ਦੋ ਅਕਾਲੀ ਵਿਦਵਾਨਾਂ ਦਾ ‘ਮਿਲਾਪ’

ਭਾਵੇਂ ਗੁਰਬਾਣੀ ਤਾਂ ਇਉਂ ਹੀ ਆਖਦੀ ਹੈ, “ਸੰਤ ਮਿਲੈ ਕਿਛੁ ਸੁਣੀਐ ਕਹੀਐ” ਤੇ ਇਕ ਲੋਕੋਕਤੀ ਵੀ ਇਉਂ ਹੈ, “ਗਿਆਨੀ ਕੋ ਗਿਆਨੀ ਮਿਲੈ ਕਰੈ ਗਿਆਨ ਕੀ ਬਾਤ” ਪਰ ਏਥੇ ਆਪਾਂ ਯਾਦ ਕਰਨੀ ਹੈ ਦੋ ਅਕਾਲੀ ਵਿਦਵਾਨਾਂ ਦੀ ਆਪਸੀ ਗੁਫ਼ਤਗੂ। ਸੁਣਿਆਂ ਹੈ ਕਿ 1947 ਤੋਂ ਪਹਿਲਾਂ ਅਕਾਲੀ ਸਿਆਸਤ ਵਿਚ, ਮਾਸਟਰ ਅਜੀਤ ਸਿੰਘ ਅੰਬਾਲਵੀ ਜੀ ਦੀ ਬੜੀ ਚੜ੍ਹਤ ਹੋ ਗਈ ਸੀ। ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ, ਦੂਜੇ ਦਰਜੇ ਦੇ ਆਗੂਆਂ ਅੰਦਰ, ਮਾਸਟਰ ਅੰਬਾਲਵੀ ਜੀ ਦਾ ਕੁਝ ਬੋਲ ਬਾਲਾ ਜਿਹਾ ਜਾਪਣ ਲੱਗ ਪਿਆ ਸੀ। ਕਹਿੰਦੇ, “ਮੁੰਡਾ ਤਾਂ ਸਿਆਣਾ ਸੀ ਪਰ ਮਾਰ ਗਿਆ ਉਸ ਨੂੰ ਤੇੜ ਦਾ ਨੰਗ।” ਸੋ ਮਾਸਟਰ ਅੰਬਾਲਵੀ ਜੀ ਵੀ ਤੇੜੋਂ ਨੰਗੇ ਹੀ ਸਨ। ਅਰਥਾਤ ਨਾ ਤਾਂ ਘਰੋਂ ਖਾਨਦਾਨੀ ਅਮੀਰ ਸਨ ਤੇ ਨਾ ਹੀ ਉਹਨਾਂ ਨੂੰ ਸਿਆਸੀ ਹੱਥਕੰਡਿਆਂ ਰਾਹੀਂ ਧਨ ਬਟੋਰਨ ਦੀ ਜਾਚ ਸੀ । ਅੰਬਾਲਵੀ ਜੀ ਵਿਦਵਾਨ, ਈਮਾਨਦਾਰ ਤੇ ਸ਼ਰੀਫ਼ ਸੱਜਣ ਸਨ, ਪਰ ਸਨ ਪਰਵਾਰ ਵਾਲੇ ਗ੍ਰਿਹਸਤੀ ਗੁਰਸਿੱਖ; ਤੇ ਪਰਵਾਰ ਦਾ ਖ਼ਰਚ ਚਲਾਉਣ ਲਈ ਮਾਇਆ ਦੀ ਜ਼ਰੂਰਤ ਹੁੰਦੀ ਹੈ। ਨਾ ਹੀ ਆਪ ਜੀ ਗਿਆਨੀ ਕਰਤਾਰ ਸਿੰਘ ਵਾਂਗ ਫ਼ਕੀਰ ਸਿਆਸਤਦਾਨ ਸਨ ਕਿ ਜਿਥੇ ਭੁੱਖ ਲੱਗ ਗਈ ਓਥੇ ਖਾ ਲਿਆ ਤੇ ਜਿਥੇ ਰਾਤ ਪੈ ਗਈ ਓਥੇ ਸੌਂ ਗਏ। ਨਾ ਨੂੰਹ ਲਿਆਉਣ ਦਾ ਫਿਕਰ ਤੇ ਨਾ ਧੀ ਤੋਰਨ ਦਾ; ਪਰ ਅੰਬਾਲਵੀ ਜੀ, ਪਰਵਾਰ ਵਾਲੇ ਹੋਣ ਕਰਕੇ, ਇਸ ਤਰ੍ਹਾਂ ਦੀ ਫ਼ਕੀਰੀ ਨਹੀ ਸਨ ਨਿਭਾ ਸਕਦੇ।

ਮਾਸਟਰ ਜੀ ਨੇ ਉਹਨਾਂ ਤੋਂ ਸਿੱਖ ਸਿਆਸਤ ਦੇ ਮੈਦਾਨ ਵਿਚੋਂ ਸ਼ਾਇਦ ਖਹਿੜਾ ਛੁਡਾਉਣ ਲਈ, ਉਹਨਾਂ ਦੀ ਆਰਥਕ ਕਮਜ਼ੋਰੀ ਦਾ ਲਾਭ ਉਠਾਉਂਦਿਆਂ, ਅੰਬਾਲਵੀ ਜੀ ਨੂੰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਜਥੇਦਾਰ ਲਗਾ ਦਿਤਾ। ਮਾਸਟਰ ਜੀ ਦਾ ਇਸ ਬਣ ਰਹੇ ਸਿਆਸੀ ‘ਸ਼ਰੀਕ’ ਤੋਂ ਖਹਿੜਾ ਛੁੱਟ ਗਿਆ ਤੇ ਅੰਬਾਲਵੀ ਜੀ ਨੂੰ ਘਰ ਦਾ ਇਮਾਨਦਾਰੀ ਨਾਲ ਖ਼ਰਚ ਚਲਾਉਣ ਲਈ, ਜਥੇਦਾਰੀ ਦੀ ਸੇਵਾ ਦੇ ਇਵਜ਼ ਵਿਚ, ਤਖ਼ਤ ਸਾਹਿਬ ਦੇ ਖ਼ਜ਼ਾਨੇ ਵਿਚੋਂ ਗੁਜ਼ਾਰੇ ਜੋਗਾ ਅਲਾਉਂਸ ਮਿਲਣ ਲੱਗ ਪਿਆ।

ਇਕ ਵਾਰੀ ਦੀ ਗੱਲ ਹੈ ਕਿ ਅੰਬਾਲਵੀ ਜੀ ਕੁਝ ਸਰੀਰਕ ਪੱਖੋਂ ਢਿੱਲੇ ਜਿਹੇ ਹੋ ਗਏ। “ਦੁਖ ਸੁਖ ਸਦਾ ਸਰੀਰਾਂ ਦੇ ਨਾਲ ਹਨ।” ਬਲਕਿ ਗੁਰਬਾਣੀ ਦਾ ਫੁਰਮਾਣ ਹੈ, “ਦੁਖ ਸੁਖ ਦੁਇ ਦਰ ਕਪੜੇ ਪਹਿਰਹਿ ਜਾਇ ਮਨੁਖ॥” ਮਾਸਟਰ ਅਜੀਤ ਸਿੰਘ ਅੰਬਾਲਵੀ ਜੀ ਦੀ ਬਿਮਾਰੀ ਦੀ ਖ਼ਬਰ ਸੁਣ ਕੇ ਗਿਆਨੀ ਕੇਹਰ ਸਿੰਘ ਵੈਰਾਗੀ ਜੀ ਅੰਮ੍ਰਿਤਸਰੋਂ ਉਹਨਾਂ ਦੀ ਬੀਮਾਰ ਪੁਰਸੀ ਲਈ ਗਏ। ਦੋਵੇਂ ਪ੍ਰਸਿਧ ਸਿੱਖ ਵਿਦਵਾਨ ਤੇ ਫ਼ਿਲਾਸਫ਼ਰ ਪਿੰ੍ਰ. ਗੰਗਾ ਸਿੰਘ ਜੀ ਦੇ ਸ਼ਾਗਿਰਦ ਹੋਣ ਕਰਕੇ, ਗੁਰਭਾਈ ਵੀ ਸਨ ਤੇ ਯਾਰ ਵੀ। ਅੰਬਾਲਵੀ ਜੀ ਦੇ ਘਰ ਦਾ ਬਾਹਰਲਾ ਬੂਹਾ ਲੰਘ ਕੇ ਵੇਹੜੇ ਵਿਚ ਵੜਦਿਆਂ ਹੀ, ਵੈਰਾਗੀ ਜੀ ਆਪਣੇ ਪੇਂਡੂ ਪਿਛੋਕੜ ਵਾਲੇ ਮਝੈਲਪੁਣੇ ਦੇ ਸੁਭਾ ਅਨੁਸਾਰ, ਖੁਲ੍ਹੀ ਭਾਸ਼ਾ ਵਿਚ ਉਚਰੇ, “ਓਇ, ਥੋਹੜਾ ਖਾਣਾ ਸੀ ਗੁਰੂ ਦੀ ਗੋਲਕ ਨੂੰ! ਹੁਣ ਪਿਆ ਲੇਖਾ ਦਿੰਨਾ ਏਂ!!” “ਤੂੰ ਵੀ ਤਾਂ ਓਥੇ ਖਾਈ ਈ ਜਾਨਾ ਏਂ ਅੰਮ੍ਰਿਤਸਰ, ਗੁਰੂ ਦੀ ਨਗਰੀ ਵਿਚ! ਤੂੰ ਕੇਹੜਾ ਘੱਟ ਕਰਦਾ ਏਂ!!” ਹਾਸੇ ਭਰਿਆ ਉਤਰ ਸੀ ਮਾਸਟਰ ਅੰਬਾਲਵੀ ਜੀ ਦਾ ਗਿਆਨੀ ਵੈਰਾਗੀ ਜੀ ਨੂੰ; ਉਹਨਾਂ ਵੱਲੋਂ ਹਾਸੇ ਵਿਚ ਕੀਤੀ ਗਈ ਟਕੋਰ ਦਾ। ਵੈਰਾਗੀ ਜੀ ਨੇ ਇਸ ਦਾ ਜਵਾਬ ਇਉਂ ਦਿਤਾ, “ਓਇ, ਮੈ ਤਾਂ ਉਸ ਸ਼ਾਂਤਿ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਦਾ ਖਾਨਾਂ ਵਾਂ ਜੇਹੜਾ ਕਿਸੇ ਨੂੰ ਕੁਝ ਆਂਹਦਾ ਨਹੀ। ਓਇ ਤੂੰ ਤੇ ਉਸ ਗੁਰੂ ਦੀ ਗੋਲਕ ਨੂੰ ਹੱਥ ਪਾ ਲਿਆ ਜਿਸ ਨੇ ਤੇਲ ਪਾ ਕੇ ਮਸੰਦ ਸਾੜੇ ਸੀ!”
ਦੋਹਾਂ ਪੰਥਕ ਵਿਦਵਾਨਾਂ ਦੀ ਅਜਿਹੀ ਟਕੋਰਾਂ ਭਰੀ ਗੁਫ਼ਤਗੂ ਸੁਣ ਕੇ ਚਾਰ ਚੌਫੇਰੇ ਹਾਸਿਆਂ ਦੇ ਫੁਹਾਰੇ ਛੁੱਟ ਪਏ। ਇਸ ਗੁਫ਼ਤਗੂ ਨਾਲ ਚੱਲੇ ਹਾਸੇ ਦੇ ਦੌਰ ਵਿਚ ਦੋਵੇਂ ਵਿਦਵਾਨ ਸੱਜਣ ਇਕ ਦੂਜੇ ਦੇ ਗਲੇ ਮਿਲੇ ਤੇ ਸੁਖ ਸਾਂਦ ਦਾ ਵਟਾਂਦਰਾ ਕੀਤਾ ਦੋਹਾਂ ਪ੍ਰੌੜ੍ਹ ਪੰਥਕ ਵਿਦਵਾਨਾਂ ਨੇ।

ਭਾਵੇਂ ਕਿ ਦੋਹਾਂ ਸੱਜਣਾਂ ਦਾ ਪੰਜਾਬੀ ਪੇਂਡੂ ਪਿਛੋਕੜ ਤੇ ਕਾਰਜ ਖੇਤਰ ਵੀ ਪੰਥਕ ਸੀ ਪਰ ਇਲਾਕਾ ਭੇਦ ਹੋਣ ਕਰਕੇ, ਦੋਹਾਂ ਦੀ ਬੋਲ ਚਾਲ ਦੀ ਸ਼ਬਦਾਵਲੀ, ਲਹਿਜ਼ਾ, ਟੋਨ ਵੱਖਰੇ ਹੀ ਸਨ। ਜਿਥੇ ਮਾਸਟਰ ਜੀ ਦਾ ਪਿਛੋਕੜ ਪੁਆਧ ਦੇ ਪੇਂਡੂ ਇਲਾਕੇ ਦਾ ਹੋਣ ਕਰਕੇ ਉਹਨਾਂ ਦੀ ਗੁਫ਼ਤਗੂ ਵਿਚ ਠਰੰਮ੍ਹਾ, ਧੀਰਜ ਤੇ ਮਿਠਾਸ ਸੀ ਓਥੇ ਗਿਆਨੀ ਵੈਰਾਗੀ ਜੀ ਦਾ, ਮਾਝੇ ਦਾ ਪੇਂਡੂ ਪਿਛੋਕੜ ਹੋਣ ਕਰਕੇ, ਉਹਨਾਂ ਦੀ ਬੋਲ ਬਾਣੀ ਵਿਚ ਰੋਹਬ, ਅੱਖੜਪੁਣਾ ਤੇ ਬੇਬਾਕੀ ਦਾ ਅੰਸ਼ ਕੁਝ ਜ਼ਿਆਦਾ ਸੀ। ਪਰ ਦੋਹਾਂ ਦਾ ਮਕਸਦ ਦੂਜੇ ਦੀ ਹੱਤਕ ਕਰਨਾ ਜਾਂ ਦੂਜੇ ਨੂੰ ਆਪਣੇ ਤੋਂ ਨੀਵਾ ਵਿਖਾਉਣਾ ਕਦਾਚਿਤ ਨਹੀ ਸੀ; ਬਲਕਿ ਹਾਸੇ ਹਾਸੇ ਵਿਚ ਚੜ੍ਹਦੀਕਲਾ ਦਾ ਵਾਤਾਵਰਣ ਸਿਰਜਣਾ ਹੀ ਮਨੋਰਥ ਸੀ।

ਯਾਦ ਰਹੇ ਕਿ ਸਵੱਰਗਵਾਸੀ ਗਿਆਨੀ ਕੇਹਰ ਸਿੰਘ ਵੈਰਾਗੀ ਜੀ ਬੜੇ ਪ੍ਰਸਿਧ ਪੰਥਕ ਪ੍ਰਚਾਰਕ ਹੋਏ ਹਨ ਜੋ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਤੇ ਫੇਰ ਲੰਮਾ ਸਮਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਾਪੇਗੰਡਾ ਸਕੱਤਰ ਰਹੇ। ਸਾਡੇ ਸਮੇ ਉਹ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਧਾਰਮਿਕ ਬੋਰਡ ਦੇ ਮੈਬਰ ਵੀ ਸਨ। ਮੇਰਾ ਉਹਨਾਂ ਨਾਲ ਚੰਗਾ ਸਨੇਹ ਸੀ। ਸਵੱਰਗਵਾਸੀ ਮਾਸਟਰ ਅਜੀਤ ਸਿੰਘ ਅੰਬਾਲਵੀ ਜੀ, ਜ਼ਿਲਾ ਅੰਬਾਲਾ ਦੇ ਵਸਨੀਕ ਸਨ। ਪਹਿਲਾਂ ਆਪ ਅਕਾਲੀ ਆਗੂ ਰਹੇ ਤੇ ਫੇਰ ਉਹਨਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ ਨਿਭਾਈ। ਫੇਰ ਕੁਝ ਸਮਾ ਰੋਜ਼ਾਨਾ ‘ਅਜੀਤ’ ਅਖ਼ਬਾਰ ਦੇ ਐਡੀਟਰ ਤੇ ਉਪ੍ਰੰਤ ਸ਼੍ਰੋਮਣੀ ਅਕਾਲੀ ਦਲ ਦੀ ਰੋਜ਼ਾਨਾ ਅਖ਼ਬਾਰ ‘ਕੌਮੀ ਦਰਦ’ ਦੇ ਚੀਫ਼ ਐਡੀਟਰ ਬਣੇ। ਓਹਨੀਂ ਦਿਨੀਂ ਹੀ ਮੇਰਾ ਉਹਨਾਂ ਨਾਲ ਸੰਪਰਕ ਬਣਿਆ। ਅੰਤ ਵਿਚ, ਮਾਰਚ 1973 ਵਿਚ, ਮੇਰੇ ਅੰਮ੍ਰਿਤਸਰ ਛੱਡਣ ਸਮੇ, ਉਹ ਸ੍ਰੀ ਦਰਬਾਰ ਸਾਹਿਬ ਵਿਖੇ ਸਥਾਪਤ, ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਦੇ ਇਨਚਾਰਜ ਸਨ ਜਿਸ ਨੂੰ 1984 ਵਿਚ ਭਾਰਤੀ ਫੌਜ ਨੇ ਚੁੱਕ ਖੜਿਆ ਤੇ ਇਸ ਬਾਰੇ ਅਜੇ ਤੱਕ ਨਾ ਸਰਕਾਰ ਵੱਲੋਂ ਤੇ ਨਾ ਹੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਾਹਮਣੇ ਪੂਰੀ ਸਚਾਈ ਰੱਖੀ ਗਈ ਹੈ ਕਿ ਕੀ ਸਾਰੀ ਲਾਇਬ੍ਰੇਰੀ ਵਾਪਸ ਕਰ ਦਿਤੀ ਹੈ ਸਰਕਾਰ ਨੇ; ਜਾਂ ਉਸ ਦਾ ਕੁਝ ਹਿੱਸਾ ਵਾਪਸ ਕੀਤਾ ਹੈ; ਜਾਂ ਕੁਝ ਵੀ ਨਹੀ ਵਾਪਸ ਕੀਤਾ। ਇਸ ਬਾਰੇ ਸ਼ੰਕਾ ਇਸ ਲਈ ਪੈਦਾ ਹੁੰਦੀ ਹੈ ਕਿ ਇਕ ਵਾਰ ਓਥੇ ਦੇ ਇਕ ਸਕਾਲਰ ਨੇ ਕੁਝ ਕਿਤਾਬਾਂ ਮੈਨੂੰ ਵਿਖਾ ਕੇ ਕਿਹਾ ਸੀ ਕਿ ਸਭ ਕੁਝ ਵਾਪਸ ਆ ਗਿਆ ਹੈ। ਦੂਸਰੀ ਵਾਰੀ ਜਾਣ ਤੇ ਓਸੇ ਹੀ ਵਿਦਵਾਨ ਦੇ ਵਿਚਾਰ ਬਦਲ ਗਏ ਸਨ ਤੇ ਉਸ ਨੇ ਦੱਸਿਆ ਕਿ ਕੁਝ ਕਿਤਾਬਾਂ ਵਾਪਸ ਆ ਗਈਆਂ ਹਨ ਪਰ ਸਾਰਾ ਕੁਝ ਨਹੀ ਵਾਪਸ ਆਇਆ।

ਅਖੀਰ 1978 ਵਿਚ ਮਾਸਟਰ ਅਜੀਤ ਸਿੰਘ ਜੀ ਦੇ ਦਰਸ਼ਨ ਵੈਨਕੂਵਰ ਵਿਖੇ ਹੋਏ। ਵੈਨਕੂਵਰ ਦੇ ਨਜ਼ਦੀਕ ਕਿਸੇ ਟਾਊਨ ਵਿਚ ਉਹ ਆਪਣੇ ਸਪੁੱਤਰ ਪਾਸ ਰਹਿ ਰਹੇ ਸਨ। ਓਥੇ ਉਹਨਾਂ ਨੇ ਪੰਥਕ ਵਰਕਰ ਜਾਣ ਕੇ, ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵੱਲੋਂ, ਮੇਰਾ ਮਾਣ ਸਨਮਾਨ ਕਰਵਾਇਆ।

ਕਾਸ਼! ਅਜਿਹਾ ਚੜ੍ਹਦੀਕਲਾ ਵਾਲ਼ਾ ਨਿਰਛਲ ਪਿਆਰ ਸਦਾ ਹੀ ਪੰਥਕ ਸੱਜਣਾਂ ਵਿਚ ਸੰਚਾਰਤ ਹੁੰਦਾ ਰਹੇ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>