕੱਲੇ ਮਰਦ ਤਾਂ ਕੀ ਹੁਣ ਤਾਂ ਔਰਤ ਵਰਗ ਨੇ ਵੀ ਨਸ਼ਿਆਂ ਦੀ ਤਸਕਰੀ ਦੇ ਮੋਰਚੇ ਸੰਭਾਲ ਲਏ ਹਨ ।ਇਸ ਗੱਲ ਦੀ ਪੁਸ਼ਟੀ ਤਾਂ ਜੇਲ੍ਹਾਂ ਦੇ ਮੁਖੀਆਂ ਨੇ ਵੀ ਕਰ ਦਿੱਤੀ ਹੈ ਕਿ ਉੱਥੇ ਉਹ ਨਸ਼ੇ ਮਿਲ ਜਾਂਦੇ ਹਨ ਜਿਹੜੇ ਕਦੇ ਬਾਹਰ ਵੀ ਨਹੀਂ ਮਿਲਦੇ ਹੋਣਗੇ।

ਮਨ ਨੂੰ ਥੋੜ੍ਹਾ ਜਿਹਾ ਧਰਾਸ ਮਿਲਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਹਰ ਹਾਲਤ ਵਿੱਚ ਨਸ਼ਿਆਂ ਉੱਪਰ ਕਾਬੂ ਪਾਏਗੀ । ਉਨ੍ਹਾਂ ਵਾਸਤੇ ਇਹ ਇਕ ਬਹੁਤ ਵੱਡਾ ਚੈਲਿੰਜ ਹੋਵੇਗਾ । ਉਨ੍ਹਾਂ ਦੀ ਇਸ ਸੋਚ ਨੂੰ ਤਾਂ ਹੀ ਬੂਰ ਪੈ ਸਕੇਗਾ ਜੇਕਰ ਸਰਕਾਰ ਵਿੱਚ ਉਨ੍ਹਾਂ ਦੇ ਸਹਿਯੋਗੀ ਸਾਥੀ ਵੀ ਸੁਹਿਰਦਤਾ ਨਾਲ ਐਸਾ ਸਹਿਯੋਗ ਦੇਣ ਲਈ ਬਚਨਵੱਧ ਹੋਣਗੇ । ਐਸੇ ਸ਼ੁਭ ਵਿਚਾਰ ਤਾਂ ਹੀ ਸਾਜ਼ਗਾਰ ਹੋਣਗੇ ਜੇਕਰ ਥਾਣੇ ਪਹੁੰਚਣ ਤੱਕ ਅਰਬਾਂ ਰੁਪਿਆਂ ਦਾ ਫੜਿਆ ਹੋਇਆ ਡਰੱਗ ਮਿੱਟੀ ਨਾ ਬਣ ਜਾਵੇ ਜਾਂ ਨਿੱਜ ਲਈ ਸਿਫਾਰਸ਼ਾਂ ਕਰਨ ਦਾ ਧੰਦਾ ਬੰਦ ਨਾ ਹੋ ਜਾਵੇ ਜਾਂ ਪ੍ਰਸ਼ਾਸਨ ਉੱਪਰ ਸਿਆਸੀ ਦਬਾਓ ਬੰਦ ਨਾ ਹੋ ਜਾਵੇ ਜਾਂ ਫਿਰ ਪ੍ਰ੍ਰਸ਼ਾਸਨਕ ਕੁਰੱਪਸ਼ਨ ਨੂੰ ਠੱਲ੍ਹ ਨਾ ਪੈ ਜਾਵੇ । ਇਸ ਲਈ ਸਭ ਨੂੰ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਕਰਨੀ ਹੋਵੇਗੀ ।

ਨਸ਼ਿਆਂ ਵਿਰੁੱਧ ਕਈ ਮੁਹਿੰਮਾ ਵਿੱਢੀਆਂ ਜਾਂਦੀਆਂ ਰਹੀਆਂ ਹਨ ਪਰ ਉਹ ਕਈ ਵਾਰੀ ਠੁੱਸ ਹੋ ਜਾਂਦੀਆਂ ਹਨ । ਸਰਕਾਰਾਂ ਵਲੋਂ ਥਾਂ ਥਾਂ ’ਤੇ ਚਲਾਏ ਜਾ ਰਹੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਕਮਾਈ ਦਾ ਸਾਧਨ ਹੁੰਦੇ ਹਨ । ਵਰਨਣ ਯੋਗ ਹੈ ਕਿ ਆਮ ਸੂਬਿਆਂ ਕੋਲ ਕਮਾਈ ਦਾ ਸਭ ਤੋਂ ਵੱਡਾ ਸਾਧਨ ਤਾਂ ਸ਼ਰਾਬ ਉੱਪਰ ਲੱਗਦੀ ਐਕਸਾਈਜ਼ ਡਿਊਟੀ ਹੀ ਹੁੰਦੀ ਹੈ । ਸ਼ੰਕਾ ਭਾਸਦੀ ਹੈ ਕਿ ਆਮ ਲੋਕਾਂ ਨੂੰ ਭਰਮਾਉਣ ਲਈ ਕਿਤੇ ਕਮਾਈ ਦਾ ਇਹ ਬਹਾਨਾ ਫਿਰ ਨਾ ਲਗਾ ਦਿੱਤਾ ਜਾਵੇ ਕਿ ਸਰਕਾਰਾਂ ਨੂੰ ਖਰਚੇ ਚਲਾਉਣ ਲਈ ਨਸ਼ੇ ਤਾਂ ਵੇਚਣੇ ਹੀ ਪੈਣਗੇ ਪਰ ਮੇਰੀ ਜਾਚੇ ਸਰਕਾਰਾਂ ਨੂੰ ਐਸੀ ਕਮਾਈ ਕਰਨ ਵਾਸਤੇ ਕੋਈ ਹੋਰ ਵਸੀਲੇ ਲੱਭ ਲੈਣੇ ਚਾਹੀਦੇ ਹਨ । ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ।

ਸਮਾਂ ਸਮਰੱਥ ਹੁੰਦਾ ਹੈ । ਸਮਾਂ ਦੱਸੇਗਾ ਕਿ ਨਸ਼ਿਆਂ ਨਾਲ ਨਜਿੱਠਣ ਲਈ ਇਕੱਲੇ ਮੁੱਖ ਮੰਤਰੀ ਸਾਹਿਬ ਨਹੀਂ ਸਗੋਂ ਹੋਰ ਕੌਣ ਤੇ ਕਿਤਨਾ ਕੁ ਸੁਹਿਰਦ ਤੇ  ਸੰਜੀਦਾ ਸਾਬਤ ਹੋਵੇਗਾ। ਪੰਜਾਬ ਵਿੱਚ ਈਮਾਨਦਾਰ ਅਫਸਰਾਂ, ਸਿਆਸਤਦਾਨਾ ਅਤੇ ਸੱਚੇ ਸੁੱਚੇ ਲੋਕਾਂ ਦੀ ਘਾਟ ਨਹੀਂ ਹੈ ਪਰ ਉਹ ਤਾਂ ਪਿਛਲਪਾਸੇ ਧੱਕੇ ਪਏ ਹਨ । ਆਸ ਕੀਤੀ ਜਾਂਦੀ ਹੈ ਕਿ ਭਲਾਈ ਦੇ ਇਸ ਕਾਰਜ ਦੀ ਪੂਰਤੀ ਲਈ ਸਰਕਾਰੀ ਪ੍ਰਸ਼ਾਸਨ ਵੀ ਈਮਾਨਦਾਰੀ ਤੇ ਮਿਹਨਤ ਨਾਲ ਕੰਮ ਕਰੇਗਾ । ਇਹ ਵੀ ਵਰਨਣਯੋਗ ਹੈ ਕਿ ‘ਨੀਮ ਹਕੀਮ ਲੋਟੂ’ ਨਸ਼ਾ ਛੁਡਾਊ ਕੇਂਦਰਾਂ ਦੇ ਭਲੇਵੇਂ ਤੋਂ ਵੀ ਆਮ ਲੋਕਾਂ ਨੂੰ ਬਚਣਾ ਪਵੇਗਾ ਅਤੇ ਖੁਦ ਜ਼ਿੰਮੇਂਵਾਰੀ ਦਾ ਸਬੂਤ ਦੇਣਾ ਪਵੇਗਾ । ਤਾਲੀ ਦੋ ਹੱਥਾਂ ਨਾਲ ਹੀ ਵੱਜਿਆ ਕਰਦੀ ਹੈ ।

ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਤੇ ਯੋਧਿਆਂ ਦੀ ਧਰਤੀ ਹੈ। ਇੱਥੇ ਇਹ ਲਿਖਣਾ ਯੋਗ ਹੋਵੇਗਾ ਕਿ ਸਿੱਖ ਧਰਮ, ਇਸਲਾਮ, ਬੁੱਧ ਧਰਮ, ਹਿੰਦੂ ਅਤੇ ਇਸਾਈ ਮਤ ਦੇ ਧਰਮ ਗ੍ਰੰਥਾਂ ਅਨੁਸਾਰ ਨਸ਼ੇ ਕਰਨੇ ਘੋਰ ਬੁਰਾਈ ਹਨ । ਜੇਕਰ ਗੈਰ ਸਰਕਾਰੀ ਵੇਚੇ ਜਾਂਦੇ ਨਸ਼ੇ ਅਪਰਾਧ ਹਨ ਤਾਂ ਸਰਕਾਰਾਂ ਵਲੋਂ ਪਿੰਡਾਂ ਤੇ ਸ਼ਹਿਰਾਂ ਦੇ ਹਰ ਮੋੜ ਤੇ ਖੋਲ੍ਹੇ ਗਏ ਸਰਕਾਰੀ ਠੇਕਿਆਂ ਰਾਹੀਂ ਵੇਚੇ ਜਾਂਦੇ ਨਸ਼ੇ ਵੀ ਤਾਂ ਬੁਰਾਈ ਹੀ ਹੁੰਦੇ ਹੋਣਗੇ ।

ਮੇਰਾ ਵਿਸ਼ਵਾਸ ਹੈ ਕਿ ਅਪਰਾਧੀਆਂ ਵਲੋਂ ਵੇਚੇ ਜਾਂਦੇ ਡਰੱਗਾਂ ਦੀ ਵਿਕਰੀ ਨੂੰ ਬੰਦ ਕਰਨ ਦੇ ਨਾਲ ਨਾਲ ਸਰਕਾਰ ਨੂੰ ਕੋਈ ਐਸਾ ਕਮਿਸ਼ਨ ਵੀ ਬਠਾਉਣਾ ਚਾਹੀਦਾ ਹੈ ਜੋ ਇਹ ਵੀ ਘੋਖ ਕਰੇ ਕਿ ਸ਼ਰਾਬ ਵਰਗੇ ਨਸ਼ਿਆਂ ਦਾ ਹਰ ਸਾਲ ਸਰਕਾਰੀ ਕੋਟਾ ਬੇਮੁਹਾਰਾ ਵਧਾਉਣਾ ਚਾਹੀਦਾ ਹੈ ਜਾਂ ਫਿਰ ਹੌਲੀ ਹੌਲੀ ਘੱਟ ਕਰਨਾ ਚਾਹੀਦਾ ਹੈ ਤਾਂਕਿ ਇਸ ਬੀਮਾਰੀ ਤੋਂ ਉੱਜੜ ਰਹੇ ਪ੍ਰੀਵਾਰਾਂ ਨੂੰ ਬਚਾਇਆ ਜਾ ਸਕੇ । ਅਜੀਬ ਗੱਲ ਹੈ ਕਿ ਹਰ ਸਾਲ ਆਬਾਦੀ ਤਾਂ ਕੋਈ 1.3 ਫੀਸਦੀ ਵਧਦੀ ਹੋਵੇਗੀ ਪਰ ਸਮਝਣ ਵਾਲੀ ਗੱਲ ਹੈ ਕਿ ਸਰਕਾਰੀ ਸ਼ਰਾਬ ਦੀ ਸਪਲਾਈ 15 ਫੀਸਦੀ ਤੱਕ ਕਿਉਂ ਵਧ ਜਾਂਦੀ ਹੈ । ਮੈਂ ਇਹ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਹਾਂ ਕਿ ਸ਼ਾਇਦ ਨਸ਼ੇ ਬਿਲਕੁਲ ਹੀ ਬੰਦ ਨਹੀਂ ਹੋ ਸਕਣਗੇ ਪਰ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਬੇਕਸੂਰ ਸੁਵਾਣੀਆਂ ਦੇ ਸੁਹਾਗ ਕੁਰਬਾਨ ਕਰਨ ਤੋਂ ਗੁਰੇਜ਼ ਵੀ ਕਰਨਾ ਚਾਹੀਦਾ ਹੈ,ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ।

ਜੇਕਰ ਸਰਕਾਰੀ ਤੇ ਗੈਰ ਸਰਕਾਰੀ ਸ਼ਰਾਬ ਅਤੇ ਬਹੁਤੇ ਕੈਮਿਸਟਾਂ ਵਲੋਂ ਅਣਅਧਿਕਾਰਤ ਨਸ਼ਿਆਂ ਦੀ ਵਿਕਰੀ ਨੂੰ ਕੰਟਰੋਲ ਕਰ ਲਿਆ ਜਾਵੇ ਤਾਂ ਸ਼ਾਇਦ ਬਹੁਤੇ ਹਸਪਤਾਲਾਂ ਜਾਂ ਨਸ਼ਾ ਛੁਡਾਊ ਕੇਂਦਰਾਂ ਦੀ ਲੋੜ ਵੀ ਘਟ ਜਾਵੇਗੀ ਅਤੇ ਇਸ ਢੰਗ ਨਾਲ ਬੱਚਿਤ ਕੀਤੀ ਮਾਇਆ ਕਿਸੇ ਹੋਰ ਚੰਗੇ ਕੰਮ ਲਈ ਖਰਚੀ ਜਾ ਸਕੇਗੀ ।

ਅਸਲ ਵਿੱਚ ਇਸ ਮਸਲੇ ਦੇ ਹੱਲ ਲਈ ਸਰਕਾਰਾਂ ਨੂੰ ਮੋਅਤਬਰ, ਧਰਮੀਂਆਂ ਅਤੇ ਸਮਾਜੀ ਲੋਕਾਂ ਨਾਲ ਵੀ ਮਸ਼ਵਰੇ ਅਤੇ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਹਨ । ਜੇਕਰ ਹੋਰ ਸਮੱਸਿਆਵਾਂ ਦੇ ਹੱਲ ਲਈ ਕਮਿਸ਼ਨ ਬਠਾਏ ਜਾ ਸਕਦੇ ਹਨ ਤਾਂ ਜਿਸ ਬੀਮਾਰੀ ਨਾਲ ਲੱਖਾਂ ਲੋਕੀਂ ਮਰ ਰਹੇ ਹੋਣ ਉਸ ਸਮੱਸਿਆ ਸਬੰਧੀ ਵੀ ਲੋਕਾਂ ਦੇ ਭਲੇ ਲਈ ਕਮਿਸ਼ਨਾ ਤੇ ਕਮੇਟੀਆਂ ਤੋਂ ਲਾਹੇਵੰਦ ਸਲਾਹਾਂ ਲੈ ਲੈਣੀਆਂ ਚਾਹੀਦੀਆਂ ਹਨ ।

ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਮਾਪਿਆਂ, ਧਾਰਮਿਕ ਅਦਾਰਿਆਂ, ਸਮਾਜ ਸੇਵੀਆਂ, ਸਿਆਸੀ ਲੀਡਰਾਂ, ਰੋਲ ਮਾਡਲਾਂ, ਮੀਡੀਆ, ਅਤੇ ਨੌਜਵਾਨ ਪੀੜ੍ਹੀ ਸਮੇਤ ਸਾਰੇ ਹੀ ਅਦਾਰਿਆਂ ਵਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਧੀਆ ਯੋਗਦਾਨ ਪਾਇਆ ਜਾ ਸਕਦਾ ਹੈ । ਵਿੱਦਿਅਕ ਅਦਾਰਿਆਂ ਵਿੱਚ ਨਸ਼ਿਆਂ ਦੀ ਪੜ੍ਹਾਈ ਸਬੰਧੀ ਸਿਲੇਬਸ ਹੋਣਾ ਚਾਹੀਦਾ ਹੈ ਜਿਸ ਨਾਲ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗਰੂਕਤਾ ਮਿਲ ਸਕੇਗੀ । ਗੁਰਦੁਆਰਿਆਂ, ਮੰਦਰਾਂ, ਗਿਰਜਾ ਘਰਾਂ, ਸਭਿਆਚਾਰਕ ਕੇਂਦਰਾਂ ਅਤੇ ਪਬਲਿਕ ਥਾਵਾਂ ਦੇ ਬਾਹਰ ਨਸ਼ਿਆਂ ਦੇ ਮਾਰੂ ਅਸਰਾਂ ਦੀ ਜਾਣਕਾਰੀ ਦੇਣ ਵਾਲੇ ਜਾਗਰੂਕਤਾ ‘ਡਿਸਪਲੇ ਬੋਰਡ’ ਲਗਾਉਣੇ ਚਾਹੀਦੇ ਹਨ । ਗੈਰ ਕਾਨੂੰਨੀ ਨਸ਼ਿਆਂ ਦੇ ਸੁਦਾਗਰਾਂ, ਸਿਆਸਤਦਾਨਾਂ ਅਤੇ ਪ੍ਰਸ਼ਾਸਨਕਾਂ ਦਾ ਨਿੱਜ ਪਾਲਣ ਲਈ ਪਦਾਰਥਵਾਦਕ ਮੇਲ ਮਿਲਾਪ ਸਖਤੀ ਨਾਲ ਖਤਮ ਕਰਨਾ ਯੋਗ ਹੋਵੇਗਾ । ਕਈ ਵਾਰੀ ਅਖਬਾਰਾਂ ਵਿੱਚ ਸੁਰਖੀਆਂ ਆਉਂਦੀਆਂ ਹਨ ਕਿ ਫਲਾਂਅ ਫਲਾਂਅ ਥਾਂ ਤੋਂ ਅਰਬਾਂ ਰੁਪੈ ਦੇ ਡ੍ਰੱਗ ਫੜੇ ਗਏ ਹਨ ਪਰ ਸਾਲਾਂ ਬਾਅਦ ਕਚਹਿਰੀਆਂ ਚੇ ਰੁਲ ਰਹੇ ਐਸੇ ਕੇਸਾਂ ਸਬੰਧੀ ਇਹ ਵੀ ਸੁਨਣ ਨੂੰ ਮਿਲਦਾ ਹੈ ਕਿ ਨਸ਼ਿਆਂ ਦੀ ਉਹ ਖੇਪ ਲਿਬਾਰਟਰੀ ਚੇ ਟੈਸਟ ਹੋਣ ਪਿੱਛੋਂ ਤਾਂ ਮਿੱਟੀ ਹੀ ਨਿਕਲੀ ਸੀ । ਯਾਦ ਰਹੇ ਕਿ ਗੱਲੀਂ ਬਾਤੀਂ ਸਮਾਜ ਦੀ ਸਿਰਜਨਾ ਨਹੀਂ ਹੋ ਸਕੇਗੀ ਸਗੋਂ ਸੜ ਰਹੇ ਇਸ ਨਜ਼ਾਮ ਨੂੰ ਬਿਹਤਰ ਬਨਾਉਣ ਲਈ ਸੰਜੀਦਗੀ ਅਤੇ ਈਮਾਨਦਾਰੀ ਦੀ ਲੋੜ ਹੋਵੇਗੀ ।

ਸੰਸਾਰ ਭਰ ਦੇ ਸਾਂਝੇ ਹਮਾਮ ਵਿੱਚ ਬਹੁਤ ਸਾਰੇ ਲੋਕ ਨੰਗੇ ਹੋਣਗੇ । ਮੁਲਕ ਦੀ ਬਿਹਤਰੀ ਅਤੇ ਆਪਣੇ ਬੱਚਿਆਂ ਦੇ ਉੱਜਲ ਭਵਿੱਖ ਲਈ ਸਾਨੂੰ ਅੰਤਰਮੁਖੀ ਧਿਆਨ ਮਾਰਨ ਦੀ ਲੋੜ ਹੈ । ਜੇਕਰ ਨਸ਼ਿਆਂ ਦੇ ਵਣਜਾਰਿਆਂ ਵਲੋਂ ਕੀਤੀ ਜਾਂਦੀ ਨਸ਼ਿਆਂ ਦੀ ‘ਸਪਲਾਈ’ ਨੂੰ ਬੰਦ ਕਰਾਉਣਾ ਹੈ ਤਾਂ ਜਰੂਰੀ ਹੈ ਕਿ ਨਸ਼ਿਆਂ ਦੀ ਵਧ ਰਹੀ ‘ਮੰਗ’ ਨੂੰ ਵੀ ਸਮਾਜ ਵਲੋਂ ਨੱਥ ਪਾਉਣੀ ਪਵੇਗੀ ਜਿਸ ਲਈ ਹਰ ਬਸ਼ਰ ਨੂੰ ਡਸਿਪਲਨ ਦੇ ਦਾਇਰੇ ਵਿੱਚ ਰਹਿੰਦਿਆ ਖੁਦ ਮਨੁੱਖੀ ਕਦਰਾਂ ਕੀਮਤਾਂ ਤੇ ਸਮਾਜਿਕ ਮਰਯਾਦਾਵਾਂ ਦਾ ਸਤਿਕਾਰ ਕਰਨਾ ਹੋਵੇਗਾ ।ਨਸ਼ਿਆਂ ਦੇ ਵਣਜਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਵਰਤਾਏ ਜਾ ਰਹੇ ਨਸ਼ੇ ਇੱਕ ਦਿਨ ਉਨ੍ਹਾਂ ਦੇ ਆਪਣੇ ਬਾਲ ਬੱਚੇ ਵੀ ਇਸਤੇਮਾਲ ਕਰਨਗੇ ਤੇ ਫਿਰ ਉਨ੍ਹਾਂ ਵਲੋਂ ਕੀਤੀ ਪਾਪ ਦੀ ਕਮਾਈ ਦਾ ਕੀ ਬਣੇਗਾ । ਇਸ ਸੱਭ ਕੁੱਝ ਨੂੰ ਰੋਕਣ ਲਈ ਮੁਲਕ ਦੀਆਂ ਸਰਹੱਦਾਂ ਤੇ ਨਵੀਨ ਕਿਸਮ ਦੀ ਬਾਜ਼ ਅੱਖ ਰੱਖਣੀ ਪਵੇਗੀ ਜਿਸ ਲਈ ਅਧੁਨਿਕ ਨੈੱਟ ਵਰਕ ਦੀ ਲੋੜ ਵੀ ਭਾਸੇਗੀ । ਇੱਥੇ ਇਹ ਵੀ ਵਰਨਣ ਯੋਗ ਹੈ ਕਿ ਇਕੱਲੀਆਂ ਸਰਕਾਰਾਂ ਹੀ ਨਹੀਂ ਸਗੋਂ ਮੁਲਕ ਦੇ ਹਰ ਵਾਰਸ ਨੂੰ ਈਮਾਨਦਾਰੀ ਨਾਲ ਕੰਮ ਕਰਨਾ ਪਵੇਗਾ ਤਾਂਕਿ ਸੰਸਾਰ ਵਿੱਚ ਮਨੁੱਖਤਾ ਦੇ ਭਲੇ ਲਈ ਅਮਨ, ਈਮਾਨ ਅਤੇ ਸ਼ਾਂਤੀ ਨੂੰ ਕਾਇਮ ਕੀਤਾ ਜਾ ਸਕੇ । ਅਸਲ ਵਿੱਚ ਮਨੁੱਖੀ ਮਨ ਅੰਦਰ ਸੱਚੀ ਸੁੱਚੀ ਸੇਵਾ ਕਰਨ ਦੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਤਾਂਕਿ ਸਰਬਤ ਦੇ ਭਲੇ ਲਈ ਸਰਕਾਰੀ ਤੇ ਗੈਰ ਸਰਕਾਰੀ ਨਸ਼ਿਆਂ ਦੀ ਰੋਕ ਥਾਮ ਕੀਤੀ ਜਾ ਸਕੇ ।

This entry was posted in ਲੇਖ.

2 Responses to ਨਸ਼ਿਆਂ ਦੀ ਰੋਕਥਾਮ ਲਈ ਸੰਜੀਦਗੀ ਅਤੇ ਈਮਾਨਦਾਰੀ ਵਾਲੇ ਕਦਮ ਚੁੱਕਣ ਦੀ ਲੋੜ

  1. ਗੁਰਸਿਮਰਨ ਸਿੰਘ says:

    tuada kapurthala virsa vihar da lecture bahut wadia c.
    ਪਰ…….

  2. ਗੁਰਸਿਮਰਨ ਸਿੰਘ says:

    tuada kapurthala virsa vihar da lecture bahut wadia c.
    ਪਰ……

Leave a Reply to ਗੁਰਸਿਮਰਨ ਸਿੰਘ Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>