ਇਸਲਾਮਾਬਾਦ- ਪਾਕਿਸਤਾਨ ਦੇ ਚੀਫ਼ ਜਸਟਿਸ ਇਫ਼ਤਖਾਰ ਚੌਧਰੀ ਨੇ ਆਪਣੇ ਹੀ ਪੁੱਤਰ ਤੇ ਲਗੇ ਭ੍ਰਿਸ਼ਟਾਚਾਰ ਦੇ ਆਰੋਪਾਂ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ।ਅਰਸਲਾਨ ਇਫ਼ਤਖਾਰ ਤੇ ਇਹ ਆਰੋਪ ਹੈ ਕਿ ਉਸ ਨੇ ਪਾਕਿਸਤਾਨ ਦੇ ਇੱਕ ਰੀਅਲ ਐਸਟੇਟ ਬਿਜ਼ਨੈਂਸਮੈਨ ਮਲਿਕ ਰਿਆਜ ਹੁਸੈਨ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਪੈਂਡਿੰਗ ਕੇਸਾਂ ਦੀ ਨਿਆਇਕ ਜਾਂਚ ਨੂੰ ਪ੍ਰਭਾਵਿਤ ਕਰਨ ਲਈ 40 ਕਰੋੜ ਰੁਪੈ ਲਏ ਅਤੇ ਅਰਸਲਾਨ ਦੀ ਵਿਦੇਸ਼ ਯਾਤਰਾ ਨੂੰ ਵੀ ਫਾਈਨਾਂਸ ਕੀਤਾ ਗਿਆ।
ਚੀਫ਼ ਜਸਟਿਸ ਦੀ ਅਗਵਾਈ ਵਿੱਚ ਤਿੰਨ ਮੈਂਬਰਾਂ ਦੀ ਬੈਂਚ ਨੇ ਇਸ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਚੀਫ਼ ਜਸਟਿਸ ਦਾ ਇਸ ਬੈਂਚ ਵਿੱਚ ਸ਼ਾਮਿਲ ਹੋਣ ਤੇ ਅਟਾਰਨੀ ਜਨਰਲ ਇਰਫਾਨ ਕਾਦਿਰ ਵੱਲੋਂ ਵਿਰੋਧ ਕੀਤਾ ਗਿਆ। ਚੀਫ਼ ਜਸਟਿਸ ਨੇ ਇਸ ਵਿਰੋਧ ਦੇ ਜਵਾਬ ਵਿੱਚ ਇਹ ਸਹੁੰ ਚੁੱਕੀ ਕਿ ਸੁਪਰੀਮ ਕੋਰਟ ਦੇ ਮਾਣ- ਸਨਮਾਨ ਨੂੰ ਚੋਟ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੇ ਬੇਟੇ ਦੇ ਖਿਲਾਫ਼ ਲਗੇ ਆਰੋਪ ਸਹੀ ਸਾਬਿਤ ਹੋਏ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਮੁੱਖ ਜੱਜ ਨੇ ਇਸ ਨਾਲ ਸਬੰਧਿਤ ਧਿਰਾਂ ਨੂੰ ਵੀਰਵਾਰ ਤੱਕ ਸਬੂਤ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਅਰਸਲਾਨ ਨੇ ਸੁਣਵਾਈ ਤੋਂ ਪਹਿਲਾਂ ਹੀ ਇਹ ਕਹਿ ਦਿੱਤਾ ਹੈ ਕਿ ਉਹ ਨਿਰਦੋਸ਼ ਹੈ ਅਤੇ ਚੀਫ਼ ਜਸਟਿਸ ਨੇ ਕੇਸ ਦੇ ਨਿਪਟਾਰੇ ਤੋਂ ਪਹਿਲਾਂ ਘਰ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਅਰੋਪ ਲਗਾਉਣ ਵਾਲੇ ਰਿਆਜ਼ ਖੁਦ ਪੇਸ਼ ਨਹੀਂ ਹੋਏ, ਉਸ ਬਾਰੇ ਕੋਰਟ ਵਿੱਚ ਇਹੀ ਕਿਹਾ ਗਿਆ ਕਿ ਰਿਆਜ਼ ਬ੍ਰਿਟੇਨ ਵਿੱਚ ਇਲਾਜ ਕਰਵਾ ਰਹੇ ਹਨ।ਰਿਆਜ਼ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕਰੀਬ ਮੰਨੇ ਜਾਣ ਵਾਲੇ ਪਾਕਿਸਤਾਨ ਦੇ ਅਮੀਰ ਲੋਕਾਂ ਵਿੱਚੋਂ ਇੱਕ ਰੀਅਲ ਐਸਟੇਟ ਪਰੋਜੈਕਟ ਬਹਿਰੀਆ ਟਾਊਨ ਦੇ ਮਾਲਿਕ ਹਨ ਅਤੇ ਉਸ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਕਈ ਕੇਸ ਚੱਲ ਰਹੇ ਹਨ। ਰਿਆਜ਼ ਤੇ ਇਹ ਵੀ ਅਰੋਪ ਲਗ ਰਹੇ ਹਨ ਕਿ ਉਸ ਨੇ ਕਈਆਂ ਲੋਕਾਂ ਦੀਆਂ ਜ਼ਮੀਨਾਂ ਹੜ੍ਹਪ ਕੇ ਬਹਿਰੀਆ ਟਾਊਨ ਵਿੱਚ ਮਿਲਾ ਲਈਆਂ ਹਨ।