ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ

ਜਿੱਥੇ ਬਚਪਨ ‘ਚ ਸਕੂਲ ਪੜ੍ਹਦਿਆਂ ਸਾਨੂੰ ਇਹ ਗੱਲਾਂ ਘੋਟ ਘੋਟ ਕੇ ਪਿਆਈਆਂ ਜਾਂਦੀਆਂ ਸਨ ਕਿ ਪੰਜਾਬ ਗੁਰੂਆਂ, ਪੀਰਾਂ ਤੇ ਤਿਉਹਾਰਾਂ ਦੀ ਧਰਤੀ ਹੈ, ਉਥੇ ਮੌਜੂਦਾ ਸਮੇਂ ਨੂੰ ਦੇਖਦਿਆਂ ਇਸ ਗੱਲ ‘ਚ ਕੁਝ ਤਬਦੀਲੀ ਇਸ ਤਰ੍ਹਾਂ ਕਰ ਦੇਣੀ ਚਾਹੀਦੀ ਹੈ ਕਿ ਪੰਜਾਬ ਬਾਬਿਆਂ, ਨਸ਼ਿਆਂ, ਅਸ਼ਾਂਤੀ, ਹਿੰਸਾ ਤੇ ਮੁਜ਼ਾਹਰਿਆਂ ਦੀ ਧਰਤੀ ਹੈ । ਇੱਥੇ ਸਮੇਂ ਸਮੇਂ ਸਿਰ ਮਨੁੱਖੀ ਹੱਕ ਹਕੂਕਾਂ ਦਾ ਬੜੀ ਬੇਦਰਦੀ ਨਾਲ਼ ਕਤਲ ਕੀਤਾ ਜਾਂਦਾ ਹੈ । ਹਰ ਇੱਕ ਨੂੰ ਹੱਕ ਹੈ ਕਿ ਉਹ ਸਰਕਾਰੀ ਜਾਂ ਹੋਰ ਸੰਪਤੀ ਨੂੰ ਬਾਪੂ ਦਾ ਮਾਲ ਸਮਝ ਕੇ ਅੱਗ ਲਾ ਕੇ ਫੂਕ ਦੇਵੇ ਜਾਂ ਕਿਸੇ ਹੋਰ ਤਰੀਕੇ ਨਾਲ਼ ਨਸ਼ਟ ਕਰ ਦੇਵੇ, ਜਦ ਜੀਅ ਕਰੇ ਕਿਸੇ ਦੀ ਦੁੱਖ ਤਕਲੀਫ਼ ਦੀ ਪ੍ਰਵਾਹ ਕੀਤੇ ਬਿਨਾਂ ਸੜਕ ਤੇ ਟ੍ਰੈਫਿਕ ਜਾਮ ਕਰ ਦੇਵੇ । ਪ੍ਰਸ਼ਾਸਨ ਵੀ ਜਦ ਜੀ ਚਾਹੇ ਕਿਸੇ ਨੂੰ ਵੀ ਫੜ ਕੇ ਤੂੰਬੀ ਦੀ ਤਰ੍ਹਾਂ ਵਜਾਉਣਾ ਸ਼ੁਰੂ ਕਰ ਦੇਵੇ ।

ਬੀਤੇ ਦਿਨੀਂ ਮਾਨਸਾ ਦੇ ਪਿੰਡ ਜੋਗਾ ਵਿਖੇ ਮਰੇ ਜਾਨਵਰਾਂ ਦੀਆਂ ਹੱਡੀਆਂ ਪੀਸਣ ਵਾਲੀ ਫੈਕਟਰੀ ਵਿਚ ਗਊਆਂ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਇਲਾਕੇ ‘ਚ ਹਿੰਸਾ ਭੜਕ ਉਠੀ । ਪਿੰਡ ਵਾਸੀਆਂ ਨੇ ਫੈਕਟਰੀ ਦੀਆਂ ਕੰਧਾਂ ਢਾਹ ਦਿੱਤੀਆਂ, ਉਥੇ ਖੜੇ ਕੈਂਟਰ ਨੂੰ ਸਾੜ ਦਿੱਤਾ ਤੇ ਫੈਕਟਰੀ ਮਾਲਕ ਦੇ ਘਰ ‘ਚ ਵੜ ਕੇ ਸਾਮਾਨ ਦੀ ਤੋੜ ਫੋੜ ਤੇ ਅਗਜ਼ਨੀ ਦੀ ਕੋਸ਼ਿਸ਼ ਵੀ ਕੀਤੀ । ਇਨ੍ਹਾਂ ਖਬਰਾਂ ਦੀ ਅਜੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇੱਕ ਹੋਰ ਖਬਰ ਸੁਰਖੀਆਂ ‘ਚ ਆਈ । ਇੱਕ ਟਰਾਲੀ ‘ਚ 20 ਗਊਆਂ ਲੱਦਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਭੜਕੀ ਭੀੜ ਨੇ ਉਨ੍ਹਾਂ ਦੇ ਵੀ ਮੋਟਰਸਾਈਕਲ ਸਾੜ ਦਿੱਤੇ ਤੇ ਕੁੱਟ ਮਾਰ ਵੀ ਕੀਤੀ । ਸੱਚ ਕੀ ਹੈ, ਇਹ ਤਾਂ ਉਥੇ ਮੌਜੂਦ ਲੋਕ ਹੀ ਜਾਣਦੇ ਹਨ ਪਰ ਵਿਚਾਰਨਯੋਗ ਹੈ ਕਿ ਜੇਕਰ ਉਹ ਲੋਕ ਬੁੱਚੜਖਾਨੇ ‘ਚ ਗਊਆਂ ਲੈ ਜਾ ਰਹੇ ਸਨ ਤਾਂ ਕੀ ਉਹ ਸਿਰ ਫਿਰੇ ਸਨ, ਜੋ ਗਊ ਹੱਤਿਆ ਕਾਰਨ ਖਰਾਬ ਹਾਲਾਤਾਂ ਦੇ ਚੱਲਦਿਆਂ ਮੁੜ ਉਹੀ ਹਰਕਤ ਕਰ ਰਹੇ ਸਨ । ਇਸ ਘਟਨਾ ਨਾਲ਼ ਮਾਹੌਲ ਹੋਰ ਤਣਾਅਪੂਰਣ ਹੋ ਗਿਆ ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ‘ਚ ਦਸ ਦੇ ਕਰੀਬ ਵਿਅਕਤੀਆਂ ਨੂੰ ਸੱਟਾਂ ਲੱਗੀਆਂ । ਗੁੱਸੇ ‘ਚ ਆਈ ਭੀੜ ਇੱਕ ਪੁਲਿਸ ਅਫ਼ਸਰ ਦੀ ਗੱਡੀ ਭੰਨਣ ਲਈ ਵੀ ਭੱਜੀ ਪਰ ਉਹ ਮੌਕੇ ਤੋਂ ਤਿੱਤਰ ਹੋ ਗਿਆ । ਹੁਣ ਅਖਬਾਰਾਂ ‘ਚ ਬਹੁਤ ਸਾਰੇ ਗਊ ਭਗਤਾਂ ਦੇ ਨਾਮ ਛਪੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਗਊ ਹੱਤਿਆ ਦੇ ਵਿਰੋਧ ‘ਚ ਲਾਮਬੰਦ ਕੀਤਾ । ਇਨ੍ਹਾਂ ਵਿਗੜੇ ਹਾਲਾਤਾਂ ਦੇ ਚੱਲਦਿਆਂ ਕਰਫਿਊ ਲਗਾਇਆ ਗਿਆ, ਜਿਸ ਕਰਕੇ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਗਊ ਭਗਤਾਂ ਦੀ ਇੱਕ ਸੁਸਾਇਟੀ ਨੇ ਪੰਜਾਬ ਬੰਦ ਕਰਕੇ ਗਊ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਣ ਦੀ ਅਪੀਲ ਕਰਦਿਆਂ, ਗਊ ਹੱਤਿਆ ਸੰਬੰਧੀ ਜਾਣਕਾਰੀ ਦੇਣ ਵਾਲੇ ਨੂੰ ਪੰਜ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ । ਜੇਕਰ ਜਿੰਦਾ ਗਊ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਯੁੱਗ ‘ਚ ਗਊ ਦੀ ਕੀਮਤ ਕਰੀਬ ਤੀਹ ਹਜ਼ਾਰ ਰੁਪਏ ਤੋਂ ਉਪਰ ਹੀ ਹੁੰਦੀ ਹੈ ।

ਇਸ ਘਟਨਾ ਤੋਂ ਬਾਅਦ ਪੰਜਾਬ ‘ਚ ਆਵਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਪ੍ਰਤੀ ਸਰਕਾਰ ਅਖਬਾਰਾਂ ‘ਚ ਕੁਝ ਗੰਭੀਰ ਹੋਈ ਜਾਪਦੀ ਹੈ । ਮੁੱਖ ਮੰਤਰੀ ਪੰਜਾਬ, ਪ੍ਰਕਾਸ਼ ਸਿੰਘ ਬਾਦਲ ਅਨੁਸਾਰ ਪੂਰੇ ਭਾਰਤ ‘ਚੋਂ ਕੇਵਲ ਪੰਜਾਬ ‘ਚ ਹੀ ਗਊ ਹੱਤਿਆ ਦੇ ਦੋਸ਼ੀ ਨੂੰ ਸਜ਼ਾ ਦੇਣ ਦਾ ਪ੍ਰਬੰਧ ਹੈ, ਜੋ ਕਿ ਦਸ ਸਾਲ ਹੈ । ਇਸ ਸਜ਼ਾ ਦਾ ਭਾਗੀਦਾਰ ਕੌਣ ਤੇ ਕਦੋਂ ਹੋਵੇਗਾ, ਫਿਲਹਾਲ ਉਹ ਫੈਸਲਾ ਤਾਂ ਭਵਿੱਖ ਦੇ ਗਰਭ ‘ਚ ਹੈ, ਪਰ ਇੱਕ ਵਾਰ ਤਾਂ ਕਤਲ ਹੋਈਆਂ ਗਊਆਂ ਦੀ ਯਾਦਗਾਰ ਬਨਾਉਣ ਦਾ ਐਲਾਨ ਹੋ ਗਿਆ ਹੈ । ਆਪਣੇ ਪਾਠਕਾਂ ਨੂੰ ਯਾਦ ਕਰਵਾ ਦੇਵਾਂ ਕਿ ਇੱਕ ਗਊ ਦੀ ਯਾਦਗਾਰ ਤਾਂ ਹਰਿਆਣਾ ਦੇ ਸ਼ਹਿਰ ਸਿਰਸਾ ਵਿਖੇ ਵੀ ਹੈ । 1990-91 ਦੇ ਦੌਰ ‘ਚ ਖਾੜਕੂਆਂ ਨੇ ਗੋਲੀ ਚਲਾਈ ਤੇ ਕਾਫ਼ੀ ਲੋਕ ਮਾਰੇ ਗਏ । ਉਸ ਸਮੇਂ ਗੋਲੀ ਕਾਂਡ ਵਾਲੀ ਜਗ੍ਹਾ ‘ਤੇ ਇੱਕ ਗਊ ਵੀ ਮੌਜੂਦ ਸੀ । ਉਹ ਗਊ ਉਸ ਪਾਸੇ ਆ ਗਈ, ਜਿਸ ਪਾਸੇ ਲੋਕ ਗੋਲੀਆਂ ਨਾਲ਼ ਭੁੰਨੇ ਜਾ ਰਹੇ ਸਨ । ਗੋਲੀਆਂ ਦੀ ਵਾਛੜ ਉਸ ਬੇਜ਼ੁਬਾਨ ਗਊ ਨੂੰ ਆਪਣੇ ਪਿੰਡੇ ‘ਤੇ ਝੱਲਣੀ ਪਈ ਤੇ ਬਹੁਤ ਸਾਰੇ ਲੋਕ ਉਸ ਗਊ ਦੇ ਓਹਲੇ ਹੋ ਕੇ ਬਚ ਗਏ । ਉਸ ਗਊ ਦੀ ਯਾਦ ‘ਚ ਸਿਰਸਾ ਵਿਖੇ “ਗਊ ਮਾਤਾ ਮੰਦਰ” ਦੀ ਸਥਾਪਨਾ ਕੀਤੀ ਗਈ । ਆਪਣੀ ਚਰਚਾ ਵੱਲ ਮੁੜਦੇ ਹਾਂ, ਗੱਲ ਕਰ ਰਹੇ ਸੀ ਗਊ ਹੱਤਿਆ ਕਾਂਡ ‘ਤੇ ਰਾਜਨੀਤਿਕ ਨੇਤਾਵਾਂ ਦੀ ਬਿਆਨਬਾਜ਼ੀ ਦੀ । ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਕੈਬਨਿਟ ਮੀਟਿੰਗ ‘ਚ ਵਿਚਾਰ ਕੀਤਾ ਜਾਵੇਗਾ ਕਿ ਪੰਜਾਬ ‘ਚ ਗਊਸ਼ਾਲਾਵਾਂ ਬਣਾਈਆਂ ਜਾਣ । ਵਿਚਾਰ ਕੀਤਾ ਜਾਏਗਾ ? ਜੀ ਹਾਂ, ਸ਼ਾਇਦ ਵਿਚਾਰ ਹੀ ਕੀਤਾ ਜਾਏਗਾ । ਅਜਿਹੀ ਕੋਈ ਵੀ ਘਟਨਾ ਦੇ ਹੋਣ ‘ਤੇ ਇੱਕ ਹੋਰ ਸ਼ਬਦ ਦੀ ਬੜੀ ਦੁਰਵਰਤੋਂ ਕੀਤੀ ਜਾਂਦੀ ਹੈ, “ਬਖ਼ਸ਼ਿਆ ਨਹੀਂ ਜਾਵੇਗਾ”, ਕਾਂਡ ਕੋਈ ਵੀ ਹੋਵੇ, ਪਸ਼ੂ ਮਾਰਨ ਤੋਂ ਇਨਸਾਨ ਦੀ ਹੱਤਿਆ ਤੱਕ, ਕਿਸੇ ਧਾਰਮਿਕ ਅਸਥਾਨ ਦੀ ਬੇਅਦਬੀ, ਨਸ਼ਿਆਂ ਦਾ ਵਪਾਰ, ਲੜਕੀਆਂ ਦੀ ਬੇਪਤੀ ਜਾਂ ਕੋਈ ਹੋਰ, ਬਿਆਨ ਦੇਣ ਵਾਲੇ ਨੇ ਇਹ ਸ਼ਬਦ ਜ਼ਰੂਰ ਦਾਗ਼ੇ ਹੁੰਦੇ ਹਨ, “ਬਖ਼ਸ਼ਿਆ ਨਹੀਂ ਜਾਵੇਗਾ” । ਵਿਚਾਰਨਯੋਗ ਹੈ ਕਿ ਇਹ ਸ਼ਬਦ, ਸਿਰਫ਼ ਸ਼ਬਦ ਹੀ ਹਨ । ਇਹ ਬਿਆਨ, ਸਿਰਫ਼ ਬਿਆਨ ਹੀ ਹਨ ਨਾ ਕਿ ਤੋਪ ਦਾ ਗੋਲਾ, ਜੋ ਦਾਗਣ ‘ਤੇ ਜ਼ਬਰਦਸਤ ਧਮਾਕਾ ਹੋਵੇਗਾ ਤੇ ਸਭ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ । ਕੁੱਲ ਮਿਲਾ ਕੇ ਵੱਖ ਵੱਖ ਸ਼ਹਿਰਾਂ ‘ਚ ਮੰਗ ਪੱਤਰ, ਰੋਸ ਮੁਜ਼ਾਹਿਰੇ, ਧਰਨੇ, ਟ੍ਰੈਫਿਕ ਜਾਮ ਤੇ ਤੋੜ ਫੋੜ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤੇ ਪ੍ਰਸ਼ਾਸਨ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਤੇ ਚੇਤਾਵਨੀਆਂ ਦਾ ਸਿਲਸਲਾ ਜਾਰੀ ਰਹਿੰਦਾ ਹੈ । ਇਸੇ ਦੌਰਾਨ ਲੋਕਾਂ ਨੇ ਮਾਨਸਾ ਦੇ ਵਿਧਾਇਕ ਪ੍ਰੇਮ ਮਿੱਤਲ ਦਾ ਪੁਤਲਾ ਫੂਕਿਆ ਭਾਵ ਇਸ ਮਸਲੇ ‘ਤੇ ਵੀ ਰਾਜਨੀਤਿਕ ਰੋਟੀਆਂ ਸੇਕਣੀਆਂ ਸ਼ੁਰੂ ਹੋ ਗਈਆਂ ਹਨ । ਭਾਰਤ ‘ਚ ਖਾਸ ਤੌਰ ‘ਤੇ ਪੰਜਾਬ ‘ਚ ਕਿਸੇ ਵੀ ਮੁੱਦੇ ਨੂੰ ਭੜਕਾਉਣਾ ਔਖਾ ਨਹੀਂ ਜਾਪਦਾ । ਕਿਸੇ ਵੀ ਮੁੱਦੇ ਨੂੰ ਧਰਮ ਨਾਲ਼ ਜੋੜ ਦਿਓ ਤੇ ਚਾਰ ਕੁ ਜਣੇ ਇਕੱਠੇ ਹੋ ਕੇ ਬਿਆਨ ਦਿਓ, ਬੱਸ ਸ਼ਾਂਤੀ ਨੂੰ ਅਸ਼ਾਂਤੀ ‘ਚ ਬਦਲਦਿਆਂ ਦੇਰ ਨਹੀਂ ਲੱਗੇਗੀ ।

ਜੇਕਰ ਹੱਤਿਆ ਸ਼ਬਦ ‘ਤੇ ਵਿਚਾਰ ਕਰੀਏ ਤਾਂ ਹੋਰ ਮੁਲਕਾਂ ਵਾਂਗ ਸਾਡੇ ਮੁਲਕ ‘ਚ ਵੀ ਵੱਖ ਵੱਖ ਤਰ੍ਹਾਂ ਦਾ ਮੀਟ ਬੜੇ ਚਾਅ ਨਾਲ਼ ਵੰਨ-ਸੁਵੰਨੇ ਖਾਣਿਆਂ ਦੇ ਰੂਪ ‘ਚ ਖਾਧਾ ਜਾਂਦਾ ਹੈ । ਮੀਟ ਕਿਸੇ ਵੀ ਜਾਨਵਰ ਨੂੰ ਜਾਨ ਤੋਂ ਮਾਰ ਕੇ ਭਾਵ ਕਤਲ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ । ਮੱਛੀ, ਮੁਰਗੇ, ਬੱਕਰੇ ‘ਚ ਵੀ ਤਾਂ ਉਨ੍ਹੀ ਹੀ ਜਾਨ ਹੁੰਦੀ ਹੈ, ਜਿੰਨ੍ਹੀ ਗਊ ਜਾਂ ਬਲਦ ‘ਚ । ਪੁਰਾਤਨ ਸਮਿਆਂ ‘ਚ ਹਿੰਦੂ ਧਰਮ ‘ਚ ਘੋੜੇ ਦੀ ਬਲੀ ਦੇਣ ਦਾ ਰਿਵਾਜ ਸੀ । ਅਸ਼ਵਮੇਘ ਯੱਗ ਕੀਤੇ ਜਾਂਦੇ ਸਨ, ਜਿਸਦੇ ਤਹਿਤ ਘੋੜਾ ਛੱਡਿਆ ਜਾਂਦਾ ਸੀ । ਜੇਕਰ ਕੋਈ ਉਸ ਘੋੜੇ ਨੂੰ ਇੱਕ ਸਾਲ ਨਹੀਂ ਫੜਦਾ ਸੀ ਤਾਂ ਉਸਦੀ ਬਲੀ ਦਿੱਤੀ ਜਾਂਦੀ ਸੀ । ਰਾਜੇ ਦੀ ਪਤਨੀ ਸ਼ਕਤੀ ਪ੍ਰਾਪਤ ਕਰਨ ਜਾਂ ਔਲਾਦ ਪ੍ਰਾਪਤੀ ਦੀ ਚਾਹਨਾ ‘ਚ ਰਾਤ ਨੂੰ ਉਸ ਘੋੜੇ ਦੀ ਲਾਸ਼ ਨਾਲ਼ ਸੌਂਦੀ ਸੀ ਕਿਉਂ ਜੋ ਘੋੜੇ ਨੂੰ ਸ਼ਕਤੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ । ਆਪਣੇ ਵਾਲ ਉਸ ਘੋੜੇ ਦੇ ਖੂਨ ਨਾਲ਼ ਧੋਂਦੀ ਸੀ । ਜੋ ਅਮਰੀਕਨ ਗਊਆਂ ਮੀਟ ਲਈ ਕੱਟੀਆਂ ਜਾਂਦੀਆਂ ਹਨ, ਉਹ ਸ਼ੁੱਧ ਭਾਰਤੀ ਗਊ ਮਾਤਾਵਾਂ ਨਹੀਂ ਹਨ । ਵਿਗਿਆਨਕ ਮੱਦਦ ਨਾਲ਼ ਇਹ ਨਸਲਾਂ ਸੋਧੀਆਂ ਹੋਈਆਂ ਹਨ, ਜਿਸ ਕਰਕੇ ਉਹ 40-40 ਕਿੱਲੋ ਦੁੱਧ ਦੇ ਰਹੀਆਂ ਹਨ । ਦੇਸੀ ਗਊਆਂ ਤਾਂ ਉਨ੍ਹਾਂ ਦੇ ਮੁਕਾਬਲੇ ਢਾਈ ਸੌ ਗ੍ਰਾਮ ਦੁੱਧ ਵੀ ਨਹੀਂ ਦਿੰਦੀਆਂ । ਜੇਕਰ ਜਾਨਵਰਾਂ ਦੀ ਕੱਟ ਵੱਢ ਤੇ ਬਲੀ ਨੂੰ ਹੋਰ ਵਿਚਾਰਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕਸਬੇ ਕੁੱਲੂ ‘ਚ ਮਹਾਂਬਲੀ ਭੀਮ ਦੀ ਪਤਨੀ ਹਿਡੰਬਾ ਦੇ ਮੰਦਰ ‘ਚ ਬੱਕਰੇ ਚੜ੍ਹਾਏ ਜਾਂਦੇ ਹਨ । ਪੰਜਾਬ ‘ਚ ਅਨੇਕਾਂ ਬੱਕਰਿਆਂ ਦੀ ਬਲੀ ਪੀਰਾਂ ਦੇ ਨਾਮ ‘ਤੇ ਦਿੱਤੀ ਜਾਂਦੀ ਹੈ । ਮਨੂ ਸਮਿਰਤੀ ਅਨੁਸਾਰ ਜੇਕਰ ਸਰਾਧਾਂ ‘ਚ ਮੀਟ ਖਾਧਾ ਜਾਏ ਤਾਂ ਪਿਤਰ ਤ੍ਰਿਪਤ ਹੋ ਜਾਂਦੇ ਹਨ । ਸੂਰ ਤੇ ਮੱਝਾਂ ਦਾ ਮਾਸ ਪਿਤਰਾਂ ਨੂੰ ਦਸ ਮਹੀਨੇ ਅਤੇ ਖਰਗੋਸ਼ ਤੇ ਕੱਛੂ ਦਾ ਮਾਸ ਗਿਆਰਾਂ ਮਹੀਨੇ ਲਈ ਪਿਤਰਾਂ ਨੂੰ ਤ੍ਰਿਪਤ ਕਰਦਾ ਹੈ । ਗੌਮਤ ਧਰਮ ਸੂਤਰ ਅਨੁਸਾਰ ਪਿਤਰ ਗਊ ਮਾਸ ਨਾਲ਼ ਇੱਕ ਸਾਲ ਲਈ ਤ੍ਰਿਪਤ ਹੋ ਜਾਂਦੇ ਹਨ । ਹੱਤਿਆ ਸ਼ਬਦ ‘ਤੇ ਹੋਰ ਡੁੰਘਾਈ ਨਾਲ਼ ਵਿਚਾਰ ਕਰੀਏ ਤਾਂ ਪੰਜਾਬ ‘ਚ ਸਭ ਤੋਂ ਵੱਡੀ ਲਾਹਣਤ ਭਰੂਣ ਹੱਤਿਆ ਵੀ ਹੈ । ਅੱਜ ਤੱਕ ਇਤਨੀਆਂ ਗਊਆਂ ਦੀ ਹੱਤਿਆ ਪੰਜਾਬ ‘ਚ ਨਹੀਂ ਹੋਈ ਹੋਵੇਗੀ, ਜਿਤਨੀਆਂ ਅਣਜੰਮੀਆਂ ਮਾਸੂਮ ਬੱਚੀਆਂ ਦੀ ਹੱਤਿਆ ਕੁਝ ਦਿਨਾਂ ਜਾਂ ਹਫ਼ਤਿਆਂ ‘ਚ ਹੀ ਹੋ ਜਾਂਦੀ ਹੈ । ਉਨ੍ਹਾਂ ਮਾਸੂਮ ਬੱਚੀਆਂ ਨਾਲ਼ ਜਬਰ ਜਿਨਾਹ ਦੀਆਂ ਖਬਰਾਂ ਹਰ ਰੋਜ਼ ਆਉਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਕੰਨਿਆਂ ਕਹਿ ਕੇ ਸਤਿਕਾਰਦੇ ਹਾਂ । ਕਮੀਨੀ ਸੋਚ ਦੇ ਮਾਲਕਾਂ ਵੱਲੋਂ ਹਰ ਰੋਜ਼ ਨੌਜਵਾਨ ਕੁੜੀਆਂ ਦੀ ਮਾਨਿਸਕ ਤੌਰ ‘ਤੇ ਹੱਤਿਆ ਕੀਤੀ ਜਾਂਦੀ ਹੈ, ਉਨ੍ਹਾਂ ਦੇ ਜਜ਼ਬਾਤ ਕੁਚਲੇ ਜਾਂਦੇ ਹਨ । ਉਨ੍ਹਾਂ ਦਾ ਸਹਿਮ ਉਨ੍ਹਾਂ ਦਾ ਭਵਿੱਖ ਤਬਾਹ ਕਰ ਦਿੰਦਾ ਹੈ । ਰੋਜ਼ਾਨਾ ਸੈਂਕੜੇ ਦੀ ਤਦਾਦ ‘ਚ ਹੱਤਿਆਵਾਂ ਹੋ ਰਹੀਆਂ ਹਨ । ਹਰ ਗਲੀ, ਹਰ ਮੁਹੱਲੇ ‘ਚ ਅਜਿਹੇ ਕਾਤਲ ਮੱਥੇ ‘ਤੇ ਮਾਨਵਤਾ ਦਾ ਲੇਬਲ ਲਗਾ ਕੇ ਘੁੰਮ ਰਹੇ ਹਨ ਪਰ ਨਾ ਪ੍ਰਸਾਸ਼ਨ, ਨਾ ਸਮਾਜ ਦੇ ਠੇਕੇਦਾਰ, ਨਾ ਧਰਮ ਦੇ ਲੰਬੜਦਾਰ ਕੋਈ ਵੀ ਇਸ ਮੁੱਦੇ ‘ਤੇ ਨਹੀਂ ਬੋਲਦਾ । ਚੇਤੇ ਰਹੇ ਪੰਜਾਬ ‘ਚ 2011 ਦੇ ਅੰਕੜਿਆਂ ਅਨੁਸਾਰ ਲਿੰਗ ਅਨੁਪਾਤ ਦੀ ਗਿਣਤੀ 1000 ਮਗਰ 846 ਤੇ ਹਰਿਆਣਾ ‘ਚ 830 ਹੈ ।

ਆਓ ਹੁਣ ਵਿਚਾਰ ਕਰਦੇ ਹਾਂ ਸ਼ਹਿਰ ਸ਼ਹਿਰ, ਪਿੰਡ ਪਿੰਡ, ਝੁੰਡਾਂ ਦੇ ਝੁੰਡ ਫਿਰਦੇ ਆਵਾਰਾ ਗਊਆਂ, ਢੱਠਿਆਂ, ਸੂਰਾਂ ਤੇ ਕੁੱਤਿਆਂ ਦੇ ਦੁੱਖਾਂ ਤੇ ਉਨ੍ਹਾਂ ਦੁਆਰਾ ਦਿੱਤੇ ਜਾਂਦੇ ਦੁੱਖਾਂ ਬਾਰੇ । ਸਭ ਤੋਂ ਪਹਿਲਾਂ ਤਾਂ ਉਨ੍ਹਾਂ ਕਿਸਾਨਾਂ ਨੂੰ ਪੁੱਛ ਕੇ ਦੇਖੋ, ਜਿੰਨ੍ਹਾਂ ਦੇ ਖੇਤ ਰਾਤ ਨੂੰ ਇਹ ਗਊ ਮਾਤਾਵਾਂ ਤੇ ਢੱਠੇ ਭਾਪੇ ਉਜਾੜਦੇ ਹਨ । ਸਰਦੀਆਂ ਦੀਆਂ ਠੰਢੀਆਂ ਰਾਤਾਂ ਨੂੰ ਵੀ ਉਨ੍ਹਾਂ ਨੂੰ ਆਪਣੀਆਂ ਫਸਲਾਂ ਦੀ ਚਿੰਤਾ ਸੌਣ ਨਹੀਂ ਦਿੰਦੀ । ਕੁਦਰਤੀ ਆਫ਼ਤਾਂ ਨਾਲ਼ ਜੂਝਦੇ ਕਿਸਾਨ ਲਈ ਇਹ ਆਵਾਰਾ ਪਸ਼ੂ ਵੀ ਵੱਡੀ ਸਿਰਦਰਦੀ ਦਾ ਕਾਰਣ ਹਨ । ਇਨ੍ਹਾਂ ਗੱਲਾਂ ਦੇ ਕਲੇਸ਼ ਵੀ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੇ ਹਨ, ਜੋ ਕਿ ਇੱਕ ਦੂਜੇ ਦੇ ਪਿੰਡ ਜਾਂ ਇਲਾਕੇ ‘ਚ ਆਵਾਰਾ ਪਸ਼ੂ ਛੱਡਣ ਕਰਕੇ ਹੁੰਦੇ ਹਨ । ਸੜਕਾਂ ਤੇ ਫਿਰਦੇ ਆਵਾਰਾ ਪਸ਼ੂਆਂ ਨਾਲ਼ ਹਾਦਸੇ ਹੁੰਦੇ ਹਨ । ਲੜਦੇ ਢੱਠਿਆਂ ਦੁਆਰਾ ਚੰਗੇ ਭਲੇ ਇਨਸਾਨ ਨੂੰ ਦਰੜ ਦੇਣਾ ਜਾਂ ਸਿੰਗਾਂ ‘ਤੇ ਚੁੱਕ ਮਾਰਨਾ ਉਸਦੀ ਮੌਤ ਤੱਕ ਦਾ ਕਾਰਣ ਬਣਦੇ ਹਨ । ਆਵਾਰਾ ਪਸ਼ੂਆਂ ਦੁਆਰਾ ਭੱਜ ਕੇ ਵਾਹਨ ਦੇ ਸਾਹਮਣੇ ਆ ਜਾਣ ਨਾਲ਼ ਜਾਂ ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਦਿਆਂ ਕਈ ਡਰਾਈਵਰ ਆਪਣੇ ਵਾਹਨ ਨੂੰ ਕਿਸੇ ਹੋਰ ਵਾਹਨ ਜਾਂ ਦਰਖਤ ਆਦਿ ‘ਚ ਠੋਕ ਬੈਠਦੇ ਹਨ, ਜਿਸ ਨਾਲ਼ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਕੌਣ ਜਿੰਮੇਵਾਰ ਹੈ ? ਕੋਈ ਨਹੀਂ । ਬਹੁਤ ਸਾਰੇ ਆਵਾਰਾ ਪਸ਼ੂ ਤੇ ਗਊਆਂ ਦੇਖਣ ਨੂੰ ਮਿਲਦੀਆਂ ਹਨ, ਜਿੰਨਾਂ ਦੇ ਸਰੀਰ ‘ਤੇ ਰਿਸਦੇ ਜ਼ਖ਼ਮ ਹੁੰਦੇ ਹਨ ਜੋ ਕਿ ਵਾਤਾਵਰਣ ‘ਚ ਬਿਮਾਰੀ ਦੇ ਕਿਟਾਣੂ ਫੈਲਾਉਣ ਦੇ ਜਿੰਮੇਵਾਰ ਹੁੰਦੇ ਹਨ । ਕਿਸੇ ਇੱਕ ਦੀ ਗੱਲ ਤਾਂ ਛੱਡੋ, ਚਾਰ ਜਣੇ ਰਲ ਕੇ ਵੀ ਇੱਕ ਜਾਨਵਰ ਦੇ ਪੱਟੀ ਨਹੀਂ ਕਰਵਾ ਸਕਦੇ । ਬਜ਼ਾਰਾਂ ‘ਚ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਭੁੱਖਾ ਜਾਨਵਰ ਦੁਕਾਨ ਦੇ ਬਾਹਰ ਪਈ ਬੋਰੀ ‘ਚ ਮੂੰਹ ਮਾਰ ਲਵੇ ਤਾਂ ਦੁਕਾਨਦਾਰ ਉਸਦੇ ਮੂੰਹ ਤੇ ਡੰਡਾ ਮਾਰਦਾ ਹੈ ਜਾਂ ਉਸਦੇ ਪੁੜੇ ਸੇਕ ਧਰਦਾ ਹੈ ਤੇ ਖਾਧਾ ਗਿਆ ਸੌਦਾ ਉਸਦੇ ਢਿੱਡ ਚੋਂ ਕੱਢਣ ਤੱਕ ਜਾਂਦਾ ਹੈ । ਬਹੁਤ ਸਾਰੇ ਦੁਕਾਨਦਾਰ ਸਾਰਾ ਦਿਨ ਬੇਜ਼ੁਬਾਨ ਜਾਨਵਰ ਕੁੱਟਦੇ ਹਨ ਤੇ ਸ਼ਾਮ ਨੂੰ ਗਊਸ਼ਾਲਾ ਵਿਖੇ ਪੱਠੇ ਪਾਉਂਦੇ ਹਨ । ਸਿਰਫ਼ ਤੇ ਸਿਰਫ਼ ਦਿਨੇ ਕੀਤੇ ਗਏ ਅੱਤਿਆਚਾਰ ਦਾ ਪਾਪ ਧੋਣ ਦਾ ਨਿਰਾਰਥਕ ਯਤਨ ਤੇ ਦੋਗਲੇ ਜੀਵਨ ਦੀ ਝਲਕ ।

ਸਮੇਂ ਸਮੇਂ ਸਿਰ ਅਜਿਹੀਆਂ ਖਬਰਾਂ ਤੇ ਤਸਵੀਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ, ਜਿੰਨ੍ਹਾਂ ‘ਚ ਗਊਆਂ ਕੂੜੇ ‘ਚ ਮੂੰਹ ਮਾਰ ਕੇ ਪੇਟ ਭਰਦੀਆਂ ਨਜ਼ਰ ਆਉਂਦੀਆਂ ਹਨ । ਗਊਸ਼ਾਲਾਵਾਂ ਵੀ ਕੇਵਲ ਅਜਿਹੀਆਂ ਗਊਆਂ ਹੀ ਰੱਖਣ ‘ਚ ਦਿਲਚਸਪੀ ਰੱਖਦੀਆਂ ਹਨ, ਜੋ ਦੁੱਧ ਦੇਣ ਦੇ ਸਮਰੱਥ ਹੁੰਦੀਆਂ ਹਨ । ਜੇਕਰ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ‘ਚ ਕੁਝ ਸਮਾਂ ਪਹਿਲਾਂ ਛਪੀ ਖਬਰ ਦੇ ਹਵਾਲੇ ਨਾਲ਼ ਆਪਣੇ ਜੱਦੀ ਸ਼ਹਿਰ ਕੋਟਕਪੂਰਾ ਦੀ ਗੱਲ ਕਰਾਂ ਤਾਂ ਸ਼ਾਹੂਕਾਰਾਂ ਦੇ ਇਸ ਸ਼ਹਿਰ ਦੀ ਗਊਸ਼ਾਲਾ ਕੋਲ ਨੱਬੇ ਕਿੱਲੇ ਦੇ ਕਰੀਬ ਜ਼ਮੀਨ ਹੈ । ਅਨਾਜ ਮੰਡੀ ਦੇ ਵਪਾਰੀਆਂ ਵੱਲੋਂ ਕੀਤੀ ਗਈ ਖਰੀਦ ‘ਤੇ ਵੀ ਗਊਸ਼ਾਲਾ ਵੱਲੋਂ ਪਰਚੀਆਂ ਕੱਟੀਆਂ ਜਾਂਦੀਆਂ ਹਨ । ਇਨ੍ਹਾਂ ਪਰਚੀਆਂ ਤੇ ਦੁੱਧ ਦੀ ਵਿਕਰੀ ਤੋਂ ਕਰੀਬ 17-18 ਲੱਖ ਰੁਪਏ ਸਲਾਨਾ ਦੀ ਆਮਦਨ ਗਊਸ਼ਾਲਾ ਨੂੰ ਹੁੰਦੀ ਹੈ । ਸ਼ਰਧਾਲੂ  ਪੱਲਿਓਂ ਪੈਸੇ ਦੇ ਕੇ ਗਊਸ਼ਾਲਾ ਤੋਂ ਹੀ ਪੱਠੇ ਖਰੀਦ ਕੇ, ਗਊਸ਼ਾਲਾ ਦੀਆਂ ਗਊਆਂ ਨੂੰ ਪਾਉਂਦੇ ਹਨ । ਕੁਝ ਸਮਾਂ ਪਹਿਲਾਂ ਗਊਸ਼ਾਲਾ ‘ਚ ਕਈ ਗਊਆਂ ਇਕੱਠੀਆਂ ਹੀ ਮਰ ਗਈਆਂ । ਜਦ ਉਨ੍ਹਾਂ ਦਾ ਪੋਸਟ ਮਾਰਟਮ  ਕੀਤਾ ਗਿਆ ਤਾਂ ਉਨ੍ਹਾਂ ਦੇ ਢਿੱਡਾਂ ‘ਚੋਂ ਕੁਇੰਟਲਾਂ ਦੇ ਹਿਸਾਬ ਨਾਲ਼ ਨਾਈਲੋਨ ਦੀਆਂ ਚੱਪਲਾਂ, ਲਿਫਾਫੇ ਤੇ ਹੋਰ ਨਾ ਗਲਣਯੋਗ ਸਾਮਾਨ ਮਿਲਿਆ । ਭੁੱਖੀਆਂ ਗਊਆਂ ਪਲਾਸਟਿਕ ਦੇ ਲਿਫ਼ਾਫਿਆਂ ਨਾਲ਼ ਕੁਝ ਖਾਣਯੋਗ ਲੱਗਾ ਹੋਣ ਕਰਕੇ ਸਣੇ ਲਿਫ਼ਾਫ਼ਾ ਖਾ ਜਾਂਦੀਆਂ ਹਨ ਤੇ ਇਹ ਪਲਾਸਟਿਕ ਅੰਤੜੀਆਂ ‘ਚ ਜੰਮ ਜਾਂਦਾ ਹੈ ਤੇ ਜਾਨਵਰ ਦੀ ਮੌਤ ਹੋ ਜਾਂਦੀ ਹੈ । ਵਰਨਣਯੋਗ ਹੈ ਕਿ ਗਊਸ਼ਾਲਾ ਦੀ ਕਾਫ਼ੀ ਸਾਰੀ ਜ਼ਮੀਨ ਠੇਕੇ ‘ਤੇ ਦਿੱਤੀ ਜਾਂਦੀ ਹੈ ਤੇ ਇਸਦੇ ਚਾਰੇ ਪਾਸੇ ਕੰਡਿਆਲੀਆਂ ਤਾਰਾਂ ਦੀ ਵਾੜ ਕੀਤੀ ਜਾਂਦੀ ਹੈ ਤਾਂ ਜੋ ਗਊਆਂ ਫ਼ਸਲ ਦਾ ਉਜਾੜਾ ਨਾ ਕਰ ਸਕਣ । ਇਹ ਕੇਵਲ ਇੱਕ ਹੀ ਗਊਸ਼ਾਲਾ ਦਾ ਹਾਲ ਨਹੀਂ ਹੈ ਸਗੋਂ ਹਰ ਸ਼ਹਿਰ ਦੀ ਗਊਸ਼ਾਲਾ ‘ਚ ਅਜਿਹੇ ਹਾਲਾਤ ਮਿਲ ਜਾਣਗੇ । ਕਰੀਬ ਹਰ ਸ਼ਹਿਰ ‘ਚ ਕੂੜੇ ਦੇ ਢੇਰ ਆਮ ਹੀ ਦੇਖਣ ‘ਚ ਆਉਂਦੇ ਹਨ ਤੇ ਉਨ੍ਹਾਂ ‘ਚੋਂ ਕੁਝ ਲੱਭ ਕੇ ਖਾਣ ਦੀ ਆਸ ‘ਚ ਸੂਰ, ਕੁੱਤੇ ਤੇ ਆਵਾਰਾ ਗਊਆਂ, ਢੱਠੇ ਆਦਿ ਆਮ ਹੀ ਕੂੜੇ ‘ਚ ਮੂੰਹ ਮਾਰਦੇ ਨਜ਼ਰ ਆਉਂਦੇ ਹਨ । ਇਸ ਚੋਂ ਉਭਰਦੀ ਦੁਰਗੰਧ ਵੀ ਬਿਮਾਰੀਆਂ ਦਾ ਕਾਰਣ ਬਣਦੀ ਹੈ ।

ਜੇਕਰ ਸ਼ਹਿਰੀ ਘਰਾਂ ‘ਚ ਗਊ ਮਾਤਾ ਦਾ ਹਾਲ ਦੇਖੀਏ ਤਾਂ ਕੇਵਲ ਇੱਕ ਪੇੜਾ ਗਊ ਦੇ ਮੂੰਹ ‘ਚ ਦੇਣ ਨਾਲ਼ ਕੀ “ਗਊ ਮਾਤਾ” ਪ੍ਰਤੀ ਫ਼ਰਜ਼ ਪੂਰਾ ਹੋ ਜਾਂਦਾ ਹੈ ? ਅੱਧਾ ਕਿਲੋ ਆਟੇ ਦਾ ਪੇੜਾ ਤਾਂ ਬਣਾ ਕੇ ਚਾਰ ਦਿੱਤਾ ਜਾਂਦਾ ਹੈ ਪਰ ਉਸਦਾ ਪੇਟ ਭਰਨ ਲਈ ਬਾਕੀ ਦੇ ਚਾਲੀ ਕਿਲੋ ਪੱਠਿਆਂ ਬਾਰੇ ਕੀ ਇੰਤਜ਼ਾਮ ਕੀਤਾ ਜਾਂਦਾ ਹੈ ? ਕੁਝ ਵੀ ਨਹੀਂ ਇੱਕ ਜੱਗ ਪਾਣੀ ਤੋਂ ਬਿਨਾਂ । ਇੱਕ ਜੱਗ ਪਾਣੀ ਉਸ ‘ਤੇ ਪਾ ਕੇ ਅਗਲੇ ਦਰਵਾਜ਼ੇ ਧੱਕ ਦਿੱਤਾ ਜਾਂਦਾ ਹੈ । ਹੁਣ ਭਾਦਸੋਂ ਦੇ ਬੀੜ ‘ਚ ਵੀ ਜੰਗਲੀ ਜੀਵਾਂ ਲਈ ਪੀਣ ਵਾਲੇ ਪਾਣੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਪਸ਼ੂ ਮਰ ਰਹੇ ਹਨ । ਅੰਤਾਂ ਦੀ ਪੈ ਰਹੀ ਗਰਮੀ ਕਾਰਨ ਜਾਨਵਰਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਤੇ ਬਹੁਗਿਣਤੀ ‘ਚ ਰਹਿ ਰਹੀਆਂ ਗਊਆਂ, ਨੀਲ ਗਊਆਂ, ਗਿੱਦੜ, ਮੋਰ, ਬਾਂਦਰ ਆਦਿ ਮੌਤ ਦੇ ਮੂੰਹ ਵੱਲ ਧੱਕੇ ਜਾ ਰਹੇ ਹਨ । ਅਧਿਕਾਰੀਆਂ ਅਨੁਸਾਰ ਵਿਭਾਗ ਕੋਲ ਫੰਡ ਨਾ ਹੋਣ ਕਾਰਨ ਉਹ ਪਾਣੀ ਦਾ ਪ੍ਰਬੰਧ ਕਰਨ ਤੋਂ ਅਸਮਰਥ ਹਨ । ਫਰਵਰੀ ਮਹੀਨੇ ‘ਚ ਦਿੱਲੀ ਤੋਂ ਫਿਰੋਜ਼ਪੁਰ ਜਾ ਰਹੀ ਰੇਲਗੱਡੀ ਪੰਜਾਬ ਮੇਲ ਐਕਸਪ੍ਰੈਸ ਹੇਠਾਂ 14 ਗਊਆਂ ਆ ਕੇ ਕੁਚਲੀਆਂ ਗਈਆਂ । ਕੀ ਹੋਇਆ ? ਕੁਝ ਨਹੀਂ, ਬੱਸ ਮ੍ਰਿਤਕ ਗਊਆਂ ਨੂੰ ਟੋਏ ਪੁੱਟ ਕੇ ਦਬਾ ਦਿੱਤਾ ਗਿਆ ।

ਆਸਟ੍ਰੇਲੀਆ ਦੀ ਕੈਟਲ ਇੰਡਸਟਰੀ ਇਥੋਂ ਦੀ ਆਰਥਿਕਤਾ ‘ਚ ਬਹੁਤ ਮਹੱਤਵਪੂਰਣ ਯੋਗਦਾਨ ਪਾਉਂਦੀ ਹੈ । “ਮੀਟ ਐਂਡ ਲਾਈਵ ਸਟੌਕ, ਆਸਟ੍ਰੇਲੀਆ” ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2010-11 ‘ਚ 4.50 ਬਿਲੀਅਨ ਡਾਲਰ ਦਾ ਬੀਫ਼ ਤੇ 660 ਮਿਲੀਅਨ ਡਾਲਰ ਦਾ ਜਿੰਦਾ ਜਾਨਵਰ ਮੀਟ ਪ੍ਰਾਪਤੀ ਲਈ ਬਾਹਰਲੇ ਦੇਸ਼ਾਂ ਨੂੰ ਭੇਜਿਆ ਗਿਆ । ਆਸਟ੍ਰੇਲੀਆ ‘ਚ ਬੀਫ਼ ਦੀ ਕੁੱਲ ਪੈਦਾਵਾਰ ‘ਚੋਂ 65% ਬੀਫ਼ 100 ਦੇ ਕਰੀਬ ਬਾਹਰਲੇ ਮੁਲਕਾਂ ‘ਚ ਭੇਜਿਆ ਗਿਆ, ਜਿੰਨ੍ਹਾਂ ‘ਚ ਅਮਰੀਕਾ, ਜਪਾਨ, ਕੋਰੀਆ ਤੇ ਤਾਈਵਾਨ ਤੇ ਜਿੰਦਾ ਜਾਨਵਰਾਂ ਦੇ ਮੁੱਖ ਖਰੀਦਦਾਰ ਇੰਡੋਨੇਸ਼ੀਆ, ਤੁਰਕੀ, ਇਜ਼ਰਾਈਲ, ਚੀਨ ਤੇ ਮਿਸਰ ਆਦਿ ਸ਼ਾਮਲ ਹਨ । ਜਿਕਰਯੋਗ ਹੈ ਕਿ ਅੰਕੜਿਆਂ ਅਨੁਸਾਰ ਵਿਸ਼ਵ ਦੇ ਪਹਿਲੇ ਦਸ ਬੀਫ਼ ਦੇ ਨਿਰਯਾਤਕ ਦੇਸ਼ਾਂ ‘ਚੋਂ ਕ੍ਰਮਵਾਰ ਬ੍ਰਾਜ਼ੀਲ, ਆਸਟ੍ਰੇਲੀਆ ਤੇ ਅਮਰੀਕਾ ਤੋਂ ਬਾਅਦ ਭਾਰਤ ਦਾ ਚੌਥਾ ਸਥਾਨ ਹੈ । ਆਸਟ੍ਰੇਲੀਆ ‘ਚ ਮੀਟ ਲਈ ਸਪੈਸ਼ਲ ਤੌਰ ‘ਤੇ ਜਾਨਵਰ ਪਾਲੇ ਜਾਂਦੇ ਹਨ । ਉਨ੍ਹਾਂ ਦੀ ਖੁਰਾਕ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ । ਜੇਕਰ ਖੁੱਲੇ ਫਾਰਮਾਂ ‘ਚ ਫਿਰਦੇ ਇਹ ਜਾਨਵਰ ਦੇਖੇ ਜਾਣ ਤਾਂ ਬਹੁਤ ਹੀ ਤੰਦਰੁਸਤ ਜਾਨਵਰ ਵਿਚਰਦੇ ਨਜ਼ਰੀਂ ਪੈਣਗੇ । ਇੱਕ ਆਸਟ੍ਰੇਲੀਅਨ ਸਾਲ ‘ਚ ਕਰੀਬ ਸਾਢੇ ਛਿਆਲੀ ਕਿਲੋ ਲਾਲ ਮੀਟ ਦਾ ਸੇਵਨ ਕਰਦਾ ਹੈ, ਜਿਸ ‘ਚ 33.7 ਕਿਲੋ ਬੀਫ਼, 10.8 ਕਿਲੋ ਲੈਂਬ ਯਾਨਿ ਭੇਡ ਤੇ 2 ਕਿਲੋ ਬੱਕਰੇ ਦਾ ਮੀਟ ਸ਼ਾਮਲ ਹੁੰਦਾ ਹੈ । ਜਾਨਵਰਾਂ ਦੇ ਅਹੁਦੇ ਤੇ ਮਾਣ-ਸਨਮਾਨ ਦੇ ਮੁਤੱਲਕ ਇੱਕ ਹੋਰ ਗੱਲ ਇਹ ਵੀ ਹੈ ਕਿ ਕੰਗਾਰੂ ਆਸਟ੍ਰੇਲੀਆ ਦਾ ਰਾਸ਼ਟਰੀ ਜਾਨਵਰ ਹੈ ਤੇ ਕੰਗਾਰੂ ਦਾ ਮੀਟ ਕਿਸੇ ਵੀ ਹੋਟਲ ‘ਚ ਮਿਲ ਜਾਂਦਾ ਹੈ । ਦੂਜੇ ਪਾਸੇ ਸਾਡੇ ਵਤਨ ‘ਚ ਅਹੁਦਿਆਂ ਦੇ ਨਾਂ ‘ਤੇ ਬਹੁਤ ਕੁਝ ਵਾਪਰਦਾ ਹੈ, ਇੱਥੋਂ ਤੱਕ ਕਿ ਜਾਨਵਰਾਂ ਦੇ ਨਾਮ ‘ਤੇ ਇਨਸਾਨ ਦੀਆਂ ਧੱਜੀਆਂ ਉਡਾਉਣ ‘ਤੇ ਸਮਾਂ ਨਹੀਂ ਲੱਗਦਾ । ਯਕੀਨਨ ਹੀ ਇਹ ਅੰਕੜੇ ਤੇ ਘਟਨਾਵਾਂ ਸਾਂਝੀਆਂ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਨ੍ਹਾਂ ਦੀ ਹਿਮਾਇਤ ਕਰਦਾ ਹਾਂ । ਪਰ ਸੱਪ ਨਿਕਲਣ ਪਿੱਛੋਂ ਲਕੀਰ ਕੁੱਟਣ ਦੇ ਨਾਮ ਤੇ ਆਮ ਜਨਤਾ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨ ਦੇ ਹੱਕ ‘ਚ ਵੀ ਨਹੀਂ ਹਾਂ ।

ਇਹ ਲੇਖ ਲਿਖਦਿਆਂ ਮਿੰਟੂ ਬਰਾੜ ਦੇ ਗਰਾਈਂ ਕਾਲਾਂਵਾਲੀ ਨਿਵਾਸੀ ਫੇਸਬੁੱਕੀ ਮਿੱਤਰ ਭੁਪਿੰਦਰ ਪੰਨੀਵਾਲਾ ਨਾਲ਼ ਗੱਲ ਸਾਂਝੀ ਹੋਈ ਤਾਂ ਉਨ੍ਹਾਂ ਦੱਸਿਆ ਕਿ 1993-94 ‘ਚ ਉਹ ਗੁਜਰਾਤ ਦੇ ਭਾਵਨਗਰ ਇਲਾਕੇ ‘ਚ ਗਏ ਸਨ, ਜਿੱਥੇ ਕਿ ਉਨ੍ਹਾਂ ਨੇ ਬਲਦਾਂ ਦੀ ਮੱਦਦ ਨਾਲ਼ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਦੇਖਿਆ ਸੀ । ਇਸ ਗੱਲ ਨੇ ਮੇਰੇ ਅੰਦਰ ਕਾਫ਼ੀ ਉਤਸੁਕਤਾ ਪੈਦਾ ਕਰ ਦਿੱਤੀ ਕਿ ਜੇਕਰ ਇੰਝ ਸੰਭਵ ਹੈ ਤਾਂ ਪੰਜਾਬ ਦੇ ਕਿਸਾਨ ਜਾਂ ਘੱਟੋ ਘੱਟ ਗਊਸ਼ਾਲਾਵਾਂ ਤਾਂ ਬਹੁਤ ਫਾਇਦਾ ਉਠਾ ਸਕਦੀਆਂ ਹਨ । ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਇੰਟਰਨੈੱਟ ‘ਤੇ ਖੋਜਬੀਨ ਕਰਕੇ ਗੁਜਰਾਤ ਬਿਜਲੀ ਵਿਭਾਗ ਦੇ ਵੱਖ ਵੱਖ ਅਦਾਰਿਆਂ ਤੇ ਕੰਪਨੀਆਂ ਨੂੰ ਫੋਨ ਕੀਤੇ ਪਰ ਅੱਜ ਤੱਕ ਨੌਕਰਸ਼ਾਹੀ ਤੇ ਅਫ਼ਸਰਸ਼ਾਹੀ ਦਾ ਹਾਲ ਉਹੀ ਪੁਰਾਣਾ ਹੈ ਕਿ ਪਹਿਲੀ ਗੱਲ ਤਾਂ ਫੋਨ ਨਹੀਂ ਚੁੱਕਣਾ ਤੇ ਜੇਕਰ ਚੁੱਕ ਲਿਆ ਤਾਂ ਅਫ਼ਸਰ ਮੌਜੂਦ ਨਹੀਂ । ਇੱਕ ਇੰਜੀਨੀਅਰ ਨਾਲ਼ ਗੱਲ ਹੋਈ ਤਾਂ ਉਸ ਕਿਹਾ ਕਿ ਅਜਿਹਾ ਸੰਭਵ ਹੀ ਨਹੀਂ ਕਿ ਜਾਨਵਰ ਦੀ ਮੱਦਦ ਨਾਲ਼ ਬਿਜਲੀ ਪੈਦਾ ਕੀਤੀ ਜਾ ਸਕੇ । ਉਲਟਾ ਉਸ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਨਿਗ੍ਹਾ ‘ਚ ਆਈ ਤਾਂ ਉਸਨੂੰ ਜ਼ਰੂਰ ਦੱਸਾਂ ਕਿਉਂ ਜੋ ਇੰਜੀਨੀਅਰ ਹੋਣ ਦੇ ਨਾਤੇ ਉਹ ਇਸ ਸੰਭਵਨਾ ਤੋਂ ਇਨਕਾਰ ਕਰਦਾ ਹੈ । ਇੰਟਰਨੈੱਟ ‘ਤੇ ਕੁਝ ਘੰਟਿਆਂ ਦੀ ਖੋਜਬੀਨ ਤੋਂ ਬਾਅਦ, ਮਿਹਨਤ ਪੱਲੇ ਪੈ ਗਈ ਤੇ ਉਹ ਜਾਣਕਾਰੀ ਆਪਣੇ ਪਾਠਕਾਂ ਨਾਲ਼ ਸਾਂਝੀ ਕਰਨਾ ਲੋਚਦਾ ਹਾਂ ।

ਸਵਾਲ ਇਹ ਹੈ ਕਿ ਕੀ ਇਨ੍ਹਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਕਰਕੇ ਕੋਈ ਫਾਇਦਾ ਹੈ ਤਾਂ ਦੱਸਣਾ ਚਾਹਾਂਗਾ ਕਿ ਉਦਿਅਮ ਭਾਰਤੀ ਫਾਊਂਡੇਸ਼ਨ, ਬੰਗਲੌਰ ਵੱਲੋਂ “ਗਰੀਨ ਪਾਵਰ” ਨਾਮ ‘ਤੇ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ । ਇਸ ਪ੍ਰਾਜੈਕਟ ਦੁਆਰਾ ਇਹ ਫਾਊਂਡੇਸ਼ਨ ਛੋਟੇ ਵੱਡੇ ਪਿੰਡਾਂ ਦੀ ਲੋੜ ਜਿੰਨੀ ਬਿਜਲੀ, ਉਨ੍ਹਾਂ ਪਿੰਡਾਂ ‘ਚ ਹੀ ਪੈਦਾ ਕਰਨ ‘ਚ ਮੱਦਦ ਕਰਨ ਲਈ ਯਤਨਸ਼ੀਲ ਹੈ । ਭਗਵਾਨ ਬੁੱਧ ਨੇ ਵੀ ਕਿਹਾ ਸੀ, “ਅਪੂ ਦੀਪੋ ਭਵ” ਭਾਵ ਆਪਣੇ ਦੁਆਲੇ ਹਨੇਰਾ ਦੂਰ ਕਰਨ ਲਈ ਖੁਦ ਚਾਨਣ ਕਰੋ । ਜਿੱਥੇ ਕਿਸਾਨ ਖੇਤੀ ਦੇ ਨਾਲ਼ ਹੋਰ ਸਹਾਇਕ ਧੰਦੇ ਜਿਵੇਂ ਪੋਲਟਰੀ ਫਾਰਮ, ਡੇਅਰੀ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣ ਆਦਿ ਕਰਦੇ ਹਨ, ਉਹ “ਗਰੀਨ ਪਾਵਰ” ਸਿਸਟਮ ਦੁਆਰਾ ਆਪਣੇ ਆਪ ਬਿਜਲੀ ਪੈਦਾ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਬਿਜਲੀ ਵੇਚ ਵੀ ਸਕਦੇ ਹਨ । ਆਪਣੇ ਆਪ ਬਿਜਲੀ ਪੈਦਾ ਕਰਕੇ ਜਿੱਥੇ ਪੈਸਾ ਬਚਾਇਆ ਜਾ ਸਕਦਾ ਹੈ, ਉਥੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ । ਪਿੰਡਾਂ ‘ਚ ਚਾਨਣ ਕਰਨ ਲਈ ਜਿੱਥੇ ਮਿੱਟੀ ਦਾ ਤੇਲ ਵਰਤਿਆ ਜਾਂਦਾ ਹੈ, ਉਹ ਵੀ ਬਚਾਇਆ ਜਾ ਸਕਦਾ ਹੈ । ਜੇਕਰ ਬਿਜਲੀ ਪੈਦਾ ਕਰਨ ਦੇ ਇਸ ਤਰੀਕੇ ਨੂੰ ਸੌਖੀ ਭਾਸ਼ਾ ‘ਚ ਸਮਝਾਇਆ ਜਾਏ ਤਾਂ ਗੰਨਾ ਪੀੜਣ ਵਾਲੀ ਘੁਲਾੜੀ ਵਾਲਾ ਤਰੀਕਾ ਹੀ ਹੈ, ਜੋ ਕਿ ਬਲਦਾਂ ਨਾਲ਼ ਚਲਾਈ ਜਾਂਦੀ ਹੈ ਭਾਵ ਲੱਕੜ ਦੇ ਵੱਡੇ ਗੋਲ ਸ਼ਤੀਰ ਦੇ ਇੱਕ ਪਾਸੇ ਬਲਦ ਜਾਂ ਝੋਟਾ ਬੰਨਿਆਂ ਜਾਏ ਤੇ ਦੂਜੇ ਪਾਸੇ ਫਿੱਟ ਮਸ਼ੀਨ ਦੀਆਂ ਗਰਾਰੀਆਂ ਨਾਲ਼ ਜੈਨਰੇਟਰ ਚਲਾਇਆ ਜਾਏ, ਜੋ ਕਿ ਬਿਜਲੀ ਪੈਦਾ ਕਰੇਗਾ । ਇਹ ਬਿਜਲੀ ਬੈਟਰੀਆਂ ‘ਚ ਸਟੋਰ ਕਰਕੇ ਬਾਅਦ ‘ਚ ਵੀ ਵਰਤੀ ਜਾ ਸਕਦੀ ਹੈ । ਬਲਦ ਜਾਂ ਝੋਟਾ ਆਪਣੀ ਕੁਦਰਤੀ ਰਫ਼ਤਾਰ ਨਾਲ਼ ਹੀ ਗੇੜੇ ਕੱਢੇਗਾ ਤੇ ਗਰਾਰੀਆਂ ਦੀ ਸੈਟਿੰਗ ਕਰਕੇ ਜੈਨਰੇਟਰ ਦੇ ਚੱਕਰ ਵਧਾਏ ਜਾ ਸਕਦੇ ਹਨ । ਲੱਕੜ ਦੇ ਸ਼ਤੀਰ ਦੀ ਲੰਬਾਈ ਵੀ ਇਤਨੀ ਕੁ ਹੋਵੇ ਕਿ ਉਹ ਜਾਨਵਰ ਅਸਾਨੀ ਨਾਲ਼ ਤੁਰ ਸਕੇ । ਜ਼ਰੂਰੀ ਨਹੀਂ ਕਿ ਜਾਨਵਰ ਨੂੰ ਲਗਾਤਾਰ 12-15 ਘੰਟੇ ਜੋੜ ਕੇ ਉਸ ‘ਤੇ ਅੱਤਿਆਚਾਰ ਕੀਤਾ ਜਾਏ, ਤਿੰਨ ਚਾਰ ਜਾਨਵਰ ਰੱਖ ਕੇ ਸ਼ਿਫਟਾਂ ‘ਚ ਉਨ੍ਹਾਂ ਤੋਂ ਕੰਮ ਲਿਆ ਜਾ ਸਕਦਾ ਹੈ । ਹਰ ਗਊਸ਼ਾਲਾ ਆਪਣੇ ਲਈ ਬਿਜਲੀ ਬਣਾ ਕਰ ਸਕਦੀ ਹੈ । ਇਸ ਨਾਲ਼ ਸਿਰਫ਼ ਬਿਜਲੀ ਪੈਦਾ ਕਰਨ ਦਾ ਹੀ ਨਹੀਂ, ਹੋਰ ਵੀ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ; ਆਓ ਪੰਛੀ ਝਾਤ ਮਾਰਦੇ ਹਾਂ ।

ਕਹਿੰਦੇ ਹਨ ਕਿ ਬੇਜ਼ੁਬਾਨ ਦੀ ਦੁਆ ਸਿੱਧੀ ਦਰਗਾਹ ‘ਚ ਕਬੂਲ ਹੁੰਦੀ ਹੈ । ਸੋ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਪਸ਼ੂ ਭੁੱਖੇ ਮਰਦੇ ਆਵਾਰਾ ਫਿਰਦੇ ਹਨ, ਰਾਤਾਂ ਨੂੰ ਫਸਲਾਂ ਤਬਾਹ ਕਰਦੇ ਹਨ, ਉਨ੍ਹਾਂ ਨੂੰ ਸਹਾਰਾ ਮਿਲ ਜਾਏਗਾ, ਪੇਟ ਭਰ ਭੋਜਨ ਮਿਲਣ ਲੱਗ ਜਾਏਗਾ । ਖੇਤਾਂ ‘ਚ ਸਮੇਂ ਸਿਰ ਬਿਜਲੀ ਨਾ ਮਿਲਣ ਕਾਰਨ ਜੋ ਡੀਜ਼ਲ ਦੀ ਖ਼ਪਤ ਹੁੰਦੀ ਹੈ, ਉਸ ਦੀ ਬੱਚਤ ‘ਚ ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਲੱਖਾਂ ਰੁਪਏ ਸਲਾਨਾ ਦਾ ਫਾਇਦਾ ਹੋਵੇਗਾ । ਅਜਿਹੇ ਯੂਨਿਟ ਹਰ ਪਿੰਡ ‘ਚ ਲੱਗਣ ਨਾਲ਼ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ । ਪਸ਼ੂ ਦੇ ਮਰਨ ਪਿੱਛੋਂ ਉਸਦੀ ਖੱਲ ਤੇ ਹੱਡ ਵੀ ਕੰਮ ਆਉਂਦੇ ਹਨ । ਗਊਆਂ ਤੇ ਹੋਰ ਆਵਾਰਾ ਜਾਨਵਰ ਜਿਹੜਾ ਗੋਬਰ ਸੜਕਾਂ ‘ਤੇ ਕਰਕੇ ਗੰਦਗੀ ਫੈਲਾਉਂਦੇ ਰਹਿੰਦੇ ਹਨ, ਉਹ ਗੋਬਰ ਪਿੰਡਾਂ ‘ਚ ਗੋਬਰ  ਗੈਸ ਪਲਾਂਟ ਜਾਂ ਖੇਤਾਂ ‘ਚ ਖਾਦ ਲਈ ਵਰਤਿਆ ਜਾ ਸਕਦਾ ਹੈ, ਗਊਸ਼ਾਲਾਵਾਂ ਗੋਬਰ ਦੀ ਗੈਸ ਬਣਾਉਣ ਦਾ ਪਲਾਂਟ ਲਗਾ ਕੇ ਗੈਸ ਸਿਲੰਡਰ ਭਰ ਕੇ ਵੇਚ ਸਕਦੀਆਂ ਹਨ । ਗਊਆਂ ਦਾ ਪਿਸ਼ਾਬ ਬਹੁਤ ਸਾਰੀਆਂ ਦਵਾਈਆਂ ਬਨਾਉਣ ਦੇ ਕੰਮ ਆ ਸਕਦਾ ਹੈ ।

ਅੰਤ ‘ਚ ਇਸ ਸਾਰੀ ਵਿਚਾਰ ਚਰਚਾ ਨੂੰ ਇਸ ਗੱਲ ਨਾਲ਼ ਸਮੇਟਣਾ ਚਾਹੁੰਦਾ ਹਾਂ ਕਿ ਹੱਤਿਆ ਹਰ ਹਾਲ ‘ਚ ਨਿੰਦਣ ਯੋਗ ਹੁੰਦੀ ਹੈ, ਚਾਹੇ ਉਹ ਗਊ ਹੱਤਿਆ ਹੋਵੇ, ਇਨਸਾਨੀ ਹੱਤਿਆ, ਭਰੂਣ ਹੱਤਿਆ ਜਾਂ ਕਿਸੇ ਦੇ ਜ਼ਜਬਾਤਾਂ ਜਾਂ ਭਾਵਨਾਵਾਂ ਦੀ ਹੱਤਿਆ । ਖਾਸ ਤੌਰ ‘ਤੇ ਗਊ ਹੱਤਿਆ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਵਾਲੇ ਅਜਿਹੇ ਮੌਕੇ ਸਮੇਂ ਵਕਤੀ ਰੌਲਾ ਪਾਉਣ ਵਾਲੀਆਂ ਜੱਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਨੀਤੀਆਂ ਸਪੱਸ਼ਟ ਕਰਨ ਕਿ ਆਉਣ ਵਾਲੇ ਸਮੇਂ ‘ਚ ਉਹ ਆਵਾਰਾ ਪਸ਼ੂਆਂ ਖਾਸ ਕਰ ਗਊਆਂ ਤੇ ਗਊ ਜਾਇਆਂ ਦੀ ਸਾਂਭ ਸੰਭਾਲ ਲਈ ਕੀ ਕਦਮ ਉਠਾ ਰਹੇ ਹਨ । ਬਜਾਏ ਅਖਬਾਰੀ ਬਿਆਨ ਜਾਰੀ ਕਰਨ ਦੇ ਤੇ ਜ਼ੁਬਾਨੀ ਗੱਲਾਂ ਕਰਨ ਦੇ ਜੇਕਰ ਇਨ੍ਹਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਏ ਤਾਂ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ । ਇਸ ਦਿਸ਼ਾ ‘ਚ ਗਊਸ਼ਾਲਾਵਾਂ ਨੂੰ ਆਪਣੀ ਨਿੱਜੀ ਆਮਦਨ ਦਾ ਮੋਹ ਤਿਆਗ ਕੇ ਸੱਚਮੁੱਚ ਹੀ ਗਊ ਦੀ ਸੇਵਾ ‘ਚ ਧਿਆਨ ਦੇਣ ਦੀ ਲੋੜ ਹੈ । ਪਹਿਲੀ ਗੱਲ ਤਾਂ ਗਊਸ਼ਾਲਾਵਾਂ ਕੋਲ ਭਰਪੂਰ ਆਮਦਨ ਹੈ ਹੀ, ਜੇਕਰ ਕੁਝ ਘਟਦੀ ਹੋਵੇਗੀ ਤਾਂ ਅੱਜ ਜੋ ਗਊ ਭਗਤ ਮੈਦਾਨ ‘ਚ ਨਿੱਤਰੇ ਹਨ, ਉਹ ਯਕੀਨਨ ਹੀ ਆਪਣੀ ਨੇਕ ਕਮਾਈ ‘ਚੋਂ ਗਊ ਮਾਤਾ ਦੇ ਪਾਲਣ ਪੋਸ਼ਣ ‘ਚ ਹਿੱਸਾ ਪਾਉਣਗੇ, ਇਹ ਆਸ ਕੀਤੀ ਜਾ ਸਕਦੀ ਹੈ । ਸਿਰਫ਼ ਗਊ ਹੱਤਿਆ ਹੀ ਨਹੀਂ ਬਲਕਿ ਕਿਸੇ ਵੀ ਸਮੱਸਿਆ ਨੂੰ ਕੇਵਲ ਧਾਰਮਿਕ ਪੱਖ ਤੋਂ ਲਿਆ ਜਾਣਾ ਸਮਾਜ ਲਈ ਬਹੁਤ ਹੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਤੇ ਹੋ ਰਿਹਾ ਹੈ । ਕਿਸੇ ਵੀ ਦੁੱਖ ਦੇਣ ਵਾਲੇ ਹਲਾਤਾਂ ‘ਚ ਬਜਾਏ ਦੰਗੇ, ਸਾੜ ਫੂਕ, ਕੱਟ ਵੱਢ, ਤੋੜ ਭੰਨ, ਟ੍ਰੈਫਿਕ ਜਾਮ ਜਾਂ ਧਰਨੇ ਮੁਜ਼ਾਹਰਿਆਂ ਦੇ ਅਜਿਹੀਆਂ ਸਮੱਸਿਆਵਾਂ ਦਾ ਸਮਝਦਾਰੀ ਪੂਰਵਕ ਹੱਲ ਲੱਭਣਾ ਜਿਆਦਾ ਸਾਰਥਿਕ ਹੋਵੇਗਾ । ਜੇਕਰ ਅਜਿਹੀਆਂ ਸਮੱਸਿਆਵਾਂ ਦਾ ਸਾਰਥਿਕ ਹੱਲ ਲੱਭਿਆ ਜਾਵੇ ਤਾਂ ਸ਼ਾਇਦ ਪੰਜਾਬ ਦਾ ਅੰਨਦਾਤਾ ਸਾਰਾ ਦਿਨ ਹੱਡਭੰਨਵੀਂ ਮਿਹਨਤ ਕਰਨ ਤੋਂ ਬਾਅਦ, ਰਾਤ ਨੂੰ ਆਵਾਰਾ ਜਾਨਵਰਾਂ ਤੋਂ ਫਸਲ ਦੀ ਰਾਖੀ ਕਰਨ ਦੀ ਬਜਾਏ ਚੈਨ ਦੀ ਨੀਂਦ ਸੌਂ ਸਕੇ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>