ਹਵਾਰਾ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਤੇ ਸਿੱਖ ਕੌਮ ਨੂੰ ਹਲੂਣਾ

ਪਿਆਰੇ ਗੁਰੂ ਸਵਾਰੇ, ਸਤਿਕਾਰਯੋਗ, ਗੁਰੂ ਖਾਲਸਾ ਜੀ, ਗੁਰੂ ਫਤਹਿ ਪ੍ਰਵਾਨ ਕਰਨਾ ਜੀ ।।

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।

ਖਾਲਸਾ ਜੀ, ਸਮੇਂ ਦਾ ਕਾਲ ਰੂਪੀ ਚੱਕਰ (ਪਹੀਆ) ਬੇਰੋਕ, ਨਿਰੰਤਰ ਬਿਨਾ ਕਿਸੇ ਦਾ ਇੰਤਜ਼ਾਰ ਕਰੇ, ਆਪਣੀ ਮਸਤ ਚਾਲੇ (ਸਿਰਫ਼ ਤੇ ਸਿਰਫ਼ ਆਪਣੀ) ਤੁਰਦਾ ਰਹਿੰਦਾ ਹੈ । ਕੋਈ ਹਾਕਮ, ਸਰਕਾਰ ਜਾਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ, ਤੁਰਦੇ ਜਾਂ ਗੁਜ਼ਰਦੇ ਸਮੇਂ ਦੀ ਰਵਾਨਗੀ ਵਿਚ, ਆਪਣੀ ਮਰਜ਼ੀ ਜਾਂ ਸੋਚ ਮੁਤਾਬਕ (ਚਾਹ ਕੇ ਵੀ) ਰੰਚਕ ਮਾਤਰ ਵੀ ਫ਼ਰਕ ਜਾਂ ਰੋਕ ਨਹੀਂ ਪਾ ਸਕਦੀ । ਹਾਂ, ਜੋ ਸਮੇਂ ਦਾ ਹਾਣੀ, ਹਮਜੋਲੀ, ਮਿੱਤਰ-ਦੋਸਤ, ਬਣ ਕੇ ਆਪਣੀ ਕਦਮ ਤਾਲ ਨੂੰ ਸਮੇਂ ਦੇ ਨਾਲ ਮੇਲ ਕੇ ਤੁਰਨਾ ਸਿੱਖ ਲੈਂਦਾ ਹੈ । ਤਾਂ ਕਾਮਯਾਬੀ ਜਾਂ ਮੰਜ਼ਿਲ ਉਸ ਸ਼ਖਸ, ਕੌਮ ਜਾਂ ਧਰਮ ਦੇ ਵਾਰਿਸਾਂ ਦੇ ਜ਼ਰੂਰ ਕਦਮ ਚੁੰਮਦੀ ਹੈ । ਪਰ ਕਈ ਵਾਰ ਤੁਰਦੇ ਸਮੇਂ ਦੇ ਰਾਹ ਵਿਚ ਭੁਲੱਕੜ, ਇਖਲਾਕਹੀਣ ਵੱਖ-ਵੱਖ ਜ਼ਾਲਮ ਸਰਕਾਰਾਂ ਵੱਲੋਂ, ਹੰਕਾਰ ਵੱਸ ਹੋ ਕੇ, ਆਪਣੀ ਛਿਣ-ਭੰਗਰ ਦੀ ਯਾਦ ਦਰਸਾਉਣ ਲਈ ਬਹੁਤ ਵੱਡੇ-ਵੱਡੇ ਹਾਦਸਿਆਂ, ਘੱਲੂਘਾਰਿਆਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ । ਜਿਸ ਦੀਆਂ ਚੀਸਾਂ, ਸਦੀਆਂ ਬੀਤਣ ਬਾਅਦ ਵੀ (ਸੰਬੰਧਿਤ ਧਿਰ ਦੇ ਰਿਸਦੇ ਜ਼ਖਮਾਂ ਵਿਚੋਂ) ਪੈਂਦੀਆਂ ਰਹਿੰਦੀਆਂ ਹਨ । ਖਾਲਸਾ ਜੀ, ਮੈਂ ਕੁਝ ਦੇਰ ਲਈ ਪੁਰਾਤਨ ਇਤਿਹਾਸ ਨੂੰ ਲਾਂਭੇ ਕਰਕੇ, ਅਜੋਕੇ ਸਿੱਖ ਇਤਿਹਾਸ ਦੀ ਗੱਲ ਕਰਨਾ ਚਾਹੁੰਦਾ ਹਾਂ ਤਾਂ ਕਿ 1978 ਤੋਂ ਲੈ ਕੇ ਅੱਜ ਤੱਕ ਹਿੰਦੂਸਤਾਨ ਦੀ ਬ੍ਰਾਹਮਣਵਾਦੀ ਜ਼ਾਲਮ ਸਰਕਾਰ ਦੇ, ਕਹਿਰ ਭਰੇ ਜ਼ੁਲਮ ਦਾ ਸ਼ਿਕਾਰ ਹੋਏ ਸਤਿਕਾਰਯੋਗ ਬਜ਼ੁਰਗ, ਬਾਪੂ, ਮਾਤਾਵਾਂ, ਭੈਣਾਂ, ਨੌਜਵਾਨ ਵੀਰਾਂ, ਮਾਸੂਮ ਬੱਚਿਆਂ ਨੂੰ ਸ਼ਰਧਾਂਜ਼ਲੀ ਦੇ ਰੂਪ ਵਿਚ ਆਪਣੀ ਸ਼ਰਧਾ ਦੇ ਤਿੱਲ-ਫੁੱਲ ਭੇਂਟ ਕਰ ਸਕਾਂ ।

ਖਾਲਸਾ ਜੀ, ਦੇਸ਼ ਆਜ਼ਾਦ ਹੋਇਆਂ, ਆਜ਼ਾਦੀ ਪ੍ਰਾਪਤੀ ਲਈ, ਸਭ ਧਰਮਾਂ ਤੇ ਫ਼ਿਰਕਿਆਂ ਦੇ ਲੋਕਾਂ ਨੇ ਆਪਣੇ ਵਿੱਤ ਅਨੁਸਾਰ ਹਿੱਸਾ ਵੀ ਪਾਇਆ । ਗੁਰੂਆਂ ਦੇ ਵਰੋਸਾਏ ਪੰਜਾਬ ‘ਚ ਰੰਗੀਂ ਵੱਸਦੇ ਪੰਜਾਬੀਆਂ ਖਾਸ ਕਰ ਸਿੱਖਾਂ (ਗਦਰੀ ਬਾਬਿਆਂ) ਨੇ ਜਿੱਥੇ ਹਿੰਦੂਸਤਾਨ ‘ਚ ਵਸਦੇ ਸਦੀਆਂ ਤੋਂ ਗੁਲਾਮੀ ਭੋਗ ਰਹੇ, ਮਨੁੱਖੀ ਹੱਕ-ਹਕੂਕਾਂ ਤੋਂ ਮੂਲੋਂ ਹੀ ਵਾਂਝੇ, ਗ਼ਰੀਬ ਦਲਿਤ, ਲਿਤਾੜੇ ਹੋਏ ਲੋਕਾਂ ਦੇ ਮਨਾਂ ਵਿਚ ਨਰਕੀ ਜੀਵਨ ਛੱਡ ਕੇ ਆਜ਼ਾਦ ਫ਼ਿਜ਼ਾ ‘ਚ ਜੀਣ ਦੀ ਸਾਹ ਲੈਣ ਦੀ ਜਾਗ (ਚਿਣਗ) ਲਾਈ, ਉਥੇਦੇਸ਼ ਆਜ਼ਾਦੀ ਦੀ ਜੰਗ ਵਿਚ ਹੋਰ ਹਿੰਦੂਸਤਾਨੀਆਂ ਨਾਲੋਂ (ਘੱਟ ਗਿਣਤੀ ਕੌਮ ਹੁੰਦੇ ਹੋਏ ਵੀ) ਆਪਣੇ ਕੌਮੀ ਵਿੱਤ ਤੇ ਸਮਰੱਥਾਂ ਨਾਲੋਂ ਕਈ ਗੁਣਾਂ ਵੱਧ ਹਿੱਸਾ ਵੀ ਪਾਇਆ ਜਿਸ ਨਾਲ ਸਦੀਆਂ ਤੋਂ ਲਿਤਾੜੇ ਤੇ ਗੁਲਾਮੀ ਭੋਗਦੇ ਬ੍ਰਾਹਮਣ (ਚਾਣਕਿਆ ਹੂੰਨਾਂ) ਅਛੋਪਲੇ ਹੀ (ਸਿਰਫ਼ ਬਹੁਗਿਣਤੀ ਹੋਣ ਕਰਕੇ) ਦੇਸ਼ ਦੇ ਮਾਲਕ ਬਣ ਬੈਠੇ । ਬ੍ਰਾਹਮਣੀ ਜ਼ਾਲਮ ਹਿੰਦ ਸਰਕਾਰ ਨੇ, ਸਿੱਖਾਂ ਦੀ ਹੱਕੀ ਤੇ ਅਤਿ ਜ਼ਰੂਰੀ ਮੰਗਾ ਮੰਨਣ ਦੀ ਬਜਾਏ (ਆਪਣੀ ਕਈ ਸਦੀਆਂ ਪੁਰਾਣੀ ਸਿੱਖ ਵਿਰੋਧੀ, ਤੁਅਸਬੀ ਸੋਚ ਦੇ ਅਧੀਨ, ਪੂਰੇ ਭਾਰਤ ਵਿਚ, ਸਿੱਖ ਕੌਮ ਦੇ ਵਿਰੁੱਧ ਇਕ ਬਹੁਤ ਹੀ ਗੈਰ-ਜਿੰਮੇਵਾਰ ਸਰਕਾਰੀ ਹੁਕਮ (ਸਰਕੂਲਰ) ਜਾਰੀ ਕਰ ਦਿੱਤਾ ਗਿਆ ਕਿ ਇਹ ਸਿੱਖ ਲੋਕ ਜ਼ਰਾਇਮ ਪੇਸ਼ਾ ਲੋਕਾਂ ਦੀ ਜਮਾਤ ਹੈ । ਇਸ ਲਈ ਇਨ੍ਹਾਂ ਲੋਕਾਂ ਨੂੰ ਹਰ ਥਾਂ ਸਖਤੀ ਨਾਲ ਦਬਾਅ ਕੇ ਰੱਖਿਆ ਜਾਵੇ । ਇਸ ਤੋਂ ਵੀ ਅੱਗੇ ਵਧ ਕੇ ਜੰਗੇ ਆਜ਼ਾਦੀ ਦੇ ਮੈਦਾਨ ‘ਚੋਂ ਪਿੱਠ ਵਿਖਾ ਕੇ ਭਗੌੜੇ ਹੋਏ ਗੀਦੀ, ਨਖਿੱਧ ਤੇ ਡਰਪੋਕ ਜਨਸੰਘੀ ਲੀਡਰਾਂ ਨੇ ਕਿਹਾ ਕਿ ਇਹ ਸਿੱਖ ਲੋਕ ਜ਼ਹਿਰੀਲੇ ਸੱਪਾਂ ਵਰਗੇ ਹਨ, ਇਨ੍ਹਾਂ ਦੇ ਸਖ਼ਤੀ ਨਾਲ ਸਿਰ ਫੇਰ (ਕੁਚਲ) ਦੇਣੇ ਚਾਹੀਦੇ ਹਨ । ਇਹ ਸਰਕੂਲਰ ਭਾਰਤ ਦੇ ਪਹਿਲੇ ਗਹਿ ਮੰਤਰੀ ਸਰਦਾਰ ਪਟੇਲ ਨੇ ਜਾਰੀ ਕੀਤਾ ਸੀ । ਆਪਣੀ ਪੰਥਕ ਤੇ ਹੱਕੀ ਮੰਗਾਂ ਲੈਣ ਲਈ, ਧਰਮ ਯੁੱਧ ਮੋਰਚਾ ਚਲਾ ਰਹੀ ਸਿੱਖ ਕੌਮ ਦੀ ਝੋਲੀ, ਜ਼ਾਲਮ ਸਰਕਾਰ ਨੇ ਜੂਨ 1984 ਵਿਚ ਜਾਨ ਤੋਂ ਵੀ ਪਿਆਰੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ‘ਤੇ ਤੋਪਾਂ ਤੇ ਟੈਂਕਾਂ ਨਾਲ ਫ਼ੈਜੀ ਹਮਲਾ ਕਰਕੇ, ਨਵੰਬਰ 84 ਵਿਚ ਦਿੱਲੀ ਤੇ ਕਈ ਹੋਰ ਰਾਜਾਂ ਵਿਚ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਕੇ ਅਤੇ ਉਸ ਤੋਂ ਵੀ ਅੱਗੇ ਪੂਰੀ ਵਿਉਂਤਬੰਦੀ (ਯੋਜਨਾ) ਨਾਲ ਦਹਾਕਿਆਂ-ਬੱਧੀ ਪੂਰੀ ਕੌਮ ਦੀ ਹੀ ਨਸਲ ਕੁਸ਼ੀ ਕਰਨ ਲਈ, ਹਜ਼ਾਰਾਂ ਨਹੀਂ ਬਲਕਿ ਲੱਖਾਂ ਹੀ ਬਜ਼ੁਰਗ ਸਿੱਖਾਂ, ਮਾਤਾਵਾਂ-ਭੈਣਾਂ, ਨੌਜਵਾਨਾਂ ਤੇ ਦੁੱਧ ਮੂੰਹੇ ਭੁਝੰਗੀਆਂ ਨੂੰ ਕਤਲ ਕਰਕੇ, ਉਨ੍ਹਾਂ ਦੀਆਂ ਖੂਨ ਨੁੱਚੜਦੀਆਂ ਲਾਸ਼ਾਂ ਨਾਲ ਲਬਾਲਬ ਭਰ ਦਿੱਤੀ । ਜਿਸ ਬਾਰੇ ਸਾਰਾ ਪੰਥ ਚੰਗੀ ਤਰ੍ਹਾਂ ਜਾਣਦਾ ਹੈ ****।

ਖ਼ਾਲਸਾ ਜੀ, ਇਹ ਕਤਲ-ਏ-ਆਮ ਕਿਉਂ ਹੋਇਆ ***? ਇਸ ਕਤਲ-ਏ-ਆਮ ਦੇ ਦੋਸ਼ੀ ਕੌਣ ਹਨ ? ** ਉਨ੍ਹਾਂ ਨੂੰ ਸਜ਼ਾ ਕਦੋਂ ? ***** ਕਿਵੇਂ ?*** ਕਿੰਨ੍ਹੀਂ ?****** ਦੇਣੀ ਜਾਂ ਦਿਵਾਉਣੀ ਹੈ । ਅੱਗੇ ਲਈ ਅਜਿਹੇ ਘਿਨਾਉਣੇ ਸਮੂਹਿਕ ਕਤਲ-ਏ-ਆਮ ਤੋਂ ਕਿਵੇਂ ਬਚਿਆ ਜਾ ਸਕਦਾ ਹੈ ? ***** ਅਜਿਹੀਆਂ ਤੇ ਹੋਰ ਪੰਥਕ ਗੱਲਾਂ ਦਾ ਜੋ ਅਸੀਂ ਸਿੱਖਾਂ ਨੇ ਜਾਂ ਸਾਡੇ ਕੌਮੀ ਵਾਰਿਸਾਂ (ਧੱਕੇ ਨਾਲ ਪੈਸੇ ਦੇ ਜ਼ੋਰ ਨਾਲ ਬਣੇ ਧਨਾਢ ਲੀਡਰਾਂ) ਨੇ, ਆਪਣੀ ਮਰਜ਼ੀ ਮੁਤਾਬਕ ਜੋ ਹੱਲ ਕੱਢਿਆ ਹੈ, ਉਹ ਮੂਲੋਂ ਹੀ ਉਲਟਾ, ਅਸੰਭਵ ਤੇ ਨਾਮੁਮਕਿਨ ਹੈ ਤੇ ਜੋ ਅੱਜ ਤੱਕ ਕੌਮ ਦੀਆਂ ਜੜ੍ਹਾਂ ਵਿਚ ਤੇਲ ਚੋਣ ਵਰਗਾ ਹੀ ਸਿੱਧ ਹੋਇਆ ਹੈ । ਜਿਸ ਕਰਕੇ ਕੌਮ ਦਿਨੋ-ਦਿਨ ਰਸਾਤਲ ਵੱਲ ਵੱਧਦੀ ਜਾ ਰਹੀ ਹੈ ।

ਇਹ ਸਾਡੀ ਕੌਮੀ ਬਦਕਿਸਮਤੀ ਹੀ ਹੈ ਕਿ ਅਸੀਂ ਅੱਜ ਤੱਕ (ਸਾਡੇ ਕੌਮੀ ਲੀਡਰ) ਕਿਸੇ ਵੀ ਦੇਸ਼ ਦੀ ਸਰਕਾਰ ਨੂੰ ਮਾਨਸਿਕ ਤੌਰ ‘ਤੇ ਭਾਰਤੀ ਹਿੰਦ ਸਰਕਾਰ ਵੱਲੋਂ ਘੱਟ ਗਿਣਤੀ ਸਿੱਖ ਕੌਮ ਦੀ, ਵਿਉਂਤਬੰਦ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਨੂੰ ਮੰਨਣ ਲਈ ਤਿਆਰ ਨਹੀਂ ਕਰ ਸਕੇ, ਜੋ ਅੰਤਰਰਾਸ਼ਟਰੀ ਭਾਈਚਾਰੇ (ਦੇਸ਼ਾਂ) ਅੱਗੇ, ਸਿੱਖ ਕੌਮ ਦੀ ਭਾਰਤ ਸਰਕਾਰ ਵੱਲੋਂ ਕੀਤੀ ਹੋਈ ਨਸਲਕੁਸ਼ੀ ਨੂੰ ਜ਼ੋਰਦਾਰ ਢੰਗ ਰਾਹੀਂ ਉਠਾ ਕੇ ਪੀੜਤ ਸਿੱਖ ਕੌਮ ਨੂੰ ਇਨਸਾਫ਼ ਦੁਆ ਸਕਦੀ ਅਤੇ ਹਿੰਦੂ ਸਰਕਾਰ ਦੇ ਕੀਤੇ ਅਣਮਨੁੱਖੀ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਕੇ ਭਾਰਤੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਸਕਦੀ ।
ਖਾਲਸਾ ਜੀ, ਹਰ ਸਾਲ ਦੀ ਤਰ੍ਹਾਂ ਜੂਨ ਦਾ ਇਹ ਮਹੀਨਾ ਵੀ ‘84’ ਦੇ ਕਤਲੇਆਮ ਦੀ ਯਾਦ ਤਾਜ਼ਾ ਕਰਾਉਣ ਲਈ ਇਕ ਵਾਰੀ ਫੇਰ ਪੰਥਕ ਬਰੂਹਾਂ ‘ਤੇ ਆ ਹਾਜ਼ਰ ਹੋਇਆ ਹੈ । ਇਹਨੇ ਤਾਂ ਹਰ ਹਾਲਤ ਵਿਚ ਆਉਣਾ ਹੀ ਆਉਣਾ ਹੈ ਤੇ ਆ ਕੇ ਤੁਰ ਵੀ ਜਾਣਾ ਹੈ । ਸਮੇਂ ਦੇ ਇਸ ਵੇਗ ਨੂੰ ਕੋਈ ਰੋਕ ਨਹੀਂ ਸਕਦਾ । ਹਾਂ, ਇਸ ਵਾਰੀ ਵੀ ਇਹ ਆਪਣੇ ਪਿੱਛੇ ਕੁੱਝ ਖੱਟੀਆਂ ਮਿੱਠੀਆਂ ਯਾਦਾਂ ਜ਼ਰੂਰ ਛੱਡ ਕੇ ਜਾਵੇਗਾ । ਪੰਥਕ ਸਫ਼ਾਂ ਵਿਚ ਵੀ ਹਰ ਸਾਲ ਦੀ ਤਰ੍ਹਾਂ ਫੇਰ ਤਕਰੀਰਾਂ ਹੋਣਗੀਆਂ, ਵੱਡੇ ਵੱਡੇ ਹਵਾਈ ਦਮਗੱਜੇ ਵੀ ਜ਼ਰੂਰ ਮਾਰੇ ਜਾਣਗੇ । ਕੌਮ ਦੇ ਵੱਡੇ ਵੱਡੇ ਵਿਦਵਾਨ, ਬੁੱਧੀਜੀਵੀ, ਜਥੇਦਾਰ ਸਾਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਗੈਰਾ ਗਰਮਾ ਗਰਮ ਭਾਸ਼ਣ ਦੇਣਗੇ । ਸਾਡੀਆਂ (ਬ੍ਰਾਹਮਣਾਂ ਦੀ ਗਊ ਵਰਗੀਆਂ ਹੋ ਚੁੱਕੀਆਂ) ਸਿੱਖ ਸੰਗਤਾਂ ਵੱਡੀ ਗਿਣਤੀ ਵਿਚ (ਸਿਰਫ਼ ਤੋਰੇ ਫੇਰੇ ਲਈ) ਗੁਰੂ ਘਰਾਂ ਵਿਚ ਆਉਣਗੀਆਂ, ਜੁੜਣਗੀਆਂ, ਸਰੋਵਰਾਂ ‘ਚ ਟੁੱਭੀਆਂ ਲਗਾਉਣਗੀਆਂ। ਭਾਂਤ-ਸੁਭਾਂਤਾ ਲੰਗਰ ਛਕਣਗੀਆਂ, ਭਾਸ਼ਣ ਵੀ ਜ਼ਰੂਰ ਸੁਣਨਗੀਆਂ ਤੇ ਆਥਣੇ (ਸਭ ਕੁਝ ਦਾ) ਪੱਲਾ ਝਾੜ ਕੇ ਘਰਾਂ ਨੂੰ ਮੁੜ ਜਾਣਗੀਆਂ, ਖੇਲ ਖ਼ਤਮ ਤੇ ਪੈਸਾ ਹਜ਼ਮ, ਬਸ ਐਤਕੀਂ ਐਨਾ ਹੀ । ਬਾਕੀ ਅਗਲੇ ਸਾਲ ਫੇਰ ਵੇਖਾਂਗੇ । ਲਗਾਤਾਰ ਇਹੀ ਵਰਤਾਰਾ (ਇਕ ਰੁਟੀਨ ਵਰਕ ਵਾਂਗੂੰ) ਕੌਮ ਵਿਚ ਦਹਾਕਿਆਂ ਤੋਂ ਵਾਪਰਦਾ ਆ ਰਿਹਾ ਹੈ । ਕੌਮ ਨੇ ਪਿਛਲੇ ਅਰਸੇ ਦੌਰਾਨ ਕੀ ਗਵਾਇਆ ਤੇ ਕੀ ਪ੍ਰਾਪਤ ਕੀਤਾ, ਇਸ ਸਭ ਕਾਸੇ ਦਾ ਲੇਖਾ-ਜੋਖਾ ਕਰਨ ਲਈ ਨਾ ਸਿੱਖ ਲੀਡਰਾਂ ਕੋਲ ਨਾ ਸਿੱਖਾਂ ਕੋਲ ਕੋਈ ਸਮਾਂ ਹੈ, ਫੇਰ ਦੱਸੋ ਸਾਡੇ ਕੌਮੀ ਹੱਕਾਂ ਦੀ ਤੇ ਹਿੱਤਾਂ ਦੀ ਪ੍ਰਾਪਤੀ ਤੇ ਰਾਖੀ ਕਿਵੇਂ ਹੋਵੇਗੀ ਤੇ ਕੌਣ ਕਰੇਗਾ ? ਠਨ-ਠਨ ਗੋਪਾਲ, ਕੋਈ ਵੀ ਨਹੀਂ —।

ਖ਼ਾਲਸਾ ਜੀ, ਅੱਜ ਸਾਡੀ ਕੌਮੀ ਹਾਲਤ ਇੰਨੀ ਡਾਵਾਂਡੋਲ ਹੋ ਚੁੱਕੀ, ਜਾਂ ਕਰ ਦਿੱਤੀ ਗਈ ਹੈ ਕਿ ਸਾਡੇ ਸਿੱਖ ਹੋਣ ‘ਤੇ ਵੀ ਇਕ ਸ਼ੱਕ ਜਿਹਾ ਪੈਦਾ ਹੋ ਗਿਆ ਹੈ ਕਿ ਕੀ ਅਸੀਂ ਉਹੀ ਸਿੱਖ ਹਾਂ ਜੋ ਗੁਰੂਆਂ ਨੇ ਬੜੇ ਜੱਫਰ – ਜਾਲ ਕੇ ਬਣਾਏ ਸੀ, ਜਾਂ ਕੋਈ — ਹਨ । ਗੁਰੂ ਕੇ ਪਿਆਰੇ ਸਿੱਖੋ ਜਦ ਤੱਕ ਅਸੀਂ ਗੁਰੂ ਬਚਨਾਂ ‘ਤੇ ਅਮਲ ਕਰਕੇ ਉਨ੍ਹਾਂ ਅਨੁਸਾਰ ਆਪਣਾ ਜੀਵਨ ਨਹੀਂ ਢਾਲਾਂਗੇ, ਤਦ ਤੱਕ ਸਾਨੂੰ ਖੱਜਲ-ਖੁਆਰ ਹੋਣਾ ਹੀ ਪੈਣਾ ਹੈ । ਪ੍ਰਾਪਤੀਆਂ ਪੱਖੋਂ ਸਾਡੀ ਪੰਥਕ ਝੋਲੀ ਸਦਾ ਸੱਖਣੀ ਹੀ ਰਹਿਣੀ ਹੈ ਅਤੇ ਸਿੱਖ ਵਿਰੋਧੀ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਦੇ ਰਹਾਂਗੇ । ਕੌਮ ਦਾ ਪਾਰ ਉਤਾਰਾ ਤਾਂ ਆਖਰ ਪ੍ਰੈਕਟੀਕਲ ਅਮਲਾਂ ‘ਤੇ ਹੀ ਹੋਣਾ ਹੈ । ਹੋਰ ਕੋਈ ਦੂਜਾ ਰਾਹ ਜਾਂ ਚਾਰਾ ਹੈ ਹੀ ਨਹੀਂ । ਸਾਡੀ ਆਪਸੀ ਪੰਥਕ ਫੁੱਟ ਤੇ ਨਿੱਕੇ-ਨਿੱਕੇ ਮਤ-ਭੇਦ ਵੀ ਪੰਥਕ ਪ੍ਰਾਪਤੀਆਂ ਦੇ ਰਾਹ ਵਿਚ ਬਹੁਤ ਵੱਡਾ ਰੋੜਾ ਹੈ । ਦਿੱਲੀ ਦਾ ਤਖ਼ਤ ਅਤੇ ਤਖ਼ਤ ‘ਤੇ ਬੈਠੇ ਹੁਕਮਰਾਨ ਤਾਂ ਚਾਹੁੰਦੇ ਹੀ ਇਹ ਹਨ ਕਿ ਖ਼ਾਲਸਾ ਪੰਥ ਕਦੇ ਵੀ ਇਕ-ਜੁੱਟ ਨਾ ਹੋਵੇ ਤੇ ਆਪਸ ਵਿਚ ਹੀ ਛਿੱਤਰੋ-ਛਿੱਤਰੀ ਹੁੰਦਾ ਰਹੇ । ਸੋ ਖਾਲਸਾ ਜੀ, ਅੱਜ ਸਮੇਂ ਦੀ ਸਭ ਤੋਂ ਵੱਡੀ ਮੰਗ ਹੀ ਇਹ ਹੈ ਕਿ ਦੇਸ਼-ਵਿਦੇਸ਼ ‘ਚ ਵੱਸਦੇ ਨਾਨਕ ਨਾਮ ਲੇਵਾ ਸਮੂਹ ਖਾਲਸਾਈ ਧਿਰਾਂ ਨੂੰ (ਭਾਵੇਂ ਉਹ ਕਿਸੇ ਵੀ ਜਥੇਬੰਦੀ ਨਾਲ ਕਿਉਂ ਨਾ ਜੁੜੀਆਂ ਹੋਣ) ਪੰਥ ਦੇ ਭਲੇ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਆਪੋ ਆਪਣੇ ਨਿੱਕੇ ਮੋਟੇ ਮਤਭੇਦ ਭੁਲਾਕੇ, ਸਰਬੱਤ ਖਾਲਸੇ ਦੇ ਰੂਪ ਵਿਚ ਕੌਮੀ ਅਜ਼ਮਤ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਿਰ ਜੋੜ ਕੇ ਬੈਠੋ, ਗੁਰੂ ਹੁਕਮ

“ਹੋਵਹੁ ਇਕਤ੍ਰ ਮਿਲਹੁ ਮੇਰੇ ਭਾਈ ।।
ਦੁਬਿਧਾ ਦੂਰਿ ਕਰਹੁ ਲਿਵ ਲਾਇ ।।
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖ ਬੈਸਹੁ ਸਫ਼ਾ ਵਿਛਾਇ ।।”

ਦੀ ਰੌਸ਼ਨੀ ਵਿਚ ਗੁਰਮਤੇ ਕਰੋ, ਵੱਡੇ ਕੌਮੀ ਹਿੱਤਾਂ ਅਤੇ ਕੌਮੀ ਘਰ (ਖਾਲਿਸਤਾਨ) ਦੀ ਪ੍ਰਾਪਤੀ ਲਈ ਸੰਘਰਸ਼ ਦੀ ਨਵੇਂ ਸਿਰੇ ਤੋਂ ਰੂਪ ਰੇਖਾ ਤਿਆਰ ਕਰਕੇ, ਇਕ ਕੇਸਰੀ ਨਿਸ਼ਾਨ ਸਾਹਿਬ ਜੀ ਦੇ ਥੱਲੇ ਇਕੱਤਰ ਹੋ ਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਤੇ ਰਹਿਨੁਮਾਈ ਵਿਚ ਵੱਡੇ ਪੱਧਰ ‘ਤੇ ਹਰ ਪੱਖੋਂ ਜ਼ੋਰਦਾਰ ਸੰਘਰਸ਼ ਕੀਤਾ ਜਾਵੇ । ਮੈਨੂੰ ਇਹ ਯਕੀਨ ਹੀ ਨਹੀਂ ਬਲਕ ਅਟੱਲ ਭਰੋਸਾ ਤੇ ਵਿਸ਼ਵਾਸ ਹੈ ਕਿ ਸੰਘਰਸ਼ਾਂ ‘ਚੋਂ ਪੈਦਾ ਹੋਏ, ਸੰਘਰਸ਼ਾਂ ਦੇ ਆਦੀ ਅਤੇ ਮੌਤ ਨਾਲ ਅਠਖੇਲੀਆਂ ਕਰਨ ਵਾਲੇ ਸੰਘਰਸ਼ਾਂ ਦੇ ਸ਼ਾਹ ਅਸਵਾਰ ਰਹੇ, ਗੁਰੂ ਦਸਮੇਸ਼ ਪਿਤਾ ਜੀ ਦੇ ਨਾਦੀ ਪੁੱਤਰ ਖਾਲਸਾ ਪੰਥ ਨੇ ਜਦੋਂ ਵੀ ਆਪਣਾ ਮੂਲ, ਆਪਣਾ ਖਾਸਾ ਪਛਾਣ ਕੇ, ਗੁਰਬਾਣੀ ਅਨੁਸਾਰ ਅਮਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੀ ਮੰਜ਼ਿਲ ਵੱਲ ਵਧਦੇ ਖਾਲਸੇ ਦੇ ਕਦਮਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ । ਹਰ ਮੈਦਾਨ ਫਤਹਿ (ਜਿੱਤ) ਖਾਲਸੇ ਦੇ ਮੁਬਾਰਕ ਕਦਮਾਂ ਨੂੰ ਅਵੱਸ਼ ਹੀ ਚੁੰਮੇਗੀ । ਗੱਲ ਸਿਰਫ਼ ਤੇ ਸਿਰਫ਼ ਹਿੰਮਤ ਕਰਕੇ ਕਹਿਣ ਤੇ ਕਥਨੀ ਉਤੇ ਗੁਰੂ ਆਸ਼ੇ ਅਨੁਸਾਰ ਪੂਰੇ ਉਤਰਨ ਦੀ ਹੈ । “ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ ।” ਪੰਜਾਬੀ ਦਾ ਇਕ ਹੋਰ ਮਕਬੂਲ ਸ਼ਾਇਰ ਖਾਲਸੇ ਨੂੰ ਹਾਰੀ ਹੋਈ ਬਾਜ਼ੀ ਜਿੱਤਣ ਲਈ ਸਰਹਿੰਦ ਦਾ ਵਾਸਤਾ ਪਾਉਂਦਾ ਹੈ ਕਿ “ਉਹੀ ਜਿੱਤਦੇ ਨੇ ਬਾਜ਼ੀ ਵਿਚ ਦੁਨੀਆਂ, ਜਿਹੜੇ ਜਿੱਤਣ ਲਈ ਬਾਜ਼ੀਆਂ ਹਾਰਦੇ ਨੇ, ਉਠ ਖਾਲਸਾ ਗੁਰਾਂ ਦੇ ਲਾਲ ਤੈਨੂੰ ਵਾਜਾਂ ਵਿੱਚ ਸਰਹਿੰਦ ਦੇ ਮਾਰਦੇ ਨੇ —- ।”

ਖਾਲਸਾ ਜੀ, ਹੁਣ ਅਸੀਂ ਆਪਣੇ ਸਿੱਖ ਨੌਜਵਾਨ ਵੀਰਾਂ ਨੂੰ ਸਿੱਧੇ ਤੌਰ ‘ਤੇ ਨਿਮਰਤਾ ਸਹਿਤ ਇਕ ਪੁਰਜ਼ੋਰ ਹਾਰਦਿਕ ਬੇਨਤੀ ਜਾਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਵੀਰੋ, ਸਿੱਖੀ ਦੇ, ਪੰਥ ਦੇ ਵਾਰਿਸੋ, ਹਾੜਾ ਈ ਰੱਬ ਦਾ — ਤੁਹਾਨੂੰ ਵਾਸਤਾ ਈ ਬਾਜ਼ਾਂ ਤੇ ਤਖ਼ਤਾਂ ਤਾਜ਼ਾਂ ਵਾਲੇ ਗੁਰੂ ਦਾ, ਗੁਰੂ ਦੀ ਬਖਸ਼ੀ ਵੱਡਮੁੱਲੀ ਅਨਮੋਲ ਦਾਤ, ਸੱਚੀ ਸੁੱਚੀ ਸਿੱਖੀ ਦਾ ਕਿ — ਵੀਰੋ, ਸਾਡਾ ਅਜੋਕਾ ਮੌਜੂਦਾ ਦੁਸ਼ਮਣ ਬਹੁਤ ਹੀ ਸ਼ਾਤਰ ਤੇ ਚਲਾਕ ਹੈ । ਉਹ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ ਬਲਕਿ ਸਿੱਖੀ ਅੱਣਖ ਤੇ ਸਿੰਘ ਸੂਰਮਿਆਂ ਦੀ ਰਗ-ਰਗ ਤੋਂ ਜਾਣੂ (ਭੇਤੀ) ਹੈ ਕਿ ਜੰਗੇ ਮੈਦਾਨ ਦੇ ਸ਼ਾਹ ਅਸਵਾਰ ਦਸਮੇਸ਼ ਪਿਤਾ ਦੇ ਜੰਗਜੂ ਖਾਲਸੇ ਨੂੰ, ਆਹਮੋ ਸਾਹਮਣੇ ਲੜ ਕੇ, ਜੰਗ ਵਿਚ ਸ਼ਿਕਸਤ ਜਾਂ ਹਾਰ ਦੇਣਾ ਉਸ ਦੇ ਵੱਸ ਦਾ ਰੋਗ ਨਹੀਂ ਹੈ । ਇਸ ਲਈ ਉਸ ਨੇ ਖ਼ਾਲਸੇ ਨੂੰ ਮਾਤ ਦੇਣ ਲਈ ਆਪਣੇ ਪੁਰਖਿਆਂ ਦਾ ਬ੍ਰਹਮ ਸ਼ਾਸਤਰ ਨਾਮੀ ‘ਸਾਮ, ਦਾਮ, ਦੰਡ ਤੇ ਭੇਦ’ ਵਾਲਾ ਮਨੁੱਖਤਾ ਵਿਰੋਧੀ ਰਾਹ ਚੁਣਿਆ ਹੈ । ਆਪਣੇ ਪਹਿਲੇ ਹਮਲੇ ਦੀ ਰਣਨੀਤੀ ਦੀ ਵਿਉਂਤਬੰਦੀ ਦੇ ਤਹਿਤ ਜਾਨ ਲੇਵਾ, ਮਾਰੂ ਤੇ ਘਾਤਕ ਨਸ਼ਿਆਂ ਦੇ ਝੋਲੇ ਭਰ ਕੇ ਸਾਡੇ ਘਰੋ-ਘਰੀ ਆਣ ਵੜਿਆ ਹੈ । ਸ਼ਰੇਆਮ ਸਾਰੇ ਪੰਜਾਬ ਨੂੰ ਖਾਸ ਕਰ ਸਾਡੇ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਦੇ ਕੁੰਭੀ ਨਰਕ ਵਿਚ ਡੋਬ ਦੇਣ ਦੀ ਚੁਣੌਤੀ ਦੇ ਰਿਹਾ ਹੈ । ਜਿਸ ਵਿਚ ਸਮੇਂ ਦੀ ਮੌਜੂਦਾ ਕੇਂਦਰ ਤੇ ਰਾਜ ਸਰਕਾਰ (ਪੰਥਕ) ਤੇ ਉਹਦਾ ਖੁਫ਼ੀਆ ਤੰਤਰ ਤੇ ਪੁਲਿਸ ਪ੍ਰਸ਼ਾਸਨ ਉਹਦਾ ਭਾਈਵਾਲ ਬਣਿਆ ਪੂਰੇ ਤਨ, ਮਨ ਤੇ ਧਨ ਨਾਲ ਉਹਦਾ ਸਾਥ ਦੇ ਰਿਹਾ ਹੈ ।
ਸੋ ਸਾਡੀ ਜਾਨ ਤੋਂ ਵੀ ਪਿਆਰੇ ਸਿੱਖ ਨੌਜਵਾਨ ਵੀਰੋ ! ਸਾਵਧਾਨ !! ਮੇਰੇ ਗੁਰੂ ਭਾਈਓ, ਬਹੁਤ ਹੀ ਦੁਖੀ ਮਨ, ਨਾਲ ਬੇ-ਬਸੀ ਦੇ ਆਲਮ ਵਿਚ ਲਿਖਣਾ ਪੈ ਰਿਹਾ ਹੈ ਕਿ ਹੁਣ ਤੁਹਾਨੂੰ ਇਹਨਾਂ ਨਸ਼ੇ ਦੇ ਸੌਦਾਗਰਾਂ (ਕਾਤਲਾਂ) ਤੋਂ ਬਚਾਉਣ ਲਈ, ਸਾਡਾ ਕੋਈ ਵੀ ਰਾਜਸੀ, ਪੰਥਕ ਆਗੂ, ਨੇਤਾ ਜਾਂ ਜਥੇਦਾਰ ਵਗੈਰਾ ਨਹੀਂ ਆਵੇਗਾ । ਵੀਰੋ ! ਹੁਣ ਇਹ ਅਤਿ ਜ਼ਰੂਰੀ ਫ਼ੈਸਲਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਕਲਗੀਧਰ ਦੇ ਸ਼ੇਰਾਂ ਨੂੰ ਹੀ ਕਰਨਾ ਪੈਣਾ ਹੈ, ਕਿਉਂਕਿ ਮੌਜੂਦਾ ਦੌਰ ਵਿਚ ਗੁਰੂ ਕੇ ਸਿੱਖਾਂ ਦੀ ਅਣਖ, ਗ਼ੈਰਤ ਤੇ ਸਿੰਘਊ ਪੁਣੇ ਨੂੰ ਮਾਪਣ ਲਈ, ਪੰਥ ਦੋਖੀ ਤਾਕਤਾਂ ਨੇ ਇਕ ਵਾਰੀ ਫੇਰ ਕਸੌਟੀ ‘ਤੇ ਲਾ ਦਿੱਤਾ ਹੈ । ਜਿਸ ਬਾਰੇ ਭਗਤ ਕਬੀਰ ਜੀ ਵੀ ਵੰਗਾਰ ਪਾਉਂਦੇ ਹੋਏ ਨਿਰਣਾ ਕਰਦੇ ਹਨ ਕਿ

“ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨਾ ਕੋਇ ।।
ਰਾਮ ਕਸਾਉਟੀ ਸੋ ਸਹੈ ਜੋ ਮਰ ਜੀਵਾ ਹੋਇ ।।”

ਸੋ ਪਰਖ ਦੀ ਇਸ ਘੜੀ ਵਿਚ ਆਪਣੀ ਖਾਲਸਾਈ ਅੱਣਖ ਤੇ ਗ਼ੈਰਤ ਨੂੰ ਕਾਇਮ-ਦਾਇਮ ਰੱਖਣਾ ਹੈ ਜਾਂ ਇਨ੍ਹਾਂ ਦੇ ਵਿਛਾਏ ਨਸ਼ਿਆਂ ਦੇ ਜਾਲ ਵਿਚ ਫਸ ਕੇ ਬਰਬਾਦ ਹੋਣਾ ਹੈ ।

ਨੌਜਵਾਨ ਵੀਰੋ, ਤੁਹਾਡੇ ਸਾਹਮਣੇ ਸਮੇਂ ਦੀ ਵੰਗਾਰ ਬਹੁਤ ਵੱਡੀ ਹੈ । ਤੁਹਾਡੇ ਸਿਰਾਂ ‘ਤੇ ਅੱਜ ਇਕ ਬਹੁਤ ਵੱਡਾ ਅਦਿੱਖ ਖ਼ਤਰਾ ਮੰਡਰਾ ਰਿਹਾ ਹੈ । ਯੋਧਿਓ ਵੈਰੀ ਦੀ ਇਸ ਨਸ਼ਿਆਂ ਰੂਪੀ ਵੰਗਾਰ ਨੂੰ ਕਬੂਲ ਕਰੋ, ਤੇ ਇਹਨੂੰ ਸਿੱਖੀ ਅਸੂਲਾਂ ਮੁਤਾਬਕ ਅਜਿਹੇ ਕਰਾਰੇ ਹੱਥ ਵਿਖਾਓ ਕਿ ਇਹ ਮੁੜ ਕੇ ਖਾਲਸਾ ਪੰਥ ਵੱਲ ਹੀ ਨਹੀਂ ਬਲਕਿ ਗੁਰੂਆਂ ਦੇ ਵਰੋਸਾਏ ਹੋਏ ਪੰਜਾਬ ਵੱਲ ਵੀ ਮੂੰਹ ਨਾ ਕਰ ਸਕੇ । ਗੁਰੂ ਜੀ ‘ਤੇ ਭਰੋਸਾ ਰੱਖ ਕੇ ਬਾਣੀ ਤੇ ਬਾਣੇ ਦਾ ਓਟ ਆਸਰਾ ਲੈ ਕੇ, ਇਸ ਨਰਕ ‘ਚੋਂ ਪਾਰ ਹੋ ਕੇ ਵਿਖਾਓ । ਗੁਰੂ ਜੀ ਤੁਹਾਡੀ ਰੱਖਿਆ ਅੰਗ-ਸੰਗ ਹੋ ਕੇ ਜ਼ਰੂਰ ਕਰਨਗੇ ।

ਵਿਦੇਸ਼ੀਂ ਵੱਸਦੀਆਂ ਸਿੱਖ ਸੰਗਤਾਂ ਦੇ ਚਰਨਾਂ ਵਿਚ ਵੀ ਸਾਡੀ ਇਕ ਬੇਨਤੀ ਰੂਪੀ ਅਪੀਲ ਹੈ ਕਿ ਖਾਲਸਾ ਜੀ, ਪੰਜਾਬ ਵੱਸਦੇ ਸਿੱਖਾਂ ਦੀ ਅਤੇ ਤੁਹਾਡੀ ਸਥਿਤੀ ਵਿਚ ਦਿਨ ਰਾਤ ਦਾ ਫ਼ਰਕ ਹੈ । ਪੰਜਾਬ ਨਾਲੋਂ ਤੁਸੀਂ ਹਰ ਗੱਲ ਵਿਚ ਆਜ਼ਾਦ ਹੋ । ਇਨਸਾਫ਼ ਪਸੰਦ ਵਿਦੇਸ਼ੀ ਸਰਕਾਰਾਂ ਵੀ ਲੋੜ ਪੈਣ ਤੇ ਤੁਹਾਡੀ ਯਥਾ ਸੰਭਵ ਹਰ ਤਰ੍ਹਾਂ ਦੀ ਮਦਦ ਕਰਦੀਆਂ ਹਨ । ਸੋ ਖਾਲਸਾ ਜੀ, ਪੰਜਾਬ ਦੇ ਨਸ਼ਿਆਂ ‘ਚ ਗਰਕ ਹੋ ਰਹੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਚੋਂ ਕੱਢ ਕੇ ਸਿੱਖੀ ਮਾਰਗ ‘ਤੇ ਪਾਉਣ ਲਈ ਬਹੁਤ ਵੱਡੀ ਪੰਥਕ ਸੇਵਾ ਰੂਪੀ ਮਦਦ ਕਰ ਸਕਦੇ ਹੋ । ਸੋ ਇਸ ਅਤਿ ਭਿਆਵਲੇ ਸਮੇਂ ਵਿਚ ਡੁੱਬਦੀ ਜਾ ਰਹੀ ਗੁਰੂ ਕੀ ਸਿੱਖੀ ਨੁੰ ਮੁੜ ਬਚਾਉਣ ਤੇ ਪ੍ਰਫੁੱਲਿਤ ਕਰਨ ਲਈ, ਮੈਦਾਨ ‘ਚ ਨਿੱਤਰਕੇ ਆਪਣੇ ਸਿੱਖ ਨੌਜਵਾਨ ਵੀਰਾਂ ਦੀ ਬਾਂਹ ਜ਼ਰੂਰ-ਬਰ ਜ਼ਰੂਰ ਫੜੋ । ਤੁਹਾਡੀ ਵਿਦੇਸ਼ੀ ਸਿੱਖ ਸੰਗਤਾਂ ਦੀ ਅਣਤੱਕ ਮਿਹਨਤ ਸਦਕਾ ਪੰਜਾਬ ਵਿਚ ਮੁੜ ਕੇ ਫੇਰ ਸਿੱਖੀ ਦੇ ਬੋਲ ਬਾਲੇ ਹੋ ਜਾਣਗੇ । ਸੋ ਸਾਰੇ ਵੀਰ, ਮਾਈ, ਭਾਈ ਇਸ ਅਤਿ ਜ਼ਰੂਰੀ ਪੰਥਕ ਸੇਵਾ ਵਿਚ ਵੱਧ ਤੋਂ ਵੱਧ ਹਿੱਸਾ ਪਾਓ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।

ਖਾਲਸਾ ਜੀ, ਜੂਨ ‘84’ ਤੇ ਨਵੰਬਰ ‘84’ ਦੇ ਸਿੱਖ ਕਤਲੇਆਮਾਂ ਤੋਂ ਪ੍ਰਭਾਵਿਤ, ਇਸ ਦੇ ਪ੍ਰਤੀਕਰਮ ਵਜੋਂ, ਕੌਮੀ ਅਣਖ, ਗ਼ੈਰਤ ਤੇ ਸਿੱਖੀ ਦੇ ਅਣਮੋਲ ਅਸੂਲਾਂ ਨੂੰ ਬਰਕਰਾਰ ਰੱਖਣ ਲਈ, ਕੌਮ ਨੂੰ ਹਿੰਦੂਵਾਦੀਆਂ ਤੋਂ ਆਜ਼ਾਦ ਕਰਾਉਣ ਲਈ, ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਕੌਮ ਵੱਲੋਂ ਕੀਤੀ ਜਾ ਰਹੀ ਹਰ ਤਰ੍ਹਾਂ ਦੀ ਜੱਦੋ-ਜਹਿਦ ਅਤੇ ਚੱਲ ਰਹੇ ਮੌਜੂਦਾ ਹਥਿਆਰਬੰਦ ਸੰਘਰਸ਼ ਬਾਰੇ, ਅਸੀਂ ਤਿਹਾੜ ਜੇਲ੍ਹ, ਦਿੱਲੀ ਦੇ ਬੰਦੀ ਸਿੰਘਾਂ ਨੇ ਪਿਛਲੇ ਸਾਲ ਭਾਵ ਜੂਨ 2011 ਵਿਚ ਵੀ ਆਪਣੇ ਅਤਿ-ਪਿਆਰੇ ਖਾਲਸਾ ਪੰਥ ਨਾਲ ਕੁਝ ਅਤਿ ਜ਼ਰੂਰੀ ਪੰਥਕ ਵਿਚਾਰਾਂ ਕੀਤੀਆਂ ਸਨ । ਪੰਥ ਦੀ ਕਚਹਿਰੀ ਵਿਚ ਪੰਥਕ ਕਾਰਜਾਂ ਦੀ ਪ੍ਰਾਪਤੀ ਲਈ ਕੁਝ ਨਵੇਂ ਵਿਚਾਰ ਵੀ ਪੇਸ਼ ਕੀਤੇ ਸਨ । ਪਿਛਲੇ ਸਾਲ ਵੀ ਜੂਨ ਮਹੀਨਾ ਆਉਣ ਤੋਂ ਕੁਝ ਦਿਨ ਪਹਿਲਾਂ ਜੂਨ ‘84’ ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਲਈ ਪੰਥਕ ਜਥੇਬੰਦੀਆਂ ਦੇ ਗਰਮਾ-ਗਰਮ ਬਿਆਨ ਆਉਣੇ ਸ਼ੁਰੂ ਹੋ ਗਏ ਸੀ, ਜਿਸ ਦੇ ਪ੍ਰਤੀਕਰਮ ਵਜੋਂ ਐਸ ਜੀ ਪੀ ਸੀ ‘ਤੇ ਕਾਬਜ਼ ਧਿਰਾਂ ਨੇ ਵੀ ਪੰਥ ਦਾ ਮੂੰਹ ਬੰਦ ਕਰਾਉਣ ਲਈ (ਸਿਰਫ਼ ਜ਼ੁਬਾਨੀ-ਕਲਾਮੀ ਬੁੱਤਾ ਸਾਰਨ ਲਈ) ਬਿਆਨਾਂ ਦੇ ਗੋਲੇ ਦਾਗੇ ਕਿ ਅਸੀਂ ਸਮੂੰਹ ਪੰਥਕ ਧਿਰਾਂ (ਪੰਥ ਭਲੀ ਭਾਂਤ ਜਾਣੂ ਹੈ ਕਿ ਉਹ ਪੰਥਕ ਧਿਰਾਂ ਕੌਣ ਹਨ?) ਨਾਲ ਸਲਾਹ ਕਰਕੇ ਸ਼ਹੀਦੀ ਯਾਦਗਾਰ ਬਨਾਉਣ ਲਈ ਤਿਆਰ ਹਾਂ । ਖਾਲਸਾ ਜੀ, ਪਿਛਲੇ ਕਾਫ਼ੀ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਇਹ ਇਕ ਰੂਟੀਨ ਦੀ ਜ਼ੁਬਾਨੀ-ਕਲਾਮੀ ਬਿਆਨਬਾਜ਼ੀ ਹੀ ਹੋ ਰਹੀ ਹੈ । ਇਸ ਤੋਂ ਵੱਧ ਕੁਝ ਨਹੀਂ, ਆਖ਼ਰ ਕਿਉਂ ? — ਕਿਉਂ ? — ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇਸ ਅਤਿ ਜ਼ਰੂਰੀ ਤੇ ਨਿਰੋਲ ਪੰਥਕ ਮੰਗ ਨੂੰ ਐਸ ਜੀ ਪੀ ਸੀ ਵੱਲੋਂ (ਪੰਥ ਦੋਖੀ ਤਾਕਤਾਂ ਦੇ ਇਸ਼ਾਰੇ ‘ਤੇ) ਪੂਰਾ ਕਰਨ ਦਾ ਐਲਾਨ ਤਾਂ ਜ਼ਰੂਰ ਕਰ ਦਿੱਤਾ ਗਿਆ, ਪਰ ਨਾਲ ਹੀ ਇਕ ਵਿਵਾਦਿਤ ਪੰਥ ਦੋਖੀ ਨਿਹੰਗ ਸੰਤਾ ਸਿੰਘ ਦੀ ਫੋਟੋ ਨੂੰ ਜੂਨ ‘84’ ਦੇ ਸ਼ਹੀਦ ਸਿੰਘ-ਸੂਰਮਿਆਂ ਦੇ ਬਰਾਬਰ ਸਤਿਕਾਰ ਦੇਣ ਦਾ ਐਲਾਨ ਕਰਕੇ, ਪਾਵਨ ਸ਼ਹੀਦਾਂ ਦੀ ਯਾਦ ਵਿਚ ਬਣਨ ਜਾ ਰਹੀ ਇਸ ਸ਼ਹੀਦੀ ਯਾਦਗਾਰ ਦੀ ਹੋਂਦ ਉਤੇ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਗਿਆ ਹੈ । ਜਿਸ ਨੇ ਪੰਥ ਵਿਚ ਇਕ ਹੋਰ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ । ਇਸ ਸ਼ਹੀਦੀ ਯਾਦਗਾਰ ਨੇ ਬਿੱਖਰੇ ਤੇ ਦੁਫੇੜ ਹੋਏ ਪੰਥ ਨੂੰ ਇਕ ਲੜੀ ਵਿਚ ਪਰੋਣ ਦਾ ਕੰਮ ਕਰਨਾ ਸੀ, ਪਰ ਇਸ ਨਾਲ ਤਾਂ ਪਹਿਲਾਂ ਤੋਂ ਹੀ ਪਾਟੋਧਾੜ ਹੋਇਆ ਪੰਥ ਹੋਰ ਵੀ ਵੱਧ ਖੇਰੂੰ-ਖੇਰੂੰ ਹੁੰਦਾ ਨਜ਼ਰ ਆ ਰਿਹਾ ਹੈ ।

ਸੋ ਐਸ ਜੀ ਪੀ ਸੀ ਦੇ ਇਸ ਸ਼ਹੀਦੀ ਯਾਦਗਾਰ ਬਨਾਉਣ ਦੇ ਐਲਾਨ ਕਰਨ ਨਾਲ ਪੰਥ ਨੂੰ ਉਹ ਖੁਸ਼ੀ ਤਾਂ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ, ਜਾਂ ਜਿਸ ਦੀ ਪੰਥ ਬੜੇ ਚਿਰਾਂ ਤੋਂ ਆਸ ਮੁਰਾਦ ਲਾਈ ਬੈਠਾ ਸੀ । ਪਰ ਫੇਰ ਵੀ ਦੇਰ ਆਇਦ, ਦਰੁਸਤ ਆਇਦ ਅਖਾਣ ਵਾਂਗ, ਜੇਕਰ ਸੱਚ ਹੀ ਐਸ ਜੀ ਪੀ ਸੀ ਨੇ ਪੰਥ ਦੀ ਇਸ ਚਿਰੋਕਣੀ ਤਾਂਘ ਨੂੰ ਪੂਰੀ ਕਰਨ ਦਾ ਨਿਸ਼ਚਾ ਕਰ ਹੀ ਲਿਆ ਹੈ ਤਾਂ ਸਭ ਤੋਂ ਪਹਿਲਾਂ ਐਸ ਜੀ ਪੀ ਸੀ ਆਪਣੇ ਆਪ ਨੂੰ ਪੰਥ ਵਿਰੋਧੀ ਤਾਕਤਾਂ ਤੋਂ ਮੁਕਤ ਕਰਕੇ, ਸਿਰਫ਼ ਤੇ ਸਿਰਫ਼ ਗੁਰੂ ਨੂੰ ਤੇ ਗੁਰੂ ਪੰਥ ਨੂੰ ਤਨ, ਮਨ, ਧਨ ਨਾਲ ਸਮਰਪਿਤ ਕਰੇ । ਫੇਰ ਦੁਨੀਆ ਦੇ ਅਤੇ ਆਪਣੇ ਸ਼ਾਨਾਮੱਤੇ ਸਿੱਖ ਇਤਿਹਾਸ ਤੋਂ ਸੇਧ ਲੈ ਕੇ, ਗੁਰੂ ਪੰਥ ਆਸ਼ੇ ਅਨੁਸਾਰ ਹੀ ਉਸ ਸ਼ਹੀਦੀ ਯਾਦਗਾਰ ਨੂੰ ਉਸਾਰਿਆ ਜਾਵੇ । ਦੁਨੀਆ ਦੀਆਂ ਹੋਰ ਕੌਮਾਂ ਦਾ ਇਤਿਹਾਸ ਪੜ੍ਹ ਕੇ, ਪਤਾ ਚੱਲਦਾ ਹੈ ਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਂਗੂੰ ਯਹੂਦੀ ਕੌਮ ਦੀ ਵੀ ਇਕ ਕੌਮ ਵਜੋਂ ਨਸਲਕੁਸ਼ੀ ਕੀਤੀ ਗਈ ਸੀ । ਜਿਸ ਵਿਚ ਸਾਢੇ 88 ਲੱਖ ਦੇ ਲਗਭਗ (ਯਹੂਦੀਆਂ ਦੀ ਕੁਲ ਗਿਣਤੀ) ਯਹੂਦੀਆਂ ਵਿਚੋਂ 60 ਲੱਖ ਦੇ ਲੱਗਭਗ ਯਹੂਦੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਜੋ ਯਹੂਦੀ ਕੁਲ ਆਬਾਦੀ ਦਾ 67% ਬਣ ਜਾਂਦਾ ਹੈ । ਐਨਾ ਭਿਆਨਕ ਕਤਲੇਆਮ ਤੇ ਕੌਮੀ ਨਸਲਕੁਸ਼ੀ ਹੋਣ ਦੇ ਬਾਵਜੂਦ ਵੀ ਬਹਾਦਰ ਤੇ ਅਣਖੀ ਯਹੂਦੀ ਲੀਡਰਾਂ ਨੇ ਹੌਸਲਾ ਨਹੀਂ ਹਾਰਿਆ, ਹਾਰ ਨਹੀਂ ਮੰਨੀ, ਜ਼ਾਲਮ ਤੇ ਬੇਰਹਿਮ ਨਾਜ਼ੀ ਸਰਕਾਰ ਨਾਲ ਕਿਸੇ ਵੀ ਕੀਮਤ ‘ਤੇ ਕੋਈ ਸਮਝੌਤਾ ਨਹੀਂ ਕੀਤਾ, ਆਪਣੇ ਮੁੱਠੀ ਭਰ ਲੋਕਾਂ ਨੂੰ ਇਕੱਲਿਆਂ ਕਰਕੇ, ਲਾਮਬੰਦ ਕੀਤਾ, ਸੰਘਰਸ਼ ਕਰ-ਕਰ ਕੇ ਆਪਣੀ ਕੌਮ ਨੂੰ ਆਜ਼ਾਦ ਕਰਵਾਇਆ, ਜੋ ਅੱਜ ਦੁਨੀਆ ਦੇ ਨਕਸ਼ੇ ‘ਤੇ ਆਪਣੇ ਇਕ ਆਜ਼ਾਦ ਦੇਸ਼ ਵਜੋਂ ਰਾਜ ਕਰ ਰਹੇ ਹਨ । ਸਭ ਤੋਂ ਵੱਡੀ ਗੱਲ ਇਹ ਹੈ ਕਿ ਯਹੂਦੀ ਕੌਮ ਨੇ ਆਪਣੀ ਕੌਮ ਦੇ ਨਾਜ਼ੀਆਂ ਵੱਲੋਂ ਕੀਤੇ ਗਏ ਕਤਲੇਆਮ ਦੀਆਂ ਛੋਟੀ ਤੋਂ ਛੋਟੀਆਂ ਨਿਸ਼ਾਨੀਆਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ, ਇਕ ਕੌਮੀ ਵਿਰਾਸਤ ਵਜੋਂ ਬੇਹਤਰੀਨ ਤਕਨੀਕਾਂ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ । ਜਿਨ੍ਹਾਂ ਵਿਚ ਸਭ ਤੋਂ ਵੱਧ ਮਸ਼ਹੂਰ ਤੇ ਵੇਖਣ ਯੋਗ ਅਜਾਇਬ ਘਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਹੌਲੋਕਾਸਟ ਮਿਊਜ਼ੀਅਮ (ਘੱਲੂਘਾਰਾ ਅਜਾਇਬਘਰ) ਦੇ ਨਾਂ ‘ਤੇ ਬਣਾਇਆ ਹੋਇਆ ਹੈ । ਜਿਸ ਵਿਚ ਯਹੂਦੀਆਂ ‘ਤੇ ਹੋਏ ਜ਼ੁਲਮਾਂ ਦਾ ਇਕ-ਇਕ ਸਬੂਤ ਸੰਜੋ ਕੇ ਰੱਖਿਆ ਹੋਇਆ ਹੈ । ਜਿਸ ਦਾ ਯਹੂਦੀਆਂ ਦੀ ਕਾਤਲ, ਜ਼ਾਲਮ ਨਾਜ਼ੀ ਸਰਕਾਰ ਦੇ ਕੋਲ ਅੱਜ ਵੀ ਕੋਈ ਜਵਾਬ ਨਹੀਂ ਹੈ । ਉਸ ਹੌਲੋਕਾਸਟ ਮਿਊਜ਼ੀਅਮ ਨੂੰ ਵੇਖਣ ਵਾਲਿਆਂ ਦੇ ਕਲੇਜੇ ਅੱਜ ਵੀ ਦੁਰ ਅੰਦਰ ਤੱਕ ਕੰਬ ਜਾਂਦੇ ਹਨ, ਇਕ ਕੌਮੀ ਨਸਲਕੁਸ਼ੀ ਵਜੋਂ ਯਹੂਦੀਆਂ ‘ਤੇ ਹੋਏ ਕਹਿਰ ਭਰੇ ਜ਼ੁਲਮਾਂ ਨੂੰ ਵੇਖ ਕੇ, ਦਰਸ਼ਕਾਂ ਦੇ ਮੂੰਹ ਟੱਡੇ ਹੀ ਰਹਿ ਜਾਂਦੇ ਹਨ । ਮਨੁੱਖਤਾ ਦੀ ਕਾਤਲ ਨਾਜ਼ੀ ਸਰਕਾਰ ਨੂੰ ਅੱਜ ਤੱਕ ਵੀ ਫਿੱਟ-ਲਾਹਨਤਾਂ ਪੈ ਰਹੀਆਂ ਹਨ ।

ਖਾਲਸਾ ਜੀ, ਸਾਡਾ ਇਥੇ ਇਹ ਯਹੂਦੀ ਕੌਮ ਦੀ ਉਪਰੋਕਤ ਦਾਸਤਾਨ ਦੱਸਣ/ਲਿਖਣ ਦਾ ਮਤਲਬ/ਟੀਚਾ ਬਸ ਇਹੀ ਹੈ ਕਿ ਸਾਡੇ ਵੱਲੋਂ ਐਸ ਜੀ ਪੀ ਸੀ ਨੂੰ ਤੇ ਐਸ ਜੀ ਪੀ ਸੀ ਵੱਲੋਂ ਸ਼ਹੀਦੀ ਯਾਦਗਾਰ ਬਨਾਉਣ ਲਈ ਥਾਪੜਾ ਦਿੱਤੀ ਹੋਈ ਧਿਰ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਾਡੀ ਕਰਮਾਂ-ਮਾਰੀ ਸਿੱਖ ਕੌਮ ‘ਤੇ ਤਾਂ ਯਹੂਦੀ ਕੌਮ ਨਾਲੋਂ ਵੀ ਕਈ ਗੁਣਾਂ ਵੱਧ ਜ਼ੁਲਮ ਹੋਏ ਹਨ, ਕਿਉਂਕਿ ਯਹੂਦੀ ਕੌਮ ਨੂੰ ਤਾਂ ਸਿਰਫ਼ ਇਕ ਨਾਜ਼ੀ ਸਰਕਾਰ ਦੇ ਹੀ ਜ਼ੁਲਮਾਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਹੈ । ਜਦ ਕਿ ਸਿੱਖ ਕੌਮ ਨੂੰ ਤਾਂ ਇਸ ਦੇ ਜਨਮ, ਮੁੱਢ ਕਦੀਮ ਤੋਂ ਹੀ ਇਸ ਭਾਰਤੀ ਖਿੱਤੇ ‘ਤੇ ਰਾਜ ਕਰਨ ਵਾਲੀ ਹਰ ਸਰਕਾਰ ਭਾਵੇਂ ਉਹ ਮੁਗਲ/ਪਠਾਣ ਸਰਕਾਰ ਹੋਵੇ, ਬ੍ਰਿਟਿਸ਼/ਅੰਗਰੇਜ਼ ਸਰਕਾਰ ਹੋਵੇ, ਤੇ ਜਾਂ ਫਿਰ ਅਜੋਕੀ ਬ੍ਰਾਹਮਣਵਾਦੀ ਸਰਕਾਰ ਹੋਵੇ, ਸਭ ਸਰਕਾਰਾਂ ਨੇ ਸਿੱਖ ਕੌਮ ਦਾ ਬੀਜ ਨਾਸ਼ ਕਰਨ ਲਈ ਪੂਰਾ ਟਿੱਲ (ਜ਼ੋਰ) ਲਾਇਆ ਹੈ । ਇਹ ਵੱਖਰੀ ਗੱਲ ਹੈ ਕਿ ਗੁਰੂ ਦਾ ਖਾਲਸਾ ਹਰ ਵਾਰੀ ਮੌਤ ਲਾੜੀ ਨਾਲ ਦਸਤ ਪੰਜਾ ਲੈਂਦਾ ਹੋਇਆ ਅੱਗੇ ਨਾਲੋਂ ਦੂਣ ਸਵਾਇਆ ਹੋ ਕੇ ਨਿੱਕਲਦਾ ਰਿਹਾ ਹੈ ਤੇ ਆਪਣੇ ਜੰਗ-ਜੂ ਤਰੀਕਿਆਂ, ਲਾਮਿਸਾਲ ਜੰਗੀ ਰਣਨੀਤੀ ਤੇ ਬਾਹੂਬਲ ਨਾਲ ਤੇਗ ਵਾਹੁੰਦਿਆਂ, ਪੰਥ ਦੋਖੀਆਂ ਤੇ ਨਿੰਦਕਾਂ ਦੇ ਦੰਦ ਖੱਟੇ ਕਰਕੇ ਲੋਹੇ ਦੇ ਚਣੇ ਵੀ ਚਬਾਉਂਦਾ ਰਿਹਾ ਹੈ । ਸੋ ਜੂਨ ‘84’ ਘੱਲੂਘਾਰੇ ਦੀ ਬਣਨ ਜਾ ਰਹੀ ਸ਼ਹੀਦੀ ਯਾਦਗਾਰ, ਇਕ ਮਾਤਰ ਮੱਥੇ ਟੇਕਣ ਵਾਲੀ ਥਾਂ ਹੀ ਬਣ ਕੇ ਨਾ ਰਹਿ ਜਾਵੇ, ਸਗੋਂ ਇਸ ਨੂੰ ਦੁਨੀਆ ਦੀ ਹਰ ਪੱਖੋਂ ਇਕ ਲਾ-ਮਿਸਾਲ, ਮੁਕੰਮਲ ਤੇ ਸੰਪੂਰਨ ਯਾਦਗਾਰ ਬਨਾਉਣਾ ਚਾਹੀਦਾ ਹੈ । ਜਿਸ ਵਿਚ ਹਿੰਦ ਸਰਕਾਰ ਵੱਲੋਂ, ਫੌਜੀ ਹਮਲਾ, ਕਰਨ ਦੇ ਕਾਰਣ, ਇਸ ਦਾ ਪਿਛੋਕੜ, ਧਰਮ ਯੁੱਧ ਮੋਰਚੇ ਬਾਰੇ ‘ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਖਰੀ ਦਮ ਤੱਕ ਫੌਜੀ ਹਮਲੇ ਦਾ ਟਾਕਰਾ ਕਰਨ ਬਾਰੇ, ਕੌਮ ਵੱਲੋਂ ਆਪਣੇ ਕੌਮੀ ਘਰ ਖਾਲਿਸਤਾਨ ਲਈ ਹੁਣ ਤੱਕ ਲੜੇ ਸੰਘਰਸ਼ ਬਾਰੇ, ਖ਼ਾਲਿਸਤਾਨ ਦੀ ਪ੍ਰਾਪਤੀ ਤੱਕ ਅੱਗੇ ਲੜੇ ਜਾਣ ਵਾਲੇ ਸੰਘਰਸ਼ ਲਈ ਕੌਮ ਨੂੰ ਪ੍ਰੋਗਰਾਮ ਦੇਣ ਬਾਰੇ, ਗੱਲ ਕੀ ਬਲਿਊ ਸਟਾਰ ਸਾਕੇ ਨਾਲ ਸਬੰਧਿਤ ਸਭ ਚੀਜ਼ਾਂ ਤੇ ਨਿਸ਼ਾਨੀਆਂ ਸਬੂਤਾਂ ਸਮੇਤ, ਭਾਰਤੀ ਜ਼ਾਲਮ ਸਰਕਾਰ ਵੱਲੋਂ ਸਿੱਖ ਕੌਮ ਉਤੇ ਕੀਤੇ ਜ਼ੁਲਮਾਂ, ਅੱਤਿਆਚਾਰਾਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ ਦੁਨੀਆ ਨੂੰ ਦੱਸੀ ਜਾਵੇ ਕਿ ਕਿਵੇਂ ਅਹਿਸਾਨ-ਫਰਾਮੋਸ਼, ਅਕ੍ਰਿਤਘਣ, ਹਿੰਦੂ ਬ੍ਰਾਹਮਣੀ ਲੀਡਰਾਂ ਨੇ ਇਕ ਗ਼ੈਰਤਮੰਦ, ਜਾਂਬਾਜ਼, ਅਣਖੀ ਤੇ ਦੇਸ਼ ਭਗਤ ਸਿੱਖ ਕੌਮ ਦੇ ਵਿਰੁੱਧ, ਅੰਤਰਰਾਸ਼ਟਰੀ ਭਾਈਚਾਰੇ ਵਿਚ ਸਿੱਖਾਂ ਨੂੰ ਦੇਸ਼-ਵਿਰੋਧੀ, ਗੱਦਾਰ, ਤੇ ਜਰਾਇਮ ਪੇਸ਼ਾ ਕੌਮ ਵਜੋਂ ਪ੍ਰਚਾਰਿਆ ਤੇ ਹਰ ਪੱਖੋਂ ਸਿੱਖ ਕੌਮ ਨੁੰ ਵਧਣੋ-ਫੁੱਲਣੋਂ ਰੋਕਿਆ । ਜਦ ਕਿ ਗੁਰੂਆਂ ਦੇ ਵਰੋਸਾਏ, ਇਸ ਦੂੱਲੇ ਖਾਲਸਾ ਪੰਥ ਨੇ ਕਦੇ ਵੀ ਕੋਈ ਮਨੁੱਖਤਾ ਵਿਰੋਧੀ ਕਰਮ ਨਹੀਂ ਕੀਤਾ, ਭਾਰਤ ਦੀ ਤਾਂ ਗੱਲ ਹੀ ਛੱਡੋ, ਸਿੱਖ ਕੇਮ ਨੇ ਤਾਂ ਵਿਦੇਸ਼ੀ ਸਰਕਾਰਾਂ ਨਾਲ ਵੀ ਆਪਣੀ ਵਫ਼ਾਦਾਰੀ ਤਨ, ਮਨ ਨਾਲ ਨਿਭਾਈ ਹੈ । ਜਿਸ ਦੀ ਦੁਨੀਆਂ ਦਾ ਇਤਿਹਾਸ ਅੱਜ ਵੀ ਪ੍ਰਤੱਖ ਗਵਾਹੀ ਭਰਦਾ ਹੈ । ਮੁੱਠੀ ਭਰ (ਸਿਰਫ਼ 2%) ਸਿੱਖਾਂ ਵੱਲੋਂ ਲੜੀ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਵਿਚ ਸਿੱਖਾਂ ਦੇ ਹੈਰਤਅੰਗੇਜ਼ ਕਾਰਨਾਮੇ ਵੇਖ ਕੇ ਜਿੱਥੇ ਅੰਗਰੇਜ਼ ਪਾਰਲੀਮੈਂਟ ਮੈਂਬਰਾਂ ਨੇ ਸਿੱਖ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਸਨਮਾਨ ਦਿੱਤਾ, ਉਥੇ ਦੁਨੀਆ ਨੂੰ ਇਹ ਵੀ ਬੜੇ ਫਖ਼ਰ ਨਾਲ ਦੱਸਿਆ ਕਿ “ਬਹਾਦੁਰ ਸਿੱਖ ਕੌਮ ਕਦੇ ਵੀ ਹਾਰ ਦਾ ਮੂੰਹ ਵੇਖਣਾ ਪਸੰਦ ਨਹੀਂ ਕਰਦੀ ।” ਇਕ ਹੋਰ ਵਿਲੀਅਮ ਜੋਜ਼ਫ਼ ਸਲਿਮ ਨਾਂ ਦੇ ਅੰਗਰੇਜ਼ ਫੀਲਡ ਮਾਰਸ਼ਲ ਦਾ ਇਹ ਲਿਖਣਾ ਕਿ “ਜਦੋਂ ਤੁਸੀਂ ਸਿੱਖਾਂ ਦੇ ਨਾਲ ਰਹਿੰਦੇ ਹੋ (ਭਾਵ ਸਿੱਖਾਂ ‘ਤੇ ਕੋਈ ਭਰੋਸਾ ਕਰਦੇ ਹੋ) ਤਾਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਪਵੇਗਾ ।” ਆਪਣੇ ਆਪ ਵਿਚ ਸਿੱਖਾਂ ਦੀ ਬਹਾਦਰੀ ਤੇ ਵਫ਼ਾਦਾਰੀ ਦਾ ਇਕ ਬਹੁਤ ਵੱਡਾ ਸਬੂਤ ਹੈ ।

ਸਾਡਾ ਇਹ ਉਪਰੋਕਤ ਬ੍ਰਿਤਾਂਤ ਲਿਖਣ ਤੇ ਕਹਿਣ ਦਾ ਭਾਵ ਬਸ ਐਨਾ ਕੁ ਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਣ ਵਾਲਾ ਹਰ ਸਿੱਖ ਤੇ ਗੈਰ-ਸਿੱਖ ਤੇ ਦੇਸ਼ੀ-ਵਿਦੇਸ਼ੀ ਸ਼ਰਧਾਲੂ ਇਸ ‘ਸ਼ਹੀਦੀ ਘੱਲੂਘਾਰਾ ਯਾਦ’ ਨੂੰ ਵੇਖ ਕੇ ਜੂਨ ‘84’ ਵਿਚ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਲਈ ਭਾਰਤੀ ਹਿੰਦ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਦੇ ਤੇ ਸਿੱਖ ਕਤਲੇਆਮ ਦੇ ਕਾਰਣਾਂ ਤੋਂ ਅਤੇ ਇਸ ਦੇ ਸੱਚ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕੇ । ਇਸ ਲਈ ਇਸ ਬਹੁ ਪੱਖੀ, ਬਹੁ ਮੰਤਵੀ ਸ਼ਹੀਦੀ ਯਾਦਗਾਰ ਨੂੰ ਬਨਾਉਣ ਤੋਂ ਪਹਿਲਾਂ, ਦੁਨੀਆ ਦੇ ਅਜਿਹੇ ਅਜਾਇਬ ਘਰ ਬਨਾਉਣ ਵਾਲੇ ਪ੍ਰਸਿੱਧ ਮਾਹਿਰਾਂ, ਇਤਿਹਾਸਕਾਰਾਂ, ਵਿਦਵਾਨਾਂ ਤੇ ਸਿੱਖ ਬੁੱਧੀਜੀਵੀਆਂ ਦੀ ਹਰ ਪੱਖੋਂ ਸਲਾਹ ਤੇ ਮਦਦ ਜ਼ਰੂਰ-ਬਰ-ਜ਼ਰੂਰ ਲਈ ਜਾਵੇ, ਤਾਂ ਕਿ ਰਹਿੰਦੀ ਦੁਨੀਆ ਤੱਕ ਇਹ ਸ਼ਹੀਦੀ ਯਾਦਗਾਰ, ਸਿੱਖਾਂ ਤੇ ਹੋਰ ਕੌਮਾਂ ਲਈ ਵੀ ਇਕ ਚਾਨਣ-ਮੁਨਾਰੇ ਦਾ ਕੰਮ ਕਰਦੀ ਰਹੇ ਅਤੇ ਜ਼ਾਲਮ ਹਿੰਦ-ਸਰਕਾਰ ਨੂੰ ਦੁਨੀਆ ਭਰ ਦੇ ਇਨਸਾਫ਼ ਪਸੰਦ ਸਰਕਾਰਾਂ ਅਤੇ ਲੋਕਾਂ ਵੱਲੋਂ ਫਿੱਟ ਲਾਹਨਤਾਂ ਪੈਂਦੀਆਂ ਰਹਿਣ ਅਤੇ ਸੰਘਰਸ਼ ਸ਼ੀਲ ਸਿੱਖ ਕੌਮ ਇਸ ਤੋਂ ਅਗਾਂਹਵਧੂ ਪ੍ਰੇਰਣਾ ਲੈ ਕੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਹਰ ਪੱਖੋਂ ਸੰਘਰਸ਼ ਕਰਕੇ ਜੂਝਦੀ ਰਹੇ ।——-
“ਜਾਨੇ ਵਾਲਾ ਮੰਜ਼ਿਲ (ਖਾਲਿਸਤਾਨ) ਤੱਕ ਅਪਨੀ, ਅਬ ਹਮੇ ਹੀ ਪੜੇਗਾ ਰਾਹ ਬਨਾਨਾ ।
ਕਿਉਂਕਿ ਜਾਨੇ ਵਾਲੇ (ਸ਼ਹੀਦ) ਛੋੜ ਗਏ, ਉਲਝਾਵ ਹਮਾਰੇ ਹਿੱਸੇ ਕਾ —-।”

ਸਮੇਂ ਦੀਆਂ ਵੱਖ ਵੱਖ ਸਰਕਾਰਾਂ ਵੱਲੋਂ ਦੁਰਕਾਰੇ, ਲਿਤਾੜੇ, ਕੁੱਟੇ, ਲੁੱਟੇ ਤੇ ਜਲੀਲ ਕੀਤੇ ਸਿੱਖਾਂ ਵੱਲੋਂ ਜੋ ਵੀ ਕਦੇ ਕੋਈ ਕੌਮੀ ਪ੍ਰਾਪਤੀ ਕੀਤੀ ਗਈ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਜਥੇਬੰਦਕ ਤੌਰ ‘ਤੇ ਇਕ ਹੋ ਕੇ ਤਲਵਾਰ ਦੇ ਜ਼ੋਰ ਨਾਲ ਤੇ ਆਪਣੇ ਬਾਹੂਬਲ ਦੇ ਬਲਬੂਤੇ ਹੀ ਕੀਤੀ ਹੈ । ਭਾਵੇਂ ਉਹ ਗੁਰੂ ਕਾਲ ਸਮੇਂ ਦੀਆਂ ਪ੍ਰਾਪਤੀਆਂ ਹੋਣ, ਭਾਵੇਂ ਉਹ ਸਿੱਖ ਕਾਲ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤੇ ਸਿੱਖ ਰਾਜ ਦੀ ਗੱਲ ਹੋਵੇ, ਭਾਵੇਂ ਉਹ ਲੜਦੇ, ਮਰਦੇ, ਜੂਝਦੇ ਮਿਸਲਾਂ ਸਮੇਂ ਦੇ ਖਾਲਸੇ ਦੀ ਗੱਲ ਹੋਵੇ, ਭਾਵੇਂ ਸ: ਜੱਸਾ ਸਿੰਘ ਜੀ ਆਹਲੂਵਾਲੀਆ ਤੇ ਸ: ਬਘੇਲ ਸਿੰਘ ਦੇ ਸਮੇਂ ਦੀ ਗੱਲ ਹੋਵੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ (ਸਿੱਖ ਰਾਜ) ਦੀ ਗੱਲ ਹੋਵੇ, ਭਾਵੇਂ ਸਿੱਖ ਰਾਜ ਦੇ ਡੁੱਬਦੇ ਸੂਰਜ ਸਮੇਂ ਜਾਨ ਹੂਲ ਕੇ ਜੂਝੇ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਵਫਾਦਾਰ, ਸਿਪਾਹ ਸਲਾਰ ਸ: ਹਰੀ ਸਿੰਘ ਨਲੂਆ ਤੇ ਸ: ਸ਼ਾਮ ਸਿੰਘ ਅਟਾਰੀ ਵਾਲਾ ਦੀ ਗੱਲ ਹੋਵੇ, ਭਾਵੇਂ ਗਦਰੀ ਬਾਬਿਆਂ ਤੇ ਬੱਬਰ ਅਕਾਲੀ ਲਹਿਰ ਤੇ ਸਿੰਘ ਸਭਾ ਲਹਿਰ ਦੇ ਵਾਰਿਸਾਂ ਦੀ ਗੱਲ ਹੋਵੇ ਤੇ ਭਾਵੇਂ ਅਜੋਕੇ ਮੌਜੂਦਾ ਸਮੇਂ 1978 ਤੋਂ ਚੱਲੇ ਧਰਮ ਯੁੱਧ ਮੋਰਚੇ ਦੀ ਗੱਲ, ਉਪ੍ਰੰਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੁਚੱਜੀ ਅਗਵਾਈ ਵਿਚ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਮੌਜੂਦਾ ਸੰਘਰਸ਼ ਵਿਚ ਧਰਮ ਹਿੱਤ ਕਾਜ ਲਈ ਜੂਝ ਕੇ ਪੁਰਜਾ-ਪੁਰਜਾ ਕੱਟ ਕੇ ਰਣਤੱਤੇ ਵਿਚ ਸ਼ਹੀਦ ਹੋਏ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਭਾਈ ਲਾਭ ਸਿੰਘ (ਜਨਰਲ), ਭਾਈ ਜੁਗਰਾਜ ਸਿੰਘ ਤੂਫ਼ਾਨ, ਭਾਈ ਗੁਰਬਚਨ ਸਿੰਘ ਜੀ ਮਾਨੋਚਾਹਲ ਅਤੇ ਹਜ਼ਾਰਾਂ ਹੀ ਹੋਰ ਸ਼ਹੀਦ ਜੁਝਾਰੂ ਸਿੰਘਾਂ ਦੀ ਗੱਲ ਹੋਵੇ, ਸਿੱਖ ਕੌਮ ਨੇ ਜਦੋਂ ਵੀ ਰਾਜ ਕੀਤਾ ਤੇ ਜਦੋਂ ਵੀ ਕਦੇ ਆਪਣੀ ਸਰਦਾਰੀ ਕਾਇਮ ਕੀਤੀ, ਸਿੱਖ ਰਾਜ ਦਾ ਸਿੱਕਾ ਚਲਾਇਆ, ਖਾਲਸਾ ਰਾਜ ਦੇ ਬੋਲਬਾਲੇ ਕੀਤੇ, ਖੈਬਰ ਦਰੇ ਤੱਕ ਖਾਲਸਾ ਰਾਜ ਦੇ ਖਾਲਸੇ ਦੀ ਆਜ਼ਾਦ ਹਸਤੀ ਦੇ ਝੰਡੇ ਝੂਲਾਏ, ਜਾਂ ਫਿਰ ਕੌਮ ਨੂੰ ਕਿਸੇ ਵਹਿਸ਼ੀ ਦਰਿੰਦੇ ਦੇ ਜ਼ੁਲਮਾਂ ਤੋਂ ਬਚਾਇਆ, ਇਹ ਉਪ੍ਰੋਕਤ ਸਾਰੀ ਸ਼ਾਨਾਮਤੀ ਪ੍ਰਾਪਤੀਆਂ ਖਾਲਸਾ ਪੰਥ ਨੇ ਸਿਰਫ਼ ਤੇ ਸਿਰਫ਼ ਗੁਰੂ ਦਸਮ ਪਿਤਾ ਜੀ ਵੱਲੋਂ ਖਾਲਸੇ ਦੀ ਆਨ ਤੇ ਸ਼ਾਨ ਕਾਇਮ ਰੱਖਣ ਲਈ ਮਜ਼ਲੂਮਾਂ ਦੀ ਰਾਖੀ ਕਰਨ ਲਈ ਖਾਲਸੇ ਨੂੰ ਬਖਸ਼ੀ ਤਲਵਾਰ ਤੇ ਅੰਮ੍ਰਿਤ ਦੀ ਦਾਤ ਰਾਹੀਂ ਪੈਦਾ ਕੀਤੀ ਜਥੇਬੰਦਕ ਏਕਤਾ ਦੀ ਅਥਾਹ ਸ਼ਕਤੀ ਦੇ ਜ਼ੋਰ ਹੀ ਬਚਾਇਆ ਹੈ । ਇਨ੍ਹਾਂ ਉਕਤ ਸਾਰੀਆਂ ਗੱਲਾਂ ਦੀ ਸਾਡਾ ਕੌਮੀ ਇਤਿਹਾਸ ਬੜੀ ਸਪੱਸ਼ਟ ਤੇ ਪ੍ਰਤੱਖ ਗਵਾਹੀ ਭਰਦਾ ਹੈ ਤੇ ਪ੍ਰਤੱਖ ਨੂੰ ਕਦੇ ਵੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਤੁਸੀਂ ਖੁਦ ਹੀ ਆਪਣਾ ਇਤਿਹਾਸ ਪੜ੍ਹ ਕੇ ਵੇਖ ਸਕਦੇ ਹੋ ।

ਖਾਲਸਾ ਜੀ, ਸਮੇਂ ਦੀ ਹਿੱਕ ‘ਤੇ ਖਾਲਸੇ ਦੀ ਤੇਗ ਨਾਲ ਉਕਰੀ, ਇਹ ਵੀ ਇਕ ਅਟੱਲ ਸੱਚਾਈ ਹੈ ਕਿ ਆਪਣੇ ਕੌਮੀ ਹੱਕਾਂ ਦੀ ਪ੍ਰਾਪਤੀ ਲਈ ਜਦੋਂ ਵੀ ਇਹ ਗੁਰੂ ਕਾ ਖਾਲਸਾ, ਜਥੇਬੰਦਕ ਰੂਪ ਵਿਚ ਹਥਿਆਰਬੰਦ ਹੋ ਕੇ ਰਣਤੱਤੇ ਵਿਚ ਜੂਝਿਆ ਹੈ, ਸਿਰਫ਼ ਤੇ ਸਿਰਫ਼ ਉਦੋਂ ਹੀ ਦੁਨੀਆ ਨੇ, ਸਮੇਂ ਦੀ ਜ਼ਾਲਮ ਸਰਕਾਰਾਂ ਨੂੰ ਖਾਲਸੇ ਦੇ ਤੇਜ਼ ਅਤੇ ਜਾਹੋ ਜਲਾਲ ਅੱਗੇ ਝੁਕਦਾ ਵੇਖਿਆ ਹੈ । ਰਣ ਬਾਂਕੁਰੇ ਤੇ ਤੇਗ ਦੇ ਧਨੀ ਖਾਲਸੇ ਨੂੰ ਸਿਜਦਾ ਕਰਦੇ ਵੇਖਿਆ ਹੈ । ਸ਼ਾਇਦ ਗੁਰੂ ਦਸਮੇਸ਼ ਪਿਤਾ ਜੀ ਨੇ ਵੀ, ਖਾਲਸੇ ਲਈ ਇਹ ਅਤਿ ਜ਼ਰੂਰੀ ਅਤੇ ਬਹੁ-ਮੰਤਵੀ ਸ਼ਬਦ ਕਿ “ਸ਼ਸਤ੍ਰਨ ਕੇ ਅਧੀਨ ਹੈ ਰਾਜ ।।” ਤਾਂ ਹੀ ਉਚਾਰਿਆ ਹੈ ।

ਸੋ ਵੀਰੋ, ਮੰਗਿਆਂ ਕਦੇ ਵੀ ਕੋਈ ਕਿਸੇ ਦੇ ਹੱਕ ਨਹੀਂ ਦਿਆ ਕਰਦਾ, ਹੱਕ ਤਾਂ ਖੋਹ ਕੇ ਹੀ ਲੈਣੇ ਪੈਂਦੇ ਹਨ । ਹੱਕ ਖੋਹਣੇ ਕਦੋਂ, ਕਿਸ ਤੋਂ ਅਤੇ ਕਿਵੇਂ ਹਨ ? ਇਸ ਦਾ ਤਰੀਕਾ ਜਾਂ ਰਣਨੀਤੀ ਕੀ ਹੈ ? ਇਸ ਸਭ ਕਾਸੇ ਬਾਰੇ ਸਾਡੇ ਗੁਰੂ ਸਾਹਿਬਾਨ ਜੀਆਂ ਨੇ ਖਾਲਸਾ ਪੰਥ ਦੇ ਜਨਮ ਤੋਂ ਵੀ ਪਹਿਲਾਂ ਹੀ ਲਿਖ ਕੇ, ਆਪਣੀ ਸਰਵਕਾਲੀ ਮੋਹਰ ਲਾ ਕੇ ਸਾਨੂੰ ਦਿੱਤਾ ਹੋਇਆ ਹੈ । ਜੇਕਰ ਕੋਈ ਢਿੱਲ ਮੱਠ ਹੈ ਤਾਂ ਸਿਰਫ਼ ਸਾਡੇ ਸਿੱਖਾਂ ਵੱਲੋਂ ਹੀ ਹੈ । ਜਦ ਤੱਕ ਅਸੀਂ ਗੁਰੂ ਫੁਰਮਾਨਾਂ ਨੂੰ ਪੜ੍ਹ ਕੇ, ਮੰਨ ਕੇ, ਅਮਲ ਨਹੀਂ ਕਰਦੇ, ਤਾਂ ਹਰ ਕੋਈ ਸਾਨੂੰ ਭੇਡਾਂ ਸਮਾਨ ਸਮਝ ਕੇ, ਇਸੇ ਤਰ੍ਹਾਂ ਜਲੀਲ ਤੇ ਅਪਮਾਨਿਤ ਕਰਦਾ ਰਹੇਗਾ ।

ਸਿੰਘੋ ; ਆਪਣੇ ਅਤਿ ਜ਼ਰੂਰੀ ਕੌਮੀ ਹੱਕ ਲੈਣ ਲਈ, ਖਾਲਸੇ ਦੇ ਬੋਲ ਬਾਲੇ ਕਰਨ ਲਈ, ਸਾਨੂੰ ਸਭ ਨੂੰ ਜਥੇਬੰਦਕ ਤੌਰ ‘ਤੇ ਇਕ ਹੋ ਕੇ ਗੁਰੂ ਆਸ਼ੇ ਤੇ ਅਸੂਲਾਂ (ਮੇਰੇ ਨਹੀਂ) ਅਨੁਸਾਰ ਤੁਰਨਾ ਹੀ ਪੈਣਾ ਹੈ । ਜੰਗ ਲੱਗ ਚੁੱਕੀ, ਸ਼ਮਸ਼ੀਰ ਨੂੰ ਚੁੱਕ ਕੇ, ਲਿਸ਼ਕਾ ਕੇ ਛਾਤੀ ਨਾਲ ਲਾਉਣਾ ਹੀ ਪੈਣਾ ਹੈ । ਆਪਣੀ ਕੌਮੀ ਹੋਂਦ ਬਰਕਰਾਰ ਰੱਖਣ ਲਈ, ਖਾਲਸੇ ਕੋਲ ਇਸ ਤੋਂ ਸੌਖਾ, ਉਰੇ ਜਾਂ ਪਰੇ ਹੋਰ ਕੋਈ ਰਾਹ ਨਹੀਂ ਹੈ । ਸਿਰਫ਼ ਗੱਲਾਂ ਕਰਕੇ ਭਾਸ਼ਣ ਕਰਕੇ ਅਸੀਂ ਕੁਝ ਵੀ ਪੰਥਕ ਤੌਰ ‘ਤੇ ਪ੍ਰਾਪਤ ਨਹੀਂ ਕਰ ਸਕਦੇ । ਇਸ ਪ੍ਰਥਾਇ, ਬਿਨਾ ਕਿਸੇ ਦਾ ਲਿਹਾਜ ਕੀਤਿਆਂ ਗੁਰੂ ਸਾਹਿਬਾਨ ਜੀ ਦਾ ਸਪੱਸ਼ਟ ਹੁਕਮ ਹੈ ਕਿ

“ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨਾ ਪਾਇਆ ।।”

ਸੋ ਗੁਰੂ ਹੁਕਮਾਂ ਨੂੰ ਮੰਨਣ, ਪੜ੍ਹਨ, ਪੜ੍ਹ ਕੇ ਅਮਲ ਕਰਨ, ਛੇਤੀ ਤੋਂ ਛੇਤੀ ਜਥੇਬੰਦ (ਇਕ) ਹੋਣ, ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸਮੂਹ ਖਾਲਸਾ ਪੰਥ ਨੂੰ ਜਲਦੀ ਤੋਂ ਜਲਦੀ, ਕੇਸਰੀ ਨਿਸ਼ਾਨ ਸਾਹਿਬ ਜੀ ਦੇ ਥੱਲੇ ਲਾਮਬੰਦ ਹੁੰਦਾ ਵੇਖਣ ਦੀ ਉਡੀਕ ਵਿਚ —–

ਦਿੱਲੀ ਤਿਹਾੜ ਜੇਲ੍ਹ ਦੇ ਸਾਰੇ ਬੰਦੀ ਸਿੰਘ

ਜਾਰੀ ਕਰਤਾ
ਜਗਤਾਰ ਸਿੰਘ ਹਵਾਰਾ ਅਤੇ ਸਮੂਹ ਬੰਦੀ ਸਿੰਘ ਤਿਹਾੜ ਜੇਲ (ਦਿੱਲੀ)

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>