ਨਵੀਂ ਦਿੱਲੀ- ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੈਨੇਟਾ ਦੀ ਭਾਰਤ ਦੇ ਰੱਖਿਆ ਮੰਤਰੀ ਏਕੇ ਐਂਟਨੀ ਦਰਮਿਆਨ ਗੱਲਬਾਤ ਦਾ ਮੁੱਖ ਮੁੱਦਾ ਚੀਨ ਦੀ ਵੱਧ ਰਹੀ ਸੈਨਾ ਸ਼ਕਤੀ ਹੀ ਰਿਹਾ। ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਪਣਾ ਅੱਡਾ ਜਮਾਉਣ ਤੇ ਤੁੱਲੇ ਅਮਰੀਕਾ ਨੂੰ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵੀ ਕਦਮ ਉਠਾਇਆ ਜਾਵੇਗਾ ਉਸ ਵਿੱਚ ਸਾਰੇ ਸਬੰਧਿਤ ਦੇਸ਼ਾਂ ਦੀ ਸਹਿਮਤੀ ਜਰੂਰੀ ਹੈ। ਅਮਰੀਕਾ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਭਾਰਤ ਦੀ ਵੱਡੀ ਭੂਮਿਕਾ ਅਤੇ ਉਸ ਦੀ ਤਾਕਤ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕੀਤੀ।
ਪੈਨੇਟਾ ਅਤੇ ਐਂਟਨੀ ਦਰਮਿਆਨ ਇੱਕ ਘੰਟੇ ਤੱਕ ਚੱਲੀ ਗੱਲਬਾਤ ਦੌਰਾਨ ਦੱਖਣੀ ਚੀਨ ਸਾਗਰ ਵਿੱਚ ਚੀਨ ਅਤੇ ਗਵਾਂਢੀ ਦੇਸ਼ਾਂ ਵਿੱਚ ਵੱਧਦੇ ਤਣਾਅ ਤੋਂ ਇਲਾਵਾ ਅਫ਼ਗਾਨਿਸਤਾਨ-ਪਾਕਿਸਤਾਨ ਦੇ ਸੁਰੱਖਿਆ ਹਾਲਾਤ ਅਤੇ ਈਰਾਨ ਦੇ ਪਰਮਾਣੂੰ ਪ੍ਰੋਗਰਾਮ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਐਂਟਨੀ ਨੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਕਿਹਾ ਕਿ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਬਿਨਾਂ ਰੋਕ ਟੋਕ ਦੇ ਆਉਣ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
ਪੈਨੇਟਾ ਨੇ ਭਾਰਤ ਨਾਲ ਵੱਧ ਸੈਨਿਕ ਅਭਿਆਸ ਅਤੇ ਜਮੀਨੀ ਸਹਿਯੋਗ ਵਧਾਉਣ ਤੇ ਜੋਰ ਦਿੱਤਾ। ਏਸ਼ੀਆ ਪ੍ਰਸ਼ਾਂਤ ਖੇਤਰ ਸਬੰਧੀ ਰਣਨੀਤਕ ਯੋਜਨਾ ਬਾਰੇ ਪੈਨੇਟਾ ਨੇ ਕਿਹਾ ਕਿ ਅਮਰੀਕਾ ਇਸ ਯੋਜਨਾ ਵਿੱਚ ਭਾਰਤ ਦੀ ਅਹਿਮ ਭੂਮਿਕਾ ਵੇਖਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਉਠ ਰਹੇ ਵਿਰੋਧ ਦੇ ਬਾਵਜੂਦ ਅਮਰੀਕਾ ਡਰੋਨ ਹਮਲੇ ਜਾਰੀ ਰੱਖੇਗਾ। ਪੈਨੇਟਾ ਅਨੁਸਾਰ ਭਾਰਤ ਹਿੰਦ ਮਹਾਂ ਸਾਗਰ ਦੇ ਖੇਤਰ ਵਿੱਚ ਇੱਕ ਮਹੱਤਵਪੂਰਣ ਤਾਕਤ ਹੈ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਹਰ ਸੰਭਵ ਯਤਨ ਕਰੇਗਾ। ਚੀਨ ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਵੱਲੋਂ ਅੱਡਾ ਸਥਾਪਿਤ ਕਰਨ ਦੇ ਖਿਲਾਫ਼ ਹੈ।